ਆਪਣੇ ਪਰਿਵਾਰ ਨਾਲ 17 ਫਰਵਰੀ ਤੋਂ 24 ਫਰਵਰੀ ਤੱਕ ਭਾਰਤ ਦੌਰੇ ‘ਤੇ ਗਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਨਾਲ ਕੈਨੇਡਾ ਦੇ ਬਿਹਤਰੀਨ ਸਬੰਧਾਂ ਦੀ ਇੱਛਾ ਜਤਾ ਰਹੇ ਹਨ। ਭਾਵੇਂਕਿ ਇਹ ਸਤਰਾਂ ਲਿਖੇ ਜਾਣ ਤੱਕ ਜਸਟਿਨ ਟਰੂਡੋ ਭਾਰਤ ਦੌਰੇ ‘ਤੇ ਹੀ ਹਨ, ਪਰ ਉਨ੍ਹਾਂ ਦੀ ਭਾਰਤ ਯਾਤਰਾ ਦੋ ਦੇਸ਼ਾਂ ਵਿਚਾਲੇ ਕੂਟਨੀਤਕ, ਰਾਜਨੀਤਕ, ਆਰਥਿਕ ਅਤੇ ਭਾਈਚਾਰਕ ਸਾਂਝ ਨੂੰ ਗੂੜ੍ਹਾ ਕਰਨ ਵਾਲੀ ਸਾਬਤ ਹੋਈ ਹੈ।
ਜਸਟਿਨ ਟਰੂਡੋ ਬੁੱਧਵਾਰ ਨੂੰ ਸਿੱਖ ਧਰਮ ਦੀ ‘ਵੈਟੀਕਨ ਸਿਟੀ’ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਨ ਗਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਨਿਮਾਣੇ ਸ਼ਰਧਾਲੂ ਵਜੋਂ ਨਤਮਸਤਕ ਹੋ ਕੇ ਜਿੱਥੇ ਟਰੂਡੋ ਨੇ ਸਿੱਖ ਭਾਈਚਾਰੇ ਦੇ ਦਿਲ ਜਿੱਤ ਲਏ, ਉਥੇ ਪੰਜਾਬ, ਖ਼ਾਸ ਕਰਕੇ ਸਿੱਖ ਭਾਈਚਾਰੇ ਦੀ ਮਹਿਮਾਨ ਨਿਵਾਜ਼ੀ ਤੋਂ ਜਸਟਿਨ ਟਰੂਡੋ ਵੀ ਬਾਗ਼ੋ-ਬਾਗ਼ ਹਨ। ਕੌਮਾਂਤਰੀ ਕੂਟਨੀਤਕ ਅਤੇ ਦੋ ਦੇਸ਼ਾਂ ਵਿਚਾਲੇ ਸਬੰਧਾਂ ਦੀ ਗੱਲ ਕਰੀਏ ਤਾਂ ਇਹ ਯਾਤਰਾ ਆਪਣੇ ਆਪ ‘ਚ ਵੱਡੇ ਅਰਥ ਰੱਖਦੀ ਹੈ, ਕਿਉਂਕਿ ਕੈਨੇਡਾ ਦੁਨੀਆ ਦੇ ਵੱਡੇ ਖੇਤਰ ‘ਚ ਫ਼ੈਲਿਆ ਹੋਇਆ ਆਰਥਿਕ ਤੌਰ ‘ਤੇ ਸਮਰੱਥ ਦੇਸ਼ ਹੈ।
ਜਸਟਿਨ ਟਰੂਡੋ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਯਾਤਰਾ ਉਨ੍ਹਾਂ ਦੀ ਇਕ ਪਰਿਵਾਰਕ ਯਾਤਰਾ ਤਾਂ ਹੈ ਹੀ, ਪਰ ਉਨ੍ਹਾਂ ਦੀ ਯਾਤਰਾ ਦੇ ਵੱਡੇ ਰਾਜਨੀਤਕ ਅਰਥ ਵੀ ਨਿਕਲਦੇ ਹਨ। ਕੈਨੇਡਾ ‘ਚ ਸਿੱਖਾਂ ਦੀ ਜਨਸੰਖਿਆ 1.4 ਫ਼ੀਸਦੀ ਹੈ, ਜੋ ਕਿ ਭਾਰਤ ‘ਚ ਸਿੱਖਾਂ ਦੀ ਵੱਸੋਂ 1.9 ਫ਼ੀਸਦੀ ਤੋਂ ਕੁਝ ਕੁ ਹੀ ਘੱਟ ਹੈ। ਇਸ ਦੇ ਬਾਵਜੂਦ ਕੈਨੇਡਾ ਦੇ ਆਰਥਿਕ, ਰਾਜਨੀਤਕ ਅਤੇ ਸਮਾਜਿਕ ਖੇਤਰਾਂ ‘ਚ ਸਿੱਖਾਂ ਦੇ ਯੋਗਦਾਨ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਕੈਨੇਡਾ ਭਾਰਤੀ ਅਤੇ ਪੰਜਾਬੀ ਨਾਗਰਿਕਾਂ ਨੂੰ ਹਰ ਖੇਤਰ ‘ਚ ਬਰਾਬਰ ਮੌਕੇ ਦੇ ਰਿਹਾ ਹੈ। ਵੱਡੀ ਗਿਣਤੀ ਭਾਰਤੀ ਵਿਦਿਆਰਥੀ, ਜਿਨ੍ਹਾਂ ਵਿਚ ਪੰਜਾਬੀ ਵਿਦਿਆਰਥੀਆਂ ਦੀ ਵੀ ਚੋਖੀ ਗਿਣਤੀ ਹੈ, ਕੈਨੇਡਾ ਪੜ੍ਹਾਈ ਕਰਨ ਲਈ ਪਹੁੰਚੇ ਹੋਏ ਹਨ। ਇਸ ਦੇ ਨਾਲ ਕੈਨੇਡਾ ਦੇ ਵਪਾਰਕ ਖੇਤਰ ‘ਚ ਵੀ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਰਾਜਨੀਤਕ ਤੌਰ ‘ਤੇ ਪੰਜਾਬੀ, ਖ਼ਾਸ ਕਰਕੇ ਸਿੱਖ ਕੈਨੇਡਾ ਦਾ ਹਸਤਾਖ਼ਰ ਹਨ। ਕੈਨੇਡਾ ਬਹੁਭਾਸ਼ਾਈ, ਸੱਭਿਆਚਾਰਕ ਵੰਨ-ਸੁਵੰਨਤਾ ਅਤੇ ਧਾਰਮਿਕ ਆਜ਼ਾਦੀ ਵਾਲੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਵਾਲਾ ਬਿਹਤਰੀਨ ਦੇਸ਼ ਹੈ। ਇਸ ਸਮੇਂ ਕੈਨੇਡਾ ‘ਚ ਭਾਰਤੀ ਅਤੇ ਪੰਜਾਬੀ ਭਾਈਚਾਰਾ ਵੱਡੀ ਰਾਜਨੀਤਕ ਤਾਕਤ ਹੈ। ਇਸ ਸੰਦਰਭ ‘ਚ ਜਸਟਿਨ ਟਰੂਡੋ ਦੀ ਭਾਰਤ ਫੇਰੀ ਅਤੇ ਪੰਜਾਬ ਦੀ ਧਾਰਮਿਕ ਯਾਤਰਾ ਬਹੁਤ ਵੱਡੇ ਅਰਥ ਰੱਖਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਸਟਿਨ ਟਰੂਡੋ ਵਲੋਂ ਅੰਮ੍ਰਿਤਸਰ ਵਿਚ ਕੀਤੀ ਗਈ ਮੁਲਾਕਾਤ ਦੌਰਾਨ ਵੀ ਟਰੂਡੋ ਨੇ ਵਿਸ਼ਾਲ ਸੋਚ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਅਤੇ ਕੈਨੇਡਾ ਦੇ ਵਿਚਾਲੇ ਬਿਹਤਰੀਨ ਸਾਂਝ ਦੀ ਕਾਮਨਾ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਸਿੱਖਿਆ, ਤਕਨੀਕੀ ਖੋਜ, ਖੇਤੀਬਾੜੀ ਅਤੇ ਸੱਭਿਆਚਾਰਕ ਮਾਮਲਿਆਂ ‘ਤੇ ਆਪਸੀ ਸਹਿਯੋਗ ਦੇਣ ਲਈ ਹੋਈ ਗੱਲਬਾਤ ਕੈਨੇਡਾ ‘ਚ ਪੰਜਾਬੀ ਭਾਈਚਾਰੇ ਨੂੰ ਤਾਂ ਹੋਰ ਮਜ਼ਬੂਤ ਕਰੇਗੀ ਹੀ, ਸਗੋਂ ਪੰਜਾਬ ਲਈ ਵੀ ਵਰਦਾਨ ਸਾਬਤ ਹੋਵੇਗੀ। ਕਿਉਂਕਿ ਪੰਜਾਬ ਇਸ ਵੇਲੇ ਵੱਡੇ ਖੇਤੀ ਸੰਕਟ, ਸਨਅਤੀ, ਵਾਤਾਵਰਨ ਅਤੇ ਰਾਜਨੀਤਕ ਸਮੱਸਿਆਵਾਂ ਦਾ ਸਾਹਮਣਾ ਕਰਨ ਰਿਹਾ ਹੈ। ਕੈਨੇਡਾ ਦੀ ਸਰਕਾਰ ‘ਚ ਚਾਰ ਸਿੱਖ ਮੰਤਰੀ ਅਹਿਮ ਅਹੁਦਿਆਂ ‘ਤੇ ਹਨ, ਜੋ ਕਿ ਪੰਜਾਬ ਨੂੰ ਸੰਕਟ ਵਿਚੋਂ ਕੱਢਣ ਲਈ ਕੈਨੇਡਾ ਸਰਕਾਰ ਦੀ ਤਰਫ਼ੋਂ ਤਕਨੀਕੀ ਤੌਰ ‘ਤੇ ਵੱਡਾ ਸਹਿਯੋਗ ਕਰ ਸਕਦੇ ਹਨ। ਇਸ ਕਰਕੇ ਪੰਜਾਬ ਦੇ ਪ੍ਰਸੰਗ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਯਾਤਰਾ ਵੱਡੀ ਮਦਦਗਾਰ ਸਾਬਤ ਹੋ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨੀ ਪੰਜਾਬ ਦੇ ਕੈਨੇਡਾ ਦੇ ਨਾਲ ਚੰਗੇ ਸਬੰਧਾਂ ਦੀ ਮਜ਼ਬੂਤੀ ਅਤੇ ਨਾਂਹਪੱਖੀ ਤਾਕਤਾਂ ਨੂੰ ਸਿੱਟਾਮੁਖੀ ਤਰੀਕੇ ਨਾਲ ਨਿਰਉਤਸ਼ਾਹਿਤ ਕਰਨ ਦੀ ਦਿਸ਼ਾ ‘ਚ ਅਹਿਮੀਅਤ ਰੱਖਦੀ ਹੈ।
ਸਿੱਖ ਹਲਕਿਆਂ ਨੂੰ ਆਸ ਹੈ ਕਿ ਜਸਟਿਨ ਟਰੂਡੋ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਵਿਸ਼ਵ ਭਰ ਵਿਚ ਵੱਸਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮਦਦਗਾਰ ਸਾਬਤ ਹੋਵੇਗਾ। ਇਸ ਦੌਰੇ ਨਾਲ ਸਿੱਖ ਸਬੰਧਾਂ ਬਾਰੇ ਚਰਚਾ ਦਾ ਦੌਰ ਸ਼ੁਰੂ ਹੋਵੇਗਾ, ਜਿਸ ਨਾਲ ਸਿੱਖ ਧਰਮ ਅਤੇ ਕੌਮ ਬਾਰੇ ਵੀ ਪ੍ਰਚਾਰ ਹੋਵੇਗਾ। ਇਸ ਨਾਲ ਵਿਸ਼ਵ ਪੱਧਰ ‘ਤੇ ਸਿੱਖਾਂ ਬਾਰੇ ਚਰਚਾ ਹੋਵੇਗੀ ਜਿਸ ਨਾਲ ਸਿੱਖ ਪਛਾਣ ਦੀ ਸਮੱਸਿਆ ਹੱਲ ਕਰਨ ‘ਚ ਮਦਦ ਮਿਲੇਗੀ।
ਰਾਜਨੀਤਕ ਮਾਹਰ ਮੰਨ ਰਹੇ ਹਨ ਕਿ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਨਾਲ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਹੋਰ ਗੂੜ੍ਹੇ ਹੋਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਇਸ ਪ੍ਰਸੰਗ ਵਿਚ ਪੰਜਾਬ ਦਾ ਅਕਸ ਹੋਰ ਉੱਚਾ ਹੋਵੇਗਾ, ਕਿਉਂਕਿ ਕੈਨੇਡਾ ਸਰਕਾਰ ‘ਚ ਚਾਰ ਸਿੱਖ ਮੰਤਰੀ ਹਨ, ਜੋ ਕਿ ਭਾਰਤ ਦੀ ਕੇਂਦਰੀ ਸਰਕਾਰ ‘ਚ ਸਿੱਖਾਂ ਦੀ ਨੁਮਾਇੰਦਗੀ ਤੋਂ ਵੀ ਕਿਤੇ ਵੱਧ ਹੈ। ਜਸਟਿਨ ਟਰੂਡੋ ਦੀ ਯਾਤਰਾ ਨਾਲ ਪੰਜਾਬ ਦੇ ਲੋਕਾਂ ਦੇ ਮਨਾਂ ‘ਤੇ ਵੀ ਬਹੁਤ ਵੱਡਾ ਅਸਰ ਹੋਇਆ ਹੈ। ਟਰੂਡੋ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਯਾਤਰਾ ਦੌਰਾਨ ਸਾਦਗੀ ਅਤੇ ਨਿੱਘੇ ਵਿਹਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀਆਂ ਨੇ ਕੈਨੇਡਾ ‘ਚ ਸਿਰਫ਼ ਆਰਥਿਕ ਤੌਰ ‘ਤੇ ਹੀ ਨਹੀਂ, ਸਗੋਂ ਸਿਆਸੀ ਤੌਰ ‘ਤੇ ਵੀ ਆਪਣੀ ਵੱਖਰੀ ਥਾਂ ਬਣਾਈ ਹੈ। ਆਪਣੀ ਸਰਕਾਰ ‘ਚ ਚਾਰ ਸਿੱਖ ਮੰਤਰੀਆਂ ਨੂੰ ਵੀ ਭਾਰਤ ਦੌਰੇ ‘ਤੇ ਨਾਲ ਲਿਜਾ ਕੇ ਟਰੂਡੋ ਨੇ ਇਹ ਪ੍ਰਭਾਵ ਦਿੱਤਾ ਹੈ ਕਿ ਕੈਨੇਡਾ ਵਿਚ ਮਿਹਨਤ ਤੇ ਮੈਰਿਟ ਦਾ ਮੁੱਲ ਪੈਂਦਾ ਹੈ। ਉਥੇ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।
ਬੇਸ਼ੱਕ ਵਿਚ ਵਿਚਾਲੇ ਇਹ ਵੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਭਾਰਤ, ਖ਼ਾਸ ਕਰਕੇ ਪੰਜਾਬ ਯਾਤਰਾ ਦਾ ਕੈਨੇਡਾ ‘ਚ ਆਗਾਮੀ ਚੋਣਾਂ ਨਾਲ ਵੀ ਸਬੰਧ ਹੈ। ਪਰ ਇਸ ਦੇ ਬਾਵਜੂਦ ਇਹ ਆਖਿਆ ਜਾ ਸਕਦਾ ਹੈ ਕਿ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਸਾਕਾਰਾਤਮਕ ਹੈ ਅਤੇ ਕੈਨੇਡਾ ਦੇ ਬਹੁਭਾਸ਼ਾਈ, ਸੱਭਿਆਚਾਰਕ ਵੰਨ-ਸੁਵੰਨਤਾ ਅਤੇ ਵਿਚਾਰਧਾਰਕ ਆਜ਼ਾਦੀ ਵਾਲੇ ਸਮਾਜ ਦੀ ਚੰਗੀ ਛਾਪ ਛੱਡਣ ਵਾਲੀ ਹੈ। ਭਾਰਤ ਸਰਕਾਰ ਵਲੋਂ ਜਸਟਿਨ ਟਰੂਡੋ ਦੀ ਯਾਤਰਾ ਮੌਕੇ ਬਣਦੀ ਤਵੱਜੋਂ ਨਾ ਦੇਣ ਦਾ ਕੈਨੇਡਾ ਨਾਲ ਪਿਆਰ ਕਰਨ ਵਾਲੇ ਲੋਕਾਂ ਨੇ ਬੁਰਾ ਵੀ ਮਨਾਇਆ ਹੈ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਯਾਤਰਾ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮਿਲੇ ਮਣਾਂਮੂੰਹੀ ਮਾਣ-ਸਤਿਕਾਰ ਅਤੇ ਪਿਆਰ ਨੇ ਇਨ੍ਹਾਂ ਕਮੀਆਂ-ਪੇਸ਼ੀਆਂ ਨੂੰ ਢੱਕ ਦਿੱਤਾ ਹੈ। ਅਖ਼ੀਰ ਵਿਚ ਅਸੀਂ ਇਹੀ ਆਸ ਕਰਦੇ ਹਾਂ ਕਿ ਆਪਣੀ ਵੰਨ-ਸੁਵੰਨਤਾ ਦੀ ਅਮੀਰ ਵਿਰਾਸਤ ਨੂੰ ਅੱਗੇ ਤੋਰਨ ਲਈ ਕੈਨੇਡਾ ਪ੍ਰਗਤੀ ਦੇ ਸਫ਼ਰ ਤੈਅ ਕਰੇਗਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ, ਸਿਰਫ਼ ਰਾਜਨੀਤਕ ਤੌਰ ‘ਤੇ ਹੀ ਨਹੀਂ, ਸਗੋਂ ਸੰਸਾਰ ‘ਚ ਮਨੁੱਖੀ ਭਾਈਚਾਰੇ ਤੇ ਆਪਸੀ ਪਿਆਰ ਦਾ ਸਾਰਥਿਕ ਸੁਨੇਹਾ ਦੇਣ ਵਾਲੀ ਵੀ ਸਾਬਤ ਹੋਵੇਗੀ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …