ਐਸਈਐਲ ਟੈਕਸਟਾਈਲ ਕੰਪਨੀ ਦਾ ਮਾਲਕ ਨੀਰਜ ਸਲੂਜਾ ਗਿ੍ਰਫ਼ਤਾਰ
1530 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਮਾਮਲੇ ’ਚ ਸਲੂਜਾ ਖਿਲਾਫ
ਦਰਜ ਹੋਈ ਸੀ ਐਫਆਈਆਰ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ’ਚ ਕੱਪੜਾ ਕੰਪਨੀ ਐਸਈਐਲ ਟੈਕਸਟਾਈਲ ਲਿਮਟਿਡ ਦੇ ਮਾਲਿਕ ਨੀਰਜ ਸਲੂਜਾ ਨੂੰ ਈਡੀ ਨੇ 1530 ਕਰੋੜ ਦੀ ਬੈਂਕ ਧੋਖਾਧੜੀ ਮਾਮਲੇ ’ਚ ਗਿ੍ਰਫ਼ਤਾਰ ਕਰ ਲਿਆ ਹੈ। 6 ਦਿਨ ਪਹਿਲਾਂ ਈਡੀ ਨੇ ਇਸ ਟੈਕਸਟਾਈਲ ਕੰਪਨੀ ਦੇ 13 ਟਿਕਾਣਿਆਂ ’ਤੇ ਰੇਡ ਕੀਤੀ ਸੀ ਅਤੇ ਰੇਡ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ 60 ਲੱਖ ਰੁਪਏ ਕੈਸ਼ ਸਮੇਤ ਕਈ ਦਸਤਾਵੇਜ਼ ਵੀ ਜਬਤ ਕੀਤੇ ਸਨ। ਨੀਰਜ ਸਲੂਜਾ ’ਤੇ 2 ਸਾਲ ਪਹਿਲਾਂ ਬੈਂਕਾਂ ਦੇ ਨਾਲ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਈਡੀ ਵੱਲੋਂ ਸ਼ੁਰੂ ਕੀਤੀ ਸੀ ਜਦਕਿ ਇਸ ਤੋਂ ਪਹਿਲਾਂ ਸੀਬੀਆਈ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ ’ਤੇ ਸਲੂਜਾ ਖਿਲਾਫ ਮਾਮਲਾ ਦਰਜ ਕੀਤਾ ਸੀ। ਦਰਜ ਮਾਮਲੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਨੇ 1530 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਈਡੀ ਵੱਲੋਂ ਕੀਤੀ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਐਸਈਐਲ ਟੈਕਸਟਾਈਲ ਲਿਮਟਿਡ ਕੰਪਨੀ ਨੇ ਸੈਂਟਰਲ ਬੈਂਕ ਆਫ਼ ਇੰਡੀਆ ਤੋਂ ਲਏ ਗਏ ਲੋਨ ਦੀ ਦੁਰਵਰਤੋਂ ਕੀਤੀ ਹੈ। ਧਿਆਨ ਰਹੇ ਕਿ ਐਸਈਐਲ ਕੱਪੜਾ ਕੰਪਨੀ ਦੇ ਮਾਲਕ ਨੀਰਜ ਸਲੂਜਾ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਦੱਸਿਆ ਜਾ ਰਿਹਾ ਹੈ।