-1.1 C
Toronto
Sunday, February 15, 2026
spot_img
Homeਮੁੱਖ ਲੇਖਹਿੰਦੂ/ਸਿੱਖ ਪਾਣੀ ਤੇ ਮੁਸਲਮਾਨ ਪਾਣੀ ...

ਹਿੰਦੂ/ਸਿੱਖ ਪਾਣੀ ਤੇ ਮੁਸਲਮਾਨ ਪਾਣੀ …

ਡਾ. ਸੁਖਦੇਵ ਸਿੰਘ ਝੰਡ
ਇਹ ਗੱਲ 1892 ਵਿੱਚ ਅੰਗਰੇਜ਼ਾਂ ਵੱਲੋਂ ਵਸਾਈਆਂ ਗਈਆਂ ‘ਬਾਰਾਂ’ ਦੇ ਸਮੇਂ ਦੀ ਹੈ ਜਿਨ੍ਹਾਂ ਵਿੱਚ ਨੀਲੀ ਬਾਰ, ਸਾਂਦਲ ਬਾਰ, ਗੰਜੀ ਬਾਰ, ਕਿਰਾਨਾ ਬਾਰ ਤੇ ਗੌਂਡਲ ਬਾਰ ਸ਼ਾਮਲ ਸਨ। ਇਨ੍ਹਾਂ ‘ਬਾਰਾਂ’ ਨੂੰ ਆਬਾਦ ਕਰਨ ਲਈ ਕਈ ਹੋਰਨਾਂ ਵਾਂਗ ਮੇਰੇ ਪੁਰਖ਼ਿਆਂ ਨੂੰ ਵੀ ਸਾਂਦਲ ਬਾਰ ਦੇ ਚੱਕ ਨੰਬਰ 202 ਵਿੱਚ ਦੋ ਮੁਰੱਬੇ ਜ਼ਮੀਨ ਅਲਾਟ ਹੋ ਗਈ ਅਤੇ ਉਹ ਪਰਿਵਾਰ ਸਮੇਤ ਉੱਥੇ ਚਲੇ ਗਏ। ਜਾਂਦੇ-ਜਾਂਦੇ ਉਹ ਅੰਮ੍ਰਿਤਸਰ ਜ਼ਿਲੇ ਵਿੱਚ ਪੈਂਦੇ ਆਪਣੇ ਪੁਰਾਣੇ ਪਿੰਡ ‘ਤਲਾਵਾਂ’ ਦਾ ਨਾਂ ਵੀ ਆਪਣੇ ਨਾਲ ਲੈ ਗਏ ਤੇ ਉਨ੍ਹਾਂ ਨੇ ਇਹ ਉਸ ਦੇ ‘ਚੱਕ ਨੰਬਰ 202’ ਨਾਲ ਜੋੜ ਲਿਆ। ਪਿੰਡ ਦੇ ਨਾਲ ਹੀ ਕਰਾਚੀ ਤੋਂ ਲਾਹੌਰ ਵੱਲ ਜਾਂਦੀ ਮੇਨ ਰੇਲਵੇ-ਲਾਈਨ ਦਾ ਸਟੇਸ਼ਨ ‘ਗੱਟੀ’ ਸੀ। ਇਹ ਵੀ ਉਨ੍ਹਾਂ ਆਪਣੇ ਇਸ ਨਵੇਂ ਪਿੰਡ ਦੇ ਨਾਂ ਨਾਲ ਨੱਥੀ ਕਰ ਲਿਆ ਤੇ ਇਸ ਤਰ੍ਹਾਂ ਪਿੰਡ ਦਾ ਨਾਂ ‘ਚੱਕ ਨੰਬਰ 202 ਗੱਟੀ ਤਲਾਵਾਂ’ ਬਣ ਗਿਆ।
ਪਿੰਡ ਵਿੱਚ ਉਸ ਸਮੇਂ ਇੱਕ ਹੀ ਸਾਂਝਾ ਖੂਹ ਹੁੰਦਾ ਸੀ ਜਿਸ ਤੋਂ ਹਿੰਦੂ, ਸਿੱਖ ਤੇ ਮੁਸਲਮਾਨ ਸਾਰੇ ਹੀ ਪਾਣੀ ਭਰਦੇ ਹੁੰਦੇ ਸਨ। ਉਂਜ, ਕਈ ਸਰਦੇ-ਪੁੱਜਦੇ ਘਰਾਂ ਵਾਲਿਆਂ ਨੇ ਆਪਣੇ ਘਰਾਂ ਵਿੱਚ ਵੀ ਛੋਟੀਆਂ ਖੂਹੀਆਂ ਲਵਾਈਆਂ ਹੋਈਆਂ ਸਨ, ਜਿਵੇਂ ਕਿ ਮੇਰੇ ਪੁਰਖ਼ਿਆਂ ਦੇ ਘਰ ਵਿੱਚ ਵੀ ਉਨ੍ਹਾਂ ਦੀ ਆਪਣੀ ਇੱਕ ਛੋਟੀ ਜਿਹੀ ਖੂਹੀ ਸੀ ਜਿਸ ਵਿੱਚ ਉਹ 1947 ਦੀ ‘ਵੰਡ’ ਜੋ ਉਨ੍ਹਾਂ ਲਈ ‘ਉਜਾੜੇ’ ਦਾ ਪ੍ਰਤੀਕ ਸੀ, ਦੇ ਸਮੇਂ ਗੁੰਨ੍ਹੇ ਹੋਏ ਆਟੇ ਸਣੇ ਵੱਡੀ ਸਾਰੀ ਪਰਾਤ, ਘਰ ਦਾ ਹੋਰ ‘ਭਾਂਡਾ-ਟੀਡਾਂ’ ਤੇ ‘ਗ਼ੈਰ-ਜ਼ਰੂਰੀ ਸਮਾਨ’ ਸੁੱਟ ਆਏ ਸਨ, ਸ਼ਾਇਦ ਇਸ ਆਸ ਨਾਲ ਕਿ ਉਸ ‘ਵੰਡ’ ਦਾ ‘ਠੰਢ-ਠੰਢੌਲਾ’ ਹੋ ਜਾਣ ‘ਤੇ ਉਹ ਆ ਕੇ ਇਸ ਨੂੰ ਬਾਹਰ ਕੱਢ ਲੈਣਗੇ। ਪਰ ਇਹ ਕਿੱਥੋਂ ਹੋਣਾ ਸੀ?
ਖ਼ੈਰ, ਪਿੰਡ ਦੇ ਬਹੁਤ ਸਾਰੇ ਲੋਕ ਇਸ ਸਾਂਝੇ ਖੂਹ ਦਾ ਹੀ ਪਾਣੀ ਵਰਤਦੇ ਸਨ।
18 ਫ਼ਰਵਰੀ 2023 ਨੂੰ ਪੁਰਖ਼ਿਆਂ ਦੇ ਇਸ ਪਿੰਡ ਦੇ ‘ਦਰਸ਼ਨ’ ਕਰਨ ਗਈ ਸਾਡੀ ‘ਪਰਿਵਾਰਕ ਟੀਮ’ ਜਿਸ ਵਿੱਚ ਮੇਰੇ ਨਾਲ ਪਤਨੀ ਜਗਦੀਸ਼ ਕੌਰ ਝੰਡ, ਛੋਟੀ ਭੈਣ ਗੁਰਚਰਨ ਕੌਰ ਥਿੰਦ ਤੇ ਜੀਜਾ ਜੀ ਡਾ. ਸੁਖਵਿੰਦਰ ਸਿੰਘ ਥਿੰਦ ਸ਼ਾਮਲ ਸਨ, ਦਾ ‘ਮੇਜ਼ਬਾਨ’ ਪਿੰਡ ਦਾ ਵਸਨੀਕ ਸਾਡਾ ਪੁਰਾਣੇ ਵਾਕਿਫ਼ਕਾਰ ਜ਼ਹੂਰ ਹੁਸੈਨ ਸੀ। ਉਸ ਨੇ ਸਾਨੂੰ ਸਾਡੇ ਪੁਰਖ਼ਿਆਂ ਦੇ ਪਿੰਡ ਅਤੇ ਪਿੰਡ ਦੇ ਦੋਹਾਂ ਸਕੂਲਾਂ ਦਾ ਵੀ ਚੱਕਰ ਲਵਾਇਆ ਅਤੇ ਦੱਸਿਆ ਕਿ ਉਸ ਦੀ ਅੰਮੀ ਜੋ ਸਾਡੀ ਪਾਕਿਸਤਾਨ ਫੇਰੀ ਸਮੇਂ 95 ਸਾਲਾਂ ਦੀ ਸੀ ਤੇ ਹੁਣ ਇਸ ਸਮੇ 97 ਸਾਲਾਂ ਤੋਂ ਵੀ ਵਧੇਰੇ ਹੋ ਗਈ ਹੈ, ਉਦੋਂ ਨਵੀਂ-ਨਵੀਂ ਹੀ ਵਿਆਹੀ ਆਈ ਸੀ।
ਵਿਆਹ ਤੋਂ ਕੁਝ ਦਿਨਾਂ ਬਾਅਦ ਜਦੋਂ ਉਹ ਖੂਹ ਤੋਂ ਪਾਣੀ ਦਾ ਘੜਾ ਭਰਨ ਗਈ ਤਾਂ ਕੱਟੜ ਵਿਚਾਰਾਂ ਦੀ ਧਾਰਨੀ ਕਿਸੇ ਸਿੱਖ ਔਰਤ ਨੇ ਉਸ ਨੂੰ ਖੂਹ ਤੋਂ ਇਹ ਕਹਿ ਕੇ ਪਾਣੀ ਭਰਨ ਤੋਂ ਮਨ੍ਹਾਂ ਕਰ ਦਿੱਤਾ ਕਿ ਉਹ ਮੁਸਲਮਾਨੀ ਹੈ ਤੇ ਉਹ ਇਸ ਖੂਹ ਤੋਂ ਪਾਣੀ ਨਹੀਂ ਭਰ ਸਕਦੀ।
ਖ਼ਾਲੀ ਘੜੇ ਨਾਲ ਉਹ ਵਿਚਾਰੀ ਵਾਪਸ ਘਰ ਆ ਗਈ ਤੇ ਆ ਕੇ ਆਪਣੇ ਸਹੁਰਾ ਸਾਬ੍ਹ ਨੂੰ ਇਸ ਦੇ ਬਾਰੇ ਦੱਸਿਆ।
ਉਸ ਦੇ ਸਹੁਰਾ ਸਾਬ੍ਹ (ਜ਼ਹੂਰ ਹੁਸੈਨ ਦੇ ਬਾਪ ਬਹਾਰਦੀਨ ਜੀ) ਮੇਰੇ ਦਾਦਾ ਜੀ ਨੰਬਰਦਾਰ ਠਾਕਰ ਸਿੰਘ ਦੇ ਗੂੜ੍ਹੇ ਦੋਸਤ ਸਨ। ਉਨ੍ਹਾਂ ਨੇ ਆਪਣੇ ਦੋਸਤ ਮੇਰੇ ਦਾਦਾ ਜੀ ਨਾਲ ਇਸ ਦੇ ਬਾਰੇ ਗੱਲ ਸਾਂਝੀ ਕੀਤੀ।
ਜ਼ਹੂਰ ਹੁਸੈਨ ਨੇ ਦੱਸਿਆ (ਜੋ ਉਸ ਨੇ ਆਪਣੇ ਬਾਪ-ਦਾਦਾ ਤੋਂ ਸੁਣਿਆਂ ਹੋਇਆ ਸੀ) ਕਿ ਓਸੇ ਦਿਨ ਹੀ ਦਾਦਾ ਜੀ ਨੇ ਪਿੰਡ ਦੇ ਤਰਖਾਣ ਨੂੰ ਸੱਦ ਕੇ ਉਸ ਨੂੰ ਖੂਹ ਉੱਪਰ ਪਹਿਲੀ ਚਰਖੜੀ ਦੇ ਸਾਹਮਣੇ ਦੂਸਰੇ ਪਾਸੇ ਇੱਕ ਹੋਰ ਚਰਖੜੀ ਬਣਾ ਕੇ ਲਾਉਣ ਲਈ ਕਹਿ ਦਿੱਤਾ।
ਅਗਲੇ ਦਿਨ ਹੀ ਲੱਕੜ ਦੀਆਂ ਦੋ ਥੰਮ੍ਹੀਆਂ ਗੱਡ ਕੇ ਉਨ੍ਹਾਂ ਦੇ ਉੱਪਰ ਨਵੀਂ ਚਰਖੜੀ ਲੱਗ ਗਈ ਅਤੇ ਮੁਸਲਮਾਨ ਔਰਤਾਂ ਇਸ ਤੋਂ ਖੂਹ ਵਿੱਚੋਂ ਪਾਣੀ ਭਰਨ ਲੱਗ ਪਈਆਂ। ਜ਼ਹੂਰ ਹੁਸੈਨ ਦੇ ਦੱਸਣ ਅਨੁਸਾਰ ਉੱਥੇ ”ਹਿੰਦੂ/ਸਿੱਖ ਪਾਣੀ ਤੇ ਮੁਸਲਮਾਨ ਪਾਣੀ” ਦੀ ਇਸ ਤਰ੍ਹਾਂ ਦੀ ਕੋਈ ਘਟਨਾ ਫਿਰ ਕਦੇ ਨਹੀਂ ਸੀ ਵਾਪਰੀ।
***

RELATED ARTICLES
POPULAR POSTS