Breaking News
Home / ਹਫ਼ਤਾਵਾਰੀ ਫੇਰੀ / ਖੇਤੀ ਬਿਲਾਂ ਖਿਲਾਫ ਪੰਜਾਬ ਆਰ-ਪਾਰ ਦੀ ਜੰਗ ਲਈ ਤਿਆਰ

ਖੇਤੀ ਬਿਲਾਂ ਖਿਲਾਫ ਪੰਜਾਬ ਆਰ-ਪਾਰ ਦੀ ਜੰਗ ਲਈ ਤਿਆਰ

ਕਿਸਾਨ ਸੰਗਠਨ ਧਰਨਿਆਂ ਉਤੇ-ਗਾਇਕ ਕਲਾਕਾਰ ਤੇ ਜਥੇਬੰਦੀਆਂ ਸਮਰਥਨ ਵਿਚ-ਸਿਆਸੀ ਦਲ ਸਿਆਸਤ ਕਰਨ ਮੈਦਾਨ ‘ਚ ਉਤਰੇ
ਚੰਡੀਗੜ੍ਹ : ਭਾਰਤ ਦੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੇ ਲੋਕ ਸਭਾ ਤੇ ਰਾਜ ਸਭਾ ‘ਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੀ ਮੋਹਰ ਲੱਗਣ ‘ਤੇ ਕਾਨੂੰਨੀ ਰੂਪ ਧਾਰਦਿਆਂ ਹੀ ਪੰਜਾਬ ਸਣੇ ਦੇਸ਼ ਭਰ ਵਿਚ ਖੇਤੀ ਅੰਦੋਲਨ ਹੋਰ ਵੀ ਤਿੱਖਾ ਹੋ ਗਿਆ ਹੈ। ਇਕ ਪਾਸੇ ਪੰਜਾਬ ਦੇ ਕਿਸਾਨ ਸੰਗਠਨਾਂ ਦੀ ਤਾਲਮੇਲ ਕਮੇਟੀ ਨਾਲ ਮੁੱਖ ਮੰਤਰੀ ਬੈਠਕ ਕਰਕੇ ਅਗਲੀ ਰਣਨੀਤੀ ਬਾਰੇ ਚਰਚਾ ਕਰ ਚੁੱਕੇ ਹਨ। ਦੂਜੇ ਪਾਸੇ ਕਿਸਾਨ ਸੰਗਠਨਾਂ ਵੱਲੋਂ ਰੇਲ ਰੋਕੋ ਪ੍ਰਦਰਸ਼ਨ, ਧਰਨੇ ਲਗਾਤਾਰ ਜਾਰੀ ਹਨ। ਕਿਸਾਨ ਸੰਗਠਨਾਂ ਦੇ ਨਾਲ ਪੰਜਾਬ ਦੇ ਜਿੱਥੇ ਹੋਰ ਵੱਖੋ-ਵੱਖ ਵਰਗ ਤੇ ਜਥੇਬੰਦੀਆਂ ਧਰਨਿਆਂ ਵਿਚ ਨਿੱਤਰ ਆਈਆਂ ਹਨ, ਉਥੇ ਹੀ ਗਾਇਕ, ਕਲਾਕਾਰ ਖੁੱਲ੍ਹ ਕੇ ਬਾਹਰ ਆਏ ਹਨ। ਉਸ ਨੂੰ ਵੇਖਦਿਆਂ ਕਿਸਾਨੀ ਅੰਦੋਲਨ ਨੂੰ ਵੀ ਨਵੀਂ ਤਾਕਤ ਮਿਲੀ ਹੈ ਕਿਉਂਕਿ ਗਾਇਕ ਕਲਾਕਾਰਾਂ ਦੇ ਵੱਲੋਂ ਉਲੀਕੇ ਜਾ ਰਹੇ ਧਰਨਿਆਂ, ਪ੍ਰਦਰਸ਼ਨਾਂ ਕਾਰਨ ਹੀ ਨੌਜਵਾਨ ਵਰਗ ਵੀ ਵੱਡੀ ਗਿਣਤੀ ਵਿਚ ਬਾਹਰ ਨਿਕਲ ਆਇਆ ਹੈ। ਬੇਸ਼ੱਕ ਕੇਂਦਰ ਸਰਕਾਰ ਰਾਸ਼ਟਰੀ ਮੀਡੀਆ ਰਾਹੀਂ ਨਾਮਚਿੰਨ੍ਹ ਪ੍ਰਿੰਟ ਮੀਡੀਆ ਦੇ ਵਿਚ ਕੇਂਦਰੀ ਮੰਤਰੀਆਂ, ਕੇਂਦਰੀ ਰਾਜ ਮੰਤਰੀਆਂ ਤੇ ਹੋਰ ਭਾਜਪਾਈ ਲੀਡਰਾਂ ਦੇ ਹਵਾਲੇ ਨਾਲ ਆਰਡੀਨੈਂਸਾਂ ਦੇ ਗੁਣ ਗਾਉਣ ਲਈ ਵੱਡੇ ਵਿਸਥਾਰਤ ਲੇਖ ਤੱਕ ਪ੍ਰਕਾਸ਼ਿਤ ਕਰਵਾ ਰਿਹਾ ਹੈ। ਪਰ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਰਾਜਸਥਾਨ ਤੇ ਯੂਪੀ ਸਣੇ ਦੇਸ਼ ਦੇ ਲਗਭਗ ਸਾਰੇ ਸੂਬਿਆਂ ਵਿਚ ਕਿਸਾਨ ਅੰਦੋਲਨ ਜ਼ੋਰ ਫੜਨ ਲੱਗਿਆ ਹੈ।
ਚੰਡੀਗੜ੍ਹ : ਮੁੱਢਲੇ ਪੜਾਅ ਵਿਚ ਜਿੱਥੇ ਪੰਜਾਬ ਦੇ ਪ੍ਰਮੁੱਖ ਰਾਜਨੀਤਿਕ ਦਲ ਆਰਡੀਨੈਂਸਾਂ ਖਿਲਾਫ਼ ਚੁੱਪ ਰਹੇ ਤੇ ਕੇਂਦਰ ‘ਚ ਭਾਈਵਾਲ ਰਹੀ ਪਾਰਟੀ ਤਾਂ ਖੇਤੀ ਆਰਡੀਨੈਂਸਾਂ ਦੀਆਂ ਤਾਰੀਫ਼ਾਂ ਦੇ ਪੁਲ਼ ਵੀ ਬੰਨ੍ਹਦੀ ਰਹੀ। ਉਹੀ ਸਾਰੇ ਰਾਜਨੀਤਿਕ ਦਲ ਹੁਣ ਕਿਸਾਨੀ ਰੋਹ ਨੂੰ ਵੇਖਦਿਆਂ ਧਰਨੇ ਪ੍ਰਦਰਸ਼ਨਾਂ ‘ਤੇ ਨਿਕਲ ਆਏ ਹਨ। ਪੰਜਾਬ ਅੰਦਰ ਸਥਿਤੀ ਇਹ ਬਣ ਗਈ ਹੈ ਕਿ ਕਾਂਗਰਸ, ਅਕਾਲੀ ਦਲ, ‘ਆਪ’ ਵਿਚ ਤਾਂ ਸਿੱਧੀ ਹੋੜ ਤੇ ਦੌੜ ਨਜ਼ਰ ਆ ਰਹੀ ਹੈ ਕਿ ਅਸੀਂ ਖੁਦ ਨੂੰ ਸੱਚੇ ਕਿਸਾਨ ਹਿਤੈਸ਼ੀ ਸਾਬਤ ਕਰ ਦੇਈਏ। ਜਦੋਂਕਿ ਅਵਾਮ ਨੂੰ ਸਾਫ਼ ਸਮਝ ਆਉਂਦਾ ਹੈ ਕਿ ਇਨ੍ਹਾਂ ਰਾਜਨੀਤਿਕ ਦਲਾਂ ਨੂੰ ਕਿਸਾਨੀ ਨਾਲ ਸਿੱਧਾ ਹੇਜ਼ ਜਾਂ ਮੋਹ ਨਹੀਂ। ਇਨ੍ਹਾਂ ਦਾ ਮਿਸ਼ਨ ਤਾਂ 2022 ਹੈ। ਕਾਂਗਰਸ ਵੱਲੋਂ ਕੈਪਟਨ ਅਮਰਿੰਦਰ, ਹਰੀਸ਼ ਰਾਵਤ ਤੇ ਸੁਨੀਲ ਜਾਖੜ ਦੀ ਅਗਵਾਈ ‘ਚ ਜਿੱਥੇ ਖਟਕੜ ਕਲਾਂ ਧਰਨਾ ਤੱਕ ਮਾਰਿਆ ਗਿਆ, ਉਥੇ ਹੀ ਯੂਥ ਕਾਂਗਰਸ ਨੇ ਦਿੱਲੀ ਦੇ ਇੰਡੀਆ ਗੇਟ ਸਾਹਮਣੇ ਟਰੈਕਟਰ ਤੱਕ ਸਾੜਿਆ, ਜਿਸ ਦੇ ਚਲਦਿਆਂ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਦੂਜੇ ਪਾਸੇ ਆਮ ਆਮ ਆਦਮੀ ਪਾਰਟੀ ਨੇ ਇਨ੍ਹਾਂ ਨਵੇਂ ਬਣੇ ਖੇਤੀ ਕਾਨੂੰਨ ਦੇ ਖਿਲਾਫ਼ ਦਸਤਖ਼ਤ ਮੁਹਿੰਮ ਵਿੱਢ ਦਿੱਤੀ ਹੈ। ਭਗਵੰਤ ਮਾਨ ਤਾਂ ਪਿੰਡਾਂ ਨਾਲ ਲਗਾਤਾਰ ਸੰਪਰਕ ਸਾਧ ਕੇ ਗ੍ਰਾਮ ਸਭਾਵਾਂ ਰਾਹੀਂ ਇਨ੍ਹਾਂ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਮਤੇ ਵੀ ਪਾਸ ਕਰਵਾ ਰਹੇ ਹਨ। ਜਦੋਂਕਿ ਅਕਾਲੀ ਦਲ ਨੇ ਤਾਂ ਪੰਜਾਬ ਦੇ ਤਿੰਨੇ ਤਖ਼ਤਾਂ ਤੋਂ ਮਾਰਚ ਆਰੰਭ ਕਰਕੇ ਚੰਡੀਗੜ੍ਹ ਪਹੁੰਚਣ ਦਾ ਟੀਚਾ ਮਿੱਥਿਆ ਪਰ ਸੁਖਬੀਰ ਬਾਦਲ, ਹਰਸਿਮਰਤ ਬਾਦਲ, ਚੰਦੂਮਾਜਰਾ ਤੇ ਦਲਜੀਤ ਚੀਮਾ ਸਣੇ ਸਮੁੱਚੇ ਅਕਾਲੀ ਲੀਡਰਾਂ ਤੇ ਵਰਕਰਾਂ ਨੂੰ ਚੰਡੀਗੜ੍ਹ ਦੀ ਹੱਦ ‘ਤੇ ਚੰਡੀਗੜ੍ਹ ਪੁਲਿਸ ਨੇ ਰੋਕ ਦਿੱਤਾ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …