ਗੁਰਪ੍ਰੀਤ ਸਿੰਘ ਤਲਵੰਡੀ
ਦੁਨੀਆ ਦੇ ਸਭ ਧਰਮਾਂ ‘ਚੋਂ ਸਿੱਖ ਧਰਮ ਹੀ ਇਕ ਅਜਿਹਾ ਧਰਮ ਹੈ, ਜਿਸ ਦੀ ਵਿਚਾਰਧਾਰਾ ਵਿਗਿਆਨਕ ਹੈ। ਇਸ ਧਰਮ ਅੰਦਰ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ ਅੰਦਰ ਫੋਕੇ ਰੀਤੀ-ਰਿਵਾਜਾਂ, ਕਰਮ ਕਾਂਡਾਂ, ਵਹਿਮਾਂ-ਭਰਮਾਂ, ਮੂਰਤੀ ਪੂਜਾ, ਮੜ੍ਹੀ-ਮਸਾਣਾਂ ਦੀ ਪੂਜਾ ਸਮੇਤ ਹਰ ਤਰ੍ਹਾਂ ਦੇ ਪਾਖੰਡਾਂ ਤੋਂ ਸਿੱਖਾਂ ਨੂੰ ਸਖਤੀ ਨਾਲ ਵਰਜਿਆ ਗਿਆ ਹੈ। ਸਿੱਖਾਂ ਦੇ ਦਸ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ। ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਦੇਹਧਾਰੀ ਗੁਰੂ ਡੰਮ ਜਾਂ ਬਾਬਾਵਾਦ ਦੇ ਪ੍ਰਚਲਣ ਨੂੰ ਵੀ ਸਿੱਖੀ ਵਿਚੋਂ ਕੱਢ ਦਿੱਤਾ, ਤਾਂ ਕਿ ਧੀਰ ਮੱਲੀਆਂ ਜਾਂ ਰਾਮਰਾਈਆਂ ਦੇ ਚੇਲਿਆਂ ਵਾਂਗ ਕਿਧਰੇ ਸਿੱਖ ਵੀ ਅਖੌਤੀ ਬਾਬਿਆਂ ਦੇ ਪੂਜਕ ਬਣ ਕੇ ਆਪਣੇ ਵਿਗਿਆਨਕ ਸਿਧਾਂਤ ਤੋਂ ਥਿੜਕ ਨਾ ਜਾਣ। ਅੰਗਰੇਜ਼ੀ ਸਾਮਰਾਜ ਦੌਰਾਨ ਸਿੱਖੀ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਲਈ ਸ਼ੁਰੂ ਕੀਤਾ ਗਿਆ ਅਖੌਤੀ ਡੇਰਾਵਾਦ ਅੱਜ ਸਿੱਖ ਕੌਮ ਲਈ ਇਕ ਬਹੁਤ ਵੱਡਾ ਨਾਸੂਰ ਬਣ ਚੁੱਕਾ ਹੈ ઠ
ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਜਗਨਨਾਥਪੁਰੀ (ਉੜੀਸਾ) ਜਾ ਕੇ ਵਹਿਮਾਂ ਵਿਚ ਗ੍ਰਸਤ ਲੋਕਾਂ ਨੂੰ ਤਰਕ ਨਾਲ ਸਮਝਾਇਆ, ਉੱਥੇ ਮੁਸਲਮਾਨਾਂ ਦੇ ਪ੍ਰਮੁੱਖ ਤੀਰਥ ਅਸਥਾਨ ਮੱਕਾ ਵਿਖੇ ਜਾ ਕੇ ਮੁਸਲਮਾਨਾਂ ਨੂੰ ਵੀ ਨਵੀਂ ਸੇਧ ਦਿੱਤੀ। ਇਥੇ ਹੀ ਬਸ ਨਹੀਂ, ਗੁਰੂ ਨਾਨਕ ਸਾਹਿਬ ਨੇ ਮੁਗ਼ਲ ਹਾਕਮ ਬਾਬਰ ਨੂੰ ਸ਼ਰੇਆਮ ਜਾਬਰ ਆਖ ਕੇ ਆਪਣੀ ਦ੍ਰਿੜ੍ਹਤਾ, ਦਲੇਰੀ ਤੇ ਅਣਖ ਦਾ ਸਬੂਤ ਦਿੱਤਾ। ਉਨ੍ਹਾ ਸਾਧਾਂ ਵਾਲਾ ਬਾਣਾ ਪਾ ਕੇ ਕਿਰਤੀ ਲੋਕਾਂ ਦੀ ਮਿਹਨਤ ਵਾਲੀ ਕਮਾਈ ਲੁੱਟਣ ਵਾਲੇ ਵਿਹਲੜ ਲੋਕਾਂ ਨੂੰ ਨਕਾਰ ਕੇ ਆਮ ਲੋਕਾਂ ਨੂੰ ਕਿਰਤ ਦੇ ਸਿਧਾਂਤ ‘ਤੇ ਚੱਲਣ ਦਾ ਉਪਦੇਸ਼ ਦਿੱਤਾ। ਕਰਤਾਰਪੁਰ ਵਿਖੇ ਖੇਤੀ ਕਰਨ ਨੂੰ ਪਹਿਲ ਦੇਣੀ ਗੁਰੂ ਨਾਨਕ ਸਾਹਿਬ ਵੱਲੋਂ ਕਿਰਤ ਦੇ ਸਿਧਾਂਤ ਨੂੰ ਵਡਿਆਉਣਾ ਹੀ ਸੀ।
ਇਹੀ ਵੱਡਾ ਕਾਰਨ ਸੀ ਕਿ ਉਹ ਇਕ ਅਮੀਰ ਮਲਿਕ ਭਾਗੋ ਦੇ ਭੋਜ ਨੂੰ ਠੁਕਰਾ ਕੇ ਇਕ ਗਰੀਬ, ਮਿਹਨਤਕਸ਼ ਤੇ ਕਿਰਤੀ ਭਾਈ ਲਾਲੋ ਦੇ ਘਰ ਖਾਣਾ ਖਾਣ ਲਈ ਗਏ। ਪਰ ਅੱਜ ਸਿੱਖ ਧਰਮ ਦੇ ਪ੍ਰਚਾਰ ‘ਚ ਲੱਗੀਆਂ ਵੱਡੀ ਗਿਣਤੀ ਵਿਚ ਸੰਸਥਾਵਾਂ, ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਜਾਂ ਵੱਖ-ਵੱਖ ਸੰਪਰਦਾਵਾਂ ਦੁਆਰਾ ਗੁਰੂ ਨਾਨਕ ਸਾਹਿਬ ਦੇ ਕਿਰਤ ਸਿਧਾਂਤ ਨੂੰ ਸਿੱਖੀ ਪ੍ਰਚਾਰ ਵਿਚੋਂ ਮਨਫੀ ਕਰ ਦਿੱਤਾ ਗਿਆ ਹੈ। ਕਰੀਬ ਇਕ ਦਹਾਕਾ ਪਹਿਲਾਂ ਤੱਕ ਆਮ ਪ੍ਰਚੱਲਿਤ ਗੁਰੂ ਨਾਨਕ ਸਾਹਿਬ ਦੀ ਬਲਦਾਂ ਨਾਲ ਖੇਤੀ ਕਰਦਿਆਂ ਦੀ ਤਸਵੀਰ ਵੀ ਗਾਇਬ ਕਰ ਦਿੱਤੀ ਗਈ ਹੈ। ਭਾਵੇਂ ਇਹ ਤਸਵੀਰਾਂ ਇਕ ਕਾਲਪਨਿਕ ਤਸਵੀਰਾਂ ਤੋਂ ਵੱਧ ਕੁਝ ਵੀ ਨਹੀਂ, ਪਰ ਇਨ੍ਹਾਂ ਤਸਵੀਰਾਂ ਦੇ ਜ਼ਰੀਏ ਗੁਰੂ ਨਾਨਕ ਸਾਹਿਬ ਦੇ ਕਿਰਤ ਦੇ ਸਿਧਾਂਤ ਨੂੰ ਲੋਕਾਂ ਤੱਕ ਪ੍ਰਚਾਰਿਆ ਜਾ ਰਿਹਾ ਸੀ।
ਹੁਣ ਅਗਲੀਆਂ ਪੀੜ੍ਹੀਆਂ ਅਜਿਹੇ ਪ੍ਰਚਾਰ ਦੀ ਘਾਟ ਕਾਰਨ ਗੁਰੂ ਨਾਨਕ ਸਾਹਿਬ ਵੱਲੋਂ ਖੇਤੀ ਕਰਕੇ ਲੋਕਾਈ ਨੂੰ ਕਿਰਤ ਸੱਭਿਆਚਾਰ ਨਾਲ ਜੋੜਨ ਦੇ ਪੇਸ਼ ਕੀਤੇ ਸਿਧਾਂਤ ਨੂੰ ਹੀ ਮੰਨਣ ਤੋਂ ਇਨਕਾਰੀ ਹੋ ਜਾਣਗੀਆਂ। ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਕਿਰਤ ਨੂੰ ਪਹਿਲ ਦਿੰਦੇ ਕਈ ਸ਼ਬਦ ਆਉਂਦੇ ਹਨ। ਪਰ ਸਿੱਖੀ ਪ੍ਰਚਾਰ ‘ਚੋਂ ਚੁੱਪ-ਚੁਪੀਤੇ ਕਿਰਤ ਦੇ ਸਿਧਾਂਤ ਨੂੰ ਕੱਢ ਦੇਣਾ ਦੁਖਦਾਈ ਹੈ। ਅੱਜ ਪੰਜਾਬ ਅੰਦਰ ਅਨੇਕਾਂ ਹੀ ਸੰਪਰਦਾਵਾਂ ਜਾਂ ਸੰਤ-ਮਹਾਂਪੁਰਖ ਸਿੱਖੀ ਦਾ ਪ੍ਰਚਾਰ ਕਰਨ ਦਾ ਹੋਕਾ ਦਿੰਦੇ ਹਨ। ਪਰ ਅਜਿਹੀਆਂ ਸੰਪਰਦਾਵਾਂ ਦੁਆਰਾ ਸਿੱਖਾਂ ਨੂੰ ਕੇਵਲ ਸਿਮਰਨ ਕਰਨ ‘ਤੇ ਹੀ ਜ਼ੋਰ ਦੇਣਾ ਕਿਸੇ ਵੀ ਤਰ੍ਹਾਂ ਸਿੱਖ ਸਿਧਾਂਤ ਦੇ ਅਨਕੂਲ ਨਹੀਂ ਹੈ।ઠ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ‘ਬਹਿੰਦਿਆਂ, ਉਠਦਿਆਂ ਹਰਿ ਨਾਮ ਧਿਆਈਐ॥’ ਦਾ ਸਿਧਾਂਤ ਦੇ ਕੇ ਗ੍ਰਹਿਸਤੀ ਜੀਵਨ ਨੂੰ ਤਿਆਗ ਕੇ ਪਹਾੜਾਂ ਵਿਚ ਜਾਂ ਇਕਾਂਤ ‘ਚ ਬੈਠ ਕੇ ਕੇਵਲ ਸਿਮਰਨ ਕਰਨ ਨੂੰ ਨਕਾਰਿਆ ਹੈ। ਪਰ ਕੌਮ ਦੀ ਅਧੋਗਤੀ ਲਈ ਜ਼ਿੰਮੇਵਾਰ ਸੰਪਰਦਾਵਾਂ ਨੇ ਸਿਰਫ ਸਿਮਰਨ ਕਰਨ ਨੂੰ ਹੀ ਸਿੱਖੀ ਨਾਲ ਜੋੜ ਦਿੱਤਾ। ਇਹੀ ਵੱਡਾ ਕਾਰਨ ਹੈ ਕਿ ਅੱਜ ਸਿੱਖਾਂ ਦੀ ਮੌਜੂਦਾ ਪੀੜ੍ਹੀ ਕਿਰਤ ਕਰਨ ਤੋਂ ਇਨਕਾਰੀ ਹੋ ਰਹੀ ਹੈ।
ਭਾਵੇਂ ਸਿੱਖਾਂ ਨੇ ਸਮੁੱਚੇ ਵਿਸ਼ਵ ਅੰਦਰ ਸਖਤ ਮਿਹਨਤ ਦੇ ਜ਼ਰੀਏ ਦੁਨੀਆ ਦੇ ਕੋਨੇ-ਕੋਨੇ ਵਿਚ ਰਹਿੰਦਿਆਂ ਕਿਰਤ ਕਰਕੇ ਵੱਡੀਆਂ ਮੱਲਾਂ ਮਾਰੀਆਂ ਹਨ, ਪਰ ਸਿੱਖੀ ਪ੍ਰਚਾਰ ਵਿਚੋਂ ਕਿਰਤ ਸੱਭਿਆਚਾਰ ਨੂੰ ਮਨਫੀ ਕਰਨਾ ਸਿੱਖ ਕੌਮ ਦਾ ਸਭ ਤੋਂ ਦੁਖਦਾਈ ਪਹਿਲੂ ਹੈ। ਜੇਕਰ ਸਿੱਖ ਕੌਮ ਨੇ ਜਿਊਂਦੀ ਰਹਿਣਾ ਹੈ ਤਾਂ ਵਿਗਿਆਨਕ ਵਿਚਾਰਧਾਰਾ ਨੂੰ ਅਪਣਾ ਕੇ, ਕਿਰਤ ਸੱਭਿਆਚਾਰ ਨਾਲ ਜੁੜੇ ਰਹਿਣਾ ਬੜਾ ਹੀ ਅਹਿਮ ਹੋਵੇਗਾ, ਨਹੀਂ ਤਾਂ ਕੌਮ ਨੂੰ ਹੋਰ ਵੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …