Breaking News
Home / ਕੈਨੇਡਾ / Front / ਚੰਡੀਗੜ੍ਹ ’ਚ ਮੇਅਰ ਦੀ ਚੋਣ ਸਮੇਂ ਹੋਈ ਧੱਕੇਸ਼ਾਹੀ ਖਿਲਾਫ ‘ਆਪ’ ਨੇ ਦਿੱਲੀ ’ਚ ਕੀਤਾ ਪ੍ਰਦਰਸ਼ਨ

ਚੰਡੀਗੜ੍ਹ ’ਚ ਮੇਅਰ ਦੀ ਚੋਣ ਸਮੇਂ ਹੋਈ ਧੱਕੇਸ਼ਾਹੀ ਖਿਲਾਫ ‘ਆਪ’ ਨੇ ਦਿੱਲੀ ’ਚ ਕੀਤਾ ਪ੍ਰਦਰਸ਼ਨ

ਕੇਜਰੀਵਾਲ ਬੋਲੇ : ਭਾਜਪਾ ਸੱਤਾ ਹਾਸਲ ਕਰਨ ਲਈ ਦੇਸ਼ ਨੂੰ ਵੀ ਵੇਚ ਸਕਦੀ ਹੈ


ਨਵੀਂ ਦਿੱਲੀ/ਬਿਊਰੋ ਨਿਊਜ਼ : ਲੰਘੇ ਦਿਨੀਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਸਮੇਂ ਹੋਈ ਧੱਕੇਸ਼ਾਹੀ ਖਿਲਾਫ਼ ਆਮ ਆਦਮੀ ਪਾਰਟੀ ਵੱਲੋਂ ਨਵੀਂ ਦਿੱਲੀ ’ਚ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ। ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਲਈ ਨਿਕਲੇ ਤਾਂ ਦਿੱਲੀ ਪੁਲਿਸ ਨੇ ਰਸਤੇ ’ਚ ਬੈਰੀਕੇਡ ਲਗਾ ਕੇ ਇਨ੍ਹਾਂ ਨੂੰ ਰੋਕ ਲਿਆ ਅਤੇ ਕੁੱਝ ‘ਆਪ’ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਤੋਂ ਪਹਿਲਾਂ ਪਾਰਟੀ ਹੈਡਕੁਆਰਟਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ’ਚ ਮੇਅਰ ਸਾਡੀ ਪਾਰਟੀ ਦਾ ਬਣੇ ਜਾਂ ਭਾਜਪਾ ਦਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਪਾਰਟੀਆਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪ੍ਰੰਤੂ ਦੇਸ਼ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨੇ ਚੋਣਾਂ ਦੇ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜੇਕਰ ਭਾਜਪਾ ਮੇਅਰ ਵਰਗੀ ਛੋਟੀ ਜਿਹੀ ਚੋਣ ਸਮੇਂ ਇੰਨੀ ਵੱਡੀ ਗੜਬੜੀ ਕਰ ਸਕਦੀ ਹੈ, ਤਾਂ ਲੋਕ ਸਭਾ ’ਚ ਪਤਾ ਨਹੀਂ ਭਾਜਪਾ ਵਾਲੇ ਕੀ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਾਲੇ ਸੱਤਾ ਹਾਸਲ ਕਰਨ ਲਈ ਦੇਸ਼ ਨੂੰ ਵੀ ਵੇਚ ਸਕਦੇ ਹਨ। ਪ੍ਰੰਤੂ ਚੰਡੀਗੜ੍ਹ ਮੇਅਰ ਦੀ ਚੋਣ ਦਰਸਾਉਂਦੀ ਹੈ ਕਿ ਭਾਜਪਾ ਦੇ ਪਾਪਾਂ ਵਾਲਾ ਘੜਾ ਭਰ ਗਿਆ ਹੈ ਅਤੇ ਜਦੋਂ ਪਾਪ ਦਾ ਘੜਾ ਭਰ ਜਾਂਦਾ ਹੈ ਤਾਂ ਫਿਰ ਕੁਦਰਤ ਆਪਣਾ ਝਾੜੂ ਚਲਾਉਂਦੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਥੇ ਹੋਏ ਵੱਡੇ ਇਕੱਠ ਤੋਂ ਪਤਾ ਚਲਦਾ ਹੈ ਕਿ ਦੇਸ਼ ਕਿਸੇ ਦੇ ਬਾਪ ਦੀ ਜਗੀਰ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਵਾਲਾ ਦਾ ਵਸ ਚੱਲੇ ਤਾਂ ਉਹ ਦੇਸ਼ ’ਚ ਚੋਣਾਂ ਹੀ ਨਾ ਹੋਣ ਦੇਣ।

Check Also

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ

ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …