Breaking News
Home / ਮੁੱਖ ਲੇਖ / ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ

ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ

ਅਵਿਜੀਤ ਪਾਠਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦ ਵਿਚ ਕਹਿਣਾ ਸੀ ਕਿ ਸੀਏਏ ਵਿਰੋਧੀ ਮੁਜ਼ਾਹਰੇ ਮੁਲਕ ਨੂੰ ‘ਅਰਾਜਕਤਾ ਦੇ ਰਾਹ’ ਉਤੇ ਲਿਜਾ ਰਹੇ ਹਨ । ਇਸ ਕਿਸਮ ਦੇ ਬਿਆਨਾਂ ਤੋਂ ਹੈਰਾਨ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ‘ਅਨੁਸ਼ਾਸਨ’ ਬਨਾਮ ‘ਅਰਾਜਕਤਾ’ ਦੇ ਅਜਿਹੇ ਉਪਦੇਸ਼ ਅਕਸਰ ਉਨ੍ਹਾਂ ਕੋਲੋਂ ਸੁਣੇ ਜਾ ਸਕਦੇ ਹਨ ਜੋ ਸਾਰੀਆਂ ਬਦਲਵੀਆਂ ਕਲਪਨਾਵਾਂ ਅਤੇ ਅਸਹਿਮਤੀ ਦੀਆਂ ਆਵਾਜ਼ਾਂ ਤੋਂ ਅੱਖਾਂ ਤੇ ਕੰਨ ਬੰਦ ਕਰੀ ਰੱਖਦੇ ਹਨ। ਇਹ ਇਕ ਤਰ੍ਹਾਂ ਦਾ ਨੈਤਿਕ/ਬੌਧਿਕ ਗੂੰਗਾਪਣ ਹੈ ਜਿਹੜਾ ਗ਼ੈਰ-ਰਾਬਤਾਕਾਰੀ/ਹਠੀਲੇ ਸੱਤਾਧਾਰੀ ਨਿਜ਼ਾਮ ਦੀ ਭਾਸ਼ਾ ਵਿਚ ਲੁਕਿਆ ਹੈ।
‘ਅਰਾਜਕਤਾ’ ਬਾਰੇ ਮੋਦੀ ਦੀ ਨਾਂਹਪੱਖੀ ਧਾਰਨਾ ਦਾ ਪਰਦਾਫ਼ਾਸ਼ ਕਰਨ ਲਈ ਸਾਨੂੰ ਦੋ ਅਹਿਮ ਨੁਕਤਿਆਂ ਨੂੰ ਚੇਤੇ ਕਰਨਾ ਹੋਵੇਗਾ। ਪਹਿਲਾ ਇਹ ਕਿ ਹਾਕਮ ਜਮਾਤ ਸਾਡੇ ਉਤੇ ਜੋ ਅਨੁਸ਼ਾਸਨ ਜਾਂ ਆਮ ਵਰਗੇ ਹਾਲਾਤ ਥੋਪਣਾ ਚਾਹੁੰਦੀ ਹੈ, ਉਹ ਮੁੱਢੋਂ ਹੀ ਸਮੱਸਿਆਗ੍ਰਸਤ ਹਨ। ਇਹ ਸਮਝਣਾ ਹੋਵੇਗਾ ਕਿ ਜ਼ਹਿਰੀਲੇ ਰਾਸ਼ਟਰਵਾਦ ਦੀ ਵਿਚਾਰਧਾਰਾ – ਜੋ ਕੱਟੜ ਹਿੰਦੂਤਵ ਦਾ ਪ੍ਰਾਜੈਕਟ ਹੈ – ਵੱਲੋਂ ਉਭਾਰਿਆ ਜਾ ਰਿਹਾ ‘ਅਨੁਸ਼ਾਸਨ’ ਹਲਕੇ ਪੱਧਰ ਦਾ ਹੈ। ਇਹ ਡਰ ਉੱਤੇ ਆਧਾਰਤ ਹੈ; ਪਿਆਰ ਤੇ ਹਮਦਰਦੀ ਵਾਲੀ ਧਾਰਮਿਕਤਾ ਤੋਂ ਵਾਂਝਾ ਹੈ; ਇਹ ਲੋਕਾਂ ਦੇ ਵਖਰੇਵਿਆਂਂ/ਵੰਨ-ਸਵੰਨਤਾ ਅਤੇ ਬਹੁਲਤਾਵਾਦ ਦੀ ਸੁਭਾਵਿਕਤਾ ਤੋਂ ਵੀ ਵਾਂਝਾ ਹੈ ਅਤੇ ਅਨੁਸ਼ਾਸਨ ਦੀ ਇਹ ਅਜਾਰੇਦਾਰਾਨਾ/ਜੰਗਬਾਜ਼ ਧਾਰਨਾ ‘ਵੱਖਰੀ ਸੋਚ ਵਾਲਿਆਂ’ ਉਤੇ ਸ਼ੱਕ ਅਤੇ ਬੇਇੱਜ਼ਤ ਕਰਨ ਤੇ ਉਨ੍ਹਾਂ ਨੂੰ ਸਜ਼ਾ ਦੇਣ ਵਾਲੀ ਹੈ।
ਇਸ ‘ਅਨੁਸ਼ਾਸਨ’ ਵਿਚ ਕੋਈ ਸੁਹਜ-ਸੁਹੱਪਣ ਨਹੀਂ ਹੈ: ਜਿਵੇਂ ਕਿਸੇ ਰੁੱਖ ਦਾ ਸੁਹੱਪਣ ਹੁੰਦਾ ਹੈ, ਜਦਕਿ ਹਕੀਕਤ ਇਹ ਹੁੰਦੀ ਹੈ ਇਸ ਨੂੰ ‘ਮੁਕੰਮਲ’ ਬਣਾਉਣ ਵਾਲਾ ਹਰ ਪੱਤਾ ਨਿਵੇਕਲਾ ਤੇ ਨਿਆਰਾ ਹੁੰਦਾ ਹੈ। ਇਸ ਦੀ ਥਾਂ ਇਹ ਇਕਸਾਰਤਾ ਨੂੰ ਏਕਤਾ ਨਾਲ, ਡਰ ਨੂੰ ਰਜ਼ਾਮੰਦੀ ਨਾਲ, ਬਹੁਗਿਣਤੀਵਾਦ ਨੂੰ ਰਾਸ਼ਟਰਵਾਦ ਨਾਲ, ਨਫ਼ਰਤ ਨੂੰ ਧਰਮ ਨਾਲ, ਜੰਗਬਾਜ਼ੀ ਨੂੰ ਸਦਾਚਾਰ ਨਾਲ ਅਤੇ ਹੰਕਾਰ ਨੂੰ ਸੱਚਾਈ ਨਾਲ ਉਲ਼ਝਾ ਦਿੰਦਾ ਹੈ। ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਅਨੁਸ਼ਾਸਨ ਦੀ ਇਸ ਧਾਰਨਾ ਨੂੰ ਆਪਣੀ ਹੋਂਦ ਬਣਾਈ ਰੱਖਣ ਅਤੇ ਆਪਣੇ-ਆਪ ਨੂੰ ਵਾਜਬ ਠਹਿਰਾਉਣ ਲਈ ਹਰ ਸਮੇਂ ‘ਦੁਸ਼ਮਣ’ ਬਣਾਉਂਦੇ ਰਹਿਣ ਦੀ ਲੋੜ ਹੈ; ਇਸ ਲਈ ਇਹ ਪਾਕਿਸਤਾਨ ਅਤੇ ਧਾਰਮਿਕ ਘੱਟਗਿਣਤੀਆਂ ਦੇ ਨਾਲ ਨਾਲ ਜੇਐੱਨਯੂ/ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀ, ਸ਼ਹਿਰੀ ਨਕਸਲੀ, ਸ਼ਾਹੀਨ ਬਾਗ਼ ਦੀਆਂ ਬੀਬੀਆਂ, ਖੱਬੇ-ਪੱਖੀਆਂ ਤੇ ਗਾਂਧੀਵਾਦੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ।
ਸਥਾਪਤੀ ਦੇ ਪ੍ਰਚਾਰ ਢਾਂਚੇ ਅਤੇ ਇਸ ਦੇ ਜੋਸ਼ੀਲੇ ਪ੍ਰਚਾਰਕਾਂ ਵੱਲੋਂ ਬਹੁਤ ਭੜਕਾਊ ਢੰਗ ਨਾਲ ਕੀਤੇ ਜਾਂਦੇ ਪ੍ਰਚਾਰ ਵਿਚ ਇਨ੍ਹਾਂ ਸਭਨਾਂ ਨੂੰ ‘ਸਾਜ਼ਿਸ਼ੀ’ ਅਰਾਜਕਤਾਵਾਦੀਆਂ ਵਜੋਂ ਪੇਸ਼ ਕੀਤਾ ਜਾਂਦਾ ਹੈ ਅਤੇ ਇਹ ਜਚਾਇਆ ਜਾਂਦਾ ਹੈ ਕਿ ਇਨ੍ਹਾਂ ਖ਼ਿਲਾਫ਼ ਦੇਸ਼ਧ੍ਰੋਹ ਦੇ ਕੇਸਾਂ ਅਤੇ ਹੋਰ ਦੰਡਕਾਰੀ ਢੰਗ-ਤਰੀਕਿਆਂ ਰਾਹੀਂ ਇਨ੍ਹਾਂ ਨੂੰ ਸਬਕ ਸਿਖਾਇਆ ਜਾਵੇ। ਅਨੁਸ਼ਾਸਨ ਦੀ ਇਹ ਅਜਿਹੀ ਧਾਰਨਾ ਹੈ ਜਿਸ ਵਿਚ ਕੋਈ ਵੀ ਚੰਗੀ ਭਾਵਨਾ ਨਹੀਂ ਹੈ, ਇਹ ਮਹਿਜ਼ ਨਫ਼ਰਤ ਤੇ ਖੜ੍ਹਾ ਹੈ। ਹੈਰਾਨੀ ਦੀ ਗੱਲ ਨਹੀਂ ਕਿ ਇਸ ਨੂੰ ਯੋਗੀ ਆਦਿੱਤਿਆਨਾਥ ਵਰਗਿਆਂ ਦੀ ਲੋੜ ਹੈ ਜਿਸ ਨੂੰ ਸ਼ਾਹੀਨ ਬਾਗ਼ ਵਿਚ ਦੇਸ਼-ਵਿਰੋਧੀ ਸਾਜ਼ਿਸ਼ ਅਤੇ ਬਰਿਆਨੀ ਤੋਂ ਸਿਵਾ ਹੋਰ ਕੁਝ ਦਿਖਾਈ ਨਹੀਂ ਦਿੰਦਾ।
ਦੂਜਾ, ਜਿਹੜਾ ਅਨੁਸ਼ਾਸਨ ਸਥਾਪਤੀ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ, ਉਹ ਸੰਘਰਸ਼ ਦੇ ਅਰਥਾਂ ਨੂੰ ਸਮਝਣ ਦੇ ਅਸਮਰੱਥ ਹੈ। ਦਰਅਸਲ, ਹਾਲਤ ਜਿਉਂ ਦੀ ਤਿਉਂ ਬਣਾਈ ਰੱਖਣ ਵਾਲੀ ਵਿਚਾਰਧਾਰਾ (ਸਥਾਪਤੀ) ਸੰਘਰਸ਼ ਨੂੰ ਹਮੇਸ਼ਾ ਇਕ ਤਰ੍ਹਾਂ ਦੇ ਖਲਲ, ਭਾਵ ‘ਅਮਨ-ਕਾਨੂੰਨ’ ਦੀ ਸਮੱਸਿਆ ਵਜੋਂ ਦੇਖਣ ਨੂੰ ਤਰਜੀਹ ਦਿੰਦੀ ਹੈ। ਜਦੋਂ ਇਹ ਅਸਲ ਵਿਰੋਧਤਾਈਆਂ ਤੋਂ ਸਾਡਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਮੰਨਣ ਤੋਂ ਇਨਕਾਰੀ ਹੋ ਜਾਂਦੀ ਹੈ ਕਿ ਅਜਿਹੇ ਪ੍ਰਚੰਡ ਮੌਕੇ ਹੀ ਇਤਿਹਾਸ ਦੀ ਸਿਰਜਣਾ ਦੇ ਮੁੱਖ ਪ੍ਰੇਰਕ ਬਣਦੇ ਹਨ। ਮਿਸਾਲ ਵਜੋਂ ਦੇਸ਼ ਭਰ ਦੇ ਸੀਏਏ ਵਿਰੋਧੀ ਅੰਦੋਲਨਾਂ ਦੀ ਡੂੰਘੀ ਸਮਝ ਇਹੋ ਕਹਿੰਦੀ ਹੈ ਕਿ ਇਸ ਸੰਘਰਸ਼ ਦੀ ਤਹਿ ਹੇਠਾਂ ਡੂੰਘੀਆਂ ਇਨਸਾਨੀ ਕਦਰਾਂ-ਕੀਮਤਾਂ ਦੀ ਜ਼ੋਰਦਾਰ ਖ਼ਾਹਿਸ਼ ਪਈ ਹੈ, ਜਿਹੜੀ ਲੋਕਾਂ ਨਾਲ ਧਰਮ ਦੇ ਆਧਾਰ ‘ਤੇ ਵਿਤਕਰਾ ਨਹੀਂ ਚਾਹੁੰਦੀ; ਜਾਂ ਇਹ ਇਕ ਹੋਰ ਭਾਰਤ ਦੀ ਤਲਾਸ਼ ਹੈ ਜੋ ਧਰਮ ਨਿਰਪੱਖ ਹੈ, ਬਹੁਲਤਾਵਾਦੀ ਹੈ ਅਤੇ ਵਿਤਕਰੇ-ਰਹਿਤ ਹੈ।
ਇਸ ਦੇ ਬਾਵਜੂਦ ਸੱਤਾਧਾਰੀਆਂ ਲਈ ਸ਼ਾਹੀਨ ਬਾਗ਼ ਸਟੇਟ ਦੇ ਖ਼ਿਲਾਫ਼ ਸਾਜ਼ਿਸ਼ ਹੀ ਹੈ; ਕਿਉਂਕਿ ਪ੍ਰਚਾਰ ਇਹੀ ਕੀਤਾ ਜਾ ਰਿਹਾ ਹੈ ਕਿ ਇਸ ਕਾਰਨ ਰਸਤੇ ਰੁਕੇ ਹੋਏ ਹਨ ਅਤੇ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਿਲ ਆ ਰਹੀ ਹੈ; ਜਾਂ ਫਿਰ ਇਸੇ ਤਰ੍ਹਾਂ ਜੇ ਨੌਜਵਾਨ ਵਿਦਿਆਰਥੀ ਜਨਤਕ ਯੂਨੀਵਰਸਿਟੀਆਂ ਉਤੇ ਹਮਲਿਆਂ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹਨ ਤਾਂ ਉਨ੍ਹਾਂ ਨੂੰ ਅਰਾਜਕਤਾਵਾਦੀਆਂ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ‘ਦੇਸ਼ ਭਗਤ’ ਟੀਵੀ ਖ਼ਬਰ ਚੈਨਲ ‘ਟੁਕੜੇ ਟੁਕੜੇ ਗੈਂਗ’ ਦਾ ਹਿੱਸਾ ਦੱਸਦੇ ਹਨ।
ਨਰਿੰਦਰ ਮੋਦੀ ਨੂੰ ਇਹ ਸਮਝਾਏ ਜਾਣ ਦੀ ਲੋੜ ਹੈ ਕਿ ‘ਅਰਾਜਕਤਾ’ ਹਮੇਸ਼ਾ ਬੁਰੀ ਨਹੀਂ ਹੁੰਦੀ। ਜਿਵੇਂ ਮਹਾਨ ਚਿੰਤਕ ਸਾਨੂੰ ਹਮੇਸ਼ਾ ਸਮਝਾਉਂਦੇ ਹਨ ਕਿ ਅਨੁਸ਼ਾਸਨ ਦੀ ਅਸਲੀ ਭਾਵਨਾ ‘ਨਰਮ ਅਰਾਜਕਤਾ’ (gentle anarchy) ਵਿਚੋਂ ਹੀ ਨਿਕਲਦੀ ਹੈ। ਇਸ ਦੇ ਦੋ ਮਤਲਬ ਹਨ। ਪਹਿਲਾ, ਆਜ਼ਾਦੀ ਤੋਂ ਬਿਨਾਂ ਕੋਈ ਸਬੰਧ ਸੰਭਵ ਨਹੀਂ ਹੈ; ਦਰਅਸਲ, ਆਜ਼ਾਦੀ ਆਪਸੀ ਮੇਲ-ਮਿਲਾਪ ਦੀ ਕਲਾ ਹੈ; ਜਾਂ ਫਿਰ ਆਜ਼ਾਦੀ ਓਟੀ ਗਈ ਜ਼ਿੰਮੇਵਾਰੀ ਹੈ। ਨਹੀਂ ਤਾਂ ਜਿਹੜਾ ਅਨੁਸ਼ਾਸਨ ਅਸੀਂ ਕਾਇਮ ਕਰਾਂਗੇ, ਉਹ ਯਕੀਨਨ ਨੀਰਸ ਇਕਸਾਰਤਾ ਦਾ ਸਿਧਾਂਤ ਸਾਬਤ ਹੋਵੇਗਾ: ਇਹ ਅਜਿਹਾ ਜੰਗਬਾਜ਼/ਰਾਸ਼ਟਰਵਾਦੀ ਪ੍ਰਾਜੈਕਟ ਹੋਵੇਗਾ ਜਿਹੜਾ ਲੋਕਾਂ ਨੂੰ ਬਿਨਾਂ ਸੋਚੇ-ਸਮਝੇ ‘ਰਾਸ਼ਟਰ’ ਦੇ ‘ਵਫ਼ਾਦਾਰ ਸਿਪਾਹੀਆਂ’ ਵਿਚ ਬਦਲ ਦੇਣ ਦੀ ਕੋਸ਼ਿਸ਼ ਕਰਦਾ ਹੈ। ਭਾਵਨਾਤਮਿਕ ਅਨੁਸ਼ਾਸਨ ਦੀ ਭਾਵਨਾ ਇਸ ਜ਼ਹਿਰੀਲੇ ਰਾਸ਼ਟਰਵਾਦ ਦੀ ਸੁਰ ਵਾਲੀ ਨਹੀਂ ਹੈ; ਸਗੋਂ ਇਹ ਆਜ਼ਾਦੀ ਨਾਲ ਵਿਚਰਨ, ਸੋਚ ਦੀ ਵੰਨ-ਸਵੰਨਤਾ ਅਤੇ ਸੱਭਿਆਚਾਰਕ ਖ਼ੂਬੀਆਂ ਦੀ ਵਿਸ਼ਾਲਤਾ ਨੂੰ ਹੁਲਾਰਾ ਦਿੰਦੀ ਹੈ; ਤੇ ਆਪਸੀ ਇਕਮੁੱਠਤਾ ਦਾ ਭਾਵ ਇਕ-ਦੂਜੇ ਦੀ ਸਮਝ ਅਤੇ ਇਕ-ਦੂਜੇ ਦਾ ਖ਼ਿਆਲ ਰੱਖਣ ਦੀ ਭਾਵਨਾ ਤੋਂ ਉਪਜਦਾ ਹੈ। ਇਹ ਨਾ ਭੁੱਲੋ ਕਿ ਇਸੇ ਕਾਰਨ ਟੈਗੋਰ ਵਰਗੇ ਕਵੀ ਨੂੰ ਜੰਗਬਾਜ਼ ਰਾਸ਼ਟਰਵਾਦ (militaristic nationalism) ਦੀ ਸਖ਼ਤ ਆਲੋਚਨਾ ਕਰਨੀ ਪਈ ਸੀ। ਆਜ਼ਾਦੀ ਅਤੇ ਚੇਤਨਾ ਦੇ ਲਚਕੀਲੇਪਣ ਤੋਂ ਰਹਿਤ ‘ਅਨੁਸ਼ਾਸਨ’ ਹੋਰ ਕੁਝ ਨਹੀਂ, ਮਹਿਜ਼ ਤਾਨਾਸ਼ਾਹ ਫ਼ਾਸ਼ੀਵਾਦ ਹੋਵੇਗਾ।
ਦੂਜਾ, ‘ਅਰਾਜਕਤਾ’ ਦੀ ਹਾਂਪੱਖੀ/ਕਸ਼ਟ ਨਿਵਾਰਨ ਵਾਲੀ ਭਾਵਨਾ ਹਮੇਸ਼ਾ ਬੇਹਿਸਾਬ ਲਾਲ ਫ਼ੀਤਾਸ਼ਾਹੀ, ਕੇਂਦਰੀਕਰਨ ਅਤੇ ਫ਼ੌਜੀਕਰਨ ਰਾਹੀਂ ਹਕੂਮਤ ਦੇ ਸਰਬ-ਸ਼ਕਤੀਮਾਨ ਬਣਨ ਦੇ ਖ਼ਤਰੇ ਦਾ ਵਿਰੋਧ ਕਰਨ ਲਈ ਪ੍ਰੇਰਦੀ ਹੈ। ਹਕੀਕਤ ਇਹ ਹੈ ਕਿ ਕਿਸੇ ਦਾ ‘ਅਰਾਜਕਤਾਵਾਦੀ’ ਜੋਸ਼ ਆਜ਼ਾਦੀ ਦੀ ਯਾਦ-ਦਹਾਨੀ ਹੁੰਦਾ ਹੈ – ਇਹ ਤਸਲੀਮ ਕਰਨ ਦੀ ਆਜ਼ਾਦੀ ਕਿ ਕਿਸੇ ਨੂੰ ਦਰੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਮੋਦੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਾਂਧੀ (ਉਨ੍ਹਾਂ ਉਤੇ ਰਸਕਿਨ ਤੇ ਥੋਰੋ ਦੇ ਪਏ ਪ੍ਰਭਾਵ ਨੂੰ ਚੇਤੇ ਕਰੋ) ਵੀ ਨਰਮ ਅਰਾਜਕਤਾਵਾਦੀ ਸਨ। ਸਵਰਾਜ ਪ੍ਰਤੀ ਉਨ੍ਹਾਂ ਦਾ ਚਾਅ ਲੋਕਾਂ ਦੇ ਸਿਆਸੀ-ਨੈਤਿਕ ਤੇ ਆਰਥਿਕ ਪੱਖੋਂ ਮਜ਼ਬੂਤ ਹੋਣ ਵਜੋਂ ਸੀ, ਤਾਕਤਵਰ ਸਟੇਟ ਲਈ ਨਹੀਂ। ਗਾਂਧੀਵਾਦ ਦੱਸਦਾ ਹੈ ਕਿ ‘ਅਰਾਜਕਤਾ’ ਨੇ ਪਿਆਰ ਦੀ ਤਾਕਤ ਅਤੇ ਨੈਤਿਕ ਜ਼ਿੰਮੇਵਾਰੀ ਨਾਲ ਗੜੁੱਚ ਵਿਰੋਧ ਦੀ ਨਵੀਂ ਕਲਾ ਦਾ ਰਾਹ ਦਿਖਾਇਆ ਹੈ। ‘ਅਸਹਿਯੋਗ ਅੰਦੋਲਨ’ ਜਿਸ ਨੂੰ ਸੱਤਿਆਗ੍ਰਹਿ ਨੇ ਪਾਲਿਆ, ਦਾ ਅਰਥ ਹੈ- ਕਿਸੇ ਦੀ ਆਜ਼ਾਦੀ ਪ੍ਰਤੀ ਭਾਵਨਾ ਜਗਾਉਣਾ ਕਿ ਉਹ ਦਮਨ ਅਤੇ ਅਨੈਤਿਕਤਾ ਦਾ ਵਿਰੋਧ ਕਰ ਸਕੇ। ਇਸ ਲਈ ਗਾਂਧੀਵਾਦੀ ‘ਅਰਾਜਕਤਾ’ ਨਾਂਪੱਖੀ ਹੋਣ ਤੋਂ ਕਿਤੇ ਦੂਰ ਸੀ ਅਤੇ ਇਹ ਨੈਤਿਕਤਾ ਦੀ ਸ਼ਕਤੀ ਨਾਲ ਲੈਸ ਸੱਚੇ ਭਾਈਚਾਰੇ ਵੱਲ ਕਦਮ ਸੀ। ਬਰਤਾਨਵੀ ਸਲਤਨਤ ਲਈ ਗਾਂਧੀ ਖਲਲ ਪਾਉਣ ਵਾਲਾ ਸੀ – ਉਸੇ ਤਰ੍ਹਾਂ ਜਿਵੇਂ ਮੌਜੂਦਾ ਹਕੂਮਤ ਲਈ ਸਾਰੇ ਹੀ ਅੰਦੋਲਨਕਾਰੀ ਕੁੱਲ ਮਿਲਾ ਕੇ ਵਿਰੋਧ ਪ੍ਰਗਟਾਵੇ ਦੇ ਆਪਣੇ ਅਹਿੰਸਕ ਤੌਰ ਤਰੀਕਿਆਂ ਦੇ ਬਾਵਜੂਦ ਸਮੱਸਿਆ ਖੜ੍ਹੀ ਕਰਨ ਵਾਲੇ ‘ਅਰਾਜਕਤਾਵਾਦੀ’ ਹਨ। ਸੰਭਵ ਤੌਰ ‘ਤੇ ਭਾਰਤ ਦੀ ਮੁਕਤੀ ਦਾ ਵਿਚਾਰ ਉਸੇ ਵਿਚੋਂ ਨਿਕਲੇਗਾ ਜਿਸ ਤੋਂ ਮੋਦੀ ‘ਅਰਾਜਕਤਾ’ ਸਮਝ ਕੇ ਡਰਦੇ ਹਨ। ਸਾਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਜ਼ਹਿਰੀਲੇ ਰਾਸ਼ਟਰਵਾਦ ਤੇ ਜੰਗਬਾਜ਼ੀ ਅਤੇ ਤਾਨਾਸ਼ਾਹੀ ਤੇ ਅਧਿਆਤਮ-ਰਹਿਤ ਧਾਰਮਿਕ ਨਫ਼ਰਤ ਨੂੰ ਪਿਛਾਂਹ ਛੱਡਦਿਆਂ ਮੁਖ਼ਲਾਫ਼ਤ ਦਾ ਸੱਭਿਆਚਾਰ ਉੱਭਰ ਰਿਹਾ ਹੈ। ਆਓ ਆਸ ਕਰੀਏ ਕਿ ਇਹ ਸੱਭਿਆਚਾਰ, ਭਾਰਤ ਨੂੰ ਲਾਸਾਨੀ ਸੱਭਿਅਤਾ ਬਣਾਈ ਰੱਖਣ ਲਈ ਜੱਦੋਜਹਿਦ ਕਰੇਗਾ। ਇਕ ਅਜਿਹਾ ਭਾਰਤ ਜਿਹੜਾ ਵੰਨ-ਸਵੰਨੇ ਤੇ ਬਹੁਲਤਾਵਾਦੀ ਰਾਗਾਂ ਦੀ ਸੁਰ ਵਿਚ ਸੁਰ ਮਿਲਾਉਣ ਦਾ ਹਾਮੀ ਹੈ: ਇਸ ਵਿਚ ਲੋਕਾਇਤ ਵੀ ਹੈ ਤੇ ਵੇਦਾਂਤ ਵੀ, ਗੁਰੂ ਨਾਨਕ ਵੀ ਹੈ ਤੇ ਕਬੀਰ ਵੀ, ਨਿਜ਼ਾਮੂਦੀਨ ਔਲੀਆ ਵੀ ਹੈ ਤੇ ਮਦਰ ਟਰੇਸਾ ਵੀ ਅਤੇ ਗਾਂਧੀ ਵੀ ਹੈ ਤੇ ਸ਼ਹੀਦ ਭਗਤ ਸਿੰਘ ਵੀ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …