Breaking News
Home / ਕੈਨੇਡਾ / ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ‘ਚ ਸਾਲਾਨਾ ਪ੍ਰੋਗਰਾਮ ਦਾ ਰੀਵਿਊ

ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ‘ਚ ਸਾਲਾਨਾ ਪ੍ਰੋਗਰਾਮ ਦਾ ਰੀਵਿਊ

ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ 9 ਅਗਸਤ 2018 ਨੂੰ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਚਾਹ ਪਾਣੀ ਤੋਂ ਬਾਅਦ ਬਲਵਿੰਦਰ ਬਰਾੜ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਐਸੋਸੀਏਸ਼ਨ ਦੇ ਸਾਲਾਨਾ ਪ੍ਰੋਗਰਾਮ ਨੂੰ ਸਫਲ ਕਰਨ ਲਈ ਧੰਨਵਾਦ ਕੀਤਾ। ਇਸ ਉਪਰੰਤ ਕੈਸ਼ੀਅਰ ਪ੍ਰੋ: ਨਿਰਮਲ ਧਾਰਨੀ ਨੇ ਪ੍ਰੋਗਰਾਮ ਸਬੰਧੀ ਹੋਏ ਆਮਦਨ ਅਤੇ ਖਰਚ ਦੀਆਂ ਸਾਰੀਆਂ ਮਦਾਂ ਦਾ ਵਰਣਨ ਕਰਦੇ ਹੋਏ ਹਿਸਾਬ ਕਿਤਾਬ ਪੇਸ਼ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਸਾਰਾ ਖਰਚ ਬੜੇ ਸੰਜਮ ਨਾਲ ਕਰ ਕੇ ਪ੍ਰੋਗਰਾਮ ਨੇਪਰੇ ਚਾੜ੍ਹਿਆ ਗਿਆ ਹੈ। ਇਸ ਸਬੰਧੀ ਸੁਝਾਅ ਮੰਗੇ ਜਾਣ ਤੇ ਸਾਰੇ ਮੈਂਬਰਾਂ ਨੇ ਤਸੱਲੀ ਪਰਗਟ ਕਰਦੇ ਹੋਏ ਸਹਿਮਤੀ ਦਿੱਤੀ।
ਇਸ ਤੋਂ ਬਾਅਦ ਪਰਮਜੀਤ ਬੜਿੰਗ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਸਮਾਗਮ ਦਾ ਪੜਾਅਵਾਰ ਰੀਵਿਊ ਸ਼ੁਰੂ ਕੀਤਾ।
ਪਹਿਲੇ ਪੜਾਅ ਵਿੱਚ ਪ੍ਰੋਗਰਾਮ ਨੂੰ ਲੋਕਾਂ ਤੱਕ ਲਿਜਾਣ ਦੇ ਉਪਰਾਲਿਆਂ ਬਾਰੇ ਵਿਚਾਰ ਪ੍ਰਗਟ ਕੀਤੇ ਗਏ। ਜਿਸ ਵਿੱਚ ਕਿਹਾ ਗਿਆ ਕਿ ਪ੍ਰੋਗਰਾਮ ਨੂੰ ਲੋਕਾਂ ਤੱਕ ਲਿਜਾਣ ਲਈ ਅਖਬਾਰਾਂ ਵਿੱਚ ਲਗਾਤਾਰ ਖਬਰਾਂ ਰਾਹੀਂ ਯਤਨ, ਟੀ ਵੀ ਸ਼ੋਅ ਅਤੇ ਸਾਰੇ ਕਲੱਬਾਂ ਵਲੋਂ ਮੈਂਬਰਾਂ ਨਾਲ ਫੋਨ ਰਾਹੀਂ ਸੰਪਰਕ ਕੀਤਾ ਗਿਆ। ਇਹਨਾਂ ਅਪਣਾਏ ਗਏ ਤਰੀਕਿਆਂ ਦੀ ਸਭਨਾਂ ਨੇ ਸਲਾਘਾ ਕੀਤੀ। ਪ੍ਰੋਗਰਾਮ ਦਾ ਸਮੇਂ ਸਿਰ ਸ਼ੁਰੂ ਅਤੇ ਖਤਮ ਹੋਣਾ ਚੰਗੇ ਡਸਿਪਲਨ ਅਤੇ ਪ੍ਰਬੰਧ ਦੀ ਨਿਸ਼ਾਨੀ ਸੀ। ਜਿਨ੍ਹਾਂ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ ਸੀ ਉਹ ਦੇ ਨਾਮ ਜਨਰਲ ਬਾਡੀ ਵਲੋਂ ਪਹਿਲਾਂ ਹੀ ਪਾਸ ਕੀਤੇ ਗਏ ਸਨ ਇਸ ਲਈ ਇਸ ‘ਤੇ ਕੋਈ ਕਿੰਤੂ ਪਰੰਤੂ ਹੋਣ ਦੀ ਸੰਭਾਵਨਾ ਹੀ ਨਹੀਂ ਸੀ। ਇਸ ਜਮਹੂਰੀ ਢੰਗ ਨੂੰ ਸਭਨਾਂ ਨੇ ਸਲਾਹਿਆ। ਬੁਲਾਰਿਆਂ ਬਾਰੇ ਚਰਚਾ ਕਰਦੇ ਹੋਏ ਇਹ ਗੱਲ ਨੋਟ ਕੀਤੀ ਗਈ ਕਿ ਬੁਲਾਰਿਆਂ ਦੀ ਗਿਣਤੀ ਜ਼ਿਆਦਾ ਸੀ। ਵਿਚਾਰ ਵਟਾਂਦਰੇ ਬਾਅਦ ਇਸ ਤੇ ਇਹ ਫੈਸਲਾ ਕੀਤਾ ਗਿਆ ਕਿ ਭਵਿੱਖ ਵਿੱਚ ਸਿਰਫ ਚੁਣੇ ਹੋਏ ਕਮਿਊਨਿਟੀ ਨੁਮਾਇੰਦਿਆਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀ ਆਗੂਆਂ ਨੂੰ ਹੀ ਸਮਾਂ ਦਿੱਤਾ ਜਾਵੇਗਾ। ਚੋਣ ਲੜਨ ਜਾ ਰਹੇ ਬੁਲਾਰਿਆਂ ਤੋਂ ਪਰਹੇਜ਼ ਕੀਤਾ ਜਾਵੇਗਾ। ਕਲਚਰਲ ਪ੍ਰੋਗਰਾਮ ਬਾਰੇ ਕਸ਼ਮੀਰਾ ਸਿੰਘ ਦਿਓਲ ਨੇ ਕੀਮਤੀ ਸੁਝਾਅ ਦਿੱਤੇ ਤੇ ਕਈ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਜਿਸ ਦੇ ਸਿੱਟੇ ਵਜੋਂ ਇਹ ਫੈਸਲਾ ਕੀਤਾ ਗਿਆ ਕਿ ਬੁਲਾਰਿਆਂ ਦੇ ਵਿਚਕਾਰ ਕਵਿਤਾ ਜਾਂ ਗੀਤ ਵਗੈਰਾ ਰੱਖੇ ਜਾਣ ਤਾਕਿ ਮਨੋਰੰਜਨ ਅਤੇ ਦਿਲਚਸਪੀ ਬਣੇ ਰਹੇ ਅਤੇ ਪ੍ਰੋਗਰਾਮ ਵਿੱਚ ਭੋਰਾ ਭਰ ਵੀ ਨੀਰਸਤਾ ਨਾ ਆਵੇ। ਇਸ ਸਬੰਧੀ ਇਹ ਫੈਸਲਾ ਕੀਤਾ ਗਿਆ ਕਿ ਭਾਸ਼ਣਾਂ ਦੌਰਾਨ ਗੀਤ ਅਤੇ ਕਵਿਤਾਵਾਂ ਰੱਖੀਆਂ ਜਾਣ ਅਤੇ ਬਾਕੀ ਬਚਦੀਆਂ ਸੱਭਿਆਚਾਰਕ ਵੰਨਗੀਆਂ ਪ੍ਰੋਗਰਾਮ ਦੇ ਅੰਤ ‘ਤੇ ਰੱਖੀਆਂ ਜਾਣ। ਇਸ ਮਲਟੀਕਲਚਰਲ ਪ੍ਰੋਗਰਾਮ ਵਿੱਚ ਅਗਲੇ ਸਾਲ ਸ਼੍ਰੀਲੰਕਨ ਗਰੁੱਪ ਵਲੋਂ ਲੋਕ ਨਾਚ ਪੇਸ਼ ਕਰਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਪ੍ਰੋਗਰਾਮ ਸਮੇਂ ਹਾਲ ਵਿੱਚ ਸੀਟਾਂ ਦੇ ਪ੍ਰਬੰਧ ਬਾਰੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਗੱਲ ਵਲੋਂ ਖੁਸ਼ੀ ਪਰਗਟ ਕੀਤੀ ਗਈ ਕਿ ਪ੍ਰੋਗਰਾਮ ਨੂੰ ਸਰੋਤਿਆਂ ਨੇ ਪ੍ਰੋਗਰਾਮ ਦੇ ਅੰਤ ਤੱਕ ਬੜੇ ਧਿਆਨ ਨਾਲ ਸੁਣਿਆ।
ਇਸ ਮਿਿਟੰਗ ਵਿੱਚ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਕੈਨੇਡੀਅਨ ਸਿਟੀਜਨਸਿੱਪ ਜ਼ਰੂਰ ਲੈਣ ਤਾਂਕਿ ਰਾਜਨੀਤਕ ਤੌਰ ‘ਤੇ ਜਥੇਬੰਦੀ ਦਾ ਦਬਾਅ ਬਣ ਸਕੇ। ਇਸ ਤੋਂ ਬਿਨਾਂ ਜਥੇਬੰਦੀ ਦੀ ਸਮਝ ਨੂੰ ਦਰਸਾਉਂਦੇ ਫ਼ਲਾਇਰ ਕਲੱਬ ਪ੍ਰਧਾਨਾਂ ਨੂੰ ਵੰਡੇ ਗਏ ਤਾਂ ਜੋ ਉਹ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਇਹਨਾਂ ਨੂੰ ਵੰਡ ਸਕਣ। ਸਟੇਜ ਤੋਂ ਪ੍ਰੋਗਰਾਮ ਲਈ ਸਹਾਇਤਾ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਇਸ ਵਾਸਤੇ ਬਲਵਿੰਦਰ ਬਰਾੜ ਵਲੋਂ ਪਾਏ ਵਿਸ਼ੇਸ਼ ਯੋਗਦਾਨ ਦੀ ਸਲਾਘਾ ਕੀਤੀ ਗਈ। ਇਹ ਮਤਾ ਵੀ ਪਾਸ ਕੀਤਾ ਗਿਆ ਕਿ ਨਵੇਂ ਬਣੇ ਕਲੱਬ ਜਾਂ ਜੇ ਕੋਈ ਕਲੱਬ ਐਸੋਸੀਏਸ਼ਨ ਦਾ ਮੈਂਬਰ ਨਹੀਂ ਬਣਿਆ ਉਹਨਾਂ ਨੂੰ ਮੈਂਬਰ ਬਣਾਉਣ ਦਾ ਯਤਨ ਕੀਤਾ ਜਾਵੇ। ਐਸੋਸੀਏਸ਼ਨ ਦੀ ਮਾਇਕ ਸਹਾਇਤਾ ਲਈ ਲੋਕਾਂ ਦੀ ਦਿਲਚਸਪੀ ਤਸੱਲੀਬਖਸ਼ ਰਹੀ। ਅਗਲੀ ਵਾਰ ਵੀ ਡੋਨੇਸ਼ਨ ਬੌਕਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਫੀਡ ਬੈਕ ਰਜਿਸਟਰ ਵਿੱਚ ਦਰਜ ਵਿਅਕਤੀਆਂ ਦੇ ਕੁਮੈਂਟਸ ਪੜ੍ਹ ਕੇ ਸੁਣਾਏ ਗਏ ਅਤੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪ੍ਰੋਗਰਾਮ ਤੋਂ ਬਾਅਦ ਉਹਨਾਂ ਨਾਲ ਸੰਪਰਕ ਵੀ ਕੀਤਾ ਗਿਆ ਹੈ ਸਿਵਾਏ ਉਹਨਾਂ ਦੇ ਜਿਨ੍ਹਾਂ ਦੇ ਫੋਨ ਨੰਬਰ ਦਰਜ ਨਹੀਂ ਸਨ।
ਐਸੋਸੀਏਸ਼ਨ ਦੀ ਅਗਲੀ ਜਨਰਲ ਬਾਡੀ ਮੀਟਿੰਗ ਸਤੰਬਰ ਮਹੀਨੇ ਦੇ ਦੂਜੇ ਵੀਰਵਾਰ 13 ਤਰੀਕ ਸਵੇਰੇ 10:00 ਵਜੇ ਸੱਨੀਮੀਡੋ ਅਤੇ ਪੀਟਰ-ਰਾਬਰਟਸਨ ਦੇ ਇੰਟਰਸੈਕਸ਼ਨ ਤੇ ਪੀ ਸੀ ਐਚ ਐਸ ਵਾਲੀ ਬਿਲਡਿੰਗ ਵਿੱਚ ਪਹਿਲਾਂ ਵਾਲੀ ਥਾਂ ‘ਤੇ ਹੋਵੇਗੀ। ਐਸੋਸੀਏਸ਼ਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਜੰਗੀਰ ਸਿੰਘ ਸੈਂਭੀ 416-409-0126, ਬਲਵਿੰਦਰ ਬਰਾੜ647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722, ਪਰੀਤਮ ਸਰਾਂ 416-833-0567 ਜਾਂ ਹਰਦਿਆਲ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੇ 40ਵੇਂ ਸਾਲ ‘ਤੇ ਐਬਸਫੋਰਡ ਵਿਖੇ ਖੂਨਦਾਨ ਕੈਂਪ ਨੂੰ ਬੇਮਿਸਾਲ ਹੁੰਗਾਰਾ

ਐਬਸਫੋਰਡ/ ਡਾ. ਗੁਰਵਿੰਦਰ ਸਿੰਘ : ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ, ਕੈਨੇਡਾ …