ਤਲਵਿੰਦਰ ਸਿੰਘ ਬੁੱਟਰ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗਤ ਵਿਚ ਆਪਣੇ ਆਗਮਨ ਦਾ ਤੱਤ-ਉਦੇਸ਼ ਜਾਂ ਸਤਿ-ਆਦਰਸ਼ ਖੁਦ ਆਪਣੀ ਪਾਵਨ ਬਾਣੀ ‘ਬਚਿਤ੍ਰ ਨਾਟਕ’ ਵਿਚ ਬੜੇ ਸਪੱਸ਼ਟ ਤੇ ਸ਼ਾਹਕਾਰ ਤਰੀਕੇ ਨਾਲ ਪ੍ਰਗਟਾਉਂਦੇ ਹਨ :
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵਿ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖੀਅਨਿ ਪਕਰਿ ਪਛਾਰੋ॥੪੨॥
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਭਨ ਕੋ ਮੂਲ ਉਪਾਰਨ॥੪੩॥
(ਬਚ੍ਰਿੱਤ ਨਾਟਕ ,ਅਧਿਆਇ ੬)
ਉਪਰੋਕਤ ਮੁਖਵਾਕ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼ ਕਿਸੇ ਖ਼ਾਸ ਕੌਮ, ਖਿੱਤੇ, ਦੇਸ਼, ਜਾਤੀ, ਮਜ਼੍ਹਬ ਜਾਂ ਕੁਲ ਦੇ ਭਲੇ ਲਈ ਮਖ਼ਸੂਸ (ਰਾਖ਼ਵਾਂ) ਨਹੀਂ, ਸਗੋਂ ਸਾਰੇ ਜਗਤ ਦੇ ਉਧਾਰ ਲਈ ਹੈ। ਗੁਰੂ ਸਾਹਿਬ ਧਰਮ ਦੇ ਵਿਸਥਾਰ ਹੇਤ, ਦੀਨ-ਦੁਨੀ ਦੀ ਰੱਖਿਆ ਤੇ ਦੁਸ਼ਟਾਂ-ਜ਼ਾਲਮਾਂ ਦਾ ਨਾਸ਼ ਕਰਨ ਲਈ ਹੀ ਅਕਾਲ ਪੁਰਖ ਦੁਆਰਾ ਜਗਤ ਵਿਖੇ ਭੇਜੇ ਗਏ ‘ਪਰਮ ਦੂਤ’ ਸਨ।
ਦਸਮ ਪਾਤਿਸ਼ਾਹ ਦਾ ਆਦਰਸ਼ ਕਿੰਨਾ ਉੱਚਾ-ਸੁੱਚਾ ਤੇ ਸਰਬ-ਸਾਂਝਾ ਸੀ, ਗੁਰੂ ਦਸਮੇਸ਼ ਜੀ ਆਪਣੀ ਸੰਸਾਰਕ ਯਾਤਰਾ ‘ਚ ਹੀ ਅਜਿਹੇ ਪੂਰਨੇ ਪਾ ਗਏ ਹਨ ਕਿ ਕੋਈ ਸ਼ੰਕਾ-ਸੁਬਹਾ ਹੋਣ ਦੀ ਗੁੰਜਾਇਸ਼ ਹੀ ਨਹੀਂ ਬਚਦੀ। ਇਕ ਅੰਤਰਮੁਖੀ, ਅਨੁਭਵੀ ਫ਼ਕੀਰ ਭੀਖਣ ਸ਼ਾਹ ਜਦੋਂ ਪਟਨਾ ਸਾਹਿਬ ਗੁਰੂ ਸਾਹਿਬ ਦੇ ਪ੍ਰਕਾਸ਼ ਹੋਣ ਦੀ ਖ਼ਬਰ ਸੁਣ ਕੇ ਦਰਸ਼ਨ ਕਰਨ ਪਹੁੰਚਿਆ ਤਾਂ ਉਸ ਨੇ ਬਾਲ ਗੋਬਿੰਦ ਰਾਇ ਜੀ ਦੇ ਦਰਸ਼ਨ ਕਰਕੇ ਮੱਥਾ ਟੇਕਿਆ ਅਤੇ ਦੋ ਕੁੱਜੇ, ਇਕ ਵਿਚ ਦੁੱਧ ਅਤੇ ਇਕ ਵਿਚ ਪਾਣੀ ਸੀ, ਅੱਗੇ ਕਰ ਦਿੱਤੇ ਕਿ ਜੇਕਰ ਦੁੱਧ ਡੋਲ੍ਹਣਗੇ ਤਾਂ ਮੁਸਲਮਾਨਾਂ ਦੇ ਪੀਰ ਹੋਣਗੇ ਤੇ ਜੇ ਪਾਣੀ ਡੋਲ੍ਹਣਗੇ ਤਾਂ ਹਿੰਦੂਆਂ ਦੇ ਅਵਤਾਰ ਹੋਣਗੇ। ਅਕਾਲ ਜੋਤਿ ਬਾਲ ਗੋਬਿੰਦ ਰਾਇ ਜੀ ਨੇ ਦੋਵੇਂ ਕੁੱਜੇ ਡੋਲ੍ਹ ਦਿੱਤੇ। ਇੰਨੀ ਛੋਟੀ ਅਵਸਥਾ ਦੇ ਬਾਲ ਦੀ ਸੋਝੀ ਤੇ ਉੱਚ ਆਦਰਸ਼ੀ ਸੋਚ ਦਾ ਅਨੂਠਾ ਕੌਤਕ ਦੇਖ ਭੀਖਣ ਸ਼ਾਹ ਵਿਸਮਾਦਤ ਹੋ ਗਏ। ਬਾਹਰ ਆ ਕੇ ਕਹਿਣ ਲੱਗੇ, ”ਪਟਨੇ ਦੇ ਵਾਸੀਓ ਤੁਸੀਂ ਵਡਭਾਗੇ ਹੋ, ਤੁਹਾਡੇ ਸ਼ਹਿਰ ਮਾਨਵਤਾ ਦਾ ਰਹਿਬਰ ਆ ਉਤਰਿਆ ਹੈ। ਉਹ ਨਾ ਇਕੱਲੇ ਹਿੰਦੂਆਂ ਦਾ ਤੇ ਨਾ ਇਕੱਲੇ ਮੁਸਲਮਾਨਾਂ ਦਾ ਹੈ। ਉਹ ਸਾਰੀ ਮਨੁੱਖਤਾ ਦਾ ਸਰਬ-ਸਾਂਝਾ ਗੁਰੂ ਹੈ।”
ਦਸਮ ਪਾਤਿਸ਼ਾਹ ਨੂੰ ਅਕਾਲ ਪੁਰਖ ਨੇ ਆਪਣਾ ਪਰਮ-ਪੁੱਤਰ ਬਣਾ ਕੇ ਇਸ ਮਾਤ ਲੋਕ ਵਿਚ ਸਮੁੱਚੀ ਮਾਨਵਤਾ ਨੂੰ ਮਜ਼੍ਹਬਾਂ, ਫ਼ਿਰਕਿਆਂ, ਫ਼ੋਕਟ ਕਰਮ-ਕਾਂਡਾਂ ਦੇ ਝਗੜੇ-ਝੇੜਿਆਂ ਵਿਚੋਂ ਬਾਹਰ ਕੱਢ ਕੇ ਸਿਰਫ਼ ਧਰਮ ਦੇ ਸਹੀ ਰਾਹ ‘ਤੇ ਤੋਰਨ ਲਈ ਭੇਜਿਆ ਸੀ, ਜਿਸ ਦਾ ਜ਼ਿਕਰ ਦਸਮ ਪਿਤਾ ਖੁਦ ਕਰਦੇ ਹਨ :
ਮੈ ਅਪਨਾ ਸੁਤ ਤੋਹਿ ਨਿਵਾਜਾ॥
ਪੰਥ ਪ੍ਰਚੁਰ ਕਰਬੇ ਕਹੁ ਸਾਜਾ॥
ਜਹਾ ਤਹਾਂ ਤੈ ਧਰਮੁ ਚਲਾਇ॥
ਕਬੁਧਿ ਕਰਨ ਤੇ ਲੋਕ ਹਟਾਇ॥ ੨੯॥
(ਬਚਿਤ੍ਰ ਨਾਟਕ)
ਕੁਝ ਨਵੀਨ ਇਤਿਹਾਸਕਾਰਾਂ ਨੇ ਇਕ ਭੁਲੇਖਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਦਰਸ਼ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼, ਵੱਖੋ-ਵੱਖਰਾ ਸੀ। ਅਜਿਹਾ ਭੁਲੇਖਾ ਪਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਂਤਮਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਥਿਆਰਬੰਦ ਜੰਗਜੂ ਸੰਘਰਸ਼ ਦਾ ਬੜੇ ਬਚਕਾਨਾ ਜਾਂ ਬੌਧਿਕ ਖੋਖਲੇਪਨ ਨਾਲ ਵਖਰੇਵਾਂ ਪੈਦਾ ਕੀਤਾ ਜਾਂਦਾ ਹੈ। ਦਰਅਸਲ ਗੁਰੂ ਸਾਹਿਬਾਨ ਦੇ ਆਦਰਸ਼ ਨੂੰ ਸਮਝੇ ਬਗੈਰ ਹੀ ਅਜਿਹੀਆਂ ਮਿੱਥਾਂ ਬਣਾ ਲਈਆਂ ਜਾਂਦੀਆਂ ਹਨ, ਜਦੋਂਕਿ ਸ਼ਾਂਤਮਈ ਰਹਿਣਾ ਜਾਂ ਸ਼ਸਤਰ ਚੁੱਕਣਾ ਹੀ ਗੁਰੂ ਸਾਹਿਬਾਨ ਦਾ ਵਾਸਤਵੀ ਆਦਰਸ਼ ਨਹੀਂ ਸੀ। ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਦਸਾਂ ਗੁਰੂ ਸਾਹਿਬਾਨ ਦਾ ਉਦੇਸ਼ ਜਾਂ ਆਦਰਸ਼ ਸਮੁੱਚੀ ਲੋਕਾਈ ਨੂੰ ਆਤਮਿਕ ਤੇ ਸਰੀਰਕ ਗ਼ੁਲਾਮੀ ਦੇ ਬਹੁਪ੍ਰਕਾਰੀ ਬੰਧਨਾਂ ਤੋਂ ਮੁਕਤ ਕਰਨਾ ਸੀ। ਇਸ ਉਦੇਸ਼ ਦੀ ਪੂਰਤੀ ਲਈ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸ਼ਾਸਤਰ’ ਦੀ ਵਰਤੋਂ ਕੀਤੀ ਤੇ ਹਾਲਾਤਾਂ ਅਨੁਸਾਰ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਸ਼ਸਤਰ’ ਦੀ ਵਰਤੋਂ ਕੀਤੀ। ਦਸਮ ਪਾਤਿਸ਼ਾਹ ‘ਬਚਿਤ੍ਰ ਨਾਟਕ’ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਜਾਮਿਆਂ ਦੀ ਇਕੋ ਜੋਤਿ ਤੇ ਜੁਗਤ ਦਾ ਪ੍ਰਗਟਾਵਾ ਇਉਂ ਕਰਦੇ ਹਨ :
ਸ੍ਰੀ ਨਾਨਕ ਅੰਗਦਿ ਕਰਿ ਮਾਨਾ॥
ਅਮਰਦਾਸ ਅੰਗਦ ਪਹਿਚਾਨਾ॥
ਅਮਰਦਾਸ ਰਾਮਦਾਸ ਕਹਾਯੋ॥
ਸਾਧਨਿ ਲਖਾ ਮੂੜ੍ਹ ਨਹਿ ਪਾਯੋ॥੯॥
ਭਿੰਨ ਭਿੰਨ ਸਭਹੂੰ ਕਰ ਜਾਨਾ॥
ਏਕ ਰੂਪ ਕਿਨਹੂੰ ਪਹਿਚਾਨਾ॥
ਜਿਨ ਜਾਨਾ ਤਿਨ ਹੀ ਸਿਧ ਪਾਈ॥
ਬਿਨ ਸਮਝੇ ਸਿਧ ਹਾਥਿ ਨ ਆਈ॥੧੦॥
ਰਾਮਦਾਸ ਹਰਿ ਸੋ ਮਿਲ ਗਏ॥
ਗੁਰਤਾ ਦੇਤ ਅਰਜਨਹਿ ਭਏ॥
ਜਬ ਅਰਜਨ ਪ੍ਰਭੁ ਲੋਕ ਸਿਧਾਏ॥
ਹਰਿਗੋਬਿੰਦ ਤਿਹ ਠਾਂ ਠਹਿਰਾਏ॥੧੧॥
ਹਰਿਗੋਬਿੰਦ ਪ੍ਰਭ ਲੋਕ ਸਿਧਾਰੇ॥
ਹਰੀਰਾਇ ਤਿਹ ਠਾਂ ਬੈਠਾਰੇ॥
ਹਰੀਕ੍ਰਿਸਨ ਤਿਨ ਕੇ ਸੁਤ ਵਏ॥
ਤਿਨ ਤੇ ਤੇਗ ਬਹਾਦਰ ਭਏ॥੧੨॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਤਿ-ਆਦਰਸ਼ ਵਿਚ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਵੈਰ ਕਿਸੇ ਮਜ਼੍ਹਬ ਨਾਲ ਨਹੀਂ, ਸਗੋਂ ਜ਼ੁਲਮ ਦੇ ਨਾਲ ਹੈ। ਦੁਸ਼ਟ-ਦਮਨ ਦਸਮੇਸ਼ ਗੁਰੂ, ਦੁਸ਼ਟਾਂ ਨੂੰ ਮਾਰਦੇ ਨਹੀਂ, ਸਗੋਂ ਤਰੁੱਠ ਕੇ, ਤਰਸ ਕਰਕੇ, ਉਨ੍ਹਾਂ ਦੀ ਦੁਸ਼ਟਤਾਈ ਨੂੰ ਬਿਦਾਰ ਕੇ ਉਨ੍ਹਾਂ ਦਾ ਉਧਾਰ ਕਰਦੇ ਸਨ। ਗੁਰੂ ਜੀ ਦੇ ਹਰੇਕ ਤੀਰ ਨਾਲ ‘ਸਵਾ ਤੋਲਾ ਸੋਨਾ’ ਲੱਗਾ ਹੋਣਾ ਕਿ; ਜੇਕਰ ਜ਼ਾਲਮ ਫ਼ੌਜ ਦਾ ਕੋਈ ਸਿਪਾਹੀ ਇਸ ਤੀਰ ਨਾਲ ਜ਼ਖ਼ਮੀ ਹੋਵੇ ਤਾਂ ਇਸ ਸੋਨੇ ਨਾਲ ਆਪਣਾ ਦਵਾ-ਦਾਰੂ ਦਾ ਇੰਤਜ਼ਾਮ ਕਰ ਸਕੇ ਤੇ ਜੇਕਰ ਉਸ ਦੀ ਮੌਤ ਹੋ ਜਾਵੇ ਤਾਂ ਉਸ ਦੇ ਪਰਿਵਾਰ ਵਾਲੇ ਉਸ ਦੇ ਅੰਤਮ ਕਿਰਿਆ-ਕਰਮ ਕਰ ਸਕਣ। ਭਾਈ ਘਨੱਈਆ ਜੀ ਵਲੋਂ ਜੰਗ ਦੇ ਮੈਦਾਨ ‘ਚ ਫ਼ੱਟੜ ਸਿੱਖ ਸਿਪਾਹੀਆਂ ਦੇ ਨਾਲ-ਨਾਲ ਬਿਨ੍ਹਾਂ ਵਿਤਕਰੇ ਤੋਂ ਮੁਗ਼ਲ ਫ਼ੌਜਾਂ ਦੇ ਫ਼ੱਟੜ੍ਹ ਸਿਪਾਹੀਆਂ ਨੂੰ ਵੀ ਪਾਣੀ ਪਿਲਾਉਣ ਦੀ ਸ਼ਿਕਾਇਤ ਜਦੋਂ ਗੁਰੂ ਸਾਹਿਬ ਕੋਲ ਪੁੱਜੀ ਤਾਂ ਗੁਰੂ ਸਾਹਿਬ ਨੇ ਸ਼ਾਬਾਸ਼ੀ ਦਿੰਦਿਆਂ ਪਾਣੀ ਦੇ ਨਾਲ ਮਰਹੱਮ ਦੀ ਡੱਬੀ ਵੀ ਫੜਾ ਕੇ ਮਾਨਵਤਾ ਦੀ ਸੇਵਾ ਲਈ ਥਾਪੜਾ ਦਿੱਤਾ।
ਗੁਰੂ ਸਾਹਿਬ ਨੇ ਕਿਸੇ ਖ਼ਾਸ ਫ਼ਿਰਕੇ ਦੇ ਖਿਲਾਫ਼ ਸੰਘਰਸ਼ ਨਹੀਂ ਕੀਤਾ, ਕਿਉਂਕਿ ਇਕ ਪਾਸੇ ਜਿੱਥੇ ਦਸਮ ਪਾਤਿਸ਼ਾਹ ਨੇ ਜ਼ਾਲਮ ਮੁਗ਼ਲ ਸਲਤਨਤ ਦੀਆਂ ਜੜ੍ਹਾਂ ਪੁੱਟ ਸੁੱਟੀਆਂ, ਉਥੇ ਭੰਗਾਣੀ ਦੇ ਮੈਦਾਨ ਵਿਚ ਪਹਾੜੀ ਰਾਜਪੂਤ ਰਾਜੇ ਭੀਮ ਚੰਦ ਨੇ ਗੁਰੂ ਜੀ ਨੂੰ ਜੰਗ ਦਾ ਨਿਓਂਦਾ ਦਿੱਤਾ ਤਾਂ ਪੀਰ ਬੁੱਧੂ ਸ਼ਾਹ ਵਰਗੇ ਮੁਸਲਮਾਨ ਫ਼ਕੀਰ ਆਪਣੇ ਦੋ ਭਰਾਵਾਂ, ਚਾਰ ਪੁੱਤਰਾਂ ਤੇ ਸੱਤ ਸੌ ਮੁਰੀਦਾਂ ਸਮੇਤ ਗੁਰੂ-ਘਰ ਤਰਫ਼ੋਂ ਮੁਗ਼ਲਾਂ ਨਾਲ ਜੂਝਣ ਲਈ ਪਹੁੰਚਦੇ ਹਨ।
ਖ਼ਾਲਸਾ ਪੰਥ ਦੀ ਸਾਜਨਾ ਸਬੰਧੀ ਔਰੰਗਜ਼ੇਬ ਦੇ ਇਕ ਅਖ਼ਬਾਰ ਨਵੀਸ ਵਲੋਂ ਭੇਜੀ ਗਈ ਨਿਰਪੱਖ ਰਿਪੋਰਟ, ਜਿਸ ਦਾ ਹਵਾਲਾ ਇਤਿਹਾਸਕਾਰ ਮੈਕਾਲਫ਼ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਇਤਿਹਾਸਕਾਰ ਬੂਟੇ ਸ਼ਾਹ ਦੀ ‘ਤਵਾਰੀਖ਼-ਏ-ਪੰਜਾਬ’ ਵਿਚੋਂ ਲਿਆ ਹੈ, ਵੀ ਕਾਬਲ-ਏ-ਗੌਰ ਹੈ, ”ਚਾਰ ਵਰਣਾਂ ਤੋਂ ਨਿਰਲੇਪ ਇਕ ਵੱਖਰਾ ਮਜ਼੍ਹਬ ਹੋਂਦ ਵਿਚ ਆ ਗਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਨੇ ਖ਼ੁਦਾ ਦੀ ਥਾਂ ਲੈਂਦੇ ਆਰੀਆ-ਅਵਤਾਰਾਂ ਦੀ ਪੂਜਾ ਦਾ ਦੌਰ ਆਪਣੀ ਉੱਮਤ ਵਿਚੋਂ ਖ਼ਤਮ ਕਰ ਦਿੱਤਾ ਹੈ ਅਤੇ ਵੀਹ ਹਜ਼ਾਰ ਲੋਕਾਂ ਨੇ ਇਸ ਨਵੀਂ ਕਿਸਮ ਦੇ ਮਜ਼੍ਹਬ ਨੂੰ ਅਖਤਿਆਰ ਕੀਤਾ ਹੈ।” ਸਪੱਸ਼ਟ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼ ਕੋਈ ਰਾਜਸੀ ਜਾਂ ਮਜ਼੍ਹਬੀ ਨਹੀਂ ਸੀ, ਸਗੋਂ ਇਹ ਇਕ ਸਿਧਾਂਤਕ ਲੜਾਈ ਸੀ, ਜਿਹੜੀ ਬੁਰਾਈ, ਅਧਰਮ ਤੇ ਝੂਠ ਦੇ ਖਿਲਾਫ਼, ਮਨੁੱਖੀ ਬਰਾਬਰਤਾ ਵਾਲਾ ਸੱਚਾ ਧਰਮੀ ਸਮਾਜ ਸਿਰਜਣ ਦੀ ਸੀ।
ਦਸਮ ਪਾਤਿਸ਼ਾਹ ਅਜਿਹੇ ਵਿਸ਼ਵ ਰਹਿਬਰ ਸਨ, ਜਿਨ੍ਹਾਂ ਨੇ ਮਾਨਵਤਾ ਨੂੰ ਧਰਮ ਦੇ ਨਾਂਅ ‘ਤੇ ਵੰਡਣ ਵਾਲੇ ਫ਼ੋਕਟ ਕਰਮ-ਕਾਡਾਂ ਦੇ ਭਰਮ-ਭੁਲੇਖਿਆਂ ਵਾਲੇ ਧਰਮ-ਕਰਮਾਂ ਦਾ ਖੰਡਨ ਕਰਦਿਆਂ ‘ਪੂਜਾ ਤੇ ਨਮਾਜ਼, ਮੰਦਰ ਤੇ ਮਸੀਤ’ ਨੂੰ ਇਕੋ ਸੰਦਰਭ ‘ਚ ਰੱਖ ਕੇ ਇਕ ਅਕਾਲ ਪੁਰਖ ਦੀ ਅਰਾਧਨਾ ਦਾ ਸਰਬ-ਸਾਂਝਾ ਉਪਦੇਸ਼ ਦਿੱਤਾ। ‘ਅਕਾਲ ਉਸਤਤ’ ਵਿਚ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਸਵੱਈਯਾ ਹੈ:
ਦੇਹਰਾ ਮਸੀਤ ਸੋਈ, ਪੂਜਾ ਔ ਨਿਵਾਜ ਓਈ,
ਮਾਨਸ ਸਬੈ ਏਕ, ਪੈ ਅਨੇਕ ਕੋ ਭਰਮਾਉ ਹੈ॥
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥
ਏਕੈ ਨੈਨ ਏਕੈ ਕਾਨ, ਏਕੈ ਦੇਹ ਏਕੈ ਬਾਨ,
ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ॥
ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ,
ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ॥੧੬॥੮੬॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਲਾਹੀ ਸਿਫ਼ਤ ਨੂੰ ਸਿਰਫ਼ ਇਕ ਦੇਸ਼, ਖਿੱਤੇ, ਕੌਮ ਜਾਂ ਮਜ਼੍ਹਬ ਤੱਕ ਸੀਮਤ ਰੱਖ ਕੇ ਸੰਸਾਰੀ ਮਨੁੱਖੀ ਗੁਣਾਂ ਵਿਚ ਦੇਖਣ-ਪਰਖਣ ਨਾਲ ਉਨ੍ਹਾਂ ਦੇ ਨਿਆਰੇ ਵਾਸਤਵੀ ਆਦਰਸ਼ ਨੂੰ ਸਮਝਿਆ ਨਹੀਂ ਜਾ ਸਕਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਸਾਰਾ ਸੰਸਾਰ ਸੀ, ਉਨ੍ਹਾਂ ਦਾ ਦੇਸ਼ ਸਮੁੱਚੀ ਰੱਬੀ ਰਚਨਾ ਸੀ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਤੋਂ ਕੋਈ ਭਿੰਨ ਨਹੀਂ। ਗੁਰੂ ਨਾਨਕ ਦਾ ਸਿੱਖ ਧਰਮ ਸਾਰੀ ਸ੍ਰਿਸ਼ਟੀ ਨੂੰ ਆਪਣੇ ਕਲਾਵੇ ‘ਚ ਲੈਣ ਦੀ ਗੱਲ ਆਖਦਾ ਹੈ। ”ਜਨ ਨਾਨਕ ਕਾ ਹਰਿ ਧੜਾ ਧਰਮੁ, ਸਭ ਸ੍ਰਿਸਟਿ ਜਿਣਿ ਆਵੈ॥ (ਰਾਗੁ ਆਸਾ ਘਰੁ ੨ ਮ. ੪, ਅੰਕ : ੩੬੬)” ਪ੍ਰੋ. ਪੂਰਨ ਸਿੰਘ ਸਿੱਖ ਧਰਮ ਦੀ ਵਿਸ਼ਵ-ਵਿਆਪਕਤਾ ਇਸ ਤਰ੍ਹਾਂ ਦਰਸਾਉਂਦੇ ਹਨ, ”ਸਿੱਖ ਕੌਮ ਦਾ ਪ੍ਰਜਵਲਿਤ ਆਦਰਸ਼ਵਾਦ ਕਿਸੇ ਵਿਸ਼ੇਸ਼ ਭੋਇੰ-ਮੰਡਲ ਜਾਂ ਦੇਸ ਜਾਂ ਕਿਸੇ ਜਾਤੀ-ਅਭਿਮਾਨ ਉੱਤੇ ਆਧਾਰਿਤ ਨਹੀਂ ਹੈ, ਸਗੋਂ ਗੁਰੂ ਦੇ ਨਿੱਜੀ ਪ੍ਰੇਮ ਉੱਤੇ ਟੇਕ ਰੱਖਦਾ ਹੈ। ਗੁਰੂ ਦੀ ਖ਼ਾਤਿਰ ਸਗਲ-ਸ੍ਰਿਸ਼ਟੀ ਨੂੰ ਪ੍ਰੇਮ ਕਰਨ ਦੀ ਵਿਸ਼ੇਸ਼ਤਾ ਸਿੱਖਾਂ ਦਾ ਕੁੱਲ ਦੁਨੀਆਂ ਤੋਂ ਨਿਆਰਾ ਲੱਛਣ ਹੈ।”
ਸਹੀ ਮਾਅਨਿਆਂ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਵਿਸ਼ਵ ਧਰਮ ਦੇ ਵਿਸ਼ਵ ਰਹਿਬਰ ਸਨ ਅਤੇ ਇਕ ਵਿਸ਼ਵ ਰਹਿਬਰ ਦੀ ਵਿਸ਼ਾਲਤਾ ਨੂੰ ਇਕ ਦੇਸ਼, ਖਿੱਤੇ ਜਾਂ ਕੌਮ ਦੀਆਂ ਹੱਦਾਂ ਵਿਚ ਸੀਮਤ ਕਰਕੇ ਦੇਖਾਂਗੇ ਤਾਂ ਇਸ ਵਾਸਤੇ ਉਸ ਵਿਸ਼ਵ ਧਰਮ ਜਾਂ ਵਿਸ਼ਵ ਰਹਿਬਰ ਦੀ ਦੈਵੀ ਅਜ਼ਮਤ, ਰੱਬੀ ਸ਼ਾਨ, ਪੈਗੰਬਰੀ ਬਿੰਬ, ਬ੍ਰਹਿਮੰਡੀ ਆਦਰਸ਼ਾਂ ਤੇ ਅਨੂਠੀ ਵਿਰਾਸਤ ਦੀ ਭਾਰੀ ਕੀਮਤ ਤਾਰਨੀ ਪਵੇਗੀ। ਕਿਉਂਕਿ ਗੁਰੂ ਸਾਹਿਬ ਦੀ ‘ਅਬਦੀ ਗੁਰਿਆਈ’ ਬਾਕੌਲ ਗੁਰਬਾਣੀ ”ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥” ਨੂੰ, ਮਨੁੱਖੀ ਗੁਣਾਂ ਦੀਆਂ ਸਿਫ਼ਤਾਂ ਨਾਲ ਸੰਸਾਰੀ ਕਿਰਦਾਰ ਵਾਲੇ ਆਵਾਗਵਨੀ ‘ਪੂਰਨ ਮਨੁੱਖਾਂ’ ਦੀ ਕਤਾਰ ‘ਚ ਲਿਆ ਖੜ੍ਹਾ ਕਰਾਂਗੇ ਤਾਂ ਉਨ੍ਹਾਂ ਦੀ ਅਸਲ ਵਿਰਾਸਤ, ਆਦਰਸ਼ਾਂ ਅਤੇ ਉਪਦੇਸ਼ ਤੋਂ ਮਨੁੱਖ ਜਾਤੀ ਸਹੀ ਸੇਧ ਨਹੀਂ ਲੈ ਸਕੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਪੰਥ ਦੀ ਸੋਨ ਚਿੜ੍ਹੀ’ ਵਜੋਂ ਨਿਵਾਜੇ ਅੰਤਰਮੁਖੀ, ਨਾਮ-ਰਸੀਏ ਤੇ ਅਨੁਭਵੀ ਸਿੱਖ ਦਾਰਸ਼ਨਿਕ ਭਾਈ ਸਾਹਿਬ ਰਣਧੀਰ ਸਿੰਘ ਦਾ ਕਥਨ ਸਾਹਿਬ-ਏ-ਕਮਾਲਿ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿ-ਆਦਰਸ਼ ਦੀ ਸੰਖੇਪ ਵਿਆਖਿਆ ਕਰਨ ਲਈ ਢੁੱਕਵਾਂ ਹੈ, ”ਇਹ ਕਹਿਣਾ ਬਿਲਕੁਲ ਲਗ਼ਵ (ਬੇਹੁਦਾ) ਹੈ, ਜੈਸਾ ਕਿ ਆਮ ਕਹਾਵਤ ਵਿਚ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਕੇਵਲ ਹਿੰਦੂ ਧਰਮ ਦੇ ਹੀ ਗੱਦੀ ਪੀਰ ਸਦਵਾਂਦੇ ਸਨ। ਆਪੋ ਆਪਣੇ ਖਿਆਲਾਂ ਅਨੁਸਾਰ ਕੋਈ ਕੁਛ ਕਹਿੰਦਾ ਫਿਰੇ, ਪਰੰਤੂ ਹੱਕ ਤਾਂ ਏਸ ਗੱਲ ਵਿਚ ਹੈ ਕਿ ਗੁਰੂ ਦਸ਼ਮੇਸ਼ ਪਾਤਸ਼ਾਹ ਹੱਕ-ਪ੍ਰਸਤ ਅਤੇ ਹੱਕ ਦੇ ਮੁਤਲਾਸ਼ੀਆਂ ਦੇ ਸੱਚੇ ਰਹਿਬਰ ਸਨ। ਉਨ੍ਹਾਂ ਦੇ ਪਾਸ ਜੋ ਸ਼ਖ਼ਸ ਭੀ ਹੱਕ ਜੋਇੰਦਾ (ਸੱਚ ਦਾ ਢੁੰਡਾਊ) ਬਣ ਕੇ ਆਇਆ ਉਸ ਨੂੰ ਹੀ ਸੱਚੇ ਪਾਤਸ਼ਾਹ ਨੇ ਹੱਕ-ਪ੍ਰਸਤ ਬਣਾ ਦਿੱਤਾ ਅਤੇ ਖੁੰਦਾਵੰਦ ਸੱਚੇ ਵਾਹਿਗੁਰੂ ਦੇ ਲੜ ਲਾਇਆ। ਗਹਿਰ ਗੰਭੀਰੇ ਮੱਚਦੇ ਜੰਗ ਸਮੇਂ ਭੀ ਗੁਰੂ ਸੱਚੇ ਪਾਤਸ਼ਾਹ ਨੇ ਧਰਮੀ ਲੋਕਾਂ ਦਾ ਅੰਗ ਪਾਲਿਆ ਅਤੇ ਰਾਜਸੀ ਰੁਹਬ ਦਾਬ ਦੀ ਕੁਛ ਪਰਵਾਹ ਨਹੀਂ ਕੀਤੀ।”
ੲੲੲ
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …