Breaking News
Home / ਹਫ਼ਤਾਵਾਰੀ ਫੇਰੀ / ਸਰਵੇ ਏਜੰਸੀ ਨੈਨੋਜ਼ ਦਾ ਦਾਅਵਾ

ਸਰਵੇ ਏਜੰਸੀ ਨੈਨੋਜ਼ ਦਾ ਦਾਅਵਾ

ਲਿਬਰਲਾਂ ਨੂੰ ਸਮਰਥਨ ਦੇਣ ਨਾਲ ਖਤਰੇ ‘ਚ ਪੈ ਸਕਦਾ ਹੈ ਜਗਮੀਤ ਸਿੰਘ ਦਾ ਭਵਿੱਖ
ਐਨਡੀਪੀ ਨਾਲ ਲਿਬਰਲਾਂ ਦਾ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਸਮਝੌਤਾ ਸਿਰੇ ਚੜ੍ਹ ਗਿਆ ਜਿਸ ਤਹਿਤ ਹੁਣ ਜੂਨ2025 ਤੱਕ ਲਿਬਰਲ ਸੱਤਾ ‘ਚ ਬਣੇ ਰਹਿਣਗੇ
ਓਟਵਾ/ਬਿਊਰੋ ਨਿਊਜ਼ : ਲੰਮੇਂ ਸਮੇਂ ਤੋਂ ਲਮਕ ਰਹੀਆਂ ਐਨਡੀਪੀ ਦੀਆਂ ਤਰਜੀਹਾਂ ਨੂੰ ਮਨਵਾਉਣ ਬਦਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਸੱਤਾ ਵਿੱਚ ਬਣੇ ਰਹਿਣ ਵਿੱਚ ਮਦਦ ਦਾ ਵਾਅਦਾ ਕਰਕੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਪਣੇ ਸਿਆਸੀ ਕੈਰੀਅਰ ਨੂੰ ਖਤਰੇ ਵਿੱਚ ਪਾ ਲਿਆ ਹੈ। ਇਹ ਖੁਲਾਸਾ ਨਿੱਕ ਨੈਨੋਜ਼ ਵੱਲੋਂ ਕੀਤਾ ਗਿਆ। ਪਿਛਲੇ ਹਫਤੇ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਐਨਡੀਪੀ ਨਾਲ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਸਿਰੇ ਚੜ੍ਹਾ ਲਿਆ ਗਿਆ ਹੈ ਜਿਸ ਤਹਿਤ ਜੂਨ 2025 ਤੱਕ ਲਿਬਰਲ ਸੱਤਾ ਵਿੱਚ ਬਣੇ ਰਹਿਣਗੇ।
ਨੈਨੋਜ਼ ਨੇ ਆਖਿਆ ਕਿ ਜੇ ਇਸ ਅਰਸੇ ਦੌਰਾਨ ਲਿਬਰਲ ਕਿਸੇ ਵਿਵਾਦ ਵਿੱਚ ਫਸਦੇ ਹਨ, ਜੇ ਕੋਈ ਘਪਲਾ ਹੁੰਦਾ ਹੈ, ਕੋਈ ਗੜਬੜ ਹੁੰਦੀ ਹੈ ਤੇ ਐਨਡੀਪੀ, ਲਿਬਰਲਾਂ ਦਾ ਸਾਥ ਦਿੰਦੀ ਹੈ ਤਾਂ ਉਹ ਉਨ੍ਹਾਂ ਕੈਨੇਡੀਅਨਜ਼ ਦਾ ਮੁੱਖ ਨਿਸ਼ਾਨਾ ਬਣ ਜਾਣਗੇ ਜਿਹੜੇ ਖਿੱਝੇ ਹੋਏ ਹੋਣਗੇ। ਉਨ੍ਹਾਂ ਆਖਿਆ ਕਿ ਅਜਿਹੇ ਐਨਡੀਪੀ ਕਾਕਸ ਮੈਂਬਰ ਵੀ ਹੋਣਗੇ ਜਿਹੜੇ ਲਿਬਰਲਾਂ ਦਾ ਸਾਥ ਦੇਣ ਦੀ ਗੱਲ ਤੋਂ ਖਫਾ ਹੋਣਗੇ ਤੇ ਉਹ ਇਸ ਦਾ ਸਿੱਧਾ ਸਿੱਧਾ ਨਜ਼ਲਾ ਜਗਮੀਤ ਸਿੰਘ ਉੱਤੇ ਹੀ ਝਾੜਨਗੇ।
ਜਿੱਥੋਂ ਤੱਕ ਲਿਬਰਲਾਂ ਦਾ ਸਵਾਲ ਹੈ ਤਾਂ ਨੈਨੋਜ਼ ਦਾ ਕਹਿਣਾ ਹੈ ਕਿ ਕੁੱਝ ਬਲੂ ਲਿਬਰਲਜ਼ (ਜਾਂ ਜਿਨ੍ਹਾਂ ਨੂੰ ਬਿਜ਼ਨਸ ਲਿਬਰਲ ਵੀ ਆਖਿਆ ਜਾਂਦਾ ਹੈ) ਵੀ ਹਨ ਤੇ ਪਾਰਟੀ ਦੇ ਕੁੱਝ ਵੋਟਰ ਅਜਿਹੇ ਵੀ ਹਨ ਜਿਹੜੇ ਇਸ ਡੀਲ ਤੋਂ ਖੁਦ ਨੂੰ ਅਲੱਗ ਥਲੱਗ ਪੈ ਗਿਆ ਮਹਿਸੂਸ ਕਰਨਗੇ। ਜਿੱਥੋਂ ਤੱਕ ਕੰਸਰਵੇਟਿਵਾਂ ਦਾ ਸਵਾਲ ਹੈ ਤਾਂ ਨੈਨੋਜ਼ ਦਾ ਕਹਿਣਾ ਹੈ ਕਿ ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਕੀ ਉਹ ਸੱਜੇ ਪੱਖ ਵੱਲ ਜਾਣ? ਸੈਂਟਰ ਰਾਈਟ ਰਹਿਣ, ਜਾਂ ਫਿਰ ਸੈਂਟਰ ਵੱਲ ਵਧਣ?
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਹਫਤੇ 2025 ਤੱਕ ਲਿਬਰਲਾਂ ਦੀ ਸਰਕਾਰ ਨੂੰ ਡਿੱਗਣ ਤੋਂ ਬਚਾਉਣ ਲਈ ਫੈਡਰਲ ਸਰਕਾਰ ਤੇ ਐਨਡੀਪੀ ਦਰਮਿਆਨ ਸਮਝੌਤਾ ਸਿਰੇ ਚੜ੍ਹ ਗਿਆ ਸੀ। ਦੋਵਾਂ ਧਿਰਾਂ ਦਰਮਿਆਨ ਹੋਏ ਇਸ ਸਮਝੌਤੇ ਨੂੰ ”ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ” ਦਾ ਨਾਂ ਦਿੱਤਾ ਗਿਆ ਹੈ। ਇਹ ਦੋਵਾਂ ਧਿਰਾਂ ਵਿਚਾਲੇ ਕੋਈ ਰਸਮੀ ਸਮਝੌਤਾ ਨਹੀਂ ਹੈ ਪਰ ਕੈਨੇਡੀਅਨਜ਼ ਨੂੰ ਅਗਲੇ ਤਿੰਨ ਸਾਲਾਂ ਤੱਕ ਚੋਣਾਂ ਤੋਂ ਦੂਰ ਰੱਖਣ ਲਈ ਇਹ ਸਮਝੌਤਾ ਕਾਫੀ ਅਹਿਮ ਭੂਮਿਕਾ ਨਿਭਾਵੇਗਾ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਸਰਕਾਰ ਨੂੰ ਕੈਨੇਡੀਅਨਜ਼ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਹੋਰ ਵਕਤ ਮਿਲ ਜਾਵੇਗਾ। ਇਸ ਤੋਂ ਪਹਿਲਾਂ ਵੀ ਟਰੂਡੋ ਸਰਕਾਰ ਨੂੰ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਵੱਲੋਂ ਬਾਹਰ ਸਮਰਥਨ ਦਿੱਤਾ ਗਿਆ ਸੀ ਪ੍ਰੰਤੂ ਉਨ੍ਹਾਂ ਕਰੋਨਾ ਕਾਲ ਦਾ ਲਾਹਾ ਲੈਣ ਲਈ ਸਮੇਂ ਤੋਂ ਪਹਿਲਾਂ ਹੀ ਚੋਣਾਂ ਕਰਵਾ ਦਿੱਤੀਆਂ ਸਨ।

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …