Breaking News
Home / ਮੁੱਖ ਲੇਖ / ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ

ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ

ਪੰਜਾਬੀ ਭਾਸ਼ਾ ਦਾ ਕੱਲ੍ਹ, ਅੱਜ ਅਤੇ ਭਲਕ
ਦਰਸ਼ਨ ਸਿੰਘ ‘ਆਸ਼ਟ’ (ਡਾ.)
ਹਰ ਭਾਸ਼ਾ ਦਾ ਆਪਣਾ ਇਤਿਹਾਸ ਹੁੰਦਾ ਹੈ। ਵਿਸ਼ਵ ਦੀ ਕੋਈ ਵੀ ਭਾਸ਼ਾ ਰਾਤੋ-ਰਾਤ ਪੈਦਾ ਨਹੀਂ ਹੋਈ ਸਗੋਂ ਇਸ ਦੇ ਵਿਕਸਤ ਹੋਣ ਪਿੱਛੇ ਸਦੀਆਂ ਪੁਰਾਣੀ ਪਰੰਪਰਾ ਕਾਰਜਸ਼ੀਲ ਹੁੰਦੀ ਹੈ। ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ ਗੱਲ ਕਰੀਏ ਤਾਂ ਅੱਠਵੀਂ, ਨੌਵੀਂ ਸਦੀ ਵਿਚ ਇਸ ਭਾਸ਼ਾ ਦੇ ਇਤਿਹਾਸਕ ਪ੍ਰਮਾਣ ਨਾਥ ਜੋਗੀਆਂ ਦੀਆਂ ਰਚਨਾਵਾਂ ਤੋਂ ਮਿਲ ਜਾਂਦੇ ਹਨ। ਬਾਰਵੀਂ ਸਦੀ ਵਿਚ ਬਾਬਾ ਫ਼ਰੀਦ ਨੇ ਪੰਜਾਬੀ ਨੂੰ ਸਾਹਿਤਕ ਕਿਸਮ ਦੀ ਸ਼ਾਇਰੀ ਵਿਚ ਪੇਸ਼ ਕੀਤਾ। ਫਿਰ ਤਿੰਨ ਸਦੀਆਂ ਬਾਅਦ ਅਰਥਾਤ ਪੰਦਰਵੀਂ ਸਦੀ ਵਿਚ ਸ੍ਰੀ ਗੁਰੂ ਨਾਨਕ ਦੇਵ ਨੇ ਜਟਿਲ ਅਤੇ ਗੁੰਝਲਦਾਰ ਅੰਦਾਜ਼ ਵਾਲੇ ਵਿਸ਼ਿਆਂ ਨੂੰ ਸਾਦ ਮੁਰਾਦੀ ਅਤੇ ਆਮ ਲੋਕਾਂ ਦੀ ਬੋਲੀ ਵਿਚ ਪ੍ਰਗਟਾ ਕੇ ਅਗਿਆਨਤਾ ਦੀ ਧੁੰਦ ਨੂੰ ਦੂਰ ਕੀਤਾ। ਇਹਨਾਂ ਆਰੰਭਕ ਪੜਾਵਾਂ ਤੋਂ ਵੀ ਕੁਝ ਹੋਰ ਪਿੱਛਲਝਾਤ ਮਾਰੀ ਜਾਵੇ ਤਾਂ ਮੌਲਵੀ ਮੁਹੰਮਦ ਜ਼ਕਾਉਲਾ ਦਾ ਜ਼ਿਕਰ ਕਰਨਾ ਲਾਜ਼ਮੀ ਹੋ ਜਾਂਦਾ ਹੈ ਤਾਂ ਜੋ ਇਹ ਗੱਲ ਦ੍ਰਿਸ਼ਟੀਗੋਚਰ ਹੋ ਸਕੇ ਕਿ ਪੰਜਾਬੀ ਭਾਸ਼ਾ ਨੂੰ ਕਿਵੇਂ ਡੋਬਣ ਦੀਆਂ ਸਾਜ਼ਿਸ਼ਾਂ ਆਰੰਭ ਤੋਂ ਹੀ ਹੁੰਦੀਆਂ ਰਹੀਆਂ ਹਨ। ਮੌਲਵੀ ਮੁਹੰਮਦ ਜ਼ਕਾਉਲਾ ਨੇ ਆਪਣੀ ਪੁਸਤਕ ‘ਤਾਰੀਖ਼-ਇ-ਹਿੰਦੁਸਤਾਨ’ ਵਿਚ ਲਿਖਿਆ ਹੈ, ਕਿ ਗਜ਼ਨਵੀ ਨੇ ਧਰਮ ਅੰਧ ਵਿਸ਼ਵਾਸ ਵਿਚ ਆ ਕੇ 8 ਮੁਹਰਮ, 392 ਹਿਜਰੀ ਅਰਥਾਤ 1003 ਈਸਵੀ ਨੂੰ ਪੰਜਾਬ ਦੀ ਰਾਜ ਭਾਸ਼ਾ ਫ਼ਾਰਸੀ ਬਣਾਉਣ ਦਾ ਹੁਕਮ ਦਿੱਤਾ। ਉਸ ਧੱਕੜ ਜਰਵਾਣੇ ਦਾ ਹੁਕਮ ਪੱਥਰ ਤੇ ਲਕੀਰ ਵਾਂਗ ਕਾਨੂੰਨ ਸਮਝਿਆ ਗਿਆ। ਇਸ ਤਰਾਂ ਪਹਿਲੀ ਵਾਰੀ ਹਿੰਦੁਸਤਾਨ ਦੀ ਧਰਤੀ ‘ਤੇ ਬੋਲੀ ਜਾਣ ਵਾਲੀ ਪੰਜਾਬੀ ਬੋਲੀ ਨੂੰ ਵਿਦੇਸ਼ੀ ਬੋਲੀ ਫ਼ਾਰਸੀ ਦੀ ਦਬੇਲ ਬਣਾ ਦਿੱਤਾ। ਪੰਜਾਬ ਦੇ ਇਤਿਹਾਸ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਵਸਥਾ ਤੇ ਨਜ਼ਰ ਮਾਰੀਏ ਤਾਂ ਸਮੇਂ ਸਮੇਂ ਤੇ ਹਿੰਦੁਸਤਾਨ ਉਪਰ ਨਿਰੰਤਰ ਹਮਲੇ, ਲੁੱਟਾਂ-ਖੋਹਾਂ, ਜ਼ੁਲਮਾਂ ਅਤੇ ਕਤਲੋਗਾਰਤ ਨੇ ਪੰਜਾਬੀ ਲੋਕਾਂ ਲਈ ਅਸੁਰੱਖਿਆ ਵਾਲਾ ਮਾਹੌਲ ਬਣਾ ਦਿਤਾ ਸੀ। ਸ੍ਰੀ ਗੁਰੂ ਨਾਨਕ ਦੇਵ ਨੇ ਪਹਿਲੀ ਵਾਰੀ ਪੰਜਾਬੀਆਂ ਦੀ ਅਣਖ ਨੂੰ ਆਪਣੀ ਕਲਮ ਦੇ ਜ਼ਰੀਏ ਹਲੂਣਾ ਦਿੰਦਿਆਂ ਆਪਣੇ ਅੰਦਰਲੇ ਸਵੈਮਾਣ ਨੂੰ ਜਗਾਉਣ ਦਾ ਪੈਗ਼ਾਮ ਦਿੱਤਾ। ਆਪਣੀ ਭਾਸ਼ਾ ਅਤੇ ਪਹਿਰਾਵੇ ਨੂੰ ਮੁਗਲਾਂ ਦੀ ਭਾਸ਼ਾ ਅਤੇ ਪਹਿਰਾਵੇ ਦੇ ਮੁਕਾਬਲਤਨ ਆਪਣੇ ਆਪ ਨੂੰ ਨਿਮਨ ਦਰਜੇ ਦੀ ਸਮਝਣ ਵਾਲੀ ਪੰਜਾਬੀ ਕੌਮ ਨੂੰ ਇਹਨਾਂ ਸ਼ਬਦਾਂ ਰਾਹੀਂ ਇਉਂ ਵੰਗਾਰਿਆ ਸੀ : ”ਘਰਿ ਘਰਿ ਮੀਆਂ ਸਭਨਾ ਜੀਆਂ, ਬੋਲੀ ਅਵਰੁ ਤੁਮਾਰੀ।”
ਸਮੇਂ ਦੇ ਪਰਿਵਰਤਨ ਨਾਲ ਪੰਜਾਬ ਦੀ ਸਥਾਨਕ ਭਾਸ਼ਾ, ਪਹਿਰਾਵਾ, ਰਹਿਤਲ,ਸਭਿਆਚਾਰ, ਅਤੇ ਸਮਾਜਿਕ ਵਰਤਾਰੇ ਪ੍ਰਫੁੱਲਤ ਹੋਣ ਲੱਗ ਪਏ। ਪੰਜਾਬੀ ਭਾਸ਼ਾ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਸਾਡੇ ਮਹਾਨ ਗੁਰੂ ਸਾਹਿਬਾਨ, ਪੀਰਾਂ ਫ਼ਕੀਰਾਂ, ਸੂਫੀਆਂ, ਸਾਧੂ-ਸੰਤਾਂ, ਜੋਗੀਆਂ, ਸਾਹਿਤਕਾਰਾਂ ਆਦਿ ਨੇ ਪੰਜਾਬੀਆਂ ਦੀ ਅਣਖ, ਸਵੈਮਾਨ ਤੇ ਉਨਾਂ ਦੀ ਬੋਲੀ ਨੂੰ ਜੀਵੰਤ ਰੱਖਣ ਲਈ ਦ੍ਰਿੜਤਾ ਭਰੀ ਵੰਗਾਰ ਭਰੀ ਲੜਾਈ ਲੜੀ। ਆਖ਼ਿਰ ਲਗਭਗ 1000 ਸਾਲ ਪਿੱਛੋਂ 13 ਅਪ੍ਰੈਲ, 1968 ਨੂੰ ਪੰਜਾਬ ਦੀ ਭਾਸ਼ਾ ਪੰਜਾਬੀ ਨੂੰ ਰਾਜ ਸਿੰਘਾਸਨ ਤੇ ਬਿਰਾਜਮਾਨ ਹੋਣ ਦਾ ਅਵਸਰ ਪ੍ਰਾਪਤ ਹੋਇਆ।ਇਸ ਸੰਦਰਭ ਵਿਚ ਸਿੰਘ ਸਭਾ ਲਹਿਰ ਵਰਗੀ ਧਾਰਮਿਕ ਤਹਿਰੀਕ ਨੇ ਵੀ ਪੰਜਾਬੀ ਭਾਸ਼ਾ ਦੇ ਮੁਢਲੇ ਲਿਖਤੀ ਵਿਕਾਸ ਵਿਚ ਬਣਦਾ ਸਰਦਾ ਯੋਗਦਾਨ ਪਾਇਆ। ਈਸਾਈ ਮਿਸ਼ਨਰੀਆਂ ਨੇ ਜਿਹੜੇ ਕੋਸ਼ ਪ੍ਰਕਾਸ਼ਿਤ ਕੀਤੇ, ਉਹਨਾਂ ਰਾਹੀਂ ਮੁੱਢਲੇ ਵਿਦਿਅਕ ਅਤੇ ਸਾਹਿਤਕ ਯਤਨਾਂ ਨੂੰ ਉਤਸ਼ਾਹ ਮਿਲਿਆ ਪਰ ਇਸ ਦੇ ਸਮਾਂਤਾਰ ਪੰਜਾਬੀ ਭਾਸ਼ ਅਤੇ ਸਭਿਆਚਾਰ ਤੇ ਹਮਲਿਆਂ ਦਾ ਦੌਰ ਜਾਰੀ ਰਿਹਾ। ਉਦਾਹਰਣ ਵਜੋਂ 1947 ਤੋਂ ਪਹਿਲਾਂ ਹੀ ਪੰਜਾਬੀ ਬੋਲਦੇ ਇਲਾਕਿਆਂ ਵਿਚ ਵੰਡੀਆਂ ਪਾਉਣ ਦੀਆਂ ਸਾਜ਼ਿਸ਼ਾਂ ਤੇਜ਼ ਹੋਣ ਲੱਗੀਆਂ।ਭਾਰਤੀ ਪੰਜਾਬ ਵਿਚ ਬੋਲੀ ਜਾਣ ਵਾਲੀ ਪੰਜਾਬੀ ਨੂੰ ‘ਸਿੱਖੀ ਪੰਜਾਬੀ’ ਅਤੇ ਪਾਕਿਸਤਾਨ ਵਿਚ ਬੋਲੀ ਜਾਣ ਵਾਲੀ ਪੰਜਾਬੀ ਨੂੰ ‘ਮੁਸਲਮਾਨੀ ਪੰਜਾਬੀ’ ਆਖ ਕੇ ਮਨਾਂ ਵਿਚ ਵਖਰੇਵੇਂ ਦੇ ਬੀਜ ਬੀਜਣ ਦੀ ਕੋਸ਼ਿਸ਼ ਕੀਤੀ ਗਈ। ਕਿਸੇ ਵੇਲੇ ਸਾਂਝੇ ਪੰਜਾਬ ਵਿਚ ਇਕੋ ਬੋਲੀ ਪੰਜਾਬੀ ਦਾ ਬੋਲ ਬਾਲਾ ਸੀ ਪਰੰਤੂ ਪਾਕਿਸਤਾਨ ਬਣਨ ਨਾਲ ਪਾਕਿਸਤਾਨ ਦੀ ਕੇਂਦਰੀ ਹਕੂਮਤ ਵੱਲੋਂ ਪਾਸ ਕੀਤੇ ਗਏ ਇਕ ਕਾਨੂੰਨੀ ਐਕਟ ਦੀ ਲੋਅ ਵਿਚ ਉਰਦੂ ਨੂੰ ਕੌਮੀ ਜ਼ੁਬਾਨ ਐਲਾਨਿਆ ਗਿਆ ਹਾਲਾਂਕਿ ਪਾਕਿਸਤਾਨ ਵਿਚ ਮੌਜੂਦਾ ਦੌਰ ਵਿਚ ਵੀ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਹੀ ਹੈ।
ਇਹੀ ਨਹੀਂ ਵੱਖ-ਵੱਖ ਫ਼ਿਰਕੇ ਅਤੇ ਮਜਹਬ ਆਪੋ ਆਪਣੀ ਭਾਸ਼ਾ ਨੂੰ ਦੂਜੇ ਨਾਲੋਂ ਵੱਡੀ ਅਤੇ ਮਹੱਤਵਪੂਰਨ ਸਿੱਧ ਕਰਨ ਲੱਗ ਪਏ। ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ, ਹਿੰਦੀ ਨੂੰ ਹਿੰਦੂਆਂ ਦੀ ਅਤੇ ਉਰਦੂ ਨੂੰ ਮੁਸਲਮਾਨਾਂ ਦੀ ਭਾਸ਼ਾ ਵਜੋਂ ਜੋੜਿਆ ਜਾਣ ਲੱਗ ਪਿਆ ਜਿਸ ਨਾਲ ਪੰਜਾਬੀ ਭਾਸ਼ਾ ਅਤੇ ਭਾਈਚਾਰੇ ਦਾ ਨੁਕਸਾਨ ਹੋਇਆ। ਅੱਜ ਵੀ ਅਜਿਹੀਆਂ ਗੱਲਾਂ ਬਰਕਰਾਰ ਹਨ। ਇਸ ਹਵਾਲੇ ਨਾਲ ਪ੍ਰਾਇਮਰੀ ਪੱਧਰ ਦੇ ਇਕ ਨਿੱਜੀ ਪਬਲਿਸ਼ਰ ਵੱਲੋਂ ਛਾਪੀ ਗਈ ਪੁਸਤਕ ਵਿਚ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਚਿੱਤਰ ਬਣਾਏ ਗਏ ਹਨ। ਇਕ ਚਿੱਤਰ ਸਾਹਮਣੇ ਲਿਖਿਆ ਹੈ, ”ਇਹ ਗੁਰਦੁਆਰਾ ਹੈ। ਇੱਥੇ ਸਿੱਖ ਜਾਂਦੇ ਹਨ।” ”ਇਹ ਮਸਜਿਦ ਹੈ। ਇੱਥੇ ਮੁਸਲਮਾਨ ਜਾਂਦੇ ਹਨ।” ”ਇਹ ਚਰਚ ਹੈ ਇੱਥੇ ਈਸਾਈ ਜਾਂਦੇ ਹਨ” ਅਤੇ ”ਇਹ ਮੰਦਰ ਹੈ ਇੱਥੇ ਹਿੰਦੂ ਜਾਂਦੇ ਹਨ।” ਅਜਿਹਾ ਅਮਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਿਸ਼ਾਲ ਭਾਵਨਾ ਪ੍ਰਤੀ ਉਤਸ਼ਾਹ ਪੈਦਾ ਨਹੀਂ ਕਰਦਾ ਸਗੋਂ ਫ਼ਿਰਕੂ ਦ੍ਰਿਸ਼ਟੀਕੋਣ ਤੋਂ ਮਨੁੱਖੀ ਭਾਈਚਾਰੇ ਦੀ ਸਾਂਝ ਨੂੰ ਕਮਜ਼ੋਰ ਬਣਾਉਂਦਾ ਹੈ।
1967 ਈਸਵੀ ਵਿਚ ਪੰਜਾਬੀ ਦੇ ਰਾਜ-ਭਾਸ਼ਾ ਅਤੇ ਸਿੱਖਿਆ ਦਾ ਮਾਧਿਅਮ ਬਣਨ ਨਾਲ ਪੰਜਾਬੀ ਭਾਸ਼ਾ ਦੇ ਮਿਆਰੀਕਰਨ ਅਤੇ ਸ਼ੁੱਧ ਉਚਾਰਨ ਦਾ ਮਹੱਤਵ ਹੋਰ ਵੱਧ ਗਿਆ। ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬੀ ਭਾਸ਼ਾ ਐਕਟ 1976 ਵਿਚ ਤਰਮੀਮ ਕਰਕੇ ਪੰਜਾਬੀ ਭਾਸ਼ਾ ਵਿਚ ਕੰਮ ਨਾ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਯਮ ਵੀ ਬਣਾਏ ਗਏ ਸਨ। ਸਾਲ 2008 ਵਿਚ ਪੰਜਾਬੀ ਭਾਸ਼ਾ ਨੂੰ ਅਮਲੀ ਤੌਰ ਤੇ ਲਾਗੂ ਕਰਵਾਉਣ ਲਈ ਫਿਰ ਇਕ ਵਾਰੀ ਹੰਭਲਾ ਮਾਰਿਆ ਗਿਆ ਪਰੰਤੂ ਮਹਿਸੂਸ ਹੁੰਦਾ ਹੈ ਕਿ ਅਜੇ ਇਸ ਪਾਸੇ ਹੋਰ ਕਾਰਜ ਕਰਨ ਦੀ ਜ਼ਰੂਰਤ ਹੈ।
ਪੂੰਜੀਵਾਦੀ ਯੁੱਗ ਤੋਂ ਪਹਿਲਾ ਬੱਚਿਆਂ ਦੇ ਜੀਵਨ ਵਿਚ ਭਾਸ਼ਾ ਪ੍ਰਤੀ ਚੇਤਨਾ ਪੈਦਾ ਨਹੀਂ ਸੀ ਹੋਈ ਪਰੰਤੂ ਜਿਉਂ-ਜਿਉਂ ਮਨੋਵਿਗਿਆਨਕ ਨੁਕਤਾ-ਨਿਗਾਹ ਤੋਂ ਆਧੁਨਿਕ ਵਿੱਦਿਆ-ਪ੍ਰਣਾਲੀ ਵਿਚ ਭਾਸ਼ਾਈ-ਅਹਿਮੀਅਤ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਤਾਂ ਪੰਜਾਬੀ ਨੂੰ ਵੀ ਮੁਢਲੀ ਸਿੱਖਿਆ ਵਜੋਂ ਲਾਜ਼ਮੀ ਕਰਾਰ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਬੱਚਿਆਂ ਲਈ ਜੋ ਪਾਠ-ਪੁਸਤਕਾਂ ਸਕੂਲਾਂ ਵਿਚ ਵਿਸ਼ੈ ਦੇ ਤੌਰ ਤੇ ਨਿਰਧਾਰਤ ਕੀਤੀਆਂ ਗਈਆਂ ਉਹਨਾਂ ਵਿਚ ਸੌਖੀ,ਸਰਲ,ਸਹਿਜ ਅਤੇ ਵਿਸ਼ੇਸ਼ ਤੌਰ ਤੇ ਕੇਂਦਰੀ ਜਾਂ ਟਕਸਾਲੀ ਭਾਸ਼ਾ ਹੀ ਲਿਖਤੀ ਰੂਪ ਵਿਚ ਇਸਤੇਮਾਲ ਕੀਤਾ ਜਾਣ ਲੱਗ ਪਿਆ। ਟੈਕਨੀਕਲ,ਜਟਿਲ,ਗੁੰਝਲਦਾਰ ਅਤੇ ਰਮਜ਼ਾਂ ਵਾਲੀ ਸ਼ਬਦਵਾਲੀ ਕਿਉਂਕਿ ਬੱਚੇ ਦੀ ਮਾਤ-ਭਾਸ਼ਾ ਨਾਲ ਸੰਬੰਧਤ ਸਿਖਿਆ ‘ਤੇ ਬੁਰਾ ਪ੍ਰਭਾਵ ਪਾ ਸਕਦੀ ਸੀ, ਇਸ ਲਈ ਅਜਿਹੇ ਪ੍ਰਚੱਲਤ ਅਤੇ ਸੌਖੇ ਸ਼ਬਦਾਂ ਵਾਲੀ ਭਾਸ਼ਾ ਹੀ ਰਚਨਾਤਮਕ ਸਿੱਖਿਆ ਵਜੋਂ ਸ਼ਾਮਲ ਕੀਤੀ ਗਈ ਜਿਸ ਨੇ ਪ੍ਰਾਇਮਰੀ ਸਿੱਖਿਆ ਨੂੰ ਹੋਰ ਵੀ ਰੌਚਿਕ ਤੇ ਮਾਨਣਯੋਗ ਬਣਾਉਣ ਦਾ ਯਤਨ ਕੀਤਾ। ਨਿੱਕੀਆਂ ਅਤੇ ਦਿਲਚਸਪ ਕਹਾਣੀਆਂ, ਕਵਿਤਾਵਾਂ , ਨਾਟਕਾਂ ਅਤੇ ਲੇਖਾਂ ਆਦਿ ਸਾਹਿਤਕ ਵੰਨਗੀਆਂ ਦੇ ਮਾਧਿਅਮ ਦੁਆਰਾ ਭਾਸ਼ਾ ਦੀ ਸਿਖਲਾਈ ਆਰੰਭ ਹੋ ਗਈ।
ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਅੰਗਰੇਜ਼ੀ ਹੀ ਪੂਰੇ ਵਿਸ਼ਵ ਨਾਲ ਜੁੜਨ ਦਾ ਇਕੋ ਇਕ ਮਾਧਿਅਮ ਹੈ। ਵਿਗਿਆਨ ਅਤੇ ਗਣਿਤ ਵਰਗੇ ਵਿਸ਼ਿਆਂ ਨੂੰ ਨਹੀਂ ਸਿੱਖ ਸਕੇਗਾ। ਇਹ ਧਾਰਣਾ ਕੁਝ ਹੱਦ ਤੱਕ ਠੀਕ ਹੈ ਕਿਉਂਕਿ ਇਹ ਅੰਤਰਰਾਸ਼ਟਰੀ ਪੱਧਰ ਤੇ ਸੰਚਾਰ ਦੀ ਭਾਸ਼ਾ ਹੈ ਪਰੰਤੂ ਦੂਜੇ ਪਾਸੇ ਰੂਸੀ, ਜਰਮਨ ਅਤੇ ਫਰਾਂਸੀਸੀ ਵਸਨੀਕ ਆਪਣੀਆਂ ਉਚ-ਪੱਧਰੀਆਂ ਵਿਗਿਆਨਕ ਖੋਜਾਂ ‘ਤੇ ਇਸ ਕਰਕੇ ਮਾਣ-ਮੱਤੇ ਮਹਿਸੂਸ ਕਰਦੇ ਹਨ ਕਿ ਉਹਨਾਂ ਨੇ ਇਹ ਖੋਜਾਂ ਅੰਗਰੇਜ਼ੀ ਦੇ ਸਹਾਰੇ ਨਹੀਂ ਸਗੋਂ ਆਪਣੀ ਮਾਤ-ਭਾਸ਼ਾ ਦੇ ਸਿਰ ਤੇ ਹਾਸਲ ਕੀਤੀਆਂ ਹਨ। ਸਿੰਘਾਪੁਰ, ਕੋਰੀਆ ਗਣਤੰਤਰ,ਹਾਂਗਕਾਂਗ, ਚੀਨ, ਜਪਾਨ ਅਤੇ ਜਰਮਨੀ ਦੇ ਲੋਕ ਆਪਣੀ ਮਾਂ ਬੋਲੀ ਤੇ ਮਾਣ ਕਰਦੇ ਹਨ। ਉਥੇ ਅੰਗਰੇਜ਼ੀ ਪਹਿਲੀ ਭਾਸ਼ਾ ਨਹੀਂ ਹੈ। ਦੂਜੇ ਪਾਸੇ ਜਿਹੜੇ ਪੰਜਾਬੀ ਪਰਵਾਸ ਕਰਕੇ ਵਿਦੇਸ਼ਾਂ ਵਿਚ ਗਏ ਹਨ ਉਥੇ ਜਾ ਕੇ ਉਹਨਾਂ ਨੇ ਆਪਣੀ ਭਾਸ਼ਾ, ਸਭਿਆਚਾਰ ਅਤੇ ਜੀਵਨ ਮੁੱਲਾਂ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਮਿਸਾਲ ਵਜੋਂ ਕੈਨੇਡਾ ਵਿਚ ਇਸ ਸਮੇਂ 100 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਨਾਂ ਵਿਚੋਂ ਪੰਜਾਬੀ ਭਾਸ਼ਾ ਦਾ ਛੇਵਾਂ ਦਰਜ਼ਾ ਹੈ। ਸਿੰਘਾਪੁਰ, ਆਸਟ੍ਰੇਲੀਆ, ਅਮਰੀਕਾ, ਇੰਗਲੈਂਡ ਆਦਿ ਮੁਲਕਾਂ ਵਿਚ ਪੰਜਾਬੀ ਨੂੰ ਵਿਸ਼ੇਸ਼ ਮਾਣਤਾ ਪ੍ਰਾਪਤ ਹੈ। ਵਿਦੇਸ਼ਾਂ ਵਿਚ ਵੱਸੇ ਹੋਏ ‘ਮਿੰਨੀ ਪੰਜਾਬ’ ਪੰਜਾਬੀ ਭਾਸ਼ਾ ਦੇ ਰੁਤਬੇ ਨੂੰ ਬੁਲੰਦ ਕਰਦੇ ਪ੍ਰਤੀਤ ਹੁੰਦੇ ਹਨ।
ਛਾਪੇਖਾਨਿਆਂ ਰਾਹੀਂ ਗੁਰਮੁਖੀ ਲਿਪੀ ਦਾ ਸਮੇਂ ਸਮੇਂ ਤੇ ਪ੍ਰਚਾਰ ਪ੍ਰਸਾਰ ਹੁੰਦਾ ਰਿਹਾ ਹੈ ਪਰੰਤੂ ਗਿਆਨ ਵਿਗਿਆਨ ਦੇ ਵਰਤਮਾਨ ਦੌਰ ਵਿਚ ਕੰਪਿਊਟਰ, ਇੰਟਰਨੈਟ ਅਤੇ ਮੋਬਾਈਲਾਂ ਦੇ ਮਾਧਿਅਮ ਦੁਆਰਾ ਭਾਸ਼ਾ ਰਾਹੀਂ ਸੁਨੇਹਿਆਂ ਦੇ ਆਦਾਨ ਪ੍ਰਦਾਨ ਵਿਚ ਕਾਫੀ ਤੇਜ਼ੀ ਆਈ ਹੈ। ਸੰਨ 2000 ਦੇ ਨੇੜੇ ਤੇੜੇ ਇੰਟਰਨੈਟ ਤੇ 80 ਫੀਸਦੀ ਤੋਂ ਵੱਧ ਜਾਣਕਾਰੀ ਅੰਗਰੇਜ਼ੀ ਵਿਚ ਉਪਲਬਧ ਸੀ।ਇਸ ਸ਼ਕਤੀਸ਼ਾਲੀ ਸੰਚਾਰ ਮਾਧਿਅਮ ਰਾਹੀਂ ਦਿਤੇ ਜਾਣ ਵਾਲੇ ਸੁਨੇਹੇ ਆਮ ਤੌਰ ਤੇ ਪੰਜਾਬੀ ਸੁਨੇਹੇ ਰੋਮਨ ਲਿਪੀ ਵਿਚ ਟਾਈਪ ਕਰਕੇ ਸੰਚਾਰਿਤ ਕੀਤੇ ਜਾਂਦੇ ਹਨ ਪਰੰਤੂ ਪੰਜਾਬੀ ਦੇ ਭਾਸ਼ਾ- ਪ੍ਰੇਮੀਆਂ ਅਤੇ ਵਿਗਿਆਨੀਆਂ ਨੇ ਇਸ ਮਸਲੇ ਦਾ ਹੱਲ ਵੀ ਲੱਭ ਲਿਆ ਅਤੇ ਹੁਣ ਮੋਬਾਈਲ ਫੋਨ ਰਾਹੀਂ ਵੱਖ-ਵੱਖ ਪੰਜਾਬੀ ਫੌਂਟਸ ਅਤੇ ਡਿਜ਼ਾਈਨਾਂ ਵਿਚ ਐਸ.ਐਮ.ਕੀਤੇ ਜਾ ਰਹੇ ਹਨ। ਨਤੀਜੇ ਵਜੋਂ ਪੰਜਾਬੀ ਵਾਕ ਨੂੰ ਰੋਮਨ ਲਿਪੀ ਰਾਹੀਂ ਟਾਈਪ ਕਰਨ ਦੀ ਰੁਚੀ ਘੱਟਦੀ ਜਾ ਰਹੀ ਹੈ। ਇੰਟਰਨੈਟ ਤੇ ਆਪੋ ਆਪਣੀਆਂ ਮਾਤ-ਭਾਸ਼ਾਵਾਂ ਨੂੰ ਸੰਚਾਰ ਦਾ ਮਾਧਿਅਮ ਬਣਾਇਆ ਜਾ ਰਿਹਾ ਹੈ।
ਅਜੋਕੇ ਸੂਚਨਾ ਅਤੇ ਤਕਨੀਕ ਦੇ ਯੁੱਗ ਵਿਚ ਇਸ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ ਕਿ ਆਪਣੀ ਕਿਸੇ ਗੱਲ ਜਾਂ ਭਾਵਨਾ ਦਾ ਕੌਮਾਂਤਰੀ ਪੱਧਰ ਤੇ ਸੰਚਾਰ ਕਰਨ ਲਈ ਅੰਗਰੇਜ਼ੀ ਭਾਸ਼ਾ ਦੀ ਜ਼ਰੂਰਤ ਅਹਿਮ ਨਹੀਂ ਰਹੀ। ਹਾਲ ਵਿਚ ਹੀ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਟ੍ਰਾਂਸਲੇਸ਼ਨ ਮਿਸ਼ਨ ਦੀ ਜਿਹੜੀ ਸਥਾਪਨਾ ਕੀਤੀ ਗਈ ਹੈ, ਉਸ ਅਨੁਸਾਰ ਭਾਰਤ ਦੀਆਂ ਪ੍ਰਵਾਣਿਤ 22 ਕੌਮੀ ਜ਼ੁਬਾਨਾਂ (ਸਾਹਿਤ ਅਕਾਦਮੀ ਵੱਲੋਂ 24 ਜ਼ੁਬਾਨਾਂ ਪ੍ਰਵਾਣਿਤ) ਵਿਚ ਵਿਗਿਆਨ ਅਤੇ ਤਕਨੀਕ ਦੀ ਸਿੱਖਿਆ ਨਾਲ ਸੰਬੰਧਤ ਪੁਸਤਕਾਂ ਨੂੰ ਆਪੋ ਆਪਣੀਆਂ ਖੇਤਰੀ ਭਾਸ਼ਾਵਾਂ ਵਿਚ ਅਨੁਵਾਦ ਕਰਵਾਉਣ ਦਾ ਕਾਰਜ ਆਰੰਭਿਆ ਗਿਆ ਹੈ।
ਪਿਛਲੇ ਕੁਝ ਅਰਸੇ ਤੋਂ ਦੁਨੀਆ ਦੀਆਂ ਜ਼ੁਬਾਨਾਂ ਦੇ ਖ਼ਾਤਮੇ ਦੀਆਂ ਖ਼ਬਰਾਂ ਚਰਚਾ ਵਿਚ ਹਨ। ਇਹ ਨਿਰੀਆਂ ਅਫ਼ਵਾਹਾਂ ਨਹੀਂ ਸਗੋਂ ਇਹਨਾਂ ਵਿਚ ਸੱਚਾਈ ਵੀ ਛੁਪੀ ਹੋਈ ਹੈ। ਯੂਨੈਸਕੋ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਕਿਸੇ ਵੇਲੇ 6000 ਭਾਸ਼ਾਵਾਂ ਵੱਖ-ਵੱਖ ਖੇਤਰਾਂ ਅਤੇ ਉਪ-ਖੇਤਰਾਂ ਵਿਚ ਬੋਲੀਆਂ ਜਾਂਦੀਆਂ ਰਹੀਆਂ ਹਨ ਜਿਨਾਂ ਵਿਚੋਂ ਇਸ ਸਮੇਂ 3000 ਭਾਸ਼ਾਵਾਂ ਦਾ ਵਜੂਦ ਖ਼ਤਮ ਹੋ ਚੁੱਕਾ ਹੈ। ਭਾਸ਼ਾ-ਵਿਗਿਆਨ ਦੇ ਖੇਤਰ ਦੀ ਨਵੀਂ ਖੋਜ ਅਨੁਸਾਰ ਟਾਈਮਜ਼ ਆਫ ਲੰਡਨ ਨੇ ਤਾਂ ਇਕ ਦਿਨ ਵਿਚ ਇਕ ਭਾਸ਼ਾ ਦੇ ਮਰਨ ਦੀ ਗੱਲ ਵੀ ਛਾਪੀ ਹੈ। ਇਸ ਅਖ਼ਬਾਰ ਅਨੁਸਾਰ ”8 ਜਨਵਰੀ, 1996 ਨੂੰ ਇਕ ਹੋਰ ਰੈਡ ਇੰਡੀਅਨ ਭਾਸ਼ਾ ਦੀ ਮੌਤ ਹੋ ਗਈ। ਇਸ ਦਾ ਆਖ਼ਰੀ ਬੋਲਣਹਾਰਾ ਬੀਤੇ ਕੱਲ ਮਰ ਗਿਆ ਜਿਸ ਦੀ ਉਮਰ 76 ਸਾਲਾਂ ਦੀ ਸੀ।” ਇੱਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਕੋਈ ਭਾਸ਼ਾ ਮਰਦੀ ਹੈ, ਉਸ ਨਾਲ ਅਨੇਕ ਰਵਾਇਤਾਂ, ਗੀਤ, ਅਖਾਣ, ਬੁਝਾਰਤਾਂ, ਲੋਕ-ਕਹਾਣੀਆਂ, ਸਮੂਹਿਕ-ਸਿਆਣਪਾਂ ਅਤੇ ਲਿੱਪੀ ਦਾ ਖ਼ਾਤਮਾ ਵੀ ਹੁੰਦਾ ਹੈ। ਵਰਤਮਾਨ ਸਮੇਂ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਵਿਚ ਤੇਜ਼ੀ ਲਿਆਉਣ ਲਈ ਇਸ ਨੂੰ ਸਿੱਖਿਆ, ਪ੍ਰਸ਼ਾਸਨ, ਨਿਆਂ ਪਾਲਿਕਾ ਅਤੇ ਸਰਕਾਰ ਦੇ ਹੋਰ ਵੱਖ ਵੱਖ ਵਿਭਾਗਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਇਕ ਭਾਸ਼ਾ-ਨੀਤੀ ਦੀ ਯੋਜਨਾਬੰਦੀ ਬਣਾਉਣ ਦੀ ਲੋੜ ਹੈ। ਅੱਜ ਇਸ ਗੱਲ ਦੀ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਭਾਸ਼ਾ ਦੀ ਹੋਰ ਵਧੇਰੇ ਗੌਰਵਸ਼ੀਲ ਸਥਿਤੀ ਬਣਾਉਣ ਲਈ ਚੀਨ, ਯੂਰਪ ਅਤੇ ਜਪਾਨ ਆਦਿ ਪ੍ਰਮੁੱਖ ਵਿਕਸਿਤ ਦੇਸ਼ਾਂ ਦੀ ਤਰਜ਼ ਤੇ ਸਭ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵਿਗਿਆਨ, ਮੈਡੀਕਲ ਅਤੇ ਇੰਜੀਨੀਅਰਿੰਗ ਦੀ ਪ੍ਰਦਾਨ ਕੀਤੀ ਜਾ ਰਹੀ ਉਚ ਸਿੱਖਿਆ ਦਾ ਮਾਧਿਅਮ ਕੇਵਲ ਤੇ ਕੇਵਲ ਮਾਤ ਭਾਸ਼ਾ ਵਿਚ ਹੀ ਹੋਵੇ। ਇਹਨਾਂ ਦੇਸ਼ਾਂ ਵਿਚ ਤਾਂ ਡਿਗਰੀਆਂ ਅਤੇ ਖੋਜਾਂ ਲਈ ਵੀ ਸਿੱਖਿਆ ਦਾ ਮਾਧਿਅਮ ਮਾਤ-ਭਾਸ਼ਾ ਵਿਚ ਹੀ ਕਰਵਾਇਆ ਜਾ ਰਿਹਾ ਹੈ। ਪੰਜਾਬ ਵਿਚ ਸਥਿਤ ਪਬਲਿਕ ਮਾਡਲ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀ ਪੜਾਈ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਉਹਨਾਂ ਤੇ ਅਮਲ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਪੰਜਾਬੀ ਮਾਧਿਅਮ ਵਿਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਾਲਿਆਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਏ ਕਰਵਾਏ ਜਾਣੇ ਚਾਹੀਦੇ ਹਨ। ਵਿਸ਼ਵ ਪ੍ਰਸਿੱਧ ਪੁਸਤਕ ‘ਮੇਰਾ ਦਾਗ਼ਿਸਤਾਨ’ ਵਿਚ ਰਸੂਲ ਹਮਜ਼ਾਤੋਵ ਦੀ ਆਖੀ ਗੱਲ ਇਸ ਨੂੰ ਜ਼ਿਹਨ ਵਿਚ ਰੱਖੀਏ ਕਿ ਭਾਸ਼ਾ ਨੂੰ ਬਚਾਉਣ ਦਾ ਅਰਥ ਆਪਣੀ ਸੱਭਿਅਤਾ ਅਤੇ ਦੇਸ਼ ਨੂੰ ਬਚਾਉਣਾ ਹੁੰਦਾ ਹੈ। ਭਾਸ਼ਾ ਬਚੀ ਰਹੇਗੀ ਤਾਂ ਸਾਡੀ ਪਛਾਣ ਬਚੀ ਰਹੇਗੀ। ਪੰਜਾਬ ਦੀ ਬਜ਼ੁਰਗ ਪੀੜੀ, ਜਿਸ ਦੀ ਸਿਮ੍ਰਤੀ ਵਿਚ ਸੱਭਿਆਚਾਰ ਅਤੇ ਲੋਕਧਾਰਾ ਦਾ ਵਿਸ਼ਾਲ ਖਜ਼ਾਨਾ ਮੌਜੂਦ ਹੈ, ਹੌਲੀ-ਹੌਲੀ ਖ਼ਤਮ ਹੁੰਦਾ ਜਾ ਰਿਹਾ ਹੈ। ਵਰਤਮਾਨ ਪੀੜੀ ਦਾ ਇਸ ਅਨਮੋਲ ਵਿਰਾਸਤ ਨਾਲੋਂ ਸਰੋਕਾਰ ਟੁੱਟਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਇਹ ਬੇਹੱਦ ਜ਼ਰੂਰੀ ਹੈ ਕਿ ਵੰਨ ਸੁਵੰਨੇ ਲੋਕ ਧੰਦਿਆਂ, ਲੋਕ ਕਾਰ ਵਿਹਾਰ, ਲੋਕ ਕਲਾਵਾਂ ਅਤੇ ਲੋਕ ਸਾਹਿਤ ਵਰਗੇ ਖੇਤਰਾਂ ਨੂੰ ਸੀਨਾ-ਬ-ਸੀਨਾ ਸਾਂਭਣ ਵਾਲੀ ਬਜ਼ੁਰਗ ਪੀੜੀ ਦੀਆਂ ਡਾਕੂਮੈਂਟਰੀ ਫ਼ਿਲਮਾਂ ਬਣਾ ਕੇ ਉਨਾਂ ਦੀ ਕਲਾ ਨੂੰ ਸਾਂਭ ਲਿਆ ਜਾਵੇ। ਇਹਨਾਂ ਡਾਕੂਮੈਂਟਰੀਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਕਾਲਜਾਂ ਵਿਚ ਪ੍ਰਦਰਸ਼ਿਤ ਕਰਕੇ ਨਵੀਂ ਪੀੜੀ ਦੀ ਚੇਤਨਾ ਨੂੰ ਹਲੂਣਿਆ ਜਾਵੇ। ਵੱਖ-ਵੱਖ ਸੱਭਿਆਚਾਰਕ ਖੇਤਰਾਂ ਵਿਚ ਨਿਪੁੰਨ ਬਜ਼ੁਰਗ ਵਿਅਕਤੀਆਂ ਨੂੰ ਕਾਲਜਾਂ ਅਤੇ ਯੂਨੀਵਰਸਿਟੀ ਵਿਚ ਰੀਸੋਰਸ ਪਰਸਨ ਵਜੋਂ ਬੁਲਾ ਕੇ ਉਹਨਾਂ ਨਾਲ ਰੂਬਰੂ ਅਤੇ ਵਰਕਸ਼ਾਪਾਂ ਦਾ ਬੰਦੋਬਸਤ ਕੀਤਾ ਜਾਵੇ।ਨਵੀਂ ਪੀੜੀ ਨੂੰ ਹੁਲਾਰਾ ਦੇਣ ਲਈ ਸਭਿਆਚਾਰ ਦੇ ਕਾਰਗਰ ਸੋਮਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਅਤੇ ਉਨਾਂ ਕੋਲੋਂ ਇੱਛੁਕ ਵਿਦਿਆਰਥੀਆਂ ਨੂੰ ਸਿਖਲਾਈ ਦਿਵਾਈ ਜਾਵੇ।ਇਸ ਨਾਲ ਆਉਣ ਵਾਲੀ ਪੀੜੀ ਨੂੰ ਅਮਲੀ ਰੂਪ ਵਿਚ ਲੋਕ ਸਾਹਿਤ ਜਾਂ ਲੋਕ ਕਲਾਵਾਂ ਦੀਆਂ ਸਭਿਆਚਾਰਕ ਵਿਧੀਆਂ/ਬਣਤਰ ਆਦਿ ਦਾ ਪਤਾ ਲੱਗੇਗਾ ਜਿਸ ਨਾਲ ਉਹ ਪ੍ਰਾਪਤ ਕੀਤੀ ਸਭਿਆਚਾਰਕ ਸਿੱਖਿਆ ਰਾਹੀਂ ਆਪਣੇ ਰੁਜ਼ਗਾਰ ਦਾ ਮਸਲਾ ਵੀ ਹੱਲ ਕਰ ਸਕਣਗੇ। ਅਰਥਾਤ ਸਿੱਖਿਆ ਰਾਹੀਂ ਰੁਜ਼ਗਾਰ ਦੇ ਵਸੀਲੇ ਪੈਦਾ ਹੋਣਗੇ। ਕੇਵਲ ਇਹ ਸੋਚ ਕੇ ਹੌਸਲਾ ਢਾਉਣ ਦੀ ਲੋੜ ਨਹੀਂ ਕਿ ਪੰਜਾਬੀ ਭਾਸ਼ਾ ਦਾ ਆਉਂਦੇ ਚਾਲੀ ਪੰਤਾਲੀ ਸਾਲਾਂ ਵਿਚ ਵਜੂਦ ਖ਼ਤਮ ਹੋ ਜਾਵੇਗਾ। ਜੇਕਰ ਅਸੀਂ ਆਪਣੀ ਮਾਂ ਬੋਲੀ ਪ੍ਰਤੀ ਦਿਲੋਂ ਸਾਵਧਾਨ ਹੋ ਜਾਈਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬੀ ਭਾਸ਼ਾ ਨੂੰ ਸਹੀ ਅਰਥਾਂ ਵਿਚ ਸਿੰਘਾਸਨ ਤੇ ਬਿਠਾਉਣ ਵਿਚ ਕਾਮਯਾਬ ਹੋ ਜਾਵਾਂਗੇ।
ਅੰਤ ਵਿਚ ਲਹਿੰਦੇ ਪੰਜਾਬ ਦੇ ਲੋਕ ਸ਼ਾਇਰ ਬਾਬਾ ਨਜਮੀ ਦੇ ਸ਼ਬਦਾਂ ਵਿਚ ਮਾਤ ਭਾਸ਼ਾ ਬਾਰੇ ਉਹਨਾਂ ਸੱਜਣਾਂ ਲਈ ਇਕ ਸੁਨੇਹਾ ਸਾਂਝਾ ਕਰਨਾ ਜ਼ਰੂਰੀ ਸਮਝਦਾ ਹਾਂ ਜਿਹੜੇ ਪੰਜਾਬੀ ਨੂੰ ਹੁਣ ਤੱਕ ਹੇਠਲੇ ਦਰਜ਼ੇ ਦੀ ਭਾਸ਼ਾ ਸਮਝਦੇ ਰਹੇ ਆ ਰਹੇ ਹਨ :
ਅੱਖਰਾਂ ਵਿਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਦੇ ਵਿਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ।
ਜਿਹੜੇ ਕਹਿੰਦੇ ਵਿੱਚ ਪੰਜਾਬੀ ਵੁਸਅਤ ਨਹੀਂ ਤਹਿਜ਼ੀਬ ਨਹੀਂ
ਪੜ ਕੇ ਵੇਖਣ ਵਾਰਿਸ, ਬੁੱਲਾ, ਬਾਹੂ, ਲਾਲ ਪੰਜਾਬੀ ਦਾ।
98144-23703, ਈਮੇਲ [email protected]

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …