ਰਾਸ਼ਨ ਘੁਟਾਲਾ ਮਾਮਲੇ ’ਚ ਟੀਐਮਸੀ ਆਗੂ ਸ਼ੰਕਰ ਅਧੈ ਗਿ੍ਰਫ਼ਤਾਰ
ਲੰਘੇ ਕੱਲ੍ਹ ਈਡੀ ਨੇ ਟੀਐਮਸੀ ਆਗੂ ਸ਼ੇਖ ਸ਼ਾਹਜਹਾਂ ਨੂੰ ਕੀਤਾ ਸੀ ਗਿ੍ਰਫ਼ਤਾਰ
ਕੋਲਕਾਤਾ/ਬਿਊਰੋ ਨਿਊਜ਼ :
ਪੱਛਮੀ ਬੰਗਾਲ ’ਚ ਕਰੋਨਾ ਸਮੇਂ ਕਥਿਤ ਤੌਰ ’ਤੇ ਹੋਏ ਹਜ਼ਾਰਾਂ ਕਰੋੜ ਰੁਪਏ ਦੇ ਰਾਸ਼ਨ ਘੁਟਾਲੇ ’ਚ ਅੱਜ ਈਡੀ ਨੇ ਇਕ ਹੋਰ ਤਿ੍ਰਣਮੂਲ ਕਾਂਗਰਸ ਦੇ ਆਗੂ ਸ਼ੰਕਰ ਅਧੈ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਈਡੀ ਵੱਲੋਂ ਟੀਐਮਸੀ ਆਗੂ ਸ਼ੇਖ ਸ਼ਾਹਜਹਾਂ ਨੂੰ ਗਿ੍ਰਫ਼ਤਾਰ ਕੀਤਾ ਸੀ। ਧਿਆਨ ਰਹੇ ਕਿ ਈਡੀ ਵੱਲੋਂ 5 ਜਨਵਰੀ ਨੂੰ ਰਾਸ਼ਨ ਘੋਟਾਲੇ ਮਾਮਲੇ ’ਚ ਸੂਬੇ ਦੇ 15 ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਜਦੋਂ ਈਡੀ ਦੀ ਟੀਮ ਨਾਰਥ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਾਲੀ ਪਿੰਡ ’ਚ ਸ਼ੇਖ ਸ਼ਾਹਜਹਾਂ ਅਤੇ ਸ਼ੰਕਰ ਅਧੈ ਦੇ ਘਰ ਰੇਡ ਕਰਨ ਗਈ ਤਾਂ ਤਿ੍ਰਣਮੂਲ ਕਾਂਗਰਸ ਦੇ ਵਰਕਰਾਂ ਨੇ ਈਡੀ ਦੀ ਟੀਮ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਇਸ ਸਬੰਧੀ ਜਾਂਚ ਏਜੰਸੀ ਵੱਲੋਂ ਸ਼ੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਦਿੱਤੀ ਜਾਣਕਾਰੀ ’ਚ ਦੱਸਿਆ ਕਿ 800 ਤੋਂ 1000 ਵਿਅਕਤੀਆਂ ਦੀ ਭੀੜ ਨੇ ਹੱਤਿਆ ਕਰਨ ਦੇ ਇਰਾਦੇ ਨਾਲ ਹਮਲਾ ਕੀਤਾ। ਇਸ ਭੀੜ ਕੋਲ ਲਾਠੀਆਂ, ਪੱਥਰ, ਇੱਟਾਂ ਵਰਗੇ ਹਥਿਆਰ ਸਨ। ਇਸ ਹਮਲੇ ਦੌਰਾਨ ਈਡੀ ਦੇ ਤਿੰਨ ਅਧਿਕਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਜਿਨ੍ਹਾਂ ਦਾ ਕੋਲਕਾਤਾ ਦੇ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ। ਈਡੀ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਭੀੜ ਨੇ ਉਨ੍ਹਾਂ ਦੇ ਮੋਬਾਇਲ ਫੋਨ, ਲੈਪਟਾਪ ਅਤੇ ਪਰਸ ਆਦਿ ਸਭ ਕੁੱਝ ਖੋਹ ਲਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਵਾਹਨਾਂ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਇਆ ਗਿਆ। ਸੂਬੇ ਦੇ ਰਾਜਪਾਲ ਹਸਪਤਾਲ ਪਹੁੰਚ ਕੇ ਇਨ੍ਹਾਂ ਜ਼ਖਮੀਆਂ ਨਾਲ ਮੁਲਾਕਾਤ ਵੀ ਕੀਤੀ ਸੀ।