-2 C
Toronto
Thursday, January 22, 2026
spot_img
Homeਮੁੱਖ ਲੇਖਅਜੋਕੇ ਵਿਸ਼ਵ ਪ੍ਰਸੰਗ 'ਚ ਗੁਰੂ ਨਾਨਕ ਫ਼ਲਸਫ਼ੇ ਨੂੰ ਸਮਝਣ ਦੀ ਲੋੜ

ਅਜੋਕੇ ਵਿਸ਼ਵ ਪ੍ਰਸੰਗ ‘ਚ ਗੁਰੂ ਨਾਨਕ ਫ਼ਲਸਫ਼ੇ ਨੂੰ ਸਮਝਣ ਦੀ ਲੋੜ

316844-1rz8qx1421419655-300x225ਤਲਵਿੰਦਰ ਸਿੰਘ ਬੁੱਟਰ
ਅਜੋਕੀਆਂ ਵਿਸ਼ਵ ਸਮੱਸਿਆਵਾਂ ਦੇ ਹੱਲ ਲਈ ਮਨੁੱਖਤਾ ਦੇ ਸਰਬਪੱਖੀ ਵਿਕਾਸ ਦਾ ਕੋਈ ਨਵਾਂ ਨਮੂਨਾ ਲੱਭਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਇਹ ਨਮੂਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨਾਲੋਂ ਵੱਧ ਸਟੀਕ ਕੋਈ ਹੋਰ ਹੋ ਨਹੀਂ ਸਕਦਾ। ਜਿਸ ਤਰ੍ਹਾਂ ਦੇ ਅੱਜ ਵਿਸ਼ਵ ਪੱਧਰ ‘ਤੇ ਹਾਲਾਤ ਬਣੇ ਹੋਏ ਹਨ, ਬਿਲਕੁਲ ਉਸੇ ਤਰ੍ਹਾਂ ਦੇ ਹੀ ਪੰਦਰ੍ਹਵੀਂ ਸਦੀ ਵਿਚ ਭਾਰਤ ਦੇ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਹਾਲਾਤ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਪੂਰੀ ਲੋਕਾਈ ਨੂੰ ਇਕ ਸਾਂਝਾ ਤੇ ਬਰਾਬਰਤਾ ਵਾਲਾ ਮਨੁੱਖੀ ਜੀਵਨ-ਜਾਚ ਦਾ ਸਿਧਾਂਤ ਦਿੱਤਾ। ਇਹ ਸਿਧਾਂਤ ਸਾਨੂੰ ਸਾਵੇਂ ਆਰਥਿਕ, ਰਾਜਨੀਤਕ, ਨਿਆਂਇਕ, ਧਾਰਮਿਕ ਅਤੇ ਸਮਾਜਿਕ ਵਿਕਾਸ ਦਾ ਨਮੂਨਾ ਦਿੰਦੇ ਹਨ, ਜੇਕਰ ਉਨ੍ਹਾਂ ਸਿਧਾਂਤਾਂ ‘ਤੇ ਚੱਲਿਆ ਜਾਵੇ ਤਾਂ ਯਕੀਨਨ ਅੱਜ ਵੀ ਦੁਨੀਆ ਭਰ ਵਿਚ ਸਾਰੇ ਝਗੜੇ-ਝੇੜਿਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਆਦਰਸ਼ਕ ਜੀਵਨ-ਜਾਚ ਦੀ ਮੁੱਢਲੀ ਸ਼ਰਤ ਹੀ ਇਹ ਰੱਖੀ :
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥
(ਸਿਰੀ ਰਾਗੁ ਮ. ੧, ਅੰਕ : 62)
ਗੁਰੂ ਸਾਹਿਬ ਨੇ ਸਾਨੂੰ ਸਭ ਤੋਂ ਪਹਿਲਾਂ ‘ਸੱਚ’ ਅਰਥਾਤ ਆਪਣੇ ਮੂਲ ਨੂੰ ਪਛਾਨਣ ਲਈ ਆਖਿਆ। ਜਗਤ ਦੇ ਮਨੁੱਖ, ਜੀਵ, ਜੰਤੂ, ਬਨਸਪਤੀ ਸਾਰੇ ਇਕੋ ਹੀ ਸਰਬ-ਸ਼ਕਤੀਮਾਨ ਪਰਮਾਤਮਾ ਦੇ ‘ਅੰਸ਼’ ਹਨ, ਤਾਂ ਫ਼ੇਰ ਇਹ ਨਫ਼ਰਤ ਅਤੇ ਹਉਮੈ ਦੇ ਸਾਰੇ ਬਿਖੇੜੇ ਕਿਉਂ? ਗੁਰੂ ਸਾਹਿਬ ਸਾਰੇ ਦੁਨਿਆਵੀ ਝਗੜੇ-ਝੇੜਿਆਂ ਦਾ ਮੂਲ ਕਾਰਨ ਹੀ ਮਨੁੱਖ ਦੀ ‘ਹਉਮੈ’ ਨੂੰ ਤਾਈਦ ਕਰਦੇ ਹਨ।
ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ॥
ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ॥
(ਵਾਰ ਸੂਹੀ ਕੀ, ਪੰਨਾ : 790)
ਆਰਥਿਕ ਨਮੂਨਾ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਮਨੁੱਖ ਨੂੰ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਜੀਵਨ ਅਮਲ ਦਿੱਤਾ। ਖੁਦ ਕਰਤਾਰਪੁਰ ਦੀ ਧਰਤੀ ‘ਤੇ 17 ਸਾਲ 5 ਮਹੀਨੇ 9 ਦਿਨ ਰਹਿ ਕੇ ਖੇਤੀਬਾੜੀ ਕੀਤੀ ਅਤੇ ਮਨੁੱਖ ਨੂੰ ਸੰਦੇਸ਼ ਦਿੱਤਾ:
”ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥”
ਸਰਮਾਏਦਾਰੀ ਦੇ ਜਲੌਅ ‘ਚ ਖ਼ਤਮ ਹੋ ਰਹੇ ਮਨੁੱਖੀ ਅਧਿਕਾਰਾਂ ਅਤੇ ਸੰਵੇਦਨਾਵਾਂ ਨੂੰ ਬਚਾਉਣ ਲਈ ਉੱਨੀਵੀਂ ਸਦੀ ਵਿਚ ਕਾਰਲ ਮਾਰਕਸ ਨੇ ‘ਸਮਾਜਵਾਦ’ ਦਾ ਸਿਧਾਂਤ ਪੇਸ਼ ਕੀਤਾ ਸੀ, ਪਰ ਅਸਲੀ ‘ਸਮਾਜਵਾਦ’ ਗੁਰੂ ਨਾਨਕ ਸਾਹਿਬ ਨੇ ਪੰਦਰ੍ਹਵੀਂ ਸਦੀ ਵਿਚ ਹੀ ਮਨੁੱਖ ਨੂੰ ਦੇ ਦਿੱਤਾ ਸੀ। ‘ਸਰਮਾਏਦਾਰੀ’ 90 ਫ਼ੀਸਦੀ ਲੋਕਾਂ ਦਾ ਹੱਕ ਮਾਰ ਕੇ 10 ਫ਼ੀਸਦੀ ਅਮੀਰਾਂ ਕੋਲ ਸਾਰੀ ਪੂੰਜੀ ਇਕੱਠੀ ਕਰਨ ਦੀ ਤਰਫ਼ਦਾਰੀ ਕਰਦੀ ਹੈ ਅਤੇ ਇਸ ਦੇ ਖਿਲਾਫ਼ ਗੁਰੂ ਨਾਨਕ ਸਾਹਿਬ ਵੱਲੋਂ ਪੰਜ ਸਦੀਆਂ ਪਹਿਲਾਂ ਹੀ ਸੁਣਾਇਆ ਗਿਆ ਇਹ ਫ਼ਤਵਾ ‘ਸਮਾਜਵਾਦ’ ਦਾ ਅਸਲ ਹੋਕਾ ਸੀ :
ਹਕੁ ਪਰਾਇਆ ਨਾਨਕਾ ਉਸੁ ਸੂਅਰੁ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
(ਮ. ੧, ਅੰਕ : 141)
ਅਤੇ
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥
(ਸਲੋਕੁ ਮ. ੧, ਅੰਕ : 140)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਇਹ ਵੀ ਸਮਝਾਇਆ ਕਿ ਧਨ-ਦੌਲਤਾਂ ਦੀ ਜ਼ਖੀਰੇਬਾਜ਼ੀ ਦੂਜੇ ਦਾ ਹੱਕ ਮਾਰਨ ਤੋਂ ਬਗੈਰ ਨਹੀਂ ਹੋ ਸਕਦੀ ਅਤੇ ਇਹ ਅੰਤ ਨੂੰ ਸਾਥ ਵੀ ਨਹੀਂ ਦਿੰਦੀ।
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥
(ਆਸਾ ਮ. ੧, ਅੰਕ : 417)
ਅੱਜ ਸਾਡੇ ਮਨੁੱਖੀ ਸਮਾਜ ਵਿਚੋਂ ਪਦਾਰਥਕ ਤਮ੍ਹਾ ਨੇ ਕਿਰਤ ਸੱਭਿਆਚਾਰ ਨੂੰ ਮਨਫ਼ੀ ਕਰ ਦਿੱਤਾ ਹੈ ਅਤੇ ਦੂਜਿਆਂ ਦਾ ਹੱਕ ਮਾਰਨ ਦੀ ਪ੍ਰਵਿਰਤੀ ਵੱਧਦੀ ਜਾ ਰਹੀ ਹੈ। ਅਜਿਹੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਉਂ ਫ਼ਿਟਕਾਰਿਆ ਹੈ :
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ॥
(ਮ. ੧, ਅੰਕ : 790)
ਕਿਰਤ ਕਰਨ ਵਾਲੇ ਮਨੁੱਖ ਅੰਦਰ ਸੰਤੋਖ, ਸਹਿਣਸ਼ੀਲਤਾ, ਦਇਆ ਹੁੰਦੀ ਹੈ ਤੇ ਉਹ ਮਨੁੱਖ ਨਾ-ਸਿਰਫ਼ ਨਿੱਜ ਲਈ ਹੀ ਜੀਵਨ ਜਿਊਂਦਾ ਹੈ, ਸਗੋਂ ਉਹ ‘ਸਰਬ ਸਾਂਝੀਵਾਲਤਾ’ ਅਨੁਸਾਰ ਮਨੁੱਖਤਾ ਦੀ ਭਲਾਈ ਲਈ ਵੀ ਤਤਪਰ ਰਹਿੰਦਾ ਹੈ। ਅਜੋਕੇ ਦੁਨੀਆ ਦੇ ਆਰਥਿਕ ਵਿਕਾਸ ਦੇ ਨਮੂਨੇ ਵਿਚੋਂ ਇਹੀ ‘ਸਰਬ ਸਾਂਝੀਵਾਲਤਾ’ ਦਾ ਸੰਕਲਪ ਗਾਇਬ ਹੈ, ਜਿਸ ਕਾਰਨ ਮਨੁੱਖ ਖੁਦਗਰਜ਼ੀ ਅਤੇ ਤ੍ਰਿਸ਼ਨਾਵਾਂ ਦੀ ਅਮੁੱਕ ਦੌੜ ਵਿਚ ਦੁਖੀ ਹੋ ਰਿਹਾ ਹੈ। ਮਨੁੱਖ ਸਿਰਫ਼ ਨਿੱਜੀ ਸੁੱਖ ਲਈ ਪਦਾਰਥਿਕ ਵਸਤੂਆਂ ਇਕੱਠੀਆਂ ਕਰਨ ਵਿਚ ਹੀ ਲੱਗਿਆ ਹੋਇਆ ਹੈ ਪਰ ਉਸ ਦੀ ਦੌੜ ਖ਼ਤਮ ਨਹੀਂ ਹੁੰਦੀ। ਪਰ ਇਸ ਦੇ ਉਲਟ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ‘ਸਮੂਹਿਕਤਾ ਦੀ ਭਲਾਈ’ ਦੇ ਆਰਥਿਕ ਨਮੂਨੇ ਦੀ ਗੱਲ ਕਰਦਾ ਹੈ ਕਿ ਜਿਹੜੇ ਮਨੁੱਖ ਧਨ ਵਸਤੂਆਂ ਦੀ ਵਰਤੋਂ ਸਮੂਹਿਕ ਭਲੇ ਲਈ ਕਰਦੇ ਹਨ, ਉਨ੍ਹਾਂ ਨੂੰ ਹੀ ਆਤਮਿਕ ਤ੍ਰਿਪਤੀ ਅਤੇ ਸੁੱਖ-ਸ਼ਾਂਤੀ ਮਿਲਦੀ ਹੈ।
ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ॥
ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ॥
(ਸਾਰੰਗ ਕੀ ਵਾਰ, ਅੰਕ : 1246)
ਰਾਜਨੀਤਕ ਨਮੂਨਾ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ‘ਹਲੇਮੀ ਰਾਜ’ ਦਾ ਰਾਜਨੀਤਕ ਨਮੂਨਾ ਵੀ ਅਜਿਹਾ ਦਿੱਤਾ, ਜਿਸ ਨੂੰ ਅਪਣਾ ਕੇ ਪੂਰੀ ਦੁਨੀਆ ਵਿਚੋਂ ਅੱਜ ਐਟਮੀ ਜੰਗਾਂ ਦਾ ਭੈਅ ਖ਼ਤਮ ਕਰਕੇ ਸਦੀਵੀ ਅਮਨ-ਅਮਾਨ ਕਾਇਮ ਕੀਤਾ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਆਪਣੇ ਸਮਕਾਲੀ ਰਾਜਨੀਤਕ ਹਾਲਤਾਂ ਦਾ ਵਿਸ਼ਲੇਸ਼ਣ ਕੀਤਾ, ਉਥੇ ਉਨ੍ਹਾਂ ਨੇ ਹਾਕਮਾਂ ਨੂੰ ਉਨ੍ਹਾਂ ਦੇ ਫ਼ਰਜ਼ਾਂ ਪ੍ਰਤੀ ਵੀ ਸੁਚੇਤ ਕੀਤਾ। ਗੁਰੂ ਜੀ ਨੇ ਸਮਕਾਲੀ ਰਾਜਨੀਤਕ ਹਾਲਤਾਂ ਨੂੰ ਇਉਂ ਬਿਆਨ ਕੀਤਾ :
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
(ਮਾਝ ਕੀ ਵਾਰ, ਅੰਕ : 145)
ਗੁਰੂ ਸਾਹਿਬ ਨੇ ਬੇਖੌਫ਼ ਹੋ ਕੇ ਸਮੇਂ ਦੇ ਹਾਕਮਾਂ ਨੂੰ ਉਨ੍ਹਾਂ ਦੀ ਅਸਲੀਅਤ ਦਿਖਾਈ ਅਤੇ ਜ਼ੁਲਮ ਕਰਨ ਵਾਲੇ ਰਾਜਿਆਂ ਦੀ ਤੁਲਨਾ ਜੀਵਾਂ ਦਾ ਸ਼ਿਕਾਰ ਕਰਨ ਵਾਲੇ ਸ਼ੇਰ ਨਾਲ ਅਤੇ ਉਨ੍ਹਾਂ ਦੇ ਅਹਿਲਕਾਰਾਂ ਦੀ ਤੁਲਨਾ ਕੁੱਤਿਆਂ ਨਾਲ ਕੀਤੀ ਜੋ ਗਰੀਬਾਂ ਦੀ ਮਿੱਝ, ਰੱਤ ਚੱਟਣੋਂ ਵੀ ਪ੍ਰਵਾਹ ਨਹੀਂ ਕਰਦੇ :
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨ੍ਰ ਬੈਠੇ ਸੁਤੇ॥
ਚਾਕਰ ਨਹਦਾ ਪਾਇਨ੍ਰਿ ਘਾਉ॥
ਰੁਤ ਪਿਤੁ ਕੁਤਿਹੋ ਚਟਿ ਜਾਹੁ॥
(ਮਲਾਰ ਕੀ ਵਾਰ, ਅੰਕ : 1288)
ਗੁਰੂ ਜੀ ਨੇ ਨਾ-ਸਿਰਫ਼ ਰਾਜਿਆਂ ਨੂੰ ਉਨ੍ਹਾਂ ਦੇ ਗਿਰੀਵਾਨ ‘ਚ ਝਾਤੀ ਮਰਵਾਈ ਸਗੋਂ ਉਨ੍ਹਾਂ ਦੇ ਫ਼ਰਜ਼ਾਂ ਦਾ ਵੀ ਅਹਿਸਾਸ ਕਰਵਾਇਆ। ਗੁਰੂ ਸਾਹਿਬ ਨੇ ‘ਰਾਜ-ਧਰਮ’ ਦਾ ਮੁੱਢਲਾ ਫ਼ਰਜ਼ ‘ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨ’ ਦੱਸਿਆ। ਜ਼ੋਰ-ਜ਼ੁਲਮ ਨੂੰ ਹੀ ਰਾਜ ਕਰਨ ਦੀ ਸਮਰੱਥਾ ਸਮਝਣ ਵਾਲੇ ਹਾਕਮਾਂ ਨੂੰ ਗੁਰੂ ਸਾਹਿਬ ਨੇ ਅਸਲੀ ਹਾਕਮ ਦੀ ਯੋਗਤਾ ਇਉਂ ਦੱਸੀ :
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥
(ਮਾਰੂ ਵਾਰ, ਅੰਕ : 1088)
ਸੱਚਾਈ ਦੇ ਰਾਹ ‘ਤੇ ਚੱਲਣ ਵਾਲੇ ਹੀ ਰਾਜ ਤਖ਼ਤ ‘ਤੇ ਬੈਠਣ ਦੇ ਅਸਲ ਹੱਕਦਾਰ ਹਨ ਅਤੇ ‘ਰਾਜ ਭਾਗ’ ਹਾਸਲ ਕਰਨ ਲਈ ਲੋਕਾਂ ‘ਤੇ ਜ਼ੋਰ ਜ਼ੁਲਮ ਕਰਨ ਵਾਲੇ ਆਤਮਿਕ ਤੌਰ ‘ਤੇ ਖੁਦ ਵੀ ਤ੍ਰਿਸ਼ਨਾਵਾਂ ਦਾ ਦੁੱਖ ਭੋਗਦੇ ਹਨ।
ਅਜੋਕੇ ਸਮੇਂ ਵੀ ਸਾਡੇ ਦੇਸ਼ ਦੀ ਰਾਜਨੀਤਕ ਵਿਵਸਥਾ ਬਿਲਕੁਲ ਅਜਿਹੀ ਬਣੀ ਹੋਈ ਹੈ ਕਿ ਹਾਕਮ ਬਣ ਕੇ ਬੇਪਨਾਹ ਧਨ ਅਤੇ ਧਰਤੀ ਦੇ ਮਾਲਕ ਬਣਨ ਦੀ ਹੋੜ ਲੱਗੀ ਹੋਈ ਹੈ। ਸਰਹੱਦਾਂ ਤੋਂ ਪਾਰ ਦੇਸ਼ਾਂ ਦੀ ਧਰਤੀ ‘ਤੇ ਕਬਜ਼ੇ ਨੂੰ ਲੈ ਕੇ ਲੜਾਈ ਹੈ ਅਤੇ ਸਰਹੱਦਾਂ ਦੇ ਅੰਦਰ ‘ਹਰਾਮ’ ਦੀ ਕਮਾਈ ਨਾਲ ਧਨ-ਦੌਲਤਾਂ ਦੇ ਅੰਬਾਰ ਲਗਾਉਣ ਦੀ ਦੌੜ ਲੱਗੀ ਹੋਈ ਹੈ। ਅਜੋਕੀਆਂ ਹਕੂਮਤਾਂ ‘ਸੱਚ’ ਅਰਥਾਤ ਲੋਕਾਈ ਪ੍ਰਤੀ ਆਪਣੇ ਸੰਵਿਧਾਨਕ ਕਰਤਵਾਂ ਤੋਂ ਮੂੰਹ ਮੋੜੀ ਬੈਠੀਆਂ ਹਨ ਅਤੇ ਇਸੇ ਕਰਕੇ ਅੱਜ ਸਾਡੇ ਦੇਸ਼ ਨੂੰ ਭ੍ਰਿਸ਼ਟਾਚਾਰ ਘੁਣ ਵਾਂਗ ਖਾ ਰਿਹਾ ਹੈ।
ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਸਾਨੂੰ ਅੱਜ ਬੁਰਾਈਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਬਲ ਹਾਸਲ ਕਰਨਾ ਚਾਹੀਦਾ ਹੈ, ਕਿਉਂਕਿ ਅੱਜ ਸਾਡੇ ਸਮਾਜ ਵਿਚ ਬੁਰਾਈਆਂ ਦੇ ਲਗਾਤਾਰ ਹੋ ਰਹੇ ਵਾਧੇ ਲਈ ਸਾਡੀ ਖੁਦਗਰਜ਼ੀ ਅਤੇ ਜੁਰਮਾਂ ਨੂੰ ਬਰਦਾਸ਼ਤ ਕਰਨ ਦੀ ਆਦਤ ਬਹੁਤ ਵੱਡੀ ਜ਼ਿੰਮੇਵਾਰ ਹੈ। ਅਜਿਹੀ ਲੋਕਾਈ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਸੰਬੋਧਤ ਕਰਦੇ ਹਨ :
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥
(ਮ. ੧, ਅੰਕ : 469)
ਗਿਆਨ ਤੋਂ ਵਿਹੂਣੀ ਅਰਥਾਤ ਜ਼ੁਲਮ ਵਿਰੁੱਧ ਬੋਲਣ ਅਤੇ ਸੱਚ ਦੇ ਹੱਕ ਵਿਚ ਡੱਟਣ ਦੇ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜੀ ਬੈਠੀ ਪਰਜਾ ਅੰਨ੍ਹੀ ਹੈ ਜਿਹੜੀ ਹਾਕਮਾਂ ਦੇ ਜ਼ੋਰ-ਜ਼ੁਲਮ ਦੀ ਅੱਗ ਵਿਚ ਸੜਦੀ ਹੈ।
ਨਿਆਂ ਪ੍ਰਬੰਧਾਂ ਦਾ ਨਮੂਨਾ
ਪੰਦਰ੍ਹਵੀਂ ਸਦੀ ਦੇ ਹਾਕਮਾਂ ਨੇ ਕਾਜ਼ੀਆਂ ਨੂੰ ਇਨਸਾਫ਼ ਦੀ ਕੁਰਸੀ ‘ਤੇ ਬਿਠਾਇਆ ਹੋਇਆ ਸੀ, ਉਹ ਦੇਖਣ ਨੂੰ ਤਾਂ ਮੁਸਲਮਾਨੀ ਸ਼ਰ੍ਹਾ ਮੁਤਾਬਕ ਪੁਸਤਕਾਂ ਪੜ੍ਹ ਕੇ ਫ਼ੈਸਲੇ ਦਿੰਦੇ ਸਨ, ਪਰ ਉਨ੍ਹਾਂ ਦੇ ਅਰਥ ਆਪਣੀ ਮਰਜ਼ੀ ਦੇ ਕੱਢਦੇ ਸਨ, ਕਿਉਂਕਿ ਉਨ੍ਹਾਂ ਦੇ ਆਚਰਣ ਦਾ ਇਸ ਕਦਰ ਦੀਵਾਲਾ ਨਿਕਲ ਚੁੱਕਿਆ ਸੀ ਕਿ ਉਹ ਰਿਸ਼ਵਤ ਬਦਲੇ ਬੇਕਸੂਰ ਨੂੰ ਕਸੂਰਵਾਰ ਤੇ ਕਸੂਰਵਾਰ ਨੂੰ ਬੇਦੋਸ਼ਾ ਕਰਾਰ ਦਿੰਦੇ ਸਨ। ਗੁਰੂ ਸਾਹਿਬਨੇ ਉਨ੍ਹਾਂ ਨੂੰ ਇੰਝ ਫ਼ਿਟਕਾਰਿਆ :
ਕਾਜੀ ਹੋਇ ਕੈ ਬਹੈ ਨਿਆਇ॥
ਫੇਰੇ ਤਸਬੀ ਕਰੇ ਖੁਦਾਇ॥
ਵਢੀ ਲੈ ਕੈ ਹਕੁ ਗਵਾਏ॥
ਜੇ ਕੋ ਪੁਛੈ ਤਾ ਪੜਿ ਸੁਣਾਏ॥
(ਰਾਮਕਲੀ ਕੀ ਵਾਰ, ਸਲੋਕੁ ਮ. ੧, ਅੰਕ : 951)
ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ ਇਨਸਾਫ਼ ਦਾ ਵੀ ਇਕ ਬਿਹਤਰੀਨ ਆਦਰਸ਼ ਪੇਸ਼ ਕਰਦਾ ਹੈ, ਜਿਸ ਨੂੰ ਅਪਣਾ ਕੇ ਅੱਜ ਸਾਡੇ ਸਮਾਜ ਵਿਚ ਨਿਆਂ ਦੀ ਵਿਵਸਥਾ ਨੂੰ ਸੁਚਾਰੂ ਕੀਤਾ ਜਾ ਸਕਦਾ ਹੈ। ਲੋਕਾਈ ਨੂੰ ਇਨਸਾਫ਼ ਦਿਵਾਉਣ ਵਿਚ ਧਾਰਮਿਕ ਆਗੂਆਂ ਦੀ ਜ਼ਿੰਮੇਵਾਰੀ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਜ਼ਰ ਅੰਦਾਜ਼ ਨਹੀਂ ਕੀਤਾ। ਸਮੇਂ ਦੇ ਧਾਰਮਿਕ ਆਗੂਆਂ ਬਾਰੇ ਉਨ੍ਹਾਂ ਨੇ ਆਪਣਾ ਨਿਰਣਾ ਇਉਂ ਸੁਣਾਇਆ :
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥
(ਧਨਾਸਰੀ ਮ. ੧, ਅੰਕ : 662)
ਜਦੋਂ ਤੱਕ ਸਾਡੀ ਜੀਵਨ-ਜਾਚ ਵਿਚ ਸੱਚਾਈ, ਇਨਸਾਫ਼ ਲੈਣ ਅਤੇ ਦੁਆਉਣ ਦੀ ਦ੍ਰਿੜ੍ਹਤਾ, ਦੂਜਿਆਂ ਪ੍ਰਤੀ ਦਇਆ ਅਤੇ ਭਰਾਤਰੀ ਭਾਵਨਾ ਨਹੀਂ ਆਉਂਦੀ ਉਦੋਂ ਤੱਕ ਅਸੀਂ ਕਿਸੇ ਧਰਮ ਕਰਮ ਵਿਚ ਪੱਕੇ ਨਹੀਂ ਅਖਵਾ ਸਕਦੇ।
ਧਾਰਮਿਕ ਨਮੂਨਾ
ਸਵਾਰਥ ਅਤੇ ਪਦਾਰਥਕ ਦੌੜ ਵਾਲੇ ਅਜੋਕੇ ਦੁਨੀਆ ਦੇ ਵਿਕਾਸ ਮਾਡਲ ਦੇ ਦੁਰ-ਪ੍ਰਭਾਵ ਤੋਂ ਸਾਡਾ ਧਾਰਮਿਕ ਸਮਾਜ ਵੀ ਅਛੂਤਾ ਨਹੀਂ ਰਿਹਾ। ਭਾਵੇਂ ਕਿ ਸ਼ੁਰੂ ਤੋਂ ਹੀ ਧਰਮ-ਕਰਮ ਕਰਨ ਵਾਲੇ ਪੁਜਾਰੀ ਸ਼ਰਧਾਲੂਆਂ ਦੇ ਚੜ੍ਹਤ-ਚੜ੍ਹਾਵੇ ‘ਤੇ ਨਿਰਬਾਹ ਕਰਦੇ ਰਹੇ ਹਨ ਪਰ ਅੱਜ ਤਾਂ ਧਾਰਮਿਕ ਦੀਵਾਨਾਂ ਵਿਚ ‘ਉਪਦੇਸ਼’ ਹਾਸਲਕਰਨ ਲਈ ਬਾਕਾਇਦਾ ਟਿਕਟਾਂ ਵਿਕਦੀਆਂ ਹਨ। ਅਜਿਹੇ ਧਾਰਮਿਕ ਆਗੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਉਂ ਫ਼ਿਟਕਾਰਦੀ ਹੈ :
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥
(ਸਲੋਕ ਮ. ੧, ਅੰਕ : 1245)
ਸਗੋਂ ਅਜਿਹਾ ਧਰਮ ਕਮਾਉਣ ਲਈ ਆਖਿਆ ਹੈ :
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥
(ਸਲੋਕ ਮ. ੧, ਅੰਕ : 1245)
ਇਕ ਸਰਬ-ਵਿਆਪਕਤਾ ਦੀ ਸੋਝੀ ਹਾਸਲ ਕਰਨ ਤੋਂ ਬਗੈਰ ਦੂਜਿਆਂ ਨੂੰ ਉਪਦੇਸ਼ ਦੇਣੇ ਸ਼ੈਤਾਨ ਦੀਆਂ ਗੱਲਾਂ ਕਰਨ ਵਾਲੇ ਹਨ।
ਸਮਾਜਿਕ ਨਮੂਨਾ ਜਾਤ-ਪਾਤ ਅਤੇ ਨਸਲਵਾਦ ਦਾ ਵਰਤਾਰਾ ਅੱਜ ਸੰਸਾਰ ਭਰ ਵਿਚ ਨਾ ਸਿਰਫ਼ ਪ੍ਰਬਲ ਹੋ ਰਿਹਾ ਹੈ ਸਗੋਂ ਸਿੱਖ ਕੌਮ ਨੂੰ ਵੀ ਇਸ ਦਾ ਸੇਕ ਝੱਲਣਾ ਪੈ ਰਿਹਾ ਹੈ। ਅਮਰੀਕਾ ਸਮੇਤ ਪੱਛਮੀ ਮੁਲਕਾਂ ਵਿਚ ਸਿੱਖਾਂ ‘ਤੇ ਨਸਲੀ ਭੁਲੇਖੇ ਕਾਰਨ ਲਗਾਤਾਰ ਹਮਲੇ ਵੱਧ ਰਹੇ ਹਨ। ਅਜਿਹੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਸਿਧਾਂਤਾਂ ਨੂੰ ਪੂਰੀ ਦੁਨੀਆ ਸਾਹਮਣੇ ਸ਼ਿੱਦਤ ਨਾਲ ਪੇਸ਼ ਕਰਨਾ ਚਾਹੀਦਾ ਹੈ :
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥
(ਆਸਾ ਮਹਲਾ ੧ , ਅੰਕ : 349)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ, ਰੰਗ-ਨਸਲ ਰਹਿਤ ਸਮਾਜ ਦੀ ਸਿਰਜਣਾ ਦਾ ਨਾਯਾਬ ਨਮੂਨਾ ਪੇਸ਼ ਕਰਦਿਆਂ ਮਨੁੱਖ ਨੂੰ ‘ਜਾਤ’ ਦੀ ਥਾਂ ਉਸ ਇਕ ਸਰਬ-ਸ਼ਕਤੀਮਾਨ ‘ਜੋਤ’ ਨੂੰ ਪਛਾਨਣ ਲਈ ਆਖਿਆ ਜਿਸ ਤੋਂ ਸਾਰਾ ਹੀ ਸੰਸਾਰ ਪੈਦਾ ਹੋਇਆ ਹੈ। ਦੁਨੀਆ ਨੂੰ ਪੈਦਾ ਕਰਨ ਵਾਲੇ ਸਰਬ-ਸ਼ਕਤੀਮਾਨ ਲਈ ਜਾਤ-ਪਾਤ ਕੋਈ ਮਾਇਨੇ ਨਹੀਂ ਰੱਖਦੀ ਅਤੇ ਅੰਤ ਨੂੰ ਨਿਬੇੜਾ ਜਾਤ, ਨਸਲ ਜਾਂ ਰੰਗ ਦੇ ਆਧਾਰ ‘ਤੇ ਨਹੀਂ ਸਗੋਂ ਮਨੁੱਖ ਦੇ ਕਰਮਾਂ ਦੇ ਆਧਾਰਤ ਹੋਣਾ ਹੈ।
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥
(ਮ.੧, ਅੰਕ : 469)
ਜੇਕਰ ਅੱਜ ਸੰਸਾਰ ਨੇ ਤਬਾਹੀ ਤੋਂ ਬਚਣਾ ਹੈ ਤਾਂ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਰਸਾਈ ਹੋਈ ਜੀਵਨ-ਜਾਚ ਨੂੰ ਅਜੋਕੇ ਸੰਦਰਭ ‘ਚ ਸਮਝ ਕੇ ਉਸ ਦਾ ਧਾਰਨੀ ਬਣਨਾ ਪਵੇਗਾ ਅਤੇ ਉਨ੍ਹਾਂ ਵੱਲੋਂ ਦੱਸੇ ‘ਸੱਚ’ ਅਰਥਾਤ ਸਰਬ-ਵਿਆਪਕਤਾ ਨਾਲ ਇਕ-ਮਿਕ ਹੋਣਾ ਪਵੇਗਾ, ਕਿਉਂਕਿ ਆਪਣੇ ‘ਮੂਲ’ ਨਾਲੋਂ ਟੁੱਟ ਕੇ ਹੀ ਮਨੁੱਖ ਅੱਜ ਹਉਮੈ, ਲੋਭ, ਨਾਸ਼ਵਾਨ ਪਦਾਰਥਾਂ ਦੀ ਅਮੁੱਕ ਲਾਲਸਾ ਅਤੇ ਤ੍ਰਿਸ਼ਨਾਵਾਂ ਦੀ ਅੱਗ ਵਿਚ ਸੜ ਰਿਹਾ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ ਸਾਨੂੰ ਵਾਰ-ਵਾਰ ਆਪਣੇ ਉਸ ‘ਮੂਲ ਅੰਸ਼’ ਨਾਲ ਜੁੜਨ ਲਈ ਆਖਦਾ ਹੈ, ਜਿਸ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ :
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥
(ਆਸਾ ਮ. ੩, ਅੰਕ : 441)

RELATED ARTICLES
POPULAR POSTS