23.7 C
Toronto
Sunday, September 28, 2025
spot_img
Homeਪੰਜਾਬਪੰਜ ਦਰਿਆਵਾਂ ਦੀ ਧਰਤੀ ਦਾ ਪਾਣੀ ਹੋਇਆ ਜ਼ਹਿਰੀ

ਪੰਜ ਦਰਿਆਵਾਂ ਦੀ ਧਰਤੀ ਦਾ ਪਾਣੀ ਹੋਇਆ ਜ਼ਹਿਰੀ

ਪੰਜਾਬ ‘ਚ ਧਰਤੀ ਹੇਠਲਾ 40 ਫੀਸਦ ਪਾਣੀ ਪੀਣਯੋਗ ਨਹੀਂ
ਚੰਡੀਗੜ੍ਹ : ਪੰਜਾਬ ਦਾ ਲਗਭਗ 40 ਫੀਸਦ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ ਕਿਉਂਕਿ ਇਸ ਵਿੱਚ ਖ਼ਤਰਨਾਕ ਰਸਾਇਣਾਂ, ਭਾਰੀ ਧਾਤਾਂ ਅਤੇ ਰੇਡੀਓਐਕਟਿਵ ਸਮੱਗਰੀ ਦੀ ਮਾਤਰਾ ਮਿਥੇ ਮਿਆਰਾਂ ਨਾਲੋਂ ਵੱਧ ਹੈ। ਦਹਾਕਿਆਂ ਤੋਂ ਸਮੇਂ ਦੀਆਂ ਸਰਕਾਰਾਂ ਵਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਮਿਆਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਹ ਤੱਥ ਪੰਜਾਬ ਦੇ ਧਰਤੀ ਹੇਠਲੇ ਪਾਣੀ ਬਾਰੇ ਕੰਪਟਰੋਲਰ ਔਡੀਟਰ ਜਨਰਲ (ਕੈਗ) ਵਲੋਂ ਤਿਆਰ ਆਪਣੀ ਕਿਸਮ ਦੀ ਪਹਿਲੀ ਰਿਪੋਰਟ ਵਿੱਚ ਉਭਰ ਕੇ ਸਾਹਮਣੇ ਆਏ ਹਨ। ਕੈਗ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਮਿਥੀ ਹੱਦ ਨਾਲੋਂ ਵੱਧ ਰਸਾਇਣਾਂ ਅਤੇ ਭਾਰੀ ਧਾਤਾਂ ਮਿਲੀਆਂ ਹਨ। ਮਨੁੱਖੀ ਵਰਤੋਂ ਦੀ ਗੱਲ ਤਾਂ ਛੱਡੋ, ਪੰਜਾਬ ਦਾ 10 ਫੀਸਦ ਧਰਤੀ ਹੇਠਲਾ ਪਾਣੀ ਤਾਂ ਸਿੰਜਾਈ ਲਈ ਵੀ ਵਰਤੋਂ ਯੋਗ ਨਹੀਂ ਹੈ। ਇਸ ਤੋਂ ਇਲਾਵਾ 30 ਫੀਸਦ ਜ਼ਮੀਨੀ ਪਾਣੀ ਮਿਥੇ ਮਿਆਰ ਨਾਲੋਂ ਵੱਧ ਖਾਰਾ ਹੈ, ਜੋ ਮਨੁੱਖੀ ਵਰਤੋਂ ਲਈ ਅਸੁਰੱਖਿਅਤ ਹੈ।
ਪੰਜ ਜ਼ਿਲ੍ਹਿਆਂ ਦਾ ਪਾਣੀ ਸਭ ਤੋਂ ਵੱਧ ਦੂਸ਼ਿਤ
ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ ਤੇ ਮੁਕਤਸਰ ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਸਭ ਤੋਂ ਵੱਧ ਦੂਸ਼ਿਤ ਹੈ। ਜ਼ਿਲ੍ਹਾ ਰੂਪਨਗਰ, ਫਤਹਿਗੜ੍ਹ ਸਾਹਿਬ, ਲੁਧਿਆਣਾ, ਨਵਾਂਸ਼ਹਿਰ, ਪਟਿਆਲਾ ਵਿਚਲਾ ਧਰਤੀ ਹੇਠਲਾ ਪਾਣੀ ਕੈਡਮੀਅਮ ਦੀ ਮਾਤਰਾ ਵੱਧ ਹੋਣ ਕਾਰਨ ਦੂਸ਼ਿਤ ਹੈ। ਸੰਗਰੂਰ, ਐੱਸਏਐੱਸ ਨਗਰ, ਤਰਨਤਾਰਨ, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਰੂਪਨਗਰ ਦੇ ਪਾਣੀ ਵਿੱਚ ਕਰੋਮੀਅਮ ਦੀ ਮਾਤਰਾ ਵੱਧ ਹੈ ਜਦਕਿ ਸੂਬੇ ਦੇ ਦੱਖਣ-ਪੱਛਮੀ ਜ਼ਿਲ੍ਹੇ (ਮਾਨਸਾ, ਬਠਿੰਡਾ, ਮੋਗਾ, ਫ਼ਰੀਦਕੋਟ, ਬਰਨਾਲਾ, ਸੰਗਰੂਰ) ਵਿਚਲੇ ਧਰਤੀ ਹੇਠਲੇ ਪਾਣੀ ਵਿੱਚ ਭਾਰੀ ਧਾਤਾਂ ਤੋਂ ਇਲਾਵਾ ਯੂਰੇਨੀਅਮ (ਰੇਡੀਓਐਕਟਿਵ ਸਮੱਗਰੀ) ਦੀ ਮਾਤਰਾ ਲੋੜ ਨਾਲੋਂ ਵੱਧ ਪਾਈ ਗਈ ਹੈ।

RELATED ARTICLES
POPULAR POSTS