Breaking News
Home / ਮੁੱਖ ਲੇਖ / ਪੰਜਾਬੀ ਦੇ ਪ੍ਰਸਾਰ ਲਈ ਢੁਕਵਾਂ ਅਵਸਰ ਹੈ 550ਵਾਂ ਪ੍ਰਕਾਸ਼ ਪੁਰਬ

ਪੰਜਾਬੀ ਦੇ ਪ੍ਰਸਾਰ ਲਈ ਢੁਕਵਾਂ ਅਵਸਰ ਹੈ 550ਵਾਂ ਪ੍ਰਕਾਸ਼ ਪੁਰਬ

ਸਤਨਾਮ ਸਿੰਘ ਮਾਣਕ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਦੇਸ਼-ਵਿਦੇਸ਼ ਵਿਚ ਸਿੱਖ ਭਾਈਚਾਰੇ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਆਪੋ-ਆਪਣੀ ਪੱਧਰ ‘ਤੇ ਵੱਖ-ਵੱਖ ਤਰ੍ਹਾਂ ਦੇ ਸਮਾਗਮਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਸੈਮੀਨਾਰ ਹੋ ਰਹੇ ਹਨ। ਕੀਰਤਨ ਦਰਬਾਰ ਹੋ ਰਹੇ ਹਨ। ਨਗਰ ਕੀਰਤਨ ਸਜਾਏ ਜਾ ਰਹੇ ਹਨ। ਉਨ੍ਹਾਂ ਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਲਈ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਸੰਸਥਾਵਾਂ ਕਾਇਮ ਕੀਤੀਆਂ ਜਾ ਰਹੀਆਂ ਹਨ। ਬਿਨਾਂ ਸ਼ੱਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਇਕ ਵੱਡਾ ਅਵਸਰ ਹੈ। ਇਸ ਨੂੰ ਸਾਨੂੰ ਪੂਰੇ ਉਤਸ਼ਾਹ ਅਤੇ ਪ੍ਰਤੀਬਧਤਾ ਨਾਲ ਅਜਿਹੇ ਢੰਗ ਨਾਲ ਮਨਾਉਣਾ ਚਾਹੀਦਾ ਹੈ ਕਿ ਇਹ ਇਕ ਮੇਲਾ ਹੀ ਬਣ ਕੇ ਨਾ ਰਹਿ ਜਾਏ, ਸਗੋਂ ਇਸ ਤੋਂ ਕੁਝ ਵੱਡੀਆਂ ਪ੍ਰਾਪਤੀਆਂ ਵੀ ਹੋ ਸਕਣ।
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਬਾਣੀ ਦੇ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਵਿਚਾਰਿਆ ਅਤੇ ਸਮਝਿਆ ਜਾਏ ਅਤੇ ਉਨ੍ਹਾਂ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿਚ ਵੱਧ ਤੋਂ ਵੱਧ ਢਾਲਿਆ ਜਾਏ। ਦੂਜੀ ਗੱਲ ਇਹ ਹੈ ਕਿ ਅਜਿਹੇ ਅਕਾਦਮਿਕ ਅਦਾਰੇ ਕਾਇਮ ਕੀਤੇ ਜਾਣ ਜਿਹੜੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕਣ। ਗੁਰੂ ਨਾਨਕ ਦੇਵ ਜੀ ਨੇ ਆਪਣੇ ਮਿਸਾਲੀ ਜੀਵਨ ਨਾਲ ਅਤੇ ਆਪਣੀ ਬਾਣੀ ਰਾਹੀਂ ਇਕ ਸੰਤੁਲਿਤ ਤੇ ਆਦਰਸ਼ ਸਮਾਜ ਦੀ ਸਿਰਜਣਾ ਲਈ ਇਕ ਸਮਾਜਿਕ ਕ੍ਰਾਂਤੀ ਦੀ ਬੁਨਿਆਦ ਰੱਖੀ ਸੀ। ਇਸ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਗਲੇ ਨੌਂ ਗੁਰੂਆਂ ਨੇ ਬੜੀ ਲਗਨ, ਮਿਹਨਤ ਅਤੇ ਦੂਰਅੰਦੇਸ਼ੀ ਨਾਲ ਇਕ ਲਹਿਰ ਦਾ ਰੂਪ ਦਿੱਤਾ ਅਤੇ ਇਸ ਨੂੰ ਸਿਖ਼ਰ ਤੱਕ ਪਹੁੰਚਾਇਆ। ਤਕਰੀਬਨ ਢਾਈ ਸੌ ਸਾਲ ਤੱਕ ਚਲਦੀ ਰਹੀ ਇਸ ਗੁਰਮਤਿ ਲਹਿਰ ਦਾ ਹੀ ਸਿੱਟਾ ਸੀ ਕਿ ਕੇਂਦਰੀ ਏਸ਼ੀਆ ਤੋਂ ਆਉਣ ਵਾਲੇ ਹਮਲਾਵਰਾਂ ਦੇ ਘੋੜਿਆਂ ਦੀਆਂ ਟਾਪਾਂ ਹੇਠ ਲਗਾਤਾਰ ਦਰੜੇ ਜਾਂਦੇ ਰਹੇ ਇਸ ਦੇਸ਼ ਵਿਚ ਖ਼ਾਲਸੇ ਦੇ ਰੂਪ ਵਿਚ ਇਕ ਅਜਿਹੀ ਸ਼ਕਤੀ ਦਾ ਉਭਾਰ ਹੋਇਆ ਜੋ ਨਾ ਜ਼ੁਲਮ ਕਰਨ ਦੇ ਹੱਕ ਵਿਚ ਸੀ ਅਤੇ ਨਾ ਹੀ ਜ਼ੁਲਮ ਸਹਿਣ ਲਈ ਤਿਆਰ ਸੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਖ਼ਾਲਸੇ ਨੇ ਦੱਰਾ ਖ਼ੈਬਰ ਰਾਹੀਂ ਆਉਣ ਵਾਲੇ ਹਮਲਾਵਰਾਂ ਦਾ ਅਜਿਹਾ ਮੂੰਹ ਭੰਨਿਆ ਕਿ ਉਹ ਮੁੜ ਕੇ ਇਧਰ ਨੂੰ ਆਉਣ ਦਾ ਹੀਆ ਨਾ ਕਰ ਸਕੇ। ਇਸੇ ਗੁਰਮਤਿ ਲਹਿਰ ਦੇ ਸਿੱਟੇ ਵਜੋਂ ਭਾਰਤੀ ਸਮਾਜ ਦੇ ਦੱਬੇ-ਕੁਚਲੇ ਤੇ ਕਮਜ਼ੋਰ ਵਰਗਾਂ ਨੂੰ ਜ਼ਿੰਦਗੀ ਵਿਚ ਇਕ ਨਵਾਂ ਦ੍ਰਿਸ਼ਟੀਕੋਣ ਮਿਲਿਆ। ਉਹ ਸਮਾਜ ਵਿਚ ਨਾ ਕੇਵਲ ਸਵੈ-ਵਿਸ਼ਵਾਸ ਨਾਲ ਵਿਚਰਨ ਦੇ ਸਮਰੱਥ ਹੋਏ ਸਗੋਂ ਜ਼ਿੰਦਗੀ ਦੇ ਹਰ ਖੇਤਰ ਵਿਚ ਉਨ੍ਹਾਂ ਨੇ ਵੱਡੀਆਂ ਪ੍ਰਾਪਤੀਆਂ ਵੀ ਕੀਤੀਆਂ। ਬਿਨਾਂ ਸ਼ੱਕ ਇਹ ਚਿੜੀਆਂ ਤੋਂ ਬਾਜ਼ ਤੁੜਵਾਉਣ ਵਾਲੀ ਕ੍ਰਾਂਤੀ ਸੀ। ਮੁਗ਼ਲ ਕਾਲ ਵਿਚ ਇਸ ਕ੍ਰਾਂਤੀ ਨੇ ਆਪਣਾ ਪ੍ਰਭਾਵ ਦਰਜ ਕਰਵਾਇਆ। ਅੰਗਰੇਜ਼ ਸਾਮਰਾਜ ਦੇ ਖਿਲਾਫ਼ ਲੰਮੇ ਸੰਘਰਸ਼ ਵਿਚ ਇਸ ਕ੍ਰਾਂਤੀ ਤੋਂ ਪ੍ਰਭਾਵਿਤ ਦੇਸ਼ ਭਗਤਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਅਤੇ ਆਜ਼ਾਦੀ ਤੋਂ ਬਾਅਦ ਵੀ ਦੇਸ਼ ਵਿਚ ਏਕਾਧਿਕਾਰਵਾਦੀ ਨਿਜ਼ਾਮਾਂ ਦੇ ਖਿਲਾਫ਼ ਇਸ ਲਹਿਰ ਤੋਂ ਪ੍ਰਭਾਵਿਤ ਲੋਕਾਂ ਨੇ ਵੱਡੇ ਸੰਘਰਸ਼ ਕਰਕੇ ਆਜ਼ਾਦੀ ਤੇ ਜਮਹੂਰੀਅਤ ਦੀ ਰਾਖੀ ਕੀਤੀ। ਅੱਜ ਵੀ ਭਾਵੇਂ ਸਿੱਖ ਪੰਥ, ਪੰਜਾਬ ਅਤੇ ਗੁਰੂ ਸਾਹਿਬਾਨ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ ਅਜੋਕੇ ਸਮੇਂ ਦੀ ਨਾਕਾਬਲ ਲੀਡਰਸ਼ਿਪ ਕਾਰਨ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਪਰ ਜੇ ਕੁਝ ਚੰਗਾ ਕਰਨ, ਚੰਗਾ ਬਣਨ ਦੀ ਲੋਕਾਂ ਨੂੰ ਕੋਈ ਪ੍ਰੇਰਨਾ ਮਿਲ ਰਹੀ ਹੈ ਤਾਂ ਉਹ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ਅਤੇ ਉਨ੍ਹਾਂ ਦੀ ਰਚੀ ਬਾਣੀ ਤੋਂ ਹੀ ਮਿਲ ਰਹੀ ਹੈ। ਵੱਡੀ ਗਿਣਤੀ ਵਿਚ ਲੋਕਾਂ ਨੂੰ ਅੱਜ ਵੀ ਇਹ ਵਿਸ਼ਵਾਸ ਹੈ ਕਿ ਇਸ ਦੇਸ਼ ਅਤੇ ਇਸ ਖਿੱਤੇ ਵਿਚ ਜਦੋਂ ਵੀ ਕੋਈ ਲੋਕ-ਪੱਖੀ ਅਤੇ ਕੁਦਰਤ-ਪੱਖੀ ਤਬਦੀਲੀ ਲਿਆਉਣ ਲਈ ਕੋਈ ਵੱਡੀ ਪਹਿਲਕਦਮੀ ਹੋਏਗੀ ਤਾਂ ਉਸ ਦੀ ਪ੍ਰੇਰਨਾ ਗੁਰਮਤਿ ਲਹਿਰ ਹੀ ਬਣੇਗੀ।
ਪਰ ਇਹ ਸਭ ਕੁਝ ਵਿਚਾਰਦਿਆਂ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਗੁਰੂ ਸਾਹਿਬਾਨ ਨੇ ਆਪਣੀ ਸਾਰੀ ਬਾਣੀ ਇਸ ਖਿੱਤੇ ਦੇ ਲੋਕਾਂ ਦੀ ਜ਼ਬਾਨ ਪੰਜਾਬੀ ਵਿਚ ਰਚੀ ਅਤੇ ਦੇਸ਼ ਦੇ ਹੋਰ ਸੰਤਾਂ ਅਤੇ ਭਗਤਾਂ ਦੀ ਬਾਣੀ ਨੂੰ ਵੀ ਪੰਜਾਬੀ ਵਿਚ ਲਿਪੀਅੰਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤਾ। ਇਸੇ ਕਾਰਨ ਵੱਡੀ ਪੱਧਰ ‘ਤੇ ਲੋਕ ਗੁਰੂ ਸਾਹਿਬਾਨ ਦੇ ਜੀਵਨ ਅਤੇ ਉਨ੍ਹਾਂ ਦੀ ਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਵਿਚ ਸਫ਼ਲ ਹੋ ਸਕੇ। ਗੁਰੂ ਸਾਹਿਬਾਨ ਦੇ ਵੇਲੇ ਦੇਸ਼ ਵਿਚ ਫ਼ਾਰਸੀ ਦਾ ਬੋਲਬਾਲਾ ਸੀ। ਇਸ ਦੇ ਬਾਵਜੂਦ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਪੰਜਾਬੀ ਵਿਚ ਰਚੀ ਅਤੇ ਪੰਜਾਬੀ ਗੁਰਮੁਖੀ ਲਿਪੀ ਵਿਚ ਹੀ ਉਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦੀਆਂ ਜ਼ਬਾਨਾਂ ਨੂੰ, ਲੋਕਾਂ ਦੇ ਸਥਾਨਿਕ ਸੱਭਿਆਚਾਰਾਂ ਨੂੰ ਅਤੇ ਲੋਕਾਂ ਦੇ ਸਥਾਨਿਕ ਪਹਿਰਾਵੇ ਨੂੰ ਉਸ ਜਬਰ, ਜ਼ੁਲਮ ਅਤੇ ਬੁਰਛਾਗਰਦੀ ਦੇ ਦੌਰ ਵਿਚ ਕਿੰਨਾ ਮਹੱਤਵ ਦਿੰਦੇ ਸਨ, ਇਸ ਦਾ ਅੰਦਾਜ਼ਾ ਉਨ੍ਹਾਂ ਦੀ ਬਾਣੀ ਤੋਂ ਭਲੀ-ਭਾਂਤ ਲੱਗ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਵੇਲੇ ਦੇਸ਼ ਵਿਚ ਲੋਧੀ ਵੰਸ਼ ਦਾ ਰਾਜ ਸੀ। ਇਸ ਵੰਸ਼ ਦਾ ਪਿਛੋਕੜ ਅਫ਼ਗਾਨਿਸਤਾਨ ਨਾਲ ਸਬੰਧਿਤ ਸੀ ਅਤੇ ਇਸ ਵੰਸ਼ ਦੇ ਰਾਜੇ ਪਸ਼ਤੂਨ ਕੌਮੀਅਤ ਨਾਲ ਸਬੰਧਿਤ ਪਠਾਨ ਸਨ। ਉਨ੍ਹਾਂ ਦੀ ਹਕੂਮਤ ਦੇ ਪ੍ਰਭਾਵ ਅਧੀਨ ਹਿੰਦੂ ਭਾਈਚਾਰੇ ਦਾ ਕੁਲੀਨ ਵਰਗ ਵੀ ਆਪਣੀਆਂ ਕਾਰੋਬਾਰੀ ਲੋੜਾਂ ਅਤੇ ਹੋਰ ਲਾਭਾਂ ਵਾਸਤੇ ਹਾਕਮਾਂ ਦੀ ਖੁਸ਼ਨੁਬੀ ਹਾਸਲ ਕਰਨ ਲਈ ਉਨ੍ਹਾਂ ਵਰਗਾ ਪਹਿਰਾਵਾ ਪਾਉਣ ਅਤੇ ਉਨ੍ਹਾਂ ਦੀ ਜ਼ਬਾਨ ਸਿੱਖਣ ਤੇ ਬੋਲਣ ਵਾਲੇ ਪਾਸੇ ਲੱਗਿਆ ਹੋਇਆ ਸੀ। ਗੁਰੂ ਨਾਨਕ ਦੇਵ ਜੀ ਇਸ ਨੂੰ ਗੁਲਾਮੀ ਵਾਲੀ ਮਾਨਸਿਕਤਾ ਦਾ ਪ੍ਰਗਟਾਵਾ ਮੰਨਦੇ ਸਨ। ਇਸ ਸਬੰਧੀ ਉਨ੍ਹਾਂ ਦੀ ਬਾਣੀ ਵਿਚੋਂ ਕੁਝ ਪੰਕਤੀਆਂ ਹਾਜ਼ਰ ਹਨ :
= ਆਦਿ ਪੁਰਖ ਕਉ ਅਲਹੁ ਕਹੀਐ,
ਸੇਖਾਂ ਆਈ ਵਾਰੀ॥… …
ਘਰਿ ਘਰਿ ਮੀਆ ਸਭਨਾਂ ਜੀਆਂ,
ਬੋਲੀ ਅਵਰ ਤੁਮਾਰੀ॥ (ਅੰਗ 1191)
= ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥
(ਅੰਗ 663)
= ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥
ਮਲੇਛ ਧਾਨ ਲੇ ਪੂਜਹਿ ਪੁਰਾਣੁ॥ (ਅੰਗ 472)
= ਨੀਲ ਬਸਤ੍ਰ ਲੇ ਕਪੜੇ ਪਹਿਰੇ,
ਤੁਰਕ ਪਠਾਣੀ ਅਮਲੁ ਕੀਆ॥ (ਅੰਗ 470)
ਸੋ, ਜੇਕਰ ਅੱਜ ਦੇ ਸਮੇਂ ਵਿਚ ਅਸੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਸਮੁੱਚੇ ਤੌਰ ‘ਤੇ ਉਨ੍ਹਾਂ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਢਾਲਣਾ ਚਾਹੁੰਦੇ ਹਾਂ ਅਤੇ ਇਹ ਵਡਮੁੱਲਾ ਸਰਮਾਇਆ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ ਦੀ ਵਰੋਸਾਈ ਪੰਜਾਬੀ ਜ਼ਬਾਨ, ਜੋ ਸਮੂਹ ਪੰਜਾਬੀਆਂ ਦੀ ਮਾਂ-ਬੋਲੀ ਹੈ, ਨੂੰ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਦਿਅਕ ਅਦਾਰਿਆਂ ਰਾਹੀਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਈਏ ਅਤੇ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਸਾਰੇ ਖੇਤਰਾਂ ਵਿਚ ਇਸ ਨੂੰ ਚੰਗੀ ਤਰ੍ਹਾਂ ਲਾਗੂ ਕਰਾਈਏ। ਭਾਵੇਂ ਗੁਰੂ ਸਾਹਿਬਾਨ ਕੋਈ ਵੀ ਜ਼ਬਾਨ ਸਿੱਖਣ ਦੇ ਖਿਲਾਫ਼ ਨਹੀਂ ਸਨ ਅਤੇ ਨਾ ਹੀ ਅੱਜ ਦੇ ਯੁੱਗ ਵਿਚ ਅਸੀਂ ਕੋਈ ਜ਼ਬਾਨ ਸਿੱਖਣ ਦੇ ਖਿਲਾਫ਼ ਹੋ ਸਕਦੇ ਹਾਂ ਪਰ ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਪੰਜਾਬੀ ਕੌਮੀਅਤ ਦਾ ਇਤਿਹਾਸ, ਵਿਰਸਾ, ਸੱਭਿਆਚਾਰ, ਸਾਹਿਤ, ਗੀਤ-ਸੰਗੀਤ ਤੇ ਪੱਤਰਕਾਰੀ ਭਾਵ ਸਾਡਾ ਸਭ ਕੁਝ ਸਾਡੀ ਕੌਮੀ ਜ਼ਬਾਨ ਪੰਜਾਬੀ ਦੇ ਰੱਥ ‘ਤੇ ਸਵਾਰ ਹੈ। ਜੇਕਰ ਇਸ ਰੱਥ ਨੂੰ ਅੱਗੇ ਵਧਾ ਕੇ ਅਸੀਂ ਅਗਲੀਆਂ ਪੀੜ੍ਹੀਆਂ ਤੱਕ ਨਹੀਂ ਪਹੁੰਚਾਉਂਦੇ ਤਾਂ ਇਹ ਸਰਮਾਇਆ ਸਿਰਫ ਇਤਿਹਾਸ ਦੇ ਪੰਨਿਆਂ ਤੱਕ ਸਿਮਟ ਕੇ ਰਹਿ ਜਾਏਗਾ। ਸਾਡੀਆਂ ਅਗਲੀਆਂ ਪੀੜ੍ਹੀਆਂ ਇਸ ਗੌਰਵਸ਼ਾਲੀ ਇਤਿਹਾਸ ਅਤੇ ਇਨ੍ਹਾਂ ਭਰਪੂਰ ਗਿਆਨ ਦੇ ਸਰੋਤਾਂ ਤੋਂ ਕੋਈ ਵੀ ਫਾਇਦਾ ਨਹੀਂ ਉਠਾ ਸਕਣਗੀਆਂ। ਸਾਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬੀ ਕੌਮੀਅਤ ਦੀ ਪਛਾਣ ਵੀ ਉਸ ਦੀ ਜ਼ਬਾਨ ਅਤੇ ਉਸ ਦੇ ਸੱਭਿਆਚਾਰ ਨਾਲ ਜੁੜੀ ਹੋਈ ਹੈ। ਕੋਈ ਵੀ ਵਿਅਕਤੀ ਜੇਕਰ ਉਸ ਨੂੰ ਪੰਜਾਬੀ ਜ਼ਬਾਨ ਲਿਖਣੀ, ਪੜ੍ਹਨੀ ਅਤੇ ਬੋਲਣੀ ਨਹੀਂ ਆਉਂਦੀ ਅਤੇ ਉਸ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਉਹ ਪੰਜਾਬੀ ਨਹੀਂ ਹੋ ਸਕਦਾ।
ਇਸ ਸੰਦਰਭ ਵਿਚ ਅਸੀਂ ਸਮਝਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਦੇਸ਼ ਵਿਦੇਸ਼ ਵਿਚ ਜਿਹੜੇ ਵੀ ਸਮਾਰੋਹ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਜਿਹੜੇ ਵੀ ਸਮਾਰੋਹ ਹੋਣੇ ਹਨ, ਉਨ੍ਹਾਂ ਨੂੰ ਜਥੇਬੰਦ ਕਰਨ ਵਾਲੇ ਅਤੇ ਉਨ੍ਹਾਂ ਵਿਚ ਸ਼ਿਰਕਤ ਕਰਨ ਵਾਲੇ ਸਾਰੇ ਲੋਕ ਇਹ ਯਕੀਨੀ ਬਣਾਉਣ ਕਿ ਉਹ ਨਵੀਂ ਪੀੜ੍ਹੀ ਨੂੰ ਪੰਜਾਬੀ ਪੜ੍ਹਨ, ਲਿਖਣ ਅਤੇ ਬੋਲਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਅਪੀਲਾਂ ਕਰਨਗੇ। ਗੁਰਦੁਆਰਾ ਕਮੇਟੀਆਂ, ਵਿਦਿਅਕ ਸੰਸਥਾਵਾਂ ਦੇ ਸੰਚਾਲਕਾਂ, ਬੁੱਧੀਜੀਵੀਆਂ, ਪ੍ਰਚਾਰਕਾਂ, ਪੱਤਰਕਾਰਾਂ, ਕੀਰਤਨੀ ਜਥਿਆਂ, ਰਾਗੀਆਂ ਅਤੇ ਢਾਡੀਆਂ ਆਦਿ ਸਾਰਿਆਂ ਦੀ ਇਹ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਸਾਰੇ ਸਮਾਰੋਹਾਂ ਵਿਚ ਨਾ ਕੇਵਲ ਨਵੀਂ ਪੀੜ੍ਹੀ ਨੂੰ ਆਪਣੀ ਜ਼ਬਾਨ ਸਿੱਖਣ ਲਈ ਪ੍ਰੇਰਨਾ ਦਿੱਤੀ ਜਾਵੇ ਸਗੋਂ ਦੇਸ਼-ਵਿਦੇਸ਼ ਵਿਚ ਜਿਥੇ ਵੀ ਸੰਭਵ ਹੋਵੇ ਸਰਕਾਰੀ ਅਤੇ ਗ਼ੈਰ-ਸਰਕਾਰੀ ਤੌਰ ‘ਤੇ ਅਜਿਹੇ ਵਿਦਿਅਕ ਅਦਾਰੇ ਵੀ ਕਾਇਮ ਕੀਤੇ ਜਾਣ, ਜਿਨ੍ਹਾਂ ਵਿਚ ਪੰਜਾਬੀ ਪੜ੍ਹਨ-ਪੜ੍ਹਾਉਣ ਦੀ ਵਿਵਸਥਾ ਹੋਵੇ। ਅਸੀਂ ਸਮਝਦੇ ਹਾਂ ਕਿ ਇਸ ਦੌਰ ਵਿਚ ਪੰਜਾਬੀ ਜ਼ਬਾਨ ਦਾ ਪ੍ਰਚਾਰ-ਪ੍ਰਸਾਰ ਕਰਨਾ ਅਤੇ ਉਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਆਪਣੇ ਗੌਰਵਸ਼ਾਲੀ ਇਤਿਹਾਸ, ਵਿਰਸੇ, ਸੱਭਿਆਚਾਰ ਅਤੇ ਗੁਰੂ ਸਾਹਿਬਾਨ ਦੀ ਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਇਕ ਵੱਡਾ ਅਹਿਮ ਸਰੋਕਾਰ ਹੈ।
ਇਸ ਦੇ ਨਾਲ ਹੀ ਅਸੀਂ ਪੰਜਾਬ ਸਰਕਾਰ ਨੂੰ ਵੀ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੇਕਰ ਉਹ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੀ ਹੈ ਤਾਂ ਰਾਜ ਵਿਚ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਖੇਤਰ ਵਿਚ ਪੰਜਾਬੀ ਨੂੰ ਯੋਗ ਸਥਾਨ ਦਿਵਾਉਣ ਲਈ ਨਿੱਗਰ ਕਦਮ ਚੁੱਕੇ। ਸਾਡੇ ਸੁਝਾਅ ਮੁਤਾਬਿਕ ਕੁਝ ਕਦਮ ਇਸ ਪ੍ਰਕਾਰ ਹੋ ਸਕਦੇ ਹਨ :
1. ਰਾਜ ਵਿਚ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਬੋਰਡਾਂ ਦੇ ਸਭ ਤੋਂ ਉੱਪਰ ਪੰਜਾਬੀ ਵਿਚ ਜਾਣਕਾਰੀ ਲਿਖਣ ਨੂੰ ਲਾਜ਼ਮੀ ਬਣਾਉਣ ਲਈ ਇਕ ਆਰਡੀਨੈਂਸ ਜਾਰੀ ਕੀਤਾ ਜਾਵੇ ਅਤੇ ਇਸ ਨੂੰ ਬਾਅਦ ਵਿਚ ਬਿੱਲ ਦੇ ਰੂਪ ਵਿਚ ਵਿਧਾਨ ਸਭਾ ਤੋਂ ਪਾਸ ਕਰਵਾਇਆ ਜਾ ਸਕਦਾ ਹੈ। ਰਾਜ ਸਰਕਾਰ ਦੇ ਇਸ ਇਕ ਕਦਮ ਨਾਲ ਰਾਜ ਦੀ ਤਸਵੀਰ ਬਦਲ ਜਾਏਗੀ। ਪੰਜਾਬੀ ਆਪਣੀ ਜ਼ਬਾਨ ‘ਤੇ ਮਾਣ ਕਰਨ ਲੱਗਣਗੇ।
2. ਰਾਜ ਭਾਸ਼ਾ ਐਕਟ-2008 ਅਤੇ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀ ਪੜ੍ਹਾਈ ਸਬੰਧੀ ਐਕਟ-2008 ਨੂੰ ਪੂਰੀ ਪ੍ਰਤੀਬੱਧਤਾ ਨਾਲ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਹਰ ਖੇਤਰ ਵਿਚ ਲਾਗੂ ਕਰਵਾਇਆ ਜਾਵੇ, ਖ਼ਾਸ ਕਰਕੇ ਉਨ੍ਹਾਂ ਗ਼ੈਰ-ਸਰਕਾਰੀ ਸਕੂਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜਿਹੜੇ ਪਹਿਲੀ ਤੋਂ ਦਸਵੀਂ ਤੱਕ ਅਜੇ ਵੀ ਪੰਜਾਬੀ ਇਕ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜ੍ਹਾ ਰਹੇ ਜਾਂ ਜਿਨ੍ਹਾਂ ਸਕੂਲਾਂ ਨੇ ਆਪਣੇ ਕੰਪਲੈਕਸਾਂ ਵਿਚ ਵਿਦਿਆਰਥੀਆਂ ‘ਤੇ ਪੰਜਾਬੀ ਬੋਲਣ ‘ਤੇ ਅਜੇ ਵੀ ਪਾਬੰਦੀਆਂ ਲਾ ਰੱਖੀਆਂ ਹਨ। ਅਜਿਹੇ ਸਕੂਲਾਂ ਦੀਆਂ ਐਨ.ਓ.ਸੀਜ਼ (ਕੋਈ ਇਤਰਾਜ਼ ਨਹੀਂ ਦੇ ਸਰਟੀਫਿਕੇਟ) ਤੁਰੰਤ ਰੱਦ ਕੀਤੀਆਂ ਜਾਣ।
3. ਰਾਜ ਵਿਚ ਨਸ਼ਿਆਂ, ਹਥਿਆਰਾਂ ਅਤੇ ਔਰਤਾਂ ਸਬੰਧੀ ਅਸ਼ਲੀਲਤਾ ਭੜਕਾਉਣ ਵਾਲੇ ਗੀਤ-ਸੰਗੀਤ ਅਤੇ ਵੀਡੀਓਜ਼ ਦਾ ਪ੍ਰਚਲਨ ਰੋਕਣ ਲਈ ਇਕ ਸੱਭਿਆਚਾਰਕ ਨੀਤੀ ਤਿਆਰ ਕਰ ਕੇ ਉਸ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਏ। ਇਸ ਸਬੰਧੀ ਪੰਜਾਬ ਸਰਕਾਰ ਨੇ ਜੋ ਸੱਭਿਆਚਾਰਕ ਨੀਤੀ ਕੁਝ ਸਮਾਂ ਪਹਿਲਾਂ ਬਣਾਈ ਸੀ, ਉਸ ਨੂੰ ਵਿਚਾਰ ਕੇ ਅਤੇ ਉਸ ਵਿਚ ਕੁਝ ਲੋੜੀਂਦੀਆਂ ਤਬਦੀਲਆਂ ਕਰਕੇ ਉਸ ਨੂੰ ਲਾਗੂ ਕਰਵਾਉਣ ਲਈ ਸੱਭਿਆਚਾਰਕ ਵਿਭਾਗ ਦੇ ਹਵਾਲੇ ਕੀਤਾ ਜਾਏ।
4. ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਹਾਸਲ ਕਰਨ ਲਈ ਮੁੜ ਤੋਂ ਯਤਨ ਤੇਜ਼ ਕੀਤੇ ਜਾਣ।
5. ਭਾਸ਼ਾ ਵਿਭਾਗ ਨੂੰ ਲੋੜੀਂਦੇ ਫੰਡ ਦੇ ਕੇ ਮਿਆਰੀ ਸਾਹਿਤ ਛਾਪਣ ਅਤੇ ਉਸ ਦੇ ਦੋਵੇਂ ਮਾਸਿਕ ਰਸਾਲਿਆਂ ‘ਜਨ ਸਹਿਤ’ ਅਤੇ ‘ਪੰਜਾਬੀ ਦੁਨੀਆ’ ਦੀ ਪ੍ਰਕਾਸ਼ਨਾ ਨਿਰੰਤਰ ਬਣਾਈ ਜਾਏ।
6. ਸਮੁੱਚੇ ਤੌਰ ‘ਤੇ ਪੰਜਾਬ ਦੇ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਖੇਤਰ ਵਿਚ ਪੰਜਾਬੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣ ਲਈ ਇਕ ਸ਼ਕਤੀਸ਼ਾਲੀ ਰਾਜ ਭਾਸ਼ਾ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ ਅਤੇ ਵੱਖ-ਵੱਖ ਖੇਤਰਾਂ ਵਿਚ ਪੰਜਾਬੀ ਨੂੰ ਲਾਗੂ ਕਰਾਉਣ ਦਾ ਸਾਰਾ ਕੰਮ-ਕਾਜ ਇਸ ਦੇ ਹਵਾਲੇ ਕੀਤਾ ਜਾਏ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਅਵਸਰ ‘ਤੇ ਅਜਿਹੇ ਕੁਝ ਪ੍ਰਭਾਵਸ਼ਾਲੀ ਕਦਮ ਚੁੱਕ ਕੇ ਅਸੀਂ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਨੂੰ ਸੁਰੱਖਿਅਤ ਕਰ ਸਕਦੇ ਹਾਂ ਅਤੇ ਆਪਣੇ ਇਤਿਹਾਸ, ਵਿਰਸੇ, ਸੱਭਿਆਚਾਰ ਅਤੇ ਗੁਰਬਾਣੀ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕਦੇ ਹਾਂ। ਇਹ ਗੁਰੂ ਸਾਹਿਬ ਨੂੰ ਸਾਡੀ ਢੁਕਵੀਂ ਸ਼ਰਧਾਂਜਲੀ ਹੋਵੇਗੀ। ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਤੇ ਹੋਰ ਸਾਰੀਆਂ ਸਬੰਧਿਤ ਧਿਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਾਰੇ ਸਮਾਰੋਹਾਂ ਦੌਰਾਨ ਇਸ ਦਿਸ਼ਾ ਵਿਚ ਨਿਰੰਤਰ ਕਾਰਜਸ਼ੀਲ ਰਹਿਣਗੀਆਂ ਅਤੇ ਵੱਡੇ ਫ਼ੈਸਲੇ ਲੈਣਗੀਆਂ।
(‘ਅਜੀਤ’ ਵਿਚੋਂ ਧੰਨਵਾਦ ਸਹਿਤ)

Check Also

ਜਮਾਤੀ ਤੇ ਜਾਤੀ ਦਰਾੜਾਂ ਬਨਾਮ ਪੇਂਡੂ ‘ਸਾਂਝ’

ਜਤਿੰਦਰ ਸਿੰਘ ਪਿਛਲੇ ਦਿਨੀਂ ਪਿੰਡਾਂ ਵਿਚਲੀ ਕਿਸਾਨ-ਮਜ਼ਦੂਰ ‘ਸਾਂਝ’ ਬਾਰੇ ਫਿਰ ਚਰਚਾ ਛਿੜੀ ਹੈ। ਕਾਰਨ ਝੋਨੇ …