Breaking News
Home / ਮੁੱਖ ਲੇਖ / ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਵੀ ਅਗਨੀ ਪ੍ਰੀਖਿਆ

ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਵੀ ਅਗਨੀ ਪ੍ਰੀਖਿਆ

ਤਲਵਿੰਦਰ ਸਿੰਘ ਬੁੱਟਰ
ਸਿੱਖ ਗੁਰਦੁਆਰਾ ਐਕਟ-1925 ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ 5 ਸਾਲ ਬਾਅਦ ਅਤੇ ਕਾਰਜਕਾਰਨੀ ਕਮੇਟੀ ਦੀ ਚੋਣ 1 ਸਾਲ ਬਾਅਦ ਹੁੰਦੀ ਹੈ। ਹਰ ਸਾਲ ਐੱਸਜੀਪੀਸੀ ਦੀ ਕਾਰਜਕਾਰਨੀ ਕਮੇਟੀ ਵੱਲੋਂ 21 ਦਿਨਾਂ ਦੇ ਅਗਾਊਂ ਨੋਟਿਸ ‘ਤੇ ਨਵੰਬਰ ਮਹੀਨੇ ਚੋਣ ਇਜਲਾਸ ਕਰਵਾਇਆ ਜਾਂਦਾ ਹੈ ਜਿਸ ਵਿਚ ਸ਼੍ਰੋਮਣੀ ਕਮੇਟੀ ਦੇ 185 ਮੈਂਬਰੀ ਹਾਊਸ ਵੱਲੋਂ ਪ੍ਰਧਾਨ ਸਮੇਤ 15 ਮੈਂਬਰੀ ਕਾਰਜਕਾਰਨੀ ਕਮੇਟੀ ਚੁਣੀ ਜਾਂਦੀ ਹੈ। ਸਭ ਤੋਂ ਲੰਬਾ ਸਮਾਂ (25 ਸਾਲਾਂ ਤੋਂ ਜ਼ਿਆਦਾ) ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਣੇ ਰਹੇ। ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਹਨ ਜੋ ਪਿਛਲੇ ਤਿੰਨ ਸਾਲਾਂ ਤੋਂ ਪ੍ਰਧਾਨ ਚਲੇ ਆ ਰਹੇ ਹਨ।
27 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਚੋਣ ਇਜਲਾਸ ਹੋਣ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਹਾਊਸ ਵਿਚ ਬਹੁਮਤ ਸ਼੍ਰੋਮਣੀ ਅਕਾਲੀ ਦਲ ਕੋਲ ਹੈ। ਇਸ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦੇ ਸਾਰੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੋਲ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਰਿਭਾਸ਼ਤ ਕਰਦਿਆਂ ਆਖਿਆ ਜਾਂਦਾ ਹੈ ਕਿ ਇਸ ਦੇ ਕੰਮ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨਾ, ਸਿੱਖ ਹਿੱਤਾਂ ਦੀ ਪੈਰਵੀ ਕਰਨਾ ਅਤੇ ਰਾਜਨੀਤਕ ਖੇਤਰ ਵਿਚ ਸਿੱਖਾਂ ਦੀ ਨੁਮਾਇੰਦਾ ਲੀਡਰਸ਼ਿਪ ਪੈਦਾ ਕਰਨਾ ਹੈ ਪਰ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੇ ਪੰਥਕ ਹਿੱਤਾਂ ਲਈ ਵਧੇਰੇ ਜਵਾਬਦੇਹ ਬਣਾਉਣ ਖ਼ਾਤਰ 1979 ਵਿਚ ਜਾਰੀ ਕੀਤੇ ਗਏ ਨੀਤੀ ਪ੍ਰੋਗਰਾਮ ਅਨੁਸਾਰ ਇਸ ਦੇ ਮੁੱਖ ਪੰਜ ਉਦੇਸ਼ ਮਿੱਥੇ ਗਏ ਸਨ। ਪਹਿਲਾ, ਸਿੱਖ ਧਰਮ ਦੀ ਪੁਰਾਤਨ ਪਵਿੱਤਰਤਾ ਨੂੰ ਸੁਰੱਖਿਅਤ ਰੱਖਣਾ ਅਤੇ ਸਿੱਖ ਧਰਮ ਦੇ ਮੂਲ ਸਿਧਾਂਤਾਂ, ਅਸੂਲਾਂ ਅਤੇ ਆਦਰਸ਼ਾਂ ਦਾ ਪ੍ਰਗਟਾਵਾ ਕਰਕੇ ਇਸ ਦਾ ਪ੍ਰਚਾਰ ਕਰਨਾ। ਦੂਜਾ, ਕੌਮੀ ਏਕਤਾ ਦੇ ਦਾਇਰੇ ਵਿਚ ਰਹਿ ਕੇ ਸਿੱਖ ਕੌਮ ਦੀ ਰਾਜਨੀਤਕ ਹੋਂਦ ਨੂੰ ਯਕੀਨੀ ਬਣਾਉਣਾ। ਤੀਜਾ, ਸਿੱਖ ਸੰਸਥਾਵਾਂ ਨੂੰ ਜ਼ਿਆਦਾ ਪ੍ਰਤੀਨਿਧ ਅਤੇ ਸਮਕਾਲੀ ਚੁਣੌਤੀਆਂ ਪ੍ਰਤੀ ਉੱਤਰਦਾਈ ਬਣਾਉਣਾ। ਚੌਥਾ, ਪੰਜਾਬ ਤੋਂ ਬਾਹਰ ਭਾਰਤ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਦੀਆਂ ਲੋੜਾਂ ਪ੍ਰਤੀ ਹੁੰਗਾਰਾ ਭਰਨਾ। ਪੰਜਵਾਂ, ਗੁਰਦੁਆਰਿਆਂ ਦੇ ਪ੍ਰਸ਼ਾਸਨ ਵਿਚ ਸੁਧਾਰ ਕਰਨਾ। ਸ਼੍ਰੋਮਣੀ ਕਮੇਟੀ ਸਿੱਖ ਧਰਮ ਦੇ ਵੱਖ-ਵੱਖ ਸਰੋਕਾਰਾਂ ਦੀ ਪੈਰਵੀ ਆਪਣੀਆਂ ਵੱਖ-ਵੱਖ ਸ਼ਾਖ਼ਾਵਾਂ ਦੁਆਰਾ ਕਰਦੀ ਹੈ ਜਿਵੇਂ ਕਿ ਟਰੱਸਟ ਸ਼ਾਖ਼ਾ, ਡਾਇਰੈਕਟੋਰੇਟ ਸਿੱਖਿਆ, ਧਰਮ ਪ੍ਰਚਾਰ ਕਮੇਟੀ ਅਤੇ ਸਿੱਖ ਇਤਿਹਾਸ ਰਿਸਰਚ ਬੋਰਡ ਆਦਿ। ਕੌਮਾਂਤਰੀ ਪੱਧਰ ‘ਤੇ ਜਦੋਂ ਕਦੇ ਸਿੱਖ ਕੌਮ ਨੂੰ ਕੋਈ ਔਕੜ ਪੇਸ਼ ਆਵੇ ਜਾਂ ਕੁਦਰਤੀ ਆਫ਼ਤ ਆਵੇ ਤਾਂ ਟਰੱਸਟ ਬਰਾਂਚ ਹਰਕਤ ਵਿਚ ਆਉਂਦੀ ਹੈ। ਸਿੱਖਿਆ ਡਾਇਰੈਕਟੋਰੇਟ ਦੇ ਅਧੀਨ ਸ਼੍ਰੋਮਣੀ ਕਮੇਟੀ ਵੱਲੋਂ ਇਸ ਵੇਲੇ 111 ਵਿੱਦਿਅਕ ਅਦਾਰੇ ਚਲਾਏ ਜਾ ਰਹੇ ਹਨ ਜਿਨ੍ਹਾਂ ਵਿਚ 2 ਯੂਨੀਵਰਸਿਟੀਆਂ, 40 ਤੋਂ ਵੱਧ ਕਾਲਜ, 18 ਕਾਲਜੀਏਟ ਸਕੂਲ, 10 ਏਡਿਡ ਸਕੂਲ, 23 ਅਨ-ਏਡਿਡ ਸਕੂਲ, 19 ਸੀਬੀਐੱਸਈ/ਪਬਲਿਕ ਸਕੂਲ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਸਿੱਖੀ ਪ੍ਰਚਾਰ-ਪ੍ਰਸਾਰ ਦੀਆਂ ਯੋਜਨਾਵਾਂ ਨੂੰ ਉਲੀਕ ਕੇ ਅਮਲ ਵਿਚ ਲਿਆਉਂਦੀ ਹੈ। ਸਿੱਖੀ ਦੇ ਪ੍ਰਚਾਰ-ਪ੍ਰਸਾਰ ਦਾ ਘੇਰਾ ਪੰਜਾਬ ਤੋਂ ਬਾਹਰ ਵੀ ਵਿਸ਼ਾਲ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਵੱਖ-ਵੱਖ ਸੂਬਿਆਂ ਵਿਚ 13 ‘ਸਿੱਖ ਮਿਸ਼ਨ’ ਬਣਾਏ ਹਨ। ਭਾਰਤ ਤੋਂ ਇਲਾਵਾ ਨੇਪਾਲ ਅਤੇ ਅਮਰੀਕਾ ਦੇ ਯੂਬਾ ਸਿਟੀ ਵਿਚ ਵੀ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ‘ਸਿੱਖ ਮਿਸ਼ਨ’ ਖੋਲ੍ਹੇ ਗਏ ਹਨ। ਸਿੱਖ ਇਤਿਹਾਸ ਰਿਸਰਚ ਬੋਰਡ ਸਿੱਖ ਇਤਿਹਾਸ ਨਾਲ ਸਬੰਧਤ ਦਸਤਾਵੇਜ਼ਾਂ ਦੀ ਸੰਭਾਲ, ਧਾਰਮਿਕ ਅਤੇ ਇਤਿਹਾਸਕ ਕਿਤਾਬਾਂ ਅਤੇ ਹੋਰ ਸਾਹਿਤ ਦੀ ਛਪਾਈ, ਖੋਜਾਂ ਅਤੇ ਸੁਧਾਈ ਦੇ ਕੰਮ ਕਰਦਾ ਹੈ। ਨਿਰਸੰਦੇਹ ਅੱਜ ਦ੍ਰਿੜ੍ਹ ਇੱਛਾ-ਸ਼ਕਤੀ ਦੀ ਘਾਟ ਅਤੇ ਸਪਸ਼ਟ ਨਿਸ਼ਾਨਿਆਂ ਦੀ ਅਣਹੋਂਦ ਕਾਰਨ ਸ਼੍ਰੋਮਣੀ ਕਮੇਟੀ ਦੀ ਤਾਕਤ ਨੂੰ ਸਿਆਸੀ ਹਿੱਤਾਂ ਲਈ ਵਰਤਿਆ ਜਾਣ ਲੱਗਾ ਹੈ ਪਰ ਇਕ ਗੱਲ ਸਪਸ਼ਟ ਹੈ ਕਿ ਇਹ ਸਿੱਖਾਂ ਦਾ ਇਕ ਸ਼ਕਤੀਸ਼ਾਲੀ ਮੰਚ ਹੈ ਜਿਸ ਰਾਹੀਂ ਵਿਸ਼ਵ-ਵਿਆਪੀ ਸਿੱਖ ਕੌਮ ਆਪਣੇ ਧਾਰਮਿਕ, ਸਮਾਜਿਕ, ਸੱਭਿਆਚਾਰਕ, ਰਾਜਨੀਤਕ ਅਤੇ ਆਰਥਿਕ ਸਰੋਕਾਰਾਂ ਅਤੇ ਨਿਸ਼ਾਨਿਆਂ ਦੀ ਪੂਰਤੀ ਕਰ ਸਕਦੀ ਹੈ। ਸ਼੍ਰੋਮਣੀ ਕਮੇਟੀ ਦੇ ਵਿਸ਼ਾਲ ਸੰਵਿਧਾਨਕ ਆਧਾਰ, ਢਾਂਚੇ, ਸਿੱਖ ਸਰੋਕਾਰਾਂ ਵਿਚ ਸਰਗਰਮ ਭੂਮਿਕਾ, ਇਤਿਹਾਸਕ ਮਹੱਤਤਾ ਅਤੇ ਪ੍ਰਭੂਸੱਤਾ ਕਾਰਨ ਹੀ ਇਸ ਨੂੰ ਸਿੱਖਾਂ ਦੀ ਪਾਰਲੀਮੈਂਟ ਆਖਿਆ ਜਾਂਦਾ ਹੈ।
ਬਕਾਇਦਾ ਇਕ ਪ੍ਰਭਾਵੀ ਪਾਰਲੀਮੈਂਟ ਵਜੋਂ ਕਾਰਜਸ਼ੀਲ ਹੋਣ ਲਈ ਸ਼੍ਰੋਮਣੀ ਕਮੇਟੀ ਨੂੰ ਨਵੇਂ ਪ੍ਰਸੰਗਾਂ ਵਿਚ ਆਪਣੀ ਭੂਮਿਕਾ ਨੂੰ ਵਧੇਰੇ ਜਵਾਬਦੇਹ ਅਤੇ ਸਾਰਥਕ ਬਣਾਉਣ ਦੇ ਬਹੁਮੁਖੀ ਉਪਰਾਲਿਆਂ ਅਤੇ ਸੁਧਾਰਾਂ ਦੀ ਲੋੜ ਹੈ। ਸਭ ਤੋਂ ਜ਼ਰੂਰੀ ਸ਼੍ਰੋਮਣੀ ਕਮੇਟੀ ਦੀਆਂ 5 ਸਾਲ ਬਾਅਦ ਹੋਣ ਵਾਲੀਆਂ ਆਮ ਚੋਣਾਂ ਨੂੰ ਸਮੇਂ ਸਿਰ ਕਰਵਾਉਣਾ ਹੈ। ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਸ਼੍ਰੋਮਣੀ ਕਮੇਟੀ ਵਿਚ ਦਖ਼ਲਅੰਦਾਜ਼ੀ ਕਰਦਿਆਂ ਦੇਰ-ਦੇਰ ਤੱਕ ਚੋਣਾਂ ਨਹੀਂ ਕਰਵਾਉਂਦੀਆਂ। ਸ਼੍ਰੋਮਣੀ ਕਮੇਟੀ ਦੇ 100 ਸਾਲਾਂ ਦੇ ਇਤਿਹਾਸ ਦੌਰਾਨ ਇਸ ਦੇ ਪੰਜ ਸਾਲਾ ਹਾਊਸ ਦੀਆਂ 14 ਵਾਰ ਚੋਣਾਂ ਹੋਈਆਂ ਜਦੋਂ ਕਿ ਨਿਯਮਾਂ ਮੁਤਾਬਕ ਹੁਣ ਤਕ 18 ਵਾਰ ਚੋਣਾਂ ਹੋਣੀਆਂ ਚਾਹੀਦੀਆਂ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਇਕ ਸਾਲ ਦਾ ਕਾਰਜਕਾਲ ਵੀ ਇੰਨੀ ਵੱਡੀ ਅਤੇ ਜ਼ਿੰਮੇਵਾਰ ਸੰਸਥਾ ਨੂੰ ਬਿਹਤਰੀਨ ਤਰੀਕੇ ਨਾਲ ਚਲਾਉਣ ਲਈ ਨਾਕਾਫ਼ੀ ਹੈ। ਅਕਸਰ ਪ੍ਰਧਾਨਗੀ ਅਹੁਦੇ ‘ਤੇ ਬੈਠਣ ਵਾਲੇ ਕਿਸੇ ਵੀ ਸ਼ਖ਼ਸ ਅਤੇ ਉਸ ਦੀ ਕਾਰਜਕਾਰਨੀ ਨੂੰ ਇਸ ਸੰਸਥਾ ਦੇ ਸਰੋਕਾਰਾਂ ਅਤੇ ਕਾਰਜਪ੍ਰਣਾਲੀ ਨੂੰ ਚੰਗੀ ਤਰ੍ਹਾਂ ਸਮਝਦਿਆਂ 5-6 ਮਹੀਨੇ ਲੰਘ ਜਾਂਦੇ ਹਨ ਅਤੇ ਬਾਕੀ ਰਹਿੰਦੇ 5-6 ਮਹੀਨਿਆਂ ਵਿਚ ਉਹ ਵਿਸ਼ੇਸ਼ ਪ੍ਰਾਪਤੀਆਂ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਸੇਵਾ-ਸੰਭਾਲ ਦੇ ਪ੍ਰਬੰਧਾਂ ਵਿਚ ਵਧੇਰੇ ਸੁਧਾਰ ਅਤੇ ਧਰਮ ਪ੍ਰਚਾਰ ਲਈ ਸਿੱਟਾਮੁਖੀ ਨਤੀਜੇ ਹਾਸਲ ਨਹੀਂ ਕਰ ਸਕੀ। ਜੇ ਸਿੱਖ ਗੁਰਦੁਆਰਾ ਐਕਟ ਵਿਚ ਸੋਧ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕਾਰਜਕਾਲ ਇਸ ਦੇ 5 ਸਾਲਾ ਹਾਊਸ ਮੁਤਾਬਕ ਢਾਈ ਸਾਲ ਦਾ ਕਰ ਦਿੱਤਾ ਜਾਵੇ ਤਾਂ ਕਿਸੇ ਵੀ ਪ੍ਰਧਾਨ ਤੇ ਉਸ ਦੀ ਕਾਰਜਕਾਰਨੀ ਨੂੰ ਵੱਧ ਜ਼ਿੰਮੇਵਾਰੀ ਅਤੇ ਸ਼ਿੱਦਤ ਨਾਲ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ।
ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਐਕਟ ਵਿਚ ਸੋਧ ਕਰਵਾ ਕੇ 4 ਸਾਲਾ ਹਾਊਸ ਮੁਤਾਬਕ ਪ੍ਰਧਾਨਗੀ ਕਾਲ 1 ਸਾਲ ਤੋਂ ਵਧਾ ਕੇ 2 ਸਾਲ ਕਰਵਾ ਚੁੱਕੀ ਹੈ। ਭਾਵੇਂ ਕਿ ਪਿਛਲੇ ਅਰਸੇ ਦੌਰਾਨ ਸ਼੍ਰੋਮਣੀ ਕਮੇਟੀ ਅੰਦਰ ਉੱਚ ਪੱਧਰ ‘ਤੇ ਪ੍ਰਸ਼ਾਸਕੀ ਨਿਘਾਰ, ਵਿੱਤੀ ਬੇਨਿਯਮੀਆਂ ਅਤੇ ਧਰਮ ਪ੍ਰਚਾਰ ਵੱਲ ਅਵੇਸਲਾਪਣ ਆਦਿ ਕਮਜ਼ੋਰੀਆਂ ਦੀ ਵੱਡੇ ਪੱਧਰ ‘ਤੇ ਹੋਈ ਚਰਚਾ ਤੋਂ ਬਾਅਦ ਸੁਧਾਰਾਂ ਦੇ ਯਤਨ ਜ਼ਰੂਰ ਹੋਏ ਪਰ ਬਹੁਤ ਕੁਝ ਹੋਰ ਕਰਨਾ ਬਾਕੀ ਹੈ। ਧਰਮ ਪ੍ਰਚਾਰ ਨੂੰ ਸਿੱਟਾਮੁਖੀ ਬਣਾਉਣ ਲਈ ਦਫ਼ਤਰੀ ਮਾਮਲਿਆਂ ਵਿਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਸਿਆਸੀ ਮੁਫਾਦਾਂ ਤੋਂ ਉੱਪਰ ਉੱਠ ਕੇ ਦ੍ਰਿੜ੍ਹ ਇੱਛਾ-ਸ਼ਕਤੀ ਨਾਲ ਵਿਆਪਕ ਪੱਧਰ ‘ਤੇ ਕੰਮ ਕਰਨ ਦੀ ਲੋੜ ਹੈ। ‘ਇਕ ਪਿੰਡ, ਇਕ ਗੁਰਦੁਆਰਾ’, ‘ਇਕ ਪਿੰਡ, ਇਕ ਸ਼ਮਸ਼ਾਨਘਾਟ’ ਲਹਿਰਾਂ ਅਤੇ ਮੈਡੀਕਲ ਵੈਨਾਂ ਰਾਹੀਂ ਪਿੰਡਾਂ ਦੇ ਗ਼ਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਰਗੀਆਂ ਸ਼ੁਰੂ ਕੀਤੀਆਂ ਯੋਜਨਾਵਾਂ ਧਰਮ ਪ੍ਰਚਾਰ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜਨ ਲਈ ਨਵੀਂ ਪਹਿਲਕਦਮੀ ਆਖੀਆਂ ਜਾ ਸਕਦੀਆਂ ਹਨ। ਲੋੜੀਂਦੇ ਨਤੀਜੇ ਲੈਣ ਲਈ ਇਨ੍ਹਾਂ ਨੂੰ ਲਗਾਤਾਰ ਸਰਗਰਮੀ ਨਾਲ ਅਮਲ ਵਿਚ ਲਿਆਉਣ ਦੀ ਲੋੜ ਹੈ ਤਾਂ ਜੋ ਸਿੱਖ ਸਮਾਜ ਨੂੰ ਜਾਤਪਾਤ ਦੀ ਕੁਰੀਤੀ ਤੋਂ ਮੁਕਤ ਕਰਵਾਇਆ ਜਾ ਸਕੇ। ਪਿਛਲੇ ਸਾਲਾਂ ਤੋਂ ਸਿੱਖ ਪੰਥ ਵਿਚ ਵਿਚਾਰਧਾਰਕ ਵਖਰੇਵਿਆਂ ਨੂੰ ਲੈ ਕੇ ਪੈਦਾ ਹੋ ਰਿਹਾ ਫਿਰਕੂ ਟਕਰਾਅ ਅਤੇ ਵਾਦ-ਵਿਵਾਦ ਸ਼੍ਰੋਮਣੀ ਕਮੇਟੀ ਲਈ ਵੱਡੀ ਚੁਣੌਤੀ ਬਣੇ ਹੋਏ ਹਨ।
ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਲੈ ਕੇ ਪੰਥ ਵਿਚ ਪੈਦਾ ਹੋ ਰਹੇ ਟਕਰਾਅ ਨੂੰ ਦੂਰ ਕਰਨਾ, ਦਸਮ ਗ੍ਰੰਥ ਵਿਵਾਦ ਦਾ ਸਰਬ-ਪ੍ਰਵਾਨਿਤ ਹੱਲ ਕਰਨਾ, ਸਿੱਖ ਇਤਿਹਾਸ ਵਿਚ ਕਥਿਤ ਰਲੇਵੇਂ ਨੂੰ ਲੈ ਕੇ ਪੈਦਾ ਹੋ ਰਹੀਆਂ ਦੁਬਿਧਾਵਾਂ ਨੂੰ ਦੂਰ ਕਰਨ ਲਈ ਸਰਬ-ਪ੍ਰਵਾਨਿਤ ਸਿੱਕੇਬੰਦ ਸਿੱਖ ਇਤਿਹਾਸ ਦਾ ਖਰੜਾ ਤਿਆਰ ਕਰਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰਬ-ਪ੍ਰਵਾਨਿਤ ਟੀਕਾ (ਅਰਥ) ਤਿਆਰ ਕਰਨਾ ਸ਼੍ਰੋਮਣੀ ਕਮੇਟੀ ਦੇ ਤਰਜੀਹੀ ਏਜੰਡੇ ਹੋਣੇ ਚਾਹੀਦੇ ਸਨ ਜਦੋਂ ਕਿ ਪਿਛਲੇ ਲੰਬੇ ਸਮੇਂ ਤੋਂ ਲੋੜੀਂਦੇ ਇਨ੍ਹਾਂ ਕਾਰਜਾਂ ਵੱਲ ਸ਼੍ਰੋਮਣੀ ਕਮੇਟੀ ਦੇ ਨਿਜ਼ਾਮ ਨੇ ਬਹੁਤਾ ਧਿਆਨ ਨਹੀਂ ਦਿੱਤਾ। ਇਨ੍ਹਾਂ ਤੋਂ ਇਲਾਵਾ ਸਿਆਸਤ ਤੋਂ ਨਿਰਲੇਪ ਰਹਿਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਸੰਗਤ ਦੀ ਸੰਤੁਸ਼ਟੀ ਤੇ ਭਰੋਸਾ ਹਾਸਲ ਕਰਨਾ ਵੀ ਸ਼੍ਰੋਮਣੀ ਕਮੇਟੀ ਲਈ ਪ੍ਰੀਖਿਆ ਹੈ। ਸ਼੍ਰੋਮਣੀ ਕਮੇਟੀ ਦੇ ਅਗਲੇ ਪ੍ਰਧਾਨ ਦਾ ਸਿਰੋਪਾ ਕਿਸ ਦੇ ਗਲ ਪਵੇਗਾ, ਇਸ ਸਵਾਲ ਦਾ ਜਵਾਬ ਤਾਂ 27 ਨਵੰਬਰ ਨੂੰ ਮਿਲਣਾ ਹੈ ਪਰ ਸ਼੍ਰੋਮਣੀ ਕਮੇਟੀ ਅੱਗੇ ਮੌਜੂਦਾ ਚੁਣੌਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਰਪੇਸ਼ ਗੰਭੀਰ ਸਿਆਸੀ ਸੰਕਟ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਲਈ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਕਰਨੀ ਵੀ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੈ।

Check Also

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ ਪ੍ਰੋ. ਪੂਰਨ ਸਿੰਘ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ …