Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਬੇਰੁਜ਼ਗਾਰਾਂ ਦੀ ਗਿਣਤੀ 16 ਲੱਖ ਤੱਕ ਪੁੱਜੀ

ਕੈਨੇਡਾ ‘ਚ ਬੇਰੁਜ਼ਗਾਰਾਂ ਦੀ ਗਿਣਤੀ 16 ਲੱਖ ਤੱਕ ਪੁੱਜੀ

ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਵਿਚ 7,400 ਨਵੀਆਂ ਨੌਕਰੀਆਂ ਦੇਣ ਦੇ ਬਾਵਜੂਦ ਅਪਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਵਧ ਕੇ 6.9 ਫੀਸਦੀ ਹੋ ਗਈ ਹੈ ਜੋ ਨਵੰਬਰ ਤੋਂ ਬਾਅਦ ਸਿਖਰਲਾ ਪੱਧਰ ਦੱਸਿਆ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮੁਲਕ ਵਿਚ ਬੇਰੁਜ਼ਗਾਰਾਂ ਦੀ ਗਿਣਤੀ 16 ਲੱਖ ਦੇ ਨੇੜੇ ਪੁੱਜ ਗਈ ਹੈ।
ਦੱਸ ਦੇਈਏ ਕਿ ਮਾਰਚ ਮਹੀਨੇ ਦੌਰਾਨ ਕੈਨੇਡੀਅਨ ਰੁਜ਼ਗਾਰ ਖੇਤਰ ਵਿਚੋਂ 32,600 ਨੌਕਰੀਆਂ ਖ਼ਤਮ ਹੋਈਆਂ ਅਤੇ ਅਪਰੈਲ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਅਸਮਾਨ ਚੜ੍ਹ ਗਈ।
ਅਪਰੈਲ ਦੌਰਾਨ ਆਰਜ਼ੀ ਤੌਰ ‘ਤੇ ਰੁਜ਼ਗਾਰ ਤੋਂ ਵਿਹਲੇ ਜਾਂ ਕੰਮ ਦੀ ਭਾਲ ਕਰ ਰਹੇ ਵਿਅਕਤੀਆਂ ਦੀ ਗਿਣਤੀ 39 ਹਜ਼ਾਰ ਦਰਜ ਕੀਤੀ ਗਈ ਅਤੇ ਸਾਲਾਨਾ ਆਧਾਰ ‘ਤੇ ਇਸ ਅੰਕੜੇ ਵਿਚ 1 ਲੱਖ 89 ਹਜ਼ਾਰ ਦਾ ਵਾਧਾ ਹੋਇਆ ਹੈ। ਜਿੱਥੇ ਅਪਰੈਲ ਦੌਰਾਨ 31 ਹਜ਼ਾਰ ਨੌਕਰੀਆਂ ਖ਼ਤਮ ਹੋਈਆਂ ਪਰ ਅਪਰੈਲ ਦੌਰਾਨ 7,400 ਨੌਕਰੀਆਂ ਪੈਦਾ ਵੀ ਹੋਈਆਂ ਹਨ।
ਦੂਜੇ ਪਾਸੇ ਬੇਰੁਜ਼ਗਾਰਾਂ ਨੂੰ ਅਪਰੈਲ ਦੌਰਾਨ ਰੁਜ਼ਗਾਰ ਦੀ ਭਾਲ ਕਰਦਿਆਂ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮਾਰਚ ਵਿਚ ਬੇਰੁਜ਼ਗਾਰ ਰਹੇ ਲੋਕਾਂ ਵਿਚੋਂ 61 ਫੀਸਦੀ ਅਪਰੈਲ ਦੌਰਾਨ ਵੀ ਵਿਹਲੇ ਹੀ ਰਹੇ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਹ ਅੰਕੜਾ ਚਾਰ ਫੀਸਦੀ ਵਧ ਬਣਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਨੇ ਸਭ ਤੋਂ ਵੱਧ ਨੁਕਸਾਨ ਮੈਨੂਫੈਕਚਰਿੰਗ ਸੈਕਟਰ ਦਾ ਕੀਤਾ ਜਦਕਿ ਇਸ ਦੇ ਉਲਟ ਰਿਟੇਲ ਅਤੇ ਹੋਲਸੇਲ ਸੈਕਟਰ ਵਿਚ ਨਵੇਂ ਮੌਕੇ ਜ਼ਰੂਰ ਪੈਦਾ ਹੋਏ।
ਮਾਹਰਾਂ ਦਾ ਕਹਿਣਾ ਹੈ ਕਿ ਕਾਰੋਬਾਰੀ ਜੰਗ ਦੇ ਮੱਦੇਨਜ਼ਰ ਮੁਲਕ ਦਾ ਰੁਜ਼ਗਾਰ ਖੇਤਰ ਕਮਜ਼ੋਰ ਹੋ ਰਿਹਾ ਹੈ ਅਤੇ ਤਾਜ਼ਾ ਅੰਕੜਿਆਂ ਨੂੰ ਵੇਖਦਿਆਂ ਬੈਂਕ ਆਫ ਕੈਨੇਡਾ ਵੱਲੋਂ ਜੂਨ ਮਹੀਨੇ ਦੌਰਾਨ ਵਿਆਜ ਦਰਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ ਪਰ ਬੈਂਕ ਆਫ਼ ਕੈਨੇਡਾ ਵੱਲੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ।

Check Also

ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ …