ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਟੋਕੀਓ ਪੈਰਾ ਉਲੰਪਿਕ ਵਿਚ ਅੱਜ ਸੋਮਵਾਰ ਦਾ ਦਿਨ ਭਾਰਤ ਲਈ ਚੰਗਾ ਰਿਹਾ। ਇਸੇ ਦੌਰਾਨ ਅੱਜ ਭਾਰਤ ਲਈ ਪਹਿਲਾ ਗੋਲਡ ਮੈਡਲ ਰਾਜਸਥਾਨ ਦੀ ਅਵਨੀ ਲੇਖਰਾ ਨੇ 10 ਮੀਟਰ ਏਅਰ ਰਾਈਫਲ ਵਿਚ ਜਿੱਤਿਆ। ਧਿਆਨ ਰਹੇ ਕਿ ਅਵਨੀ ਪੈਰਾ ਉਲੰਪਿਕ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਅਥਲੀਟ ਵੀ ਹੈ। ਪੁਰਸ਼ਾਂ ਦੇ ਐਫ-56 ਕੈਟੇਗਰੀ ਵਿਚ ਯੋਗੇਸ਼ ਕਥੂਨੀਆ ਨੇ ਜਿੱਥੇ ਡਿਸਕਸ ਥਰੋਅ ਵਿਚ ਸਿਲਵਰ ਮੈਡਲ ਜਿੱਤਿਆ, ਉਥੇ ਜੈਵਲਿਨ ਥਰੋਅ ਵਿਚ ਭਾਰਤ ਨੂੰ ਦੋ ਮੈਡਲ ਆਏ। ਦੇਵੇਂਦਰ ਝਾਝਰੀਆ ਨੇ ਚਾਂਦੀ ਅਤੇ ਸੁੰਦਰ ਗੁਰਜਰ ਨੇ ਕਾਂਸੇ ਦਾ ਮੈਡਲ ਜਿੱਤਿਆ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਵਨੀ ਲੇਖਰਾ ਨਾਲ ਫੋਨ ’ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਟੋਕੀਓ ਪੈਰਾਉਲੰਪਿਕ ਵਿਚ ਸੋਨ ਤਮਗਾ ਜਿੱਤਣ ਲਈ ਵਧਾਈ ਵੀ ਦਿੱਤੀ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਯੋਗੇਸ਼ ਕਥੁਨੀਆ ਜਿਸ ਨੇ ਡਿਸਕਸ ਥ੍ਰੋ ਵਿਚ ਚਾਂਦੀ ਦਾ ਮੈਡਲ ਜਿੱਤਿਆ, ਉਸ ਨੂੰ ਵੀ ਫ਼ੋਨ ’ਤੇ ਗੱਲ ਕਰਕੇ ਵਧਾਈ ਦਿੱਤੀ। ਧਿਆਨ ਰਹੇ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੈਰਾ-ਅਥਲੀਟ ਦੇਵੇਂਦਰ ਝਾਝਰੀਆ ਅਤੇ ਸੁੰਦਰ ਸਿੰਘ ਗੁਰਜਰ ਨੂੰ ਵੀ ਵਧਾਈ ਦਿੱਤੀ।