Breaking News
Home / ਹਫ਼ਤਾਵਾਰੀ ਫੇਰੀ / ਪਹਿਲੀ ਵਾਰ ਘਰ ਲੈਣ ਵਾਲਿਆਂ ਲਈ ਸਰਕਾਰ ਵੱਲੋਂ ਕਈ ਸਹੂਲਤਾਂ : ਮੰਤਰੀ ਹੁਸੈਨ

ਪਹਿਲੀ ਵਾਰ ਘਰ ਲੈਣ ਵਾਲਿਆਂ ਲਈ ਸਰਕਾਰ ਵੱਲੋਂ ਕਈ ਸਹੂਲਤਾਂ : ਮੰਤਰੀ ਹੁਸੈਨ

ਬਾਹਰਲੇ ਮੁਲਕਾਂ ‘ਚ ਗਏ ਬਜ਼ੁਰਗਾਂ ਦੀਆਂ ਪੈਨਸ਼ਨਾਂ ਰਹਿਣਗੀਆਂ ਜਾਰੀ
ਟੋਰਾਂਟੋ/ਪਰਵਾਸੀ ਬਿਊਰੋ : ਕੈਨੇਡਾ ਦੇ ਫੈਮਿਲੀ, ਚਿਲਡਰਨ ਅਤੇ ਸ਼ੋਸ਼ਲ ਡਿਵੈਲਪਮੈਂਟ ਮੰਤਰੀ ਅਹਿਮਦ ਹੁਸੈਨ ਨੇ ‘ਪਰਵਾਸੀ ਰੇਡੀਓ’ ‘ਤੇ ਗੱਲਬਾਤ ਦੌਰਾਨ ਮੰਨਿਆ ਕਿ ਬਰੈਂਪਟਨ ਅਤੇ ਸਰੀ ਵਰਗੇ ਸ਼ਹਿਰਾਂ ਵਿਚ ਘਰਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਬਾਹਰਲੇ ਮੁਲਕਾਂ ਤੋਂ ਪ੍ਰਾਪਰਟੀ ਵਿਚ ਨਿਵੇਸ਼ ਕਰਨ ਵਾਲੇ ਲੋਕ ਆਪਣੇ ਘਰਾਂ ਨੂੰ ਖਾਲੀ ਰੱਖਦੇ ਹਨ, ਉਨ੍ਹਾਂ ਉਪਰ ਇਕ ਪ੍ਰਤੀਸ਼ਤ ਦਾ ਟੈਕਸ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਲੋੜੀਂਦੀ 20 ਪ੍ਰਤੀਸ਼ਤ ਡਾਊਨ ਪੇਮੈਂਟ ਵਿਚੋਂ ਸੀ.ਐਚ.ਐਮ.ਸੀ ਦੀ ਫੀਸ ਦਾ 10 ਪ੍ਰਤੀਸ਼ਤ ਹਿੱਸਾ ਫੈਡਰਲ ਸਰਕਾਰ ਵੱਲੋਂ ਪਾਇਆ ਜਾ ਰਿਹਾ ਹੈ। ਜੋ ਕਿ ਭਵਿੱਖ ਵਿਚ ਅਸਾਨ ਕਿਸ਼ਤਾਂ ਵਿਚ ਬਿਨਾ ਵਿਆਜ਼ ਤੋਂ ਮੋੜਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਕਿਉਂਕਿ ਟੋਰਾਂਟੋ ਅਤੇ ਵੈਨਕੂਵਰ ਇਲਾਕੇ ਵਿਚ ਘਰਾਂ ਦੀਆਂ ਕੀਮਤਾਂ ਬੇਹੱਦ ਵਧ ਰਹੀਆਂ ਹਨ ਇਸ ਲਈ ਇਸ ਪ੍ਰੋਗਰਾਮ ਅਧੀਨ ਆਉਣ ਵਾਲੇ ਘਰਾਂ ਦੀ ਕੀਮਤ ਦੀ ਹੱਦ ਸਾਢੇ 5 ਲੱਖ ਤੋਂ ਵੀ ਵਧਾਈ ਜਾ ਰਹੀ ਹੈ ਜਿਸ ਦਾ ਐਲਾਨ ਬੜੀ ਜਲਦੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਘਰਾਂ ਦੀਆਂ ਕੀਮਤਾਂ ਨੂੰ ਕਿਵੇਂ ਠੱਲ੍ਹ ਪਾਈ ਜਾਵੇ, ਇਸ ਸਬੰਧ ਵਿਚ ਸਰਕਾਰ ਕੈਨੇਡੀਅਨ ਲੋਕਾਂ ਤੋਂ ਸੁਝਾਅ ਵੀ ਮੰਗੇਗੀ। ਬਾਹਰਲੇ ਮੁਲਕਾਂ ਵਿਚ ਗਏ ਬਜ਼ੁਰਗਾਂ ਦੀਆਂ ਪੈਨਸ਼ਨਾਂ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਕੈਨੇਡਾ ਤੋਂ ਬਾਹਰ ਗਏ ਹੋਏ ਹਨ ਅਤੇ ਕਰੋਨਾ ਕਾਰਨ ਉਥੇ ਫਸ ਚੁੱਕੇ ਹਨ ਉਨ੍ਹਾਂ ਦੀਆਂ ਪੈਨਸ਼ਨਾਂ ਜਾਂ ਹੋਰ ਸਰਕਾਰੀ ਲਾਭ ਜਾਰੀ ਰਹਿਣਗੇ। ਜਿਸ ਲਈ ਉਨ੍ਹਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਜ਼ੁਰਗਾਂ ਨੂੰ ਅਗਸਤ ਮਹੀਨੇ 500 ਡਾਲਰ ਦੀ ਇਕ ਕਿਸ਼ਤ ਜਾਰੀ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੀ ਓਲਡਏਜ਼ ਸਕਿਓਰਿਟੀ ਪੈਨਸ਼ਨ ਵਿਚ 10 ਪ੍ਰਤੀਸ਼ਤ ਵਾਧਾ ਅਗਲੇ ਸਾਲ ਤੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਈਲਡ ਕੇਅਰ ਵਿਚ 10 ਡਾਲਰ ਪ੍ਰਤੀ ਬੱਚਾ, ਪ੍ਰਤੀ ਦਿਨ ਫੈਡਰਲ ਸਰਕਾਰ ਅਦਾ ਕਰੇਗੀ ਅਤੇ ਚਾਈਲਡ ਕੇਅਰ ਦਾ 50 ਫੀਸਦੀ ਖਰਚਾ ਵੀ ਸਰਕਾਰ ਅਦਾ ਕਰੇਗੀ। ਜਿਸ ਨਾਲ ਕੰਮ ਕਰਨ ਵਾਲੀਆਂ ਨੂੰ ਵੱਡਾ ਲਾਭ ਮਿਲੇਗਾ ਅਤੇ ਉਹ ਹੁਣ ਆਪਣੇ ਕੰਮਾਂ ‘ਤੇ ਵਾਪਸ ਪਰਤ ਸਕਣਗੀਆਂ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …