Breaking News
Home / ਹਫ਼ਤਾਵਾਰੀ ਫੇਰੀ / ਖੱਟਰ ਸਰਕਾਰ ਦੇ ਨਾਕੇ ਤੋੜ ਕਿਸਾਨ ਦਿੱਲੀ ਦੇ ਬੂਹੇ ‘ਤੇ ਪਹੁੰਚੇ

ਖੱਟਰ ਸਰਕਾਰ ਦੇ ਨਾਕੇ ਤੋੜ ਕਿਸਾਨ ਦਿੱਲੀ ਦੇ ਬੂਹੇ ‘ਤੇ ਪਹੁੰਚੇ

ਸ਼ੰਭੂ, ਅੰਬਾਲਾ, ਕਰਨਾਲ ਅਤੇ ਪਾਣੀਪਤ ‘ਚ ਹਰਿਆਣਾ ਪੁਲਿਸ ਦੀ ਕਿਸਾਨਾਂ ਨੇ ਤੋੜੀ ਘੇਰਾਬੰਦੀ, ਸੋਨੀਪਤ ਵਿਚ ਫਿਰ ਹੋਇਆ ਆਹਮੋ-ਸਾਹਮਣਾ
ਚੰਡੀਗੜ੍ਹ/ਦੀਪਕ ਸ਼ਰਮਾ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਸਿਖਰਾਂ ‘ਤੇ ਹੈ। ਪੰਜਾਬ ਦੇ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਧਰਨੇ ‘ਚ ਸ਼ਾਮਲ ਹੋਣ ਜਾ ਰਹੇ ਹਨ। ਹਰਿਆਣਾ ਦੀ ਭਾਜਪਾ ਸਰਕਾਰ ਦੇ ਕਹਿਣ ‘ਤੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਨੂੰ ਜਾਂਦੇ ਸਾਰੇ 9 ਰਸਤਿਆਂ ‘ਤੇ ਬੈਰੀਕੇਡ ਲਗਾ ਦਿੱਤੇ ਸਨ। ਖੱਟਰ ਸਰਕਾਰ ਵੱਲੋਂ ਲਗਾਏ ਸਾਰੇ ਨਾਕੇ ਤੋੜ ਕੇ ਕਿਸਾਨ ਹੁਣ ਦਿੱਲੀ ਦੇ ਬੂਹੇ ‘ਤੇ ਪਹੁੰਚ ਚੁੱਕੇ ਹਨ। ਇਸ ਦੇ ਚਲਦਿਆਂ ਸ਼ੰਭੂ, ਅੰਬਾਲਾ, ਕਰਨਾਲ ਅਤੇ ਪਾਣੀਪਤ ‘ਚ ਹਰਿਆਣਾ ਪੁਲਿਸ ਦੀ ਕਿਸਾਨਾਂ ਨੇ ਘੇਰਾਬੰਦੀ ਤੋੜ ਦਿੱਤੀ ਅਤੇ ਸੋਨੀਪਤ ਵਿਚ ਫਿਰ ਪੁਲਿਸ ਤੇ ਕਿਸਾਨਾਂ ਦਾ ਆਹਮੋ-ਸਾਹਮਣਾ ਹੋਇਆ।
ਖ਼ਬਰ ਲਿਖੇ ਜਾਣ ਤੱਕ ਜਾਣਕਾਰੀ ਮਿਲੀ ਸੀ ਕਿ 10 ਹਜ਼ਾਰ ਤੋਂ ਵੱਧ ਟਰੈਕਟਰ-ਟਰਾਲੀਆਂ ਤੋਂ ਇਲਾਵਾ ਬੱਸਾਂ, ਕਾਰਾਂ, ਟਰੱਕਾਂ, ਸਕੂਟਰ, ਮੋਟਰ ਸਾਈਕਲਾਂ ਅਤੇ ਹੋਰ ਸਾਧਨਾਂ ਰਾਹੀਂ ਕਿਸਾਨ ਦਿੱਲੀ ਪਹੁੰਚਣ ਲਈ ਹਰਿਆਣਾ ਵਿਚ ਦਾਖਲ ਹੋ ਚੁੱਕੇ ਸਨ। ਇਸ ਤੋਂ ਪਹਿਲਾਂ ਸ਼ੰਭੂ ਬਾਰਡਰ ‘ਤੇ ਪੁਲਿਸ ਨੇ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਰੋਕਿਆ ਤਾਂ ਗੁੱਸੇ ਵਿਚ ਆਏ ਕਿਸਾਨਾਂ ਨੇ ਹਰਿਆਣਾ ਪੁਲਿਸਵਲੋਂ ਲਗਾਈਆਂ ਬੈਰੀਕੇਡਿੰਗ ਤੋੜ ਦਿੱਤੀਆਂ ਅਤੇ ਅੱਗੇ ਵਧ ਗਏ। ਇਹ ਵੀ ਪਤਾ ਲੱਗਾ ਹੈ ਕਿ ਕਿਸਾਨਾਂ ਨੇ ਸ਼ੰਭੂ ਬੈਰੀਅਰ ‘ਤੇ ਬੈਰੀਕੇਡ ਚੁੱਕ ਕੇ ਘੱਗਰ ਦਰਿਆ ਵਿਚ ਸੁੱਟ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੁਛਾਰਾਂ ਵੀ ਮਾਰੀਆਂ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚ ਧੱਕਾਮੁੱਕੀ ਹੋਣ ਦੀਆਂ ਵੀ ਖਬਰਾਂ ਹਨ। ਧਿਆਨ ਰਹੇ ਕਿ ਕਿਸਾਨਾਂ ਨੇ ਹਰਿਆਣਾ ਪੁਲਿਸ ਵਲੋਂ ਸੜਕਾਂ ‘ਤੇ ਰੱਖੇ ਵੱਡੇ-ਵੱਡੇ ਪੱਥਰ ਵੀ ਚੁੱਕ ਕੇ ਪਰੇ ਸੁੱਟ ਦਿੱਤੇ। ਕਿਸਾਨੀ ਸੰਘਰਸ਼ ‘ਚ ਵੱਡੀ ਗਿਣਤੀ ਵਿਚ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ ਹੈ। ਕਿਸਾਨਾਂ ਵਲੋਂ ਲੰਗਰ-ਪਾਣੀ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੇ ਵਿਧਾਇਕ ਪਰਮਿੰਦਰ ਢੀਂਡਸਾ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਸਾਥੀਆਂ ਸਮੇਤ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਸੀ।
ਕੈਪਟਨ ਤੇ ਖੱਟਰ ਆਹਮੋ-ਸਾਹਮਣੇ
ਚੰਡੀਗੜ੍ਹ : ਕਿਸਾਨੀ ਸੰਘਰਸ਼ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਹਮੋ-ਸਾਹਮਣੇ ਹਨ। ਕੈਪਟਨ ਨੇ ਕਿਹਾ ਕਿ ਹਰਿਆਣਾ ਸਰਕਾਰ ਪੁਲਿਸ ਦੇ ਜ਼ੋਰ ਨਾਲ ਕਿਸਾਨਾਂ ਨੂੰ ਕਿਉਂ ਰੋਕ ਰਹੀ ਹੈ। ਉਧਰ ਦੂਜੇ ਪਾਸੇ ਖੱਟਰ ਨੇ ਕਿਹਾ ਕਿ ਕੈਪਟਨ ਕਿਸਾਨਾਂ ਨੂੰ ਭੜਕਾਉਣਾ ਬੰਦ ਕਰਨ।
ਖੇਤੀ ਮੰਤਰੀ ਤੋਮਰ ਨੇ ਕਿਸਾਨਾਂ ਨੂੰ ਅੰਦੋਲਨ ਨਾ ਕਰਨ ਦੀ ਕੀਤੀ ਅਪੀਲ
ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਪੰਜਾਬ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅੰਦੋਲਨ ਨਾ ਕਰਨ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਮੁੱਦਿਆਂ ‘ਤੇ ਗੱਲਬਾਤ ਕਰਕੇ ਮਸਲਿਆਂ ਨੂੰ ਸੁਲਝਾ ਲੈਣਗੇ। ਤੋਮਰ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਸਾਡੀ ਗੱਲਬਾਤ ਦਾ ਸਕਾਰਾਤਮਕ ਨਤੀਜਾ ਨਿਕਲੇਗਾ। ਜ਼ਿਕਰਯੋਗ ਹੈ ਕਿ ਖੇਤੀਬਾੜੀ ਮੰਤਰੀ ਨੇ ਆਉਂਦੀ 3 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨਾਲ ਮੁੜ ਮੀਟਿੰਗ ਕਰਨੀ ਹੈ। ਤੋਮਰ ਨੇ ਇਹ ਵੀ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨ ਸਮੇਂ ਦੀ ਲੋੜ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਨਕਲਾਬੀ ਤਬਦੀਲੀਆਂ ਆਉਣਗੀਆਂ।
ਪੰਜਾਬ ਦਾ ਕਿਸਾਨ ਅਮਰਿੰਦਰ ਦੀਆਂ ਗਲਤੀਆਂ ਦਾ ਭੁਗਤ ਰਿਹੈ ਖਮਿਆਜ਼ਾ : ਭਗਵੰਤ ਮਾਨ
ਚੰਡੀਗੜ੍ਹ : ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕੈਪਟਨ ਅਮਰਿੰਦਰ ਦੀਆਂ ਗਲਤੀਆਂ ਦਾ ਖਮਿਆਜ਼ਾ ਭੁਗਤ ਰਿਹਾ ਹੈ। ਉਨ੍ਹਾਂ ਕੈਪਟਨ ਨੂੰ ਕਮਜ਼ੋਰ ਮੁੱਖ ਮੰਤਰੀ ਦੱਸਿਆ ਅਤੇ ਕਿਹਾ ਕਿ ਕੈਪਟਨ ਜੇਕਰ ਕਿਸਾਨਾਂ ਦੀ ਅਵਾਜ਼ ਸਹੀ ਢੰਗ ਨਾਲ ਚੁੱਕਦੇ ਤਾਂ ਇਹ ਦਿਨ ਨਾ ਦੇਖਣੇ ਪੈਂਦੇ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …