Breaking News
Home / ਮੁੱਖ ਲੇਖ / ਪੰਜਾਬੀਆਂ ਅਤੇ ਨਵੀਂ ਸਰਕਾਰ ਦੇ ਨਾਮ ਖੁੱਲ੍ਹੀ ਚਿੱਠੀ

ਪੰਜਾਬੀਆਂ ਅਤੇ ਨਵੀਂ ਸਰਕਾਰ ਦੇ ਨਾਮ ਖੁੱਲ੍ਹੀ ਚਿੱਠੀ

ਡਾ: ਬਲਵਿੰਦਰ ਸਿੰਘ
ਅਤੇ ਸੰਦੀਪ ਕੌਰ
ਲਿਖਤੁਮ ਰੇਡੀਓ ਸਰਗਮ ਦੀ ਟੀਮ, ਅਤੇ ਅੱਗੇ ਮਿਲੇ ਸਤਿਕਾਰਯੋਗ ਸਮੁੱਚੇ ਪੰਜਾਬ ਵਾਸੀਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ।
ਅਸੀਂ ਇਸ ਜਗ੍ਹਾ ਰਾਜ਼ੀ ਖੁਸ਼ੀ ਹਾਂ ਅਤੇ ਤੁਹਾਡੀ ਸਭਨਾਂ ਦੀ ਰਾਜ਼ੀ ਖੁਸ਼ੀ ਤੇ ਖੁਸ਼ਹਾਲੀ ਦੀ ਅਰਦਾਸ ਕਰਦੇ ਹਾਂ।
ਅੱਗੇ ਸਮਾਚਾਰ ਇਹ ਹੈ ਕਿ 10 ਮਾਰਚ ਨੂੰ ਪੰਜਾਬ ਚੋਣਾਂ ਦੇ ਆਏ ਨਤੀਜਿਆਂ ਤੋਂ ਦੁਨੀਆਂ ਦੇ ਹਰ ਕੋਨੇ ਵਿੱਚ ਬੈਠਾ ਇਕ ਆਮ ਆਦਮੀ ਖੁਸ਼ੀ ਤੇ ਤਸੱਲੀ ਦਾ ਅਨੁਭਵ ਕਰ ਰਿਹਾ ਹੈ। ਅਸਲੀਅਤ ਇਹ ਵੀ ਹੈ ਕਿ ਜਿੱਥੇ ਬਾਹਰਲੇ ਪੰਜਾਬੀਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਕਰਕੇ ਹੈ, ਓਸ ਤੋਂ ਕਿਤੇ ਵੱਧ ਰਵਾਇਤੀ ਪਾਰਟੀਆਂ ਦੇ ਹਾਰ ਜਾਣ ‘ਤੇ ਹੈ। ਜਦੋਂ ਅਸੀਂ ਪਰਦੇਸੀਂ ਵੱਸਦੇ ਇਕ ਆਮ ਪੰਜਾਬੀ ਦੀ ਗੱਲ ਕਰ ਰਹੇ ਹਾਂ ਤਾਂ ਸਾਡਾ ਮਤਲਬ ਓਸ ਪੰਜਾਬੀ ਤੋਂ ਹੈ ਜੋ ਇਕ ਸੁਚੱਜੀ ਸੋਚ ਦਾ ਮਾਲਕ ਹੋਣ ਦੇ ਨਾਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਵਿੱਚ ਵਿਸ਼ਵਾਸ ਰੱਖਦਾ ਹੈ। ਜ਼ਾਹਿਰ ਹੈ ਕਿ ਇਹੋ ਜਿਹਾ ਪੰਜਾਬੀ, ਭਲੇ ਹੀ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਕ ਕਿਉਂ ਨਾ ਰਿਹਾ ਹੋਵੇ, ਓਹ ਏਸ ਸੱਜਰੀ ਤੇ ਵੱਡੀ ਤਬਦੀਲੀ ਦਾ ਸਵਾਗਤ ਜ਼ਰੂਰ ਕਰੇਗਾ – ਬਾਹਰੋਂ ਨਹੀਂ ਤਾਂ ਅੰਦਰੋਂ . . . ਤੇ ਜੇ ਬਹੁਤਾ ਨਹੀਂ ਤਾਂ ਥੋੜ੍ਹਾ।
ਲੰਮੇ ਸਮੇਂ ਤੋਂ ਬਾਹਰਲੇ ਦੇਸ਼ਾਂ ਵਿਚ ਵੱਸ ਰਹੇ ਲੱਖਾਂ ਪੰਜਾਬੀਆਂ ਨੇ ਜਿੰਨੀਆਂ ਮਰਜ਼ੀ ਸਹੂਲਤਾਂ ਦਾ ਆਨੰਦ ਮਾਣਿਆ ਹੋਵੇ, ਓਹ ਜ਼ਿਹਨੀ ਤੌਰ ‘ਤੇ ਪੰਜਾਬ ਵਿੱਚ ਗੁਜ਼ਾਰੇ ਆਪਣੇ ਬਚਪਨ ਜਾਂ ਜਵਾਨੀ ਦੇ ਦਿਨਾਂ ਨੂੰ ਕਦੀ ਵੀ ਵਸਾਰ ਨਹੀਂ ਸਕੇ। ਓਹ ਆਨੀ ਬਹਾਨੀ ਪੰਜਾਬ ਦਾ ਗੇੜਾ ਮਾਰਦੇ ਹੀ ਰਹਿੰਦੇ ਨੇ ਤੇ ਆਪਣੀ ਮਿੱਟੀ ਪ੍ਰਤੀ ਆਪਣੇ ਮੋਹ ਨੂੰ ਨਵਿਆਉਂਦੇ ਰਹਿੰਦੇ ਨੇ; ਓਹ ਕਦੀ ਵੀ ਆਪਣੀ ਧਰਤੀ ਨਾਲੋਂ ਟੁੱਟ ਨਹੀਂ ਸਕੇ। ਹਾਂ, ਆਪਣੀ ਹਰ ਫੇਰੀ ਤੋਂ ਪਰਤਣ ਬਾਅਦ ਓਹਨਾਂ ਦੇ ਮਨ ਪਹਿਲਾਂ ਨਾਲੋਂ ਵੱਧ ਉਦਾਸ ਜ਼ਰੂਰ ਹੁੰਦੇ ਨੇ। ਏਸ ਉਦਾਸੀ ਦਾ ਸਬੱਬ ਪੰਜਾਬ ਨੂੰ ਛੱਡ ਕੇ ਆਉਣਾ ਨਹੀਂ (ਓਹਦੇ ਨਾਲ ਤਾਂ ਓਹ ਕਦੋਂ ਦੇ ਸਮਝੌਤਾ ਕਰ ਚੁੱਕੇ ਨੇ), ਸਗੋਂ ਪੰਜਾਬ ਦੀ ਬਦ ਤੋਂ ਬਦਤਰ ਹੋ ਰਹੀ ਹਾਲਤ ਹੁੰਦਾ ਹੈ। ਪੰਜਾਬ ਦੀ ਬਿਹਤਰੀ ਦੀ ਸੁੱਖ ਮੰਗਣ ਵਾਲਾ ਕੋਈ ਵਿਰਲਾ ਹੀ ਪੰਜਾਬੀ ਹੋਏਗਾ ਜੋ ਪੰਜਾਬ ਦੀ ਅਜੋਕੀ ਆਰਥਿਕ, ਸਮਾਜਿਕ ਤੇ ਸਿਆਸੀ ਸਥਿਤੀ ਤੋਂ ਨਿਰਾਸ਼ ਨਾ ਹੋਵੇ।
ਕਿਰਸਾਨੀ ਦੀ ਨਿਰੰਤਰ ਨਿੱਘਰ ਰਹੀ ਹਾਲਤ, ਖੇਤੀ ਦੀ ਲਗਾਤਾਰ ਵਧ ਰਹੀ ਲਾਗਤ ਤੇ ਫਸਲਾਂ ਦੀ ਘਟ ਰਹੀ ਕੀਮਤ, ਛੋਟੇ ਕਿਸਾਨਾਂ ਦੇ ਸਿਰ ਵਧ ਰਹੇ ਵੱਡੇ ਕਰਜ਼ਿਆਂ ਦਾ ਬੋਝ, ਖ਼ੁਦਕੁਸ਼ੀਆਂ ਦੀ ਭਰਮਾਰ, ਸਰਕਾਰੀ ਸਕੂਲਾਂ ਦੀ ਮੰਦਹਾਲੀ, ਸਿਹਤ ਸੇਵਾਵਾਂ ਦੀ ਕਮੀ, ਪਬਲਿਕ ਟ੍ਰਾਂਸਪੋਰਟ ਦੀ ਖਸਤਾ ਹਾਲਤ, ਸੜਕਾਂ ਦੀ ਦੁਰਦਸ਼ਾ, ਹੱਡਾਂ ਵਿੱਚ ਰਚੀ ਹੋਈ ਰਿਸ਼ਵਤ ਖੋਰੀ, ਨਸ਼ਿਆਂ ਦੇ ਵਹਿੰਦੇ ਛੇਵੇਂ ਦਰਿਆ, ਰੇਤ ਮਾਫ਼ੀਆ ਦੀਆਂ ਮਨਆਈਆਂ, ਗੈਂਗਸਟਰਾਂ ਦੇ ਟੋਲਿਆਂ ਵਿੱਚ ਵਾਧਾ – ਇਹ ਕੁਝ ਕੁ ਓਹ ਤੱਥ ਨੇ ਜੋ ਹਰ ਸੁਹਿਰਦ ਪੰਜਾਬੀ ਦੇ ਦਿਲ ਨੂੰ ਧੂਹ ਪਾਉਂਦੇ ਨੇ। ਜਿਸ ਤਰੀਕੇ ਪੰਜਾਬ ਦੀ ਨੌਜਵਾਨੀ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈ ਦੇ ਨਾਮ ‘ਤੇ ਆਉਣੀ ਸ਼ੁਰੂ ਹੋਈ ਹੈ, ਓਹ ਪੰਜਾਬ ਦੇ ਭਵਿੱਖ ਲਈ ਕੋਈ ਚੰਗੀ ਨਿਸ਼ਾਨੀ ਨਹੀਂ। ਬਿਨਾਂ ਸ਼ੱਕ ਓਹਨਾਂ ਦਾ ਪੂਰਨ ਹੱਕ ਹੈ ਕਿ ਓਹ ਜਿੱਥੇ ਜਾਣਾ ਚਾਹੁਣ ਜਾ ਸਕਦੇ ਨੇ, ਪ੍ਰੰਤੂ ਆਪਾਂ ਸੱਚਾਈ ਤੋਂ ਮੁਨਕਰ ਨਹੀਂ ਹੋ ਸਕਦੇ : ਓਹ ਇਹ, ਕਿ ਬਹੁਤੇ ਮਾਪਿਆਂ ਦੀ ਆਰਥਿਕ ਹਾਲਤ ਏਨੀ ਸੁਖਾਵੀਂ ਨਹੀਂ ਕਿ ਓਹ ਬਾਹਰਲੇ ਦੇਸ਼ਾਂ ਵਿੱਚ ਦੁੱਗਣੀਆਂ-ਤਿੱਗਣੀਆਂ ਫੀਸਾਂ ਦੇ ਕੇ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਸੌਖਿਆਂ ਹੀ ਭੇਜ ਸਕਣ। ਜੋ ਬੱਚੇ ਪਹੁੰਚ ਵੀ ਜਾਂਦੇ ਨੇ ਓਹਨਾਂ ਵਾਸਤੇ ਵੱਡੀਆਂ ਫੀਸਾਂ ਉਤਾਰਨ ਦਾ ਬੋਝ ਹੀ ਨਹੀਂ, ਬਲਕਿ ਰਹਾਇਸ਼, ਖਾਣ-ਪੀਣ, ਬੱਸਾਂ-ਟੈਕਸੀਆਂ ਦੇ ਭਾੜੇ, ਕੱਪੜੇ ਆਦਿ ਦੇ ਵੱਡੇ ਖਰਚੇ ਨੂੰ ਪੂਰਾ ਕਰਨਾ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਮਿਹਨਤੀ ਬੱਚੇ ਕੰਮ ਕਰਨ ਲਈ ਤਿਆਰ ਨੇ, ਪਰ 20 ਘੰਟੇ ਤੋਂ ਵੱਧ ਕੰਮ ਓਹ ਕਰ ਨਹੀਂ ਸਕਦੇ। ਜੇ ਕਿਸੇ ਤਰ੍ਹਾਂ ਬਹੁਤਾ ਕੰਮ ਲੱਭ ਵੀ ਲੈਂਦੇ ਨੇ ਤਾਂ ਫਿਰ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਗੰਭੀਰ ਮਾਨਸਿਕ ਤਣਾਓ ਸਦਕਾ, ਕਈ ਜਵਾਨ ਕੀਮਤੀ ਜਾਨਾਂ ਜਾ ਚੁੱਕੀਆਂ ਨੇ।
ਏਸ ਤ੍ਰਾਸਦੀ ਦਾ ਮੁੱਢ ਕਿਥੋਂ ਬੱਝਦੈ? ਪੰਜਾਬ ਵਿੱਚ ਬਿਨਾਂ ਰੋਕ ਟੋਕ ਵਧ ਰਹੀ ਬੇਰੁਜਗਾਰੀ ਸਦਕਾ। ਜੇਕਰ ਪੰਜਾਬ ਦੀਆਂ ਸਰਕਾਰਾਂ ਨੇ ਬੀਤੇ ਦਹਾਕਿਆਂ ਵਿੱਚ ਚੰਗੀ ਵਿੱਦਿਆ ਮੁਹੱਈਆ ਕਰਨ ਵਾਲੇ ਪਾਸੇ ਧਿਆਨ ਦਿੱਤਾ ਹੁੰਦਾ, ਰੁਜਗਾਰ ਪੈਦਾ ਕਰਨ ਦੇ ਵਸੀਲੇ ਤਿਆਰ ਕੀਤੇ ਹੁੰਦੇ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲੱਤ ਲਗਣ ਤੋਂ ਰੋਕਣ ਲਈ ਕੋਈ ਉਪਾਅ ਸੋਚੇ ਹੁੰਦੇ ਤੇ ਓਹਨਾਂ ਲਈ ਰੋਸ਼ਨ ਭਵਿੱਖ ਦੇ ਸਾਧਨ ਪੈਦਾ ਕੀਤੇ ਹੁੰਦੇ ਤਾਂ ਕਿਹੜਾ ਕਰਮਾਂ ਮਾਰਿਆ ਮਾਪਾ ਆਪਣੇ ਪੁਰਖਿਆਂ ਦੀ ਚਾਰ ਸਿਆੜ ਜਮੀਨ ਗਹਿਣੇ ਰੱਖ ਕੇ ਜਾਂ ਵੇਚ ਕੇ, ਆਪਣੇ ਸੀਨੇ ਦੇ ਟੁਕੜਿਆਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਹਜ਼ਾਰਾਂ ਮੀਲ ਦੂਰ ਭੇਜਦਾ? ਹਾਲ ਹੀ ਵਿੱਚ ਯੁਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਗਏ ਹੋਏ ਸੈਂਕੜੇ ਪੰਜਾਬੀ ਨੌਜਵਾਨ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਨਿੱਕਲੇ ਨੇ, ਹਾਲਾਂਕਿ ਕੁਝ ਦੇ ਘਰਾਂ ਦੇ ਦੀਵੇ ਸਦਾ ਲਈ ਬੁਝ ਗਏ ਨੇ।
ਤੁਸੀਂ ਵੀ ਭਲੀ ਪ੍ਰਕਾਰ ਸਮਝਦੇ ਓ ਕਿ ਇਸ ਤਰ੍ਹਾਂ ਦੇ ਦੁਖਾਂਤ ਬੀਤੇ ਸਮੇਂ ਦੀਆਂ ਸਰਕਾਰਾਂ ਦੀ ਗੈਰ-ਜ਼ਿੰਮੇਵਾਰਾਨਾ ਸੋਚ ਅਤੇ ਦੂਰ-ਅੰਦੇਸ਼ੀ ਦੇ ਦੀਵਾਲੇਪਣ ਕਰਕੇ ਵਾਪਰੇ ਹਨ। ਪ੍ਰੰਤੂ ਪੰਜਾਬੀਓ, ਜਿੱਥੇ ਨਿਰਸੰਦੇਹ ਇਹ ਦੋਸ਼ ਸਰਕਾਰਾਂ ਸਿਰ ਮੜ੍ਹਿਆ ਜਾ ਸਕਦਾ ਹੈ, ਓਥੇ ਤੁਸੀਂ ਵੀ ਆਪਣੇ ਆਪ ਨੂੰ ਬਿੱਲਕੁੱਲ ਬਰੀ ਨਹੀਂ ਕਰ ਸਕਦੇ। ਸਰਕਾਰਾਂ ਕਿਤਿਓਂ ਬਾਹਰੋਂ ਲਿਆ ਕੇ ਨਹੀਂ ਬਿਠਾ ਦਿੱਤੀਆਂ ਜਾਂਦੀਆਂ। ਓਹ ਤੁਹਾਡੇ ਵੱਲੋਂ ਪਾਈਆਂ ਗਈਆਂ ਵੋਟਾਂ ਨਾਲ ਹੀ ਬਣਦੀਆਂ ਆਈਆਂ ਨੇ; ਇਹਨਾਂ ਨੂੰ ਤੁਸੀਂ ਖ਼ੁਦ ਚੁਣਦੇ ਰਹੇ ਓ – ਤੇ ਬਾਅਦ ਵਿੱਚ ਖ਼ੁਦ ਹੀ ਪਛਤਾਉਂਦੇ ਰਹੇ ਓ। ਅਸੀਂ ਪਰਦੇਸੀ ਪੰਜਾਬੀਆਂ ਨੇ ਕਿਹੜੀ ਵਾਹ ਨਹੀਂ ਲਗਾਈ ਕਿ ਪੰਜਾਬ ਦਾ ਸੂਬਾ ਮੁੜ ਤੋਂ ਖੁਸ਼ਹਾਲ ਹੋ ਜਾਵੇ, ਇਹਦੇ ਲੋਕ ਫਿਰ ਤੋਂ ਤਰੱਕੀਆਂ ਦੇ ਰਾਹ ‘ਤੇ ਆ ਜਾਣ, ਕਿਸੇ ਤਰ੍ਹਾਂ ਭ੍ਰਿਸ਼ਟਾਚਾਰ ਨੂੰ ਨੱਥ ਪੈ ਜਾਵੇ, ਰੁਜਗਾਰ ਦੇ ਸੋਮੇ ਪੈਦਾ ਹੋ ਜਾਣ, ਪ੍ਰੰਤੂ ਸਾਡੀ ਪੇਸ਼ ਨਹੀਂ ਗਈ . . . ਬਹੁਤੇ ਐਨ.ਆਰ.ਆਈਜ਼ ਹੁਣ ਢੇਰੀ ਢਾਹ ਕੇ ਬੈਠ ਗਏ ਸਨ ਕਿ ਪੰਜਾਬੀ ਵੋਟਰਾਂ ਨੇ ਦਹਾਕਿਆਂ ਪੁਰਾਣੀ ‘ਉਤਰ ਕਾਟ੍ਹੋ ਮੈਂ ਚੜ੍ਹਾਂ’ ਵਾਲੀਆਂ ਪਾਰਟੀਆਂ ਦੇ ਹੱਕ ਵਿੱਚ ਭੁਗਤਣ ਵਾਲੀ ਆਪਣੀ ਆਦਤ ਨਹੀਂ ਤਿਆਗਣੀ, ਏਸ ਲਈ ਸਿਵਾ ਨਿਰਾਸ਼ਾ ਦੇ ਹੱਥ ਕੁਝ ਨਹੀਂ ਆਉਣਾ। ਪਰ ਸਲਾਮ ਤੁਹਾਨੂੰ ਪੰਜਾਬੀਓ ਕਿ ਇਸ ਵਾਰ ਤੁਸੀਂ ਸਾਨੂੰ ਗਲਤ ਸਾਬਤ ਕਰ ਵਿਖਾਇਆ ਹੈ। ਤੁਸੀਂ ਬੜੀ ਸੂਝ ਤੋਂ ਕੰਮ ਲੈਂਦੇ ਹੋਏ ਪੰਜਾਬ ਦੀ ਵਾਗਡੋਰ ਇੱਕ ਓਸ ਪਾਰਟੀ ਦੇ ਹੱਥ ਫੜਾਈ ਹੈ, ਜੋ ਕਿ ਲੰਮੇ ਸਮੇਂ ਤੋਂ ਰਾਜ ਕਰਦੀਆਂ ਆ ਰਹੀਆਂ ਪਾਰਟੀਆਂ ਨੂੰ ਚੁਣੌਤੀ ਦੇਣ ਲਈ ਕੁਝ ਸਾਲਾਂ ਤੋਂ ਸਰਗਰਮ ਹੈ। ਆਇਆ, ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਤੁਹਾਡੀਆਂ ਉਮੰਗਾਂ ‘ਤੇ ਖਰੀ ਉਤਰਦੀ ਹੈ ਜਾਂ ਨਹੀਂ, ਇਹ ਕਹਿਣਾ ਹਾਲ ਦੀ ਘੜੀ ਉਚਿੱਤ ਨਹੀਂ। ਕੋਈ ਭਲਵਾਨ ਆਪਣੀ ਭੱਲ ਜਿੰਨੀ ਮਰਜ਼ੀ ਬਣਾਈ ਜਾਏ, ਓਹਦਾ ਅਸਲ ਇਮਤਿਹਾਨ ਅਖਾੜੇ ਵਿੱਚ ਉੱਤਰਨ ਤੋਂ ਬਾਅਦ ਹੀ ਆਉਂਦਾ ਹੈ। ਤੁਸੀਂ ਇਕ ਨਵੇਂ ਭਲਵਾਨ ਨੂੰ ਏਸ ਕਦਰ ਤਿਆਰ ਕਰ ਦਿੱਤਾ ਹੈ ਕਿ ਓਹ ਅਖਾੜੇ ਵਿੱਚ ਉਤਰ ਆਇਆ ਹੈ, ਇਸ ਲਈ ਤੁਸੀਂ ਏਸ ਇਤਿਹਾਸਕ ਤਬਦੀਲੀ ਲਿਆਉਣ ਵਾਸਤੇ ਵਧਾਈ ਦੇ ਪਾਤਰ ਹੋ।
ਪੰਜਾਬ ਦੇ ਪੁਨਰ ਗਠਨ ਤੋਂ ਬਾਅਦ ਮੁੱਖ ਤੌਰ ‘ਤੇ ਕਾਂਗਰਸ ਅਤੇ ਅਕਾਲੀ ਦਲ ਪਾਰਟੀਆਂ ਨੇ ਹੀ ਸਰਕਾਰਾਂ ਚਲਾਈਆਂ ਹਨ। ਜੇ ਇਹ ਵੀ ਕਹਿ ਲਿਆ ਜਾਵੇ ਕਿ ਇਹਨਾਂ ਦੋਨਾਂ ਪਾਰਟੀਆਂ ਨੇ ਹੀ ਲੰਮਾਂ ਸਮਾਂ ਰਾਜਿਆਂ ਵਾਂਗ ਰਾਜ ਕੀਤਾ ਹੈ ਤਾਂ ਸ਼ਾਇਦ ਇਹ ਅੱਤਿਕਥਨੀ ਨਹੀਂ ਹੋਏਗੀ – ਤੁਸੀਂ ਵੀ ਤਾਂ ਜਾਣਦੇ ਹੀ ਓ। ਜੇ ਇਹਨਾਂ ਨੇ ਰਾਜਿਆਂ ਵਾਂਗ ਰਾਜ ਕਰਨ ਦੀ ਬਜਾਏ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਵਾਂਗੂੰ, ਲੋਕਾਂ ਦੇ ਭਲੇ ਲਈ ਸਰਕਾਰੀ ਕਾਰਜ ਕੀਤੇ ਹੁੰਦੇ ਤਾਂ ਜਨਤਕ-ਤਾਕਤ ਕਦੀ ਵੀ ਓਹਨਾਂ ਦੇ ਖਿਲਾਫ ਏਸ ਤਰ੍ਹਾਂ ਨਾ ਭੁਗਤਦੀ। ਤੁਸੀਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਇਹ ਸਿੱਧ ਕਰ ਵਿਖਾਇਆ ਹੈ ਕਿ ਲੋਕ-ਸ਼ਕਤੀ ਕਿਸੇ ਵੀ ਪਾਰਟੀ, ਕਿਸੇ ਵੀ ਸਿਆਸੀ ਪਰਿਵਾਰ ਜਾਂ ਕਿਸੇ ਵੀ ਘਾਗ ਸਿਆਸਤਦਾਨ ਨੂੰ ਸ਼ੀਸ਼ਾ ਦਿਖਾ ਕੇ ਓਹਨੂੰ ਇਕ ਕਿਸਮ ਦਾ ਸਬਕ ਸਿਖਾ ਸਕਦੀ ਹੈ।
ਸਰਕਾਰਾਂ ਪਹਿਲਾਂ ਵੀ ਬਦਲਦੀਆਂ ਰਹੀਆਂ ਨੇ, ਪ੍ਰੰਤੂ ਓਹਨਾਂ ਦਾ ਕੰਮ ਕਰਨ ਦਾ ਤੌਰ-ਤਰੀਕਾ ਕਦੀ ਨਹੀਂ ਬਦਲਿਆ। ਏਸ ਕਰਕੇ ਇਕ ਸਧਾਰਨ ਨਾਗਰਿਕ ਵਾਸਤੇ ਸਰਕਾਰ ਬਦਲਣ ਦੇ ਕਦੀ ਕੋਈ ਮਾਹਨੇ ਨਹੀਂ ਰਹੇ – ਓਸ ਗਰੀਬੜੇ ਦੀ ਹਾਲਤ ਵਿੱਚ ਕਦੀ ਵੀ ਕੋਈ ਬਦਲਾਓ ਨਹੀਂ ਆਇਆ। ਓਸ ਨੂੰ ਲੱਗਭੱਗ ਹਰ ਸਰਕਾਰੀ ਕੰਮ ਕਰਵਾਉਣ ਵਾਸਤੇ ਕਿਸੇ ਨਾ ਕਿਸੇ ਕਲਰਕ, ਅਫਸਰ ਜਾਂ ਕਿਸੇ ਵਿਚੋਲੇ ਦੀ ਮੁੱਠੀ ਗਰਮ ਕਰਨੀ ਪਈ ਹੈ, ਓਸਨੂੰ ਸਰਕਾਰੀ ਨੌਕਰੀ ਲੈਣ ਲਈ ਵੱਡੀ ਰਿਸ਼ਵਤ ਦੇਣੀ ਪਈ ਆ, ਓਹਨੂੰ ਕੋਈ ਪਰਮਿਟ ਲੈਣ ਲਈ ਕਿਸੇ ਨਾ ਕਿਸੇ ਅਧਿਕਾਰੀ ਨੂੰ ‘ਖੁਸ਼’ ਕਰਨਾ ਪਿਆ ਹੈ, ਓਹਨੂੰ ਆਪਣੇ ਬੱਚੇ ਨੂੰ ਕਿਸੇ ਚੰਗੇ ਸਕੂਲ ਵਿੱਚ ਦਾਖਲਾ ਦਵਾਉਣ ਲਈ ਪ੍ਰਬੰਧਕਾਂ ਨੂੰ ਕੋਈ ਨਾ ਕੋਈ ‘ਫੰਡ’ ਦੇਣਾ ਪਿਆ – ਗੱਲ ਕੀ, ਇਕ ਆਮ ਵਿਅਕਤੀ ਨੂੰ ਕਦਮ ਕਦਮ ‘ਤੇ ਜਾਇਜ ਕੰਮ ਕਰਾਉਣ ਲਈ ਵੀ ਨਾ-ਜਾਇਜ ਤਰੀਕੇ ਵਰਤਣੇ ਪਏ ਨੇ। ਦਹਾਕਿਆਂ ਤੱਕ ਏਸ ਸਿਸਟਮ ਦੇ ਸੰਤਾਪ ਨੂੰ ਭੋਗਦਿਆਂ, ਓਹਨੂੰ ਇਹੀ ਮਹਿਸੂਸ ਹੋਣ ਲੱਗ ਪਿਆ ਕਿ ਕਦੀ ਵੀ, ਕੋਈ ਵੀ ਕੰਮ ਰਿਸ਼ਵਤ ਦਿੱਤੇ ਬਗੈਰ ਸਿਰੇ ਚੜ੍ਹ ਹੀ ਨਹੀਂ ਸਕਦਾ ਤੇ ਆਖੀਰ ਨੂੰ ਓਹਨੂੰ ਇਹ ਸਾਰਾ ਕੰਮ ਨੌਰਮਲ ਲੱਗਣ ਲੱਗ ਪਿਆ, ਇਕ ਆਮ ਜਿਹੀ ਗੱਲ ਲੱਗਣ ਲੱਗ ਪਿਆ। ਬਾਹਰਲੇ ਦੇਸ਼ਾਂ ਵਿੱਚ ਵੱਸਦੇ ਬਹੁਤੇ ਪੰਜਾਬੀਆਂ ਨੂੰ ਏਸ ਤਰ੍ਹਾਂ ਦੇ ਨਿਜ਼ਾਮ ਸਦਕਾ ਹੀ ਆਪਣੇ ਵਤਨ ਨੂੰ ਅਲਵਿਦਾ ਕਹਿਣ ਲਈ ਮਜਬੂਰ ਹੋਣਾ ਪਿਆ।
ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਨਾਲ ਓਸ ਚੱਲ ਰਹੇ ਨਿਜ਼ਾਮ ਵਿੱਚ ਇਕ ਤਬਦੀਲੀ ਦੀ ਕਿਰਨ ਨਜਰ ਆਉਣੀ ਸ਼ੁਰੂ ਹੋਈ ਹੈ। ਰਵਾਇਤੀ ਪਾਰਟੀਆਂ ਦੇ ਝੂਠੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਨਾਲ ਅੱਕ ਚੁੱਕੇ ਲੋਕਾਂ ਨੂੰ ਨਵੀਂ ਸਰਕਾਰ ਕੋਲੋਂ ਇਕ ਆਸ ਬੱਝੀ ਹੈ, ਪਰ ਦੂਜੇ ਪਾਸੇ ਓਸ ਪੁਰਾਣੇ ਨਿਜ਼ਾਮ ਦਾ ਕਿਸੇ ਨਾ ਕਿਸੇ ਤਰ੍ਹਾਂ ਫ਼ਾਇਦਾ ਲੈਣ ਵਾਲੇ ਲੋਕਾਂ ਨੂੰ ਇਹ ਤਬਦੀਲੀ ਹਜਮ ਨਹੀਂ ਹੋ ਰਹੀ। ਜਿਸ ਦਿਨ ਤੋਂ ਨਤੀਜਿਆਂ ਨੇ ਤਿੰਨ-ਤਿੰਨ, ਚਾਰ-ਚਾਰ ਵਾਰ ਲਗਾਤਾਰ ਜਿੱਤਣ ਵਾਲੇ ਉਮੀਦਵਾਰਾਂ ਨੂੰ ਘਰੋਂ ਬਾਹਰ ਨਿੱਕਲਣ ਜੋਗੇ ਵੀ ਨਹੀਂ ਛੱਡਿਆ, ਓਸੇ ਦਿਨ ਤੋਂ ਓਹਨਾਂ ਦੀਆਂ ਪਾਰਟੀਆਂ ਦੇ ਬੁਲਾਰਿਆਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ, ਨਵੀਂ ਬਣੀ ਸਰਕਾਰ ‘ਤੇ ਤੁਹਮਤਾਂ ਲਾਉਣ ਦੀ। ਓਹ ਭਲਿਓਮਾਣਸੋ, ਜੇ ਤੁਸੀਂ ਖ਼ੁਦ ਦਹਾਕਿਆਂ ਬੱਧੀ ਸਰਕਾਰਾਂ ਚਲਾ ਕੇ ਵੀ ਪੰਜਾਬ ਤੇ ਪੰਜਾਬੀਆਂ ਦਾ ਕੁਝ ਨਹੀਂ ਸੰਵਾਰਿਆ, ਤਾਂ ਹੁਣ ਨਵੀਂ ਸਰਕਾਰ ਕੋਲੋਂ ਕੁਝ ਹੀ ਹਫਤਿਆਂ ਵਿੱਚ ਕਿਹੜੀ ਕਰਮਾਤ ਦੀ ਤਵੱਕੋ ਰੱਖਦੇ ਓ? ਜੇ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਕਿ ਨਵੀਂ ਸਰਕਾਰ ਨੂੰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਢਿੱਲ ਨਹੀਂ ਦਿਖਾਉਣੀ ਚਾਹੀਦੀ, ਰਤੀ ਭਰ ਵੀ ਦੇਰੀ ਨਹੀਂ ਕਰਨੀ ਚਾਹੀਦੀ ਤਾਂ ਤੁਹਾਡੇ ਆਪਣੇ ਦਿਮਾਗ ਵਿੱਚ ਆਪਣੇ ਹੀ ਰਾਜ ਕਾਲਾਂ ਦੌਰਾਨ ਇਹ ਗੱਲ ਕਦੀ ਵੀ ਕਿਉਂ ਨਹੀਂ ਆਈ?
ਤੁਸੀਂ ਤਾਂ ਰਾਜ ਕਰਨ ਨੂੰ ਆਪਣਾ ਜਨਮ-ਅਧਿਕਾਰ ਸਮਝਦੇ ਰਹੇ ਓ, ਤੁਸੀਂ ਤਾਂ ਇਹ ਸਮਝਣਾ ਸ਼ੁਰੂ ਕੀਤਾ ਹੋਇਆ ਸੀ ਕਿ ਚੋਣ ਮੁਹਿੰਮ ਦੇ ਕੁਝ ਹਫਤਿਆਂ ਵਾਸਤੇ ਲੋਕਾਂ ਅੱਗੇ ਹੱਥ ਜੋੜ ਦਿਓ, ਪਿੰਡ ਪਿੰਡ ਜਾ ਕੇ ਰੈਲੀਆਂ ਵਿੱਚ ਨਾਹਰੇ ਲਗਾ ਦਿਓ, ਓਹਨਾਂ ਨਾਲ ਵੱਡੇ ਵੱਡੇ ਵਾਅਦੇ ਕਰ ਲਓ, ਓਹਨਾਂ ਦੇ ਭਵਿੱਖ ਨੂੰ ਸੁਧਾਰਨ ਦੇ ਸੁਪਨੇ ਦਿਖਾ ਦਿਓ, ਕੁਝ ਨੂੰ ਤਰਲੇ ਮਿੰਨਤਾਂ ਨਾਲ ਮਨਾ ਲਓ, ਕੁਝ ਨੂੰ ਪੈਸੇ ਤੇ ਨਸ਼ੇ ਦੇ ਲਾਲਚ ਦੇ ਕੇ ਆਪਣੇ ਮਗਰ ਲਗਾ ਲਓ, ਕੁਝ ਨੂੰ ਡਰਾਵਾ ਦੇ ਦਿਓ, ਤੇ ਕਿਸੇ ਨਾ ਕਿਸੇ ਤਰ੍ਹਾਂ ਓਹਨਾਂ ਦੀਆਂ ਵੋਟਾਂ ਆਪਣੇ ਹੱਕ ਵਿੱਚ ਭੁਗਤਾ ਲਓ – ਤੇ ਓਸ ਤੋਂ ਬਾਅਦ ਬੱਸ, ਕਿਹੜੇ ਵਾਅਦੇ, ਕਿਹੜਾ ਰੁਜਗਾਰ, ਕਿਹੜਾ ਚੰਗੇਰਾ ਭਵਿੱਖ? ਆਖਿਰ, ਲੰਮੇ ਸਮੇਂ ਤੋਂ ਚੱਕੀ ਦੇ ਪੁੜਾਂ ਵਿੱਚ ਪਿਸਦੇ ਆ ਰਹੇ ਆਮ ਲੋਕਾਂ ਨੇ ਰਵਾਇਤੀ ਲੀਡਰਾਂ ਨੂੰ ਸਬਕ ਸਿਖਾਉਣ ਦੀ ਖਾਤਰ, ਸਮਝ ਤੋਂ ਕੰਮ ਲੈਂਦੇ ਹੋਏ ਇਕ ਜਬਰਦਸਤ ਤਬਦੀਲੀ ਲਿਆਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ – ਦੇਰ ਆਏ ਦਰੁਸਤ ਆਏ।
ਉਂਜ ਤਾਂ ਨਵੀਂ ਬਣੀ ਕਿਸੇ ਵੀ ਸਰਕਾਰ ਕੋਲੋਂ ਯਕਦਮ ਤਰੱਕੀ ਦੀ ਆਸ ਕਰਨੀ ਵਾਜਿਬ ਨਹੀਂ ਹੁੰਦੀ, ਪ੍ਰੰਤੂ ਫੇਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕੁਝ ਪਹਿਲੇ ਕੁਝ ਹੀ ਦਿਨਾਂ ਵਿੱਚ ਕਰ ਵਿਖਾਇਆ ਹੈ, ਓਹ ਪੁਰਾਣੀਆਂ ਸਰਕਾਰਾਂ ਨੇ ਦਹਾਕਿਆਂ ਵਿੱਚ ਵੀ ਨਹੀਂ ਕੀਤਾ। ਅੱਜ ਤੱਕ ਬੀਤੇ ਸਮੇਂ ਦੇ ਕਿਹੜੇ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਜੇ ਕਿਸੇ ਵੀ ਵਿਅਕਤੀ ਕੋਲੋਂ ਕੋਈ ਵੀ ਸਰਕਾਰੀ ਮੁਲਾਜਮ ਕਿਸੇ ਕੰਮ ਕਰਨ ਲਈ ਰਿਸ਼ਵਤ ਮੰਗਦਾ ਹੈ ਤਾਂ ਓਸ ਨੂੰ ਰੀਕਾਰਡ ਕਰ ਕੇ ਦਿੱਤੇ ਗਏ ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਈ ਜਾਵੇ ਤਾਂ ਕਿ ਪੜਤਾਲ ਕਰਕੇ ਓਸ ‘ਤੇ ਸਖਤ ਕਾਰਵਾਈ ਕੀਤੀ ਜਾ ਸਕੇ? ਅੱਜ ਤੱਕ ਕਿਹੜੇ ਮੁੱਖ ਮੰਤਰੀ ਨੇ ਆਪਣੇ ਐਮ.ਐਲ.ਇਆਂ ਨੂੰ ਖੁੱਲ੍ਹੇਆਮ ਇਹ ਹਦਾਇਤ ਦਿੱਤੀ ਸੀ ਕਿ ਓਹ ਚੰਡੀਗੜ੍ਹ ਵੱਲ ਵਹੀਰਾਂ ਘੱਤਣ ਦੀ ਬਜਾਏ, ਆਪਣੇ ਆਪਣੇ ਹਲਕੇ ਦੇ ਲੋਕਾਂ ਨਾਲ ਤਾਲਮੇਲ ਰੱਖਣ ਤੇ ਓਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਦੇਣ? ਅੱਜ ਤੱਕ ਕਿਹੜੇ ਮੁੱਖ ਮੰਤਰੀ ਨੇ ਇਹ ਫ਼ੈਸਲਾ ਲਿਆ ਸੀ ਕਿ ਜਨਤਾ ਦੇ ਸੇਵਾਦਾਰ ਅਖਵਾਉਣ ਵਾਲੇ ਐਮ.ਐਲ.ਏ ਭਾਵੇਂ ਕਿੰਨੀ ਵਾਰ ਵੀ ਜਿੱਤ ਕੇ ਲੋਕਾਂ ਦੀ ਸੇਵਾ ਕਰਦੇ ਰਹੇ ਹੋਣ, ਓਹਨਾਂ ਨੂੰ ਪੈਨਸ਼ਨ ਕੇਵਲ ਇਕ ਹੀ ਮਿਲੂ? ਗੱਲ ਹੈ ਤਾਂ ਜਰਾ ਹਟ ਕੇ, ਪਰ ਅਸੀਂ ਜਾਨਣਾ ਚਾਹੁੰਨੇ ਹਾਂ ਕਿ ਕੀ ਕੋਈ ਏਸ ਤਰ੍ਹਾਂ ਦਾ ਮਹਿਕਮਾ ਹੈ, ਜਿੱਥੇ ਕਿਸੇ ਵੀ ਮੁਲਾਜਮ ਨੂੰ ਸਿਰਫ ਪੰਜ ਸਾਲ ਕੰਮ ਕਰਕੇ ਹੀ ਪੈਨਸ਼ਨ ਮਿਲਦੀ ਹੋਵੇ? ਨਹੀਂ ਨਾ? ਖ਼ੈਰ, ਆਪਾਂ ਗੱਲ ਤਾਂ ਕਰ ਰਹੇ ਸੀ ਮੁੱਖ ਮੰਤਰੀ ਵੱਲੋਂ ਅਹੁਦਾ ਸੰਭਾਲਣ ਸਾਰ ਕੀਤੇ ਫੈਸਲਿਆਂ ਦੀ। ਨਵੇਂ ਬਣੇ ਮੁੱਖ ਮੰਤਰੀ, ਭਗਵੰਤ ਮਾਨ ਨੇ ਤਾਂ 35,000 ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਵੀ ਕਹਿ ਤਾ, ਫਸਲਾਂ ਦਾ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ, ਗਰਦਾਵਰੀ ਕਰਨ ਤੋਂ ਪਹਿਲਾਂ ਹੀ, ਸਹਾਇਤਾ ਦੇਣ ਦਾ ਫ਼ੈਸਲਾ ਵੀ ਲੈ ਲਿਆ, ਸਾਬਕਾ ਮੰਤਰੀਆਂ ਤੇ ਹੋਰ ਲੀਡਰਾਂ ਦੀ ਵੱਡੀ ਵੱਡੀ ਸਕੁਇਰਟੀ ਵਾਪਸ ਲੈ ਲਈ, ਵੱਖ ਵੱਖ ਮਹਿਕਮਿਆਂ ਦੇ ਮੰਤਰੀਆਂ ਨੇ ਮਾਫ਼ੀਏ ਨੂੰ ਖਤਮ ਕਰਨ ਦੇ ਐਲਾਨ ਕਰ ਦਿੱਤੇ ਨੇ, ਕਿੰਨੇ ਐਮ.ਐਲ.ਇਆਂ ਨੇ ਆਪਣੀ ਸੁਰੱਖਿਆ ਤੇ ਕਾਰਾਂ ‘ਤੇ ਖਰਚ ਕੀਤੇ ਜਾਂਦੇ ਕਰੋੜਾਂ ਰੁਪਿਆਂ ਨੂੰ ਬਚਾਉਣ ਦੀ ਗੱਲ ਕਰ ਵਿਖਾਈ ਆ – ਕੀ ਇਹ ਹਵਾਈ ਗੱਲਾਂ ਨੇ? ਨਹੀਂ। ਕੀ ਇੰਜ ਕਰਨਾ ਸੌਖਾ ਹੈ? ਬਿੱਲਕੁੱਲ ਨਹੀਂ। ਪਰ ਜੇ ਕਰ ਬਹੁਤ ਪਛੜ ਚੁੱਕੇ ਸੂਬੇ ਵਿੱਚ ਕੋਈ ਸੁਧਾਰ ਲੈ ਕੇ ਆਉਣਾ ਹੈ ਤਾਂ ਇਸ ਤਰ੍ਹਾਂ ਦੇ ਫ਼ੈਸਲਿਆਂ ਦਾ ਸਵਾਗਤ ਕਰਨਾ ਬਣਦਾ ਹੈ।
ਕੀ ਨਵੀਂ ਸਰਕਾਰ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਸੌ ਫ਼ੀਸਦੀ ਸਿਰੇ ਚੜਾਉਣ ਵਿੱਚ ਸਫਲ ਹੋ ਸਕੇਗੀ? ਸ਼ਾਇਦ ਨਹੀਂ। ਪਰ ਜੇਕਰ ਪਹਿਲਾਂ ਵਾਲੀਆਂ ਸਰਕਾਰਾਂ ਆਪਣੇ ਥੋੜ੍ਹੇ ਜਿਹੇ ਵਾਅਦਿਆਂ ਨੂੰ ਪੂਰਾ ਕਰਕੇ ਵੀ ਮਾਣ ਨਾਲ ਸਿਰ ਉਚਾ ਚੁੱਕ ਕੇ, ਹਰ ਪੰਜਾਂ ਸਾਲਾਂ ਬਾਅਦ ਆਪਣੇ ਆਪ ਨੂੰ ਜਨਤਾ ਦੀ ਹਮਾਇਤ ਦੇ ਹੱਕਦਾਰ ਸਮਝਦੀਆਂ ਰਹੀਆਂ ਨੇ, ਤਾਂ ਮੌਜੂਦਾ ਸਰਕਾਰ ਦੀ ਸੁਹਿਰਦਤਾ ‘ਤੇ ਹੁਣੇ ਹੀ ਸ਼ੱਕ ਕਰਨਾ ਜਾਇਜ ਨਹੀਂ। ਤੁਸੀਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੱਡਾ ਫ਼ੈਸਲਾ ਦੇ ਕੇ, ਓਸ ਲਈ ਵੱਡੀਆਂ ਜ਼ਿੰਮੇਵਾਰੀਆਂ ਖੜ੍ਹੀਆਂ ਕਰ ਦਿੱਤੀਆਂ ਨੇ। ਤੁਸੀਂ ਆਪਣਾ ਕੰਮ ਕਰ ਦਿੱਤਾ ਹੈ। ਹੁਣ ਵਾਰੀ ਨਵੀਂ ਸਰਕਾਰ ਦੀ ਹੈ ਕਿ ਓਹ ਤੁਹਾਡੇ ਭਲੇ ਲਈ ਕੰਮ ਕਰੇ। ਪੰਜਾਬੀਓ, ਏਸ ਸਰਕਾਰ ਨੂੰ ਹੁਣ ਕੰਮ ਕਰਨ ਦਿਓ। ਇਕ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੇ ਕਰ ਤੁਸੀਂ ਸੱਚਮੁੱਚ ਹੀ ਇਹ ਚਾਹੁੰਦੇ ਹੋ ਕਿ ਚਾਚਾ-ਭਤੀਜ ਵਾਦ ਸਦਾ ਲਈ ਖਤਮ ਹੋ ਜਾਵੇ ਤਾਂ ਪਹਿਲ ਤੁਹਾਨੂੰ ਕਰਨੀ ਪੈਣੀ ਆਂ – ਤੁਸੀਂ ਇਹ ਤਹੱਈਆ ਕਰੋ ਕਿ ਆਪਣੀ ਸਹੂਲਤ ਲਈ, ਕਿਸੇ ਵੀ ਚੁਣੇ ਗਏ ਨੁਮਾਇੰਦੇ ਕੋਲ ਕੋਈ ਫਰਮਾਇਸ਼ ਲੈ ਕੇ ਨਹੀਂ ਜਾਣਾ। ਕਿਸੇ ਐਮ.ਐਲ.ਏ ਜਾਂ ਮੰਤਰੀ ਕੋਲੋਂ ਕਿਸੇ ਕੰਮ ਲਈ ਕੋਈ ਸਿਫ਼ਾਰਿਸ਼ ਨਹੀਂ ਲਗਵਾਉਣੀ। ਤੁਸੀਂ ਇਹ ਵੀ ਵਾਅਦਾ ਕਰੋ ਕਿ ਆਪਣੇ ਪਰਿਵਾਰ ਵਿੱਚ ਕਿਸੇ ਵਿਆਹ-ਸ਼ਾਦੀ, ਜਨਮ-ਦਿਨ, ਭੋਗ ਜਾਂ ਕਿਸੇ ਹੋਰ ਇਕੱਠ ‘ਤੇ ਕਿਸੇ ਐਮ.ਐਲ.ਏ ਜਾਂ ਮੰਤਰੀ ਨੂੰ ਹਾਜਰੀ ਭਰਨ ਲਈ ਨਹੀਂ ਕਹਿਣਾ। ਇੰਜ ਕਰਨ ਨਾਲ ਤੁਸੀਂ ਚੁਣੇ ਹੋਏ ਨੁਮਾਇੰਦਿਆਂ ਦਾ ਸਮਾਂ ਬਰਬਾਦ ਨਹੀਂ ਹੋਣ ਦਿਓਗੇ। ਕਿਸੇ ਸਿਆਸੀ ਨੇਤਾ ਨੂੰ ਬੁਲਾ ਕੇ ਓਸ ਨਾਲ ਆਪਣੀ ਨੇੜਤਾ ਦਾ ਸਬੂਤ ਦੇਣ ਦੀ ਬਜਾਏ, ਓਸ ਨੂੰ ਓਹ ਕੰਮ ਕਰਨ ਦਿਓ ਜਿਹੜੇ ਲਈ ਤੁਸੀਂ ਓਹਨਾਂ ਨੂੰ ਵੋਟਾਂ ਪਾ ਕੇ ਅਸੈਂਬਲੀ ਵਿੱਚ ਭੇਜਿਆ ਹੈ। ਰੱਬ ਦਾ ਵਾਸਤਾ ਈ, ਓਹਨਾਂ ‘ਤੇ ਇਹ ਅਹਿਸਾਨ ਨਾ ਜਤਾਇਓ ਕਿ ‘ਅਸੀਂ ਤਾਂ ਤੁਹਾਨੂੰ ਜਿਤਾਇਆ, ਤੇ ਹੁਣ ਤੁਹਾਨੂੰ ਸਾਡੇ ਕਹੇ ‘ਤੇ ਸਾਡੇ ਨਜਾਇਜ ਕੰਮ ਕਰਨੇ ਪੈਣਗੇ’। ਇਸ ਤਰ੍ਹਾਂ ਕਰਨ ਨਾਲ ਤੁਸੀਂ ਫਿਰ ਤੋਂ ਓਸੇ ਸਿਸਟਮ ਨੂੰ ਚੱਲਦਾ ਰੱਖ ਰਹੇ ਹੋਵੋਗੇ, ਜਿਸ ਤੋਂ ਤੁਸੀਂ ਬੇਹੱਦ ਪ੍ਰੇਸ਼ਾਨ ਤੇ ਤੰਗ ਸੀ ਅਤੇ ਜਿਸ ਦੀਆਂ ਜੜ੍ਹਾਂ ਪੁੱਟਣ ਲਈ ਲੰਮੇ ਸਮੇਂ ਤੋਂ ਡੇਰਾ ਲਾਈ ਬੈਠੇ ਨੇਤਾਵਾਂ ਨੂੰ ਚੱਲਦੇ ਕਰਕੇ, ਪੰਜਾਬ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਸੌਂਪੀ ਹੈ। ਜੇ ਤੁਸੀਂ ਲੀਡਰਾਂ ਕੋਲੋਂ ਗਲਤ ਕੰਮ ਕਰਾਉਣ ਜਾਓਗੇ ਹੀ ਨਹੀਂ ਤਾਂ ਫਿਰ ਓਹਨਾਂ ਨੂੰ ਗਲਤ ਕੰਮ ਕਰਨ ਦੀ ਆਦਤ ਪਏਗੀ ਹੀ ਨਹੀਂ।
ਪੰਜਾਬ ਪਹਿਲਾ ਸੂਬਾ ਹੈ ਜਿੱਥੇ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਅਦ ਸਰਕਾਰ ਬਣਾਈ ਹੈ। ਜ਼ਾਹਿਰ ਹੈ ਕਿ ਲੰਮੇ ਸਮੇਂ ਤੋਂ ਦਿੱਲੀ ਵਿੱਚ ਭਰਪੂਰ ਸਫਲਤਾ ਨਾਲ ਸਰਕਾਰ ਚਲਾ ਰਹੇ ਨੇਤਾ ਚਾਹੁਣਗੇ ਕਿ ਆਪਣੇ ਚੰਗੇ ਤਜਰਬਿਆਂ ਨੂੰ ਪੰਜਾਬ ਵਿੱਚ ਵੀ ਦੁਹਰਾਇਆ ਜਾਵੇ। ਜੇਕਰ ਦਿੱਲੀ ਦੀ ਸਰਕਾਰ ਨੇ ਦੇਸ਼ ਦੀ ਰਾਜਧਾਨੀ ਵਿੱਚ ਸਿੱਖਿਆ, ਸਿਹਤ, ਪਾਣੀ, ਬਿਜਲੀ, ਟ੍ਰਾਂਸਪੋਰਟ ਵਰਗੇ ਮਹਿਕਮਿਆਂ ਵਿੱਚ ਵੱਡੀ ਕਾਮਯਾਬੀ ਹਾਸਿਲ ਕਰਕੇ, ਪੰਜਾਬ ਦੀ ਸਰਕਾਰ ਨੂੰ ਇਹਨਾਂ ਖੇਤਰਾਂ ਵਿੱਚ ਕੰਮ ਕਰਨ ਲਈ ਕਿਹਾ ਹੈ ਤਾਂ ਇਸ ਵਿੱਚ ਕਿਸ ਨੂੰ ਇਤਰਾਜ ਹੈ? ਓਹ ਭਾਈ, ਦੋਨੋ ਸਰਕਾਰਾਂ ਇਕੋ ਪਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਨੇ, ਤੇ ਫਿਰ ਸਿਰਫ ਏਸ ਗੱਲ ਦੀ ਡੌਂਡੀ ਪਿੱਟ ਦੇਣੀ ਕਿ ਦੇਖੋ ਜੀ ਪੰਜਾਬ ਦਾ ਕੰਮਕਾਜ ਤਾਂ ਦਿੱਲੀ ਵਾਲ਼ੇ ਚਲਾ ਰਹੇ ਨੇ, ਬਹੁਤ ਹੀ ਬਚਕਾਨਾ ਤੇ ਹਾਸੋਹੀਣਾ ਲੱਗਦਾ ਹੈ। ਦਿੱਲੀ ਵਿੱਚ ਪੇਸ਼ ਕੀਤੇ ਗਏ 2022-23 ਦੇ ਕੁੱਲ 75,800 ਕਰੋੜ ਦੇ ਬੱਜਟ ਵਿੱਚੋਂ 35,586 ਕਰੋੜ ਸਿਰਫ ਸਿੱਖਿਆ, ਟ੍ਰਾਂਸਪੋਰਟ ਤੇ ਸਿਹਤ ਵਿਭਾਗਾਂ ਲਈ ਰਾਖਵੇਂ ਰੱਖੇ ਗਏ ਹਨ, ਜਿਹਨਾਂ ਵਿੱਚ ਸਿੱਖਿਆ ਸਭ ਤੋਂ ਉਪਰ ਹੈ। ਜੇ ਓਹਨਾਂ ਹੀ ਲੀਹਾਂ ‘ਤੇ ਪੰਜਾਬ ਦੀ ਸਰਕਾਰ ਵੀ ਸਿੱਖਿਆ ਨੂੰ ਤਰਜੀਹ ਦੇ ਦਿੰਦੀ ਹੈ ਤਾਂ ਇਸ ਵਿੱਚ ਮਾੜਾ ਕੀ ਹੈ?
ਕੀ ਪੰਜਾਬ ਦੀ ਹਰ ਸਮੱਸਿਆ ਦਾ ਹੱਲ ਦਿੱਲੀ ਸਰਕਾਰ ਵਾਲੇ ਲੱਭ ਕੇ ਦੇਣਗੇ, ਜਾਂ ਕੀ ਦਿੱਲੀ ਵੱਲੋਂ ਆਇਆ ਹੋਇਆ ਹਰ ਫ਼ੈਸਲਾ ਅਟੱਲ ਸਮਝਿਆ ਜਾਣਾ ਚਾਹੀਦਾ? ਬਿਲਕੁੱਲ ਨਹੀਂ, ਹਰਗਿਜ ਨਹੀਂ। ਆਪਾਂ ਤਾਂ ਸਿਰਫ ਏਨਾ ਕਹਿ ਰਹੇ ਹਾਂ ਕਿ ਜੇਕਰ ਦਿੱਲੀ ਸਰਕਾਰ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀ ਵਿਧੀ ਨੂੰ ਪੰਜਾਬ ਦੇ ਕੁਝ – ਸਾਰੇ ਨਹੀਂ – ਖੇਤਰਾਂ ਵਿੱਚ ਵੀ ਲਾਗੂ ਕਰਕੇ ਬਿਹਤਰੀ ਲਿਆਂਦੀ ਜਾ ਸਕਦੀ ਹੈ ਤਾਂ ਏਸ ਨੂੰ ਕੇਵਲ ਇਸ ਲਈ ਨਹੀਂ ਦੁਰਕਾਰ ਦੇਣਾ ਚਾਹੀਦਾ ਕਿ ਇਹ ਤਾਂ ਬਾਹਰਲਿਆਂ ਨੇ ਭੇਜੀ ਹੈ। ਦੁਨੀਆਂ ਭਰ ਵਿੱਚ ਜਿੱਥੇ ਜਿੱਥੇ ਵੀ ਚੰਗੀਆਂ ਯੋਜਨਾਵਾਂ ਕੰਮ ਕਰ ਰਹੀਆਂ ਹਨ, ਓਹਨਾਂ ਨੂੰ ਹੋਰਨਾਂ ਖਿੱਤਿਆਂ ਦੇ ਲੋਕ ਅਕਸਰ ਅਪਨਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ।
ਚਿੱਠੀ ਲੰਮੀ ਹੋ ਰਹੀ ਹੈ, ਪਰ ਚਾਰ ਕੁ ਸ਼ਬਦ ਪੰਜਾਬ ਦੀ ਨਵੀਂ ਬਣੀ ਸਰਕਾਰ ਲਈ ਵੀ ਕਹਿਣੇ ਬਣਦੇ ਨੇ: ਤੁਹਾਨੂੰ ਪੰਜਾਬ ਦੇ ਵੋਟਰਾਂ ਨੇ ਦਿਲ ਖੋਲ੍ਹ ਕੇ ਤਾਕਤ ਬਖਸ਼ੀ ਹੈ; ਤੁਸੀਂ ਇਹਦੀ ਕਦਰ ਕਰਨੀ ਹੈ ਨਾ ਕਿ ਏਸ ਦਾ ਗੁਮਾਨ। ਤੁਹਾਡੇ ਵਾਸਤੇ ਸਭ ਤੋਂ ਵੱਡੀ ਚੁਣੌਤੀ ਪੰਜਾਬ ਦੀ ਆਰਥਿਕ ਹਾਲਤ ਨੂੰ ਸੁਧਾਰਨਾ ਹੈ; ਲੱਗਭੱਗ ਹਰ ਖੇਤਰ ਵਿੱਚ ਸੁਧਾਰ ਦੀ ਲੋੜ ਹੈ ਅਤੇ ਇਸ ਵਾਸਤੇ ਬਹੁਤ ਵੱਡੀ ਰਕਮ ਚਾਹੀਦੀ ਹੈ। ਹਕੀਕਤ ਇਹ ਹੈ ਕਿ ਤਰੱਕੀ ਕਹਿਣ ਨਾਲ ਨਹੀਂ ਹੋਣੀ, ਕਰਨ ਨਾਲ ਹੋਣੀ ਹੈ, ਜਿਸ ਲਈ ਲੱਖਾਂ ਕਰੋੜਾਂ ਰੁਪਿਆਂ ਦੀ ਰਾਸ਼ੀ ਦੀ ਜਰੂਰਤ ਪੈਣੀ ਹੈ। ਲੰਮੇ ਸਮੇਂ ਤੋਂ ਚੱਲ ਰਹੇ ਮਾਫੀਆ-ਸੰਸਾਰ ਨੂੰ ਪਹਿਲ ਦੇ ਅਧਾਰ ‘ਤੇ ਕਾਬੂ ਕਰਨ ਨਾਲ ਤੁਹਾਡੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਵਧੇਗਾ, ਬੇਰੁਜ਼ਗਾਰੀ ਨੂੰ ਦੂਰ ਕਰਨ ਨਾਲ ਲੋਕ ਤੁਹਾਡੇ ਗੁਣ ਗਾਉਣਗੇ, ਅਤੇ ਬਾਹਰਲੇ ਦੇਸ਼ਾਂ ਵਿੱਚ ਰੁਲਦੀ ਜਵਾਨੀ ਦਾ ਘਾਣ ਹੋਣੋ ਬਚੇਗਾ, ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਨਾਲ ਕਿਸਾਨੀ ਨਾਲ ਜੁੜਿਆ ਹਰ ਵਿਅਕਤੀ ਤੁਹਾਡੀ ਸ਼ਲਾਘਾ ਕਰੇਗਾ, ਸਕੂਲਾਂ ਦੀ ਦਸ਼ਾ ਨੂੰ ਬਦਲ ਕੇ ਉਚ-ਪੱਧਰੀ ਸਿੱਖਿਆ ਪ੍ਰਦਾਨ ਕਰਨ ਨਾਲ ਤੁਹਾਨੂੰ ਬੱਚਿਆਂ ਦੇ ਮਾਪਿਆਂ ਕੋਲੋਂ ਸਤਿਕਾਰ ਮਿਲੇਗਾ, ਸਿਹਤ ਸੇਵਾਵਾਂ ਨੂੰ ਬਿਹਤਰ ਕਰਕੇ ਤੁਸੀਂ ਹਰ ਗਰੀਬੜੇ ਪੰਜਾਬੀ ਦਾ ਦਿਲ ਜਿੱਤ ਸਕੋਗੇ, ਨਸ਼ਿਆਂ ਦੀ ਰੋਕਥਾਮ ਕਰਕੇ ਤੁਸੀਂ ਨਸ਼ੇੜੀ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਅਸੀਸਾਂ ਲਓਗੇ, ਕਾਨੂੰਨ ਅਤੇ ਵਿਵਸਥਾ ਨੂੰ ਪਹਿਲ ਦੇ ਕੇ ਤੁਸੀਂ ਹਰ ਔਰਤ, ਬੱਚੇ, ਬਜ਼ੁਰਗ ਲਈ ਸੁਰੱਖਿਆ ਦਾ ਮਹੌਲ ਪੈਦਾ ਕਰਕੇ, ਓਹਨਾਂ ਦੇ ਮਨੋਬਲ ਅਤੇ ਆਤਮ ਵਿਸ਼ਵਾਸ ਵਿੱਚ ਵਾਧਾ ਕਰੋਗੇ। ਜਨਤਾ ਦੇ ਵਿਸ਼ਵਾਸ ਨੂੰ ਕਾਇਮ ਰੱਖਣ ਦੀ ਵੱਡੀ ਜ਼ਿੰਮੇਵਾਰੀ ਹੁਣ ਤੁਹਾਡੇ ਮੋਢਿਆਂ ‘ਤੇ ਹੈ। ਕਿਰਪਾ ਕਰਕੇ ਲੋਕਾਂ ਵੱਲੋਂ ਦਿੱਤੇ ਵਿਸ਼ਵਾਸ ਨੂੰ ਟੁੱਟਣ ਨਾ ਦੇਣਾ। ਤੁਸੀਂ ਏਸ ਗੱਲ ਨੂੰ ਵੀ ਕਦੀ ਨਹੀਂ ਭੁੱਲਣਾ ਕਿ ਲੋਕ-ਸ਼ਕਤੀ ਬਹੁਤ ਮਹਾਨ ਹੈ – ਜੇ ਓਹ ਕਿਸੇ ਦੇ ਸਿਰ ‘ਤੇ ਤਾਜ ਸਜਾ ਸਕਦੀ ਹੈ ਤਾਂ ਓਸ ਤਾਜ ਨੂੰ ਲਾਹੁਣ ਦੀ ਸਮਰੱਥਾ ਵੀ ਰੱਖਦੀ ਹੈ। ਕਿਉਂਕਿ ਤੁਹਾਨੂੰ ਪਹਿਲੀ ਵਾਰ ਸਰਕਾਰ ਚਲਾਉਣ ਦਾ ਮੌਕਾ ਮਿਲਿਆ ਹੈ, ਇਸ ਲਈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਬਰੀਕੀਆਂ ਹੋਣਗੀਆਂ ਜਿਹਨਾਂ ਤੋਂ ਤੁਸੀਂ ਅਣਜਾਣ ਹੋਵੋਗੇ, ਓਹਨਾਂ ਨੂੰ ਮਿਹਨਤ ਨਾਲ ਸਿੱਖਿਆ ਜਾ ਸਕਦਾ ਹੈ। ਲੰਮੇ ਅਰਸੇ ਤੋਂ ਆਪਣੇ ਹੀ ਤਰੀਕੇ ਨਾਲ ਕੰਮ ਕਰ ਰਹੀ ਅਫਸਰਸ਼ਾਹੀ, ਹੋ ਸਕਦੈ ਤੁਹਾਡੇ ਲਈ ਕੋਈ ਮੁਸ਼ਕਿਲਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰੇ; ਤੁਸੀਂ ਠਰੰਮੇ ਅਤੇ ਦ੍ਰਿੜ੍ਹਤਾ ਨਾਲ ਓਹਨਾਂ ਨੂੰ ਬਦਲ ਸਕੋਗੇ। ਸਾਡਾ ਮੰਨਣਾ ਹੈ ਕਿ ਜੇਕਰ ਸਿਆਸਤਦਾਨ ਆਪਣੀ ਜ਼ਿੰਮੇਵਾਰੀ ਪ੍ਰਤੀ ਖ਼ੁਦ ਵਫ਼ਾਦਾਰ ਤੇ ਇਮਾਨਦਾਰ ਹੋਣ ਅਤੇ ਲੋਕਾਂ ਪ੍ਰਤੀ ਸੁਹਿਰਦ ਹੋਣ ਤਾਂ ਕਿਸੇ ਵੀ ਅਫਸਰ ਦੀ ਮਜਾਲ ਨਹੀਂ ਕਿ ਓਹ ਰਿਸ਼ਵਤਖੋਰੀ ਦੀ ਕਲਿਹਣੀ ਬੀਮਾਰੀ ਨੂੰ ਸਹੇੜੇ। ਪੰਜਾਬ ਤੋਂ ਹਜ਼ਾਰਾਂ ਮੀਲ ਦੂਰ, ਸਮੁੰਦਰੋਂ ਪਾਰ ਵੱਸਦੇ ਅਸੀਂ ਪੰਜਾਬੀ, ਕੇਵਲ ਪੰਜਾਬ ਦਾ ਭਲਾ ਚਾਹੁੰਦੇ ਹਾਂ। ਸਾਡੀ ਦਿਲੀ ਤਮੰਨਾ ਹੈ ਕਿ ਦੇਸ਼ ਭਰ ਵਿੱਚ ਨੰਬਰ ਇਕ ‘ਤੇ ਰਹਿਣ ਵਾਲ਼ਾ ਇਹ ਸੂਬਾ ਮੁੜ ਤੋਂ ਆਪਣਾ ਰੁਤਬਾ ਹਾਸਿਲ ਕਰੇ। ਤੁਸੀਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਨੁਹਾਰ ਇਸ ਕਦਰ ਬਦਲ ਦਿਓ ਕਿ ਬਾਹਰ ਵੱਸਦੇ ਹਰ ਪੰਜਾਬੀ ਦਾ ਦਿਲ ਕਰੇ ਕਿ ਓਹ ਮੌਕਾ ਮਿਲਦੇ ਹੀ ਆਪਣੇ ਸੁਹਣੇ ਰੰਗਲੇ ਪੰਜਾਬ ਵੱਲ ਨੂੰ ਵਹੀਰਾਂ ਘੱਤ ਦੇਵੇ। ਪੰਜਾਬੀਓ ਤੇ ਆਮ ਆਦਮੀ ਪਾਰਟੀ ਵਾਲਿਓ, ਏਸ ਚਿੱਠੀ ਦੇ ਅੰਤ ਵਿੱਚ ਅਸੀਂ ਸਭਨਾ ਦੀ ਖ਼ੈਰ ਸੁੱਖ ਮੰਗਦੇ ਹੋਏ, ਇਹੋ ਕਾਮਨਾ ਕਰਦੇ ਹਾਂ ਕਿ ਸਾਡਾ ਪੰਜਾਬ ਸਦਾ ਖੁਸ਼ਹਾਲ ਰਹਵੇ, ਖੁਸ਼ੀਆਂ ਖੇੜੇ ਮਾਣੇ ਤੇ ਸਦਾ ਹੱਸਦਾ ਵੱਸਦਾ ਰਹਵੇ . . . ।
ਪ੍ਰੋਡਿਊਸਰ ਅਤੇ ਹੋਸਟ ਰੇਡੀਓ ‘ਸਰਗਮ’ ਟੋਰਾਂਟੋ (ਕਨੇਡਾ)
416 737 6600 / 647 678 0077

Check Also

ਜੋ ਬੀਜਿਆ ਹੈ, ਉਹੀ ਵੱਢ ਰਿਹਾ ਹੈ ਮਾਨ ‘ਬੱਤੀਆਂ ਵਾਲਾ’

ਡਾ. ਗੁਰਵਿੰਦਰ ਸਿੰਘ ਹੁਣ ਇਹ ਕਹਿਣਾ ਭੋਰਾ-ਭਰ ਵੀ ਗ਼ਲਤ ਨਹੀਂ ਹੋਵੇਗਾ ਕਿ ਕਿਸੇ ਸਮੇਂ ‘ਪੰਜਾਬੀ …