ਸਰਕਾਰ ਚਾਹੇ ਤਾਂ ਇਕ ਦਿਨ ਵਿਚ ਹੀ ਨਸ਼ਾ ਖਤਮ ਕੀਤਾ ਜਾ ਸਕਦਾ : ਫੌਜਾ ਸਿੰਘ
ਜਲੰਧਰ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਜਲੰਧਰ ਪਹੁੰਚੇ। ਇਸ ਮੁਹਿੰਮ ਦੇ ਤਹਿਤ ਜਲੰਧਰ ਦੇ ਬਿਆਸ ਪਿੰਡ ਵਿਚ ਪੈਦਲ ਮਾਰਚ ਵੀ ਕੱਢਿਆ ਗਿਆ। ਇਹ ਮਾਰਚ ਬਿਆਸ ਪਿੰਡ ਤੋਂ ਕਰਤਾਰਪੁਰ ਤੱਕ ਚੱਲੇਗਾ। ਮਾਰਚ ਵਿਚ ਸ਼ਾਮਲ ਸਾਰੇ ਵਿਅਕਤੀ ਪੈਦਲ ਹੀ ਕਰਤਾਰਪੁਰ ਜਾਣਗੇ। ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਵਿਚ ਕਈ ਬਜ਼ੁਰਗ ਵਿਅਕਤੀਆਂ ਨੇ ਵੀ ਹਿੱਸਾ ਲਿਆ ਹੈ। ਅੱਜ 10 ਦਸੰਬਰ ਨੂੰ ਇਹ ਯਾਤਰਾ ਮਹਾਨ ਅਥਲੀਟ ਫੌਜਾ ਸਿੰਘ ਦੇ ਬਿਆਸ ਪਿੰਡ ਵਿਚਲੇ ਘਰ ਤੋਂ ਸ਼ੁਰੂ ਕੀਤੀ ਗਈ। ਇਹ ਯਾਤਰਾ ਭਲਕੇ 11 ਦਸੰਬਰ ਨੂੰ ਕਰਤਾਰਪੁਰ ਵਿਚ ਜੰਗ ਏ ਆਜ਼ਾਦੀ ਸਮਾਰਕ ’ਤੇ ਪਹੁੰਚ ਕੇ ਸੰਪੰਨ ਹੋਵੇਗੀ। ਇਸ ਮੌਕੇ ਫੌਜਾ ਸਿੰਘ ਨੇ ਕਿਹਾ ਕਿ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਇਕ ਦਿਨ ਵਿਚ ਹੀ ਨਸ਼ਾ ਖਤਮ ਕੀਤਾ ਜਾ ਸਕਦਾ ਹੈ।