ਸ੍ਰੀਹਰੀਕੋਟਾ/ਬਿਊਰੋ ਨਿਊਜ਼ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 2022 ਦੇ ਆਪਣੇ ਪਹਿਲੇ ਮਿਸ਼ਨ ਤਹਿਤ ਧਰਤੀ ‘ਤੇ ਨਜ਼ਰ ਰੱਖਣ ਵਾਲੇ ਸੈਟੇਲਾਈਟ ਈਓਐੱਸ-04 ਅਤੇ ਦੋ ਛੋਟੇ ਸੈਟੇਲਾਈਟਸ ਨੂੰ ਪੀਐੱਸਐੱਲਵੀ-ਸੀ 52 ਰਾਹੀਂ ਸੋਮਵਾਰ ਨੂੰ ਸਫ਼ਲਤਾਪੂਰਬਕ ਪੁਲਾੜ ‘ਚ ਸਥਾਪਤ ਕਰ ਦਿੱਤਾ ਹੈ। ਇਸਰੋ ਨੇ ਇਸ ਨੂੰ ਸ਼ਾਨਦਾਰ ਉਪਲੱਬਧੀ ਦੱਸਿਆ ਹੈ।
ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਟੇਲਾਈਟ ਸਫ਼ਲਤਾਪੂਰਬਕ ਲਾਂਚ ਕਰਨ ਲਈ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਪੀਐੱਸਐੱਲਵੀ ਨੇ ਪੁਲਾੜ ਲਈ ਸਵੇਰੇ 5 ਵੱਜ ਕੇ 59 ਮਿੰਟ ‘ਤੇ ਉਡਾਣ ਭਰੀ ਅਤੇ ਤਿੰਨੋਂ ਸੈਟੇਲਾਈਟ ਨੂੰ ਪੁਲਾੜ ਦੇ ਪੰਧ ‘ਤੇ ਸਥਾਪਤ ਕਰ ਦਿੱਤਾ।
ਇਸ ਸਾਲ ਦੇ ਪਹਿਲੇ ਮਿਸ਼ਨ ‘ਤੇ ਨੇੜਿਉਂ ਨਜ਼ਰ ਰੱਖ ਰਹੇ ਵਿਗਿਆਨੀਆਂ ਨੇ ਇਸ ‘ਤੇ ਖੁਸ਼ੀ ਜਤਾਈ ਅਤੇ ਤਾੜੀਆਂ ਮਾਰੀਆਂ। ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਸੈਟੇਲਾਈਟ ਸਫ਼ਲਤਾਪੂਰਬਕ ਲਾਂਚ ਹੋਣ ਮਗਰੋਂ ਕਿਹਾ, ”ਪੀਐੱਸਐੱਲਵੀ-ਸੀ52/ਈਓਐੱਸ-04 ਮਿਸ਼ਨ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ। ਇਸ ਦੇ ਨਾਲ ਸੈਟੇਲਾਈਟ ਇੰਸਪਾਇਰ ਸੈਟ-1 ਅਤੇ ਆਈਐੱਨਐੱਸ-2ਟੀਡੀ ਨੂੰ ਵੀ ਸਹੀ ਪੰਧ ‘ਤੇ ਸਥਾਪਤ ਕੀਤਾ ਗਿਆ ਹੈ।” ਕੁਦਰਤੀ ਇਹ ਲਾਂਚਿੰਗ ਸੋਮਨਾਥ ਦੇ ਪੁਲਾੜ ਕਮਿਸ਼ਨ ਦੇ ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਸੀ। ਉਨ੍ਹਾਂ ਕਿਹਾ ਕਿ ਇਹ ਪੁਲਾੜ ਦੇਸ਼ ਦੀ ਸੇਵਾ ਕਰਨ ਲਈ ਮੁਲਕ ਦੀਆਂ ਵੱਡੀਆਂ ਸੰਪਤੀਆਂ ‘ਚੋਂ ਇਕ ਹੋਵੇਗਾ। ਮਿਸ਼ਨ ਦੇ ਡਾਇਰੈਕਟਰ ਐੱਸ ਆਰ ਬੀਜੂ ਨੇ ਕਿਹਾ ਕਿ ਅੱਜ ਜੋ ਹਾਸਲ ਕੀਤਾ ਗਿਆ ਹੈ, ਉਹ ਬਹੁਤ ਹੀ ਸ਼ਾਨਦਾਰ ਹੈ।
ਈਓਐੱਸ-04 ਇਕ ‘ਰਡਾਰ ਇਮੇਜਿੰਗ ਸੈਟੇਲਾਈਟ’ ਹੈ ਜਿਸ ਨੂੰ ਖੇਤੀ, ਜੰਗਲਾਤ, ਬੂਟੇ ਲਾਉਣ, ਮਿੱਟੀ ਦੀ ਨਮੀ ਤੇ ਜਲ ਵਿਗਿਆਨ ਅਤੇ ਹੜ੍ਹਾਂ ਦੀ ਮੈਪਿੰਗ ਜਿਹੇ ਕੰਮਾਂ ਤੇ ਮੌਸਮ ਦੇ ਹਾਲਾਤ ਬਾਰੇ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਦਾ ਵਜ਼ਨ 1,710 ਕਿਲੋਗ੍ਰਾਮ ਹੈ ਅਤੇ ਸੈਟੇਲਾਈਟ ਦੀ ਉਮਰ 10 ਸਾਲ ਹੈ।
Check Also
ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ’ਤੇ ਹੋਇਆ ਭਾਰੀ ਹੰਗਾਮਾ
ਰਾਹੁਲ ਗਾਂਧੀ ਬੋਲੇ : ਅਡਾਨੀ ਨੂੰ ਹੋਣਾ ਚਾਹੀਦਾ ਹੈ ਜੇਲ੍ਹ ’ਚ, ਪਰ ਸਰਕਾਰ ਉਸਦਾ ਕਰ …