
ਕਿਹਾ : ਕੇਂਦਰ ਬਜਟ ’ਚ ਪੰਜਾਬ ਨੂੰ ਅਣਗੌਲਿਆ ਕੀਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਜਟ ਵਿੱਚ ਇੱਕ ਵਾਰ ਫ਼ਿਰ ਪੰਜਾਬ ਨੂੰ ਅਣਦੇਖਿਆ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਤੇ ਨੌਜਵਾਨਾਂ ਨੂੰ ਕੁੱਝ ਨਹੀਂ ਦਿੱਤਾ। ਕੇਂਦਰ ਨੇ ਕਿਸਾਨਾਂ ਨੂੰ ਫ਼ਸਲ ’ਤੇ ਐੱਮਐੱਸਪੀ ਨਹੀਂ ਦਿੱਤੀ ਅਤੇ ਨਾ ਹੀ ਸੂਬੇ ਨੂੰ ਇੰਡਸਟਰੀ ਲਈ ਕੋਈ ਪੈਕੇਜ ਦਿੱਤਾ ਹੈ। ਇਹ ਬਜਟ ਸਿਰਫ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਲਿਆਂਦਾ ਗਿਆ ਹੈ। ਇਸ ਵਿੱਚ ਸਿਰਫ ਬਿਹਾਰ ਸੂਬੇ ਲਈ ਹੀ ਵੱਡੇ ਐਲਾਨ ਕੀਤੇ ਗਏ ਹਨ। ਕਿਉਂਕ ਬਿਹਾਰ ਵਿਚ ਇਸੇ ਸਾਲ ਦੇ ਅਕਤੂਬਰ-ਨਵੰਬਰ ਮਹੀਨੇ ’ਚ ਚੋਣਾਂ ਹੋਣੀਆਂ ਹਨ ਅਤੇ ਇਸ ਬਜਟ ਰਾਹੀਂ ਬਿਹਾਰ ਦੇ ਲੋਕਾਂ ਆਪਣੇ ਵੱਲ ਖਿੱਚਣ ਦੀ ਕੇਂਦਰ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਹਾ ਕਿ ਕੇਂਦਰ ਨੇ ਬਜਟ ’ਚ ਪੰਜਾਬ ਅਤੇ ਪੰਜਾਬੀਆਂ ਨਾਲ ਮਤਰੇਆ ਸਲੂਕ ਕੀਤਾ ਹੈ ਪਰ ਪੰਜਾਬ ਨੂੰ ਅਸੀਂ ਆਪਣੇ ਬਲਬੂਤੇ ਪੈਰਾਂ ਸਿਰ ਖੜ੍ਹਾ ਕਰਕੇ ਰਹਾਂਗੇ।

