
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਯੋਗ ਰਾਜ ਸ਼ਰਮਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਯੋਗ ਰਾਜ ਸ਼ਰਮਾ ਦੀ ਬਤੌਰ ਚੇਅਰਮੈਨ ਮਿਆਦ ਤਿੰਨ ਵਰ੍ਹਿਆਂ ਦੀ ਹੋਵੇਗੀ। ਯੋਗ ਰਾਜ ਸ਼ਰਮਾ ਕੁੱਝ ਦਿਨ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਵਜੋਂ ਨਿਯੁਕਤ ਹੋਏ ਸਨ। ਯੋਗ ਰਾਜ ਕਿਸੇ ਵੇਲੇ ਪੰਜਾਬੀ ਯੂਨੀਵਰਸਿਟੀ ਵਿਚ ਵਿਦਿਆਰਥੀ ਆਗੂ ਵੀ ਰਹੇ ਅਤੇ ਉਹ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਪ੍ਰੋਫੈਸਰ ਸਨ। ਉਹ ਡੀਨ ਦੇ ਅਹੁਦੇ ਤੋਂ ਇਲਾਵਾ ਮਨੁੱਖੀ ਸਰੋਤ ਵਿਕਾਸ ਕੇਂਦਰ ਦੇ ਡਾਇਰੈਕਟਰ ਵੀ ਰਹੇ ਹਨ। ਉਹ ਪਹਿਲਾਂ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਵਿਚ ਬਤੌਰ ਅਧਿਆਪਕ ਵੀ ਤਾਇਨਾਤ ਰਹੇ ਹਨ।