ਪੈਦਾ ਹੁੰਦੇ ਹੀ ਯੂਐਸ ਨਾਗਰਿਕਤਾ ਮਿਲਣ ਦਾ ਅਧਿਕਾਰ ਕਰਾਂਗਾ ਖਤਮ : ਟਰੰਪ
ਵਾਸ਼ਿੰਗਟਨ/ਬਿਊਰੋ ਨਿਊਜ਼
ਡੋਨਾਲਡ ਟਰੰਪ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਦੇ ਆਪਣੇ ਏਜੰਡੇ ਦਾ ਖੁਲਾਸਾ ਕੀਤਾ। ਟਰੰਪ ਨੇ ਇਕ ਵਾਰ ਫਿਰ ਅਮਰੀਕਾ ਵਿਚ ਰਹਿ ਰਹੇ ਗੈਰਕਾਨੂੰਨੀ ਪਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕਰਨ ਦਾ ਪਲਾਨ ਦੁਹਰਾਇਆ। ਨਾਲ ਹੀ ਉਨ੍ਹਾਂ ਨੇ ਡ੍ਰੀਮਰਸ ਅਪਰਵਾਸੀਆਂ ਦੀ ਸੁਰੱਖਿਆ ਦੇ ਲਈ ਕਦਮ ਉਠਾਉਣ ਦੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਡ੍ਰੀਮਰਸ ਅਪਰਵਾਸੀ ਉਹ ਅਪਰਵਾਸੀ ਹਨ, ਜੋ ਬਚਪਨ ਵਿਚ ਅਮਰੀਕਾ ਪਹੁੰਚ ਗਏ ਸਨ ਅਤੇ ਉਨ੍ਹਾਂ ਦੇ ਕੋਲ ਕੋਈ ਡਾਕੂਮੈਂਟ ਨਹੀਂ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਉਹ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆਂ ਹੀ, ਪਹਿਲੇ ਦਿਨ ਹੀ ਪੈਦਾ ਹੁੰਦੇ ਸਾਰ ਅਮਰੀਕੀ ਨਾਗਰਿਕਤਾ ਮਿਲਣ ਦਾ ਅਧਿਕਾਰ ਖਤਮ ਕਰ ਦੇਣਗੇ। ਜ਼ਿਕਰਯੋਗ ਹੈ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਦੇ ਮੁਤਾਬਕ ਜੋ ਵੀ ਬੱਚਾ ਅਮਰੀਕਾ ਵਿਚ ਪੈਦਾ ਹੁੰਦਾ ਹੈ, ਉਸ ਨੂੰ ਉਸੇ ਸਮੇਂ ਹੀ ਅਮਰੀਕਾ ਦੀ ਨਾਗਰਿਕਤਾ ਮਿਲ ਜਾਂਦੀ ਹੈ। ਭਾਵੇਂ ਉਸਦੇ ਮਾਤਾ-ਪਿਤਾ ਕੋਲ ਕਿਸੇ ਵੀ ਦੇਸ਼ ਦੀ ਨਾਗਰਿਕਤਾ ਹੋਵੇ।