Breaking News
Home / ਨਜ਼ਰੀਆ / ਬਾਪੂ ਪਾਰਸ ਜੀ ਦੀ ਨੌਵੀਂ ਬਰਸੀ ਦੇ ਮੌਕੇ ‘ਤੇ

ਬਾਪੂ ਪਾਰਸ ਜੀ ਦੀ ਨੌਵੀਂ ਬਰਸੀ ਦੇ ਮੌਕੇ ‘ਤੇ

ਕੁੱਝ ਐਹੋ ਜਿਹਾ ਵੀ ਸੀ ਸਾਡਾ ਪਾਰਸ ਬਾਪੂ
ਡਾ. ਰਛਪਾਲ ਗਿੱਲ ਟੋਰਾਂਟੋ
416-669-3434
ਫਰਵਰੀ 28, 2009 ਨੂੰ ਬਾਪੂ ਪਾਰਸ ਦੇ ਸਾਹਿਤਕ-ਸੋਚ ਵਾਲ਼ੇ ਸਾਹਾਂ ਦੀ ਉਛਲ਼ਦੀ ਅਤੇ ਅਦਬੀ ਖੇਤਾਂ ਨੂੰ ਜ਼ਰਖੇਜ਼ ਕਰਨ ਵਾਲ਼ੀ ਗੰਗਾ ਸੁੱਕ ਗਈ ਸੀ। ਉਹ ਆਪਣੇ ਨਾਨਕੇ ਪਿੰਡ ਮਹਿਰਾਜ ਜੂਨ 28, 1916 ਨੂੰ, ਵੱਡੇ ਤੜਕਿਓਂ ਕੁਕੜ ਦੀ ਬਾਂਗ ਵੇਲ਼ੇ, ਤੂੜੀ ਵਾਲੇ ਕੋਠੇ ‘ਚ ਜਨਮਿਆਂ। ਹੱਥ ਨਾਲ਼ ਸਿਉਂਤੇ ਲੱਠੇ ਦੇ ਕੱਪੜਿਆਂ ਵਿਚ ਲਪੇਟ ਕੇ, ਗੋਰੇ-ਨਿਸ਼ੋਹ “ਬਾਲ ਕਰਨੈਲ” ਨੂੰ, ਗੋਦੀ ਚੁੱਕ ਕੇ, ਮਾਂ ਚਾਈਂ-ਚਾਈਂ ਬੋਤੇ ‘ਤੇ ਬਿਠਾ ਮਹਿਰਾਜ ਤੋਂ ਰਾਮੂੰਵਾਲ਼ੇ ਲੈ ਆਈ। ਮਾਂ ਦੀ ਗੋਦ ਵਿਚ ਲੋਰੀਆਂ ਲੈਂਦੇ ਇਸ ਬਾਲਕ ਦਾ ਨਾਮ ਨਾਨਕਿਆਂ ਨੇ “ਗ਼ਮਦੂਰ” ਰੱਖਿਆ ਸੀ। ਦਾਦਕਿਆਂ ਉਹਦਾ ਨਾਮ ਬਦਲ ਕੇ “ਕਰਨੈਲ” ਰੱਖ ਦਿੱਤਾ।
ਡਿੱਗੂੰ-ਡਿੱਗੂੰ ਕਰਦੇ ਕੱਚੇ ਮਕਾਨ ਦੇ ਭੀੜੇ ਵਿਹੜੇ ਦੀ ਤੰਗ ਜਿਹੀ ਚਾਰ-ਦੁਆਰੀ ਵਿਚ, ਚੁੱਲੇ-ਚੌਂਕੇ, ਮੰਜੇ-ਮੰਜੀਆਂ, ਕੁੱਕੜਾਂ ਦੇ ਖੁੱਡੇ, ਅਤੇ ਘਰ ਦੇ ਕੌਲ਼ਿਆਂ ਦੇ ਇਰਦ-ਗਿਰਦ ਰੁੜਦੇ ਉਸ “ਜੁਆਕ” ਨੂੰ ਟੱਬਰ ਦੇ ਜੀਅ ਅਤੇ ਆਂਢ-ਗੁਆਂਢੀ “ਕੈਲੀ” ਕਹਿਣ ਲੱਗ ਪਏ। ਫਿਰ ਵੀਹਾਂ, ਗੱਲ਼ੀਆਂ, ਫ਼ਲ਼ਿਆਂ ਅਤੇ ਸੱਥਾਂ ਵਿਚ ਹਾਣੀਆਂ ਨਾਲ਼ ਖੇਡਦਾ ਉਹ “ਕੈਲਾ” ਬਣ ਗਿਆ। ਪਿੱਛੋਂ ਚਾਚੇ ਨਾਲ਼ ਵਾਹੀ ਕਰਦਿਆਂ, ਹਾੜ੍ਹੀ ਵੱਢਦਾ, ਫ਼ਲ਼ੇ ਹੱਕਦਾ, ਤੇ ਮੱਝਾਂ ਚਾਰਦਾ ਉਹ ਮੁੱਛ-ਫੁਟ ਚੋਬਰ “ਕਰਨੈਲ” ਬਣਿਆ। ਇਸ ਤੋਂ ਬਾਅਦ ਅਖਾੜਿਆਂ ਅਤੇ ਦੀਵਾਨਾਂ ਵਿਚ ਗਾਉਂਦਿਆਂ ਉਹ “ਕਰਨੈਲ ਸਿਓਂ” ਕਹਾਉਣ ਲੱਗਿਆ। ਮੱਠੀ ਜਿਹੀ ਚਾਲ ਚਲਦੇ ਵਕਤ ਦੇ ਅਣ-ਕਿਆਸੇ ਕਰਵਟ ਲੈਣ ਨਾਲ਼, ਜਦੋਂ ਵਿਸ਼ੇਸ਼-ਪਹਿਚਾਣ ਦੇ ਖੰਭਾਂ ਨੇ ਉਚੇਰੀ ਪ੍ਰਵਾਜ਼ ਭਰੀ ਤੇ ਬੱਲੇ-ਬੱਲੇ ਦੀ ਸੱਜਰੀ ਝੁਰਮਟ ਨੇ ਘੇਰਾ ਵਿਸ਼ਾਲ ਕੀਤਾ ਤਾਂ ਲੋਕ “ਕਵੀਸ਼ਰ ਕਰਨੈਲ ਸਿੰਘ ਪਾਰਸ” ਬੋਲਣ ਲੱਗ ਪਏ। ਅਖੀਰ, ਅਦਬ ਦੀਆਂ ਲੰਬੇਰੀਆਂ ਤੇ ਅਮਿੱਟ ਪੁਲਾਂਘਾਂ ਪੁੱਟਦਾ ਪੁੱਟਦਾ, ਉਹ ਮੌਜੀ-ਅਲਬੇਲਾ ਚਿੰਤਕ ਬਣਿਆ, ਤੇ ਲੋਕਾਂ ਉਹ ਨੂੰ “ਬਾਪੂ ਪਾਰਸ” ਕਹਿਣਾ ਸ਼ੁਰੂ ਕਰ ਦਿੱਤਾ। ਲਿਖਤ ਅਤੇ ਪ੍ਰਚਾਰ ਦੇ ਅਖਾੜੇ ਵਿਚ ਮੱਲਾਂ ਮਾਰ ਕੇ 80ਵਿਆਂ ਵਿਚ, ਕਵੀਸ਼ਰਾਂ ਦਾ ਇਹ “ਜਰਨੈਲ” ‘ਸ਼੍ਰੋਮਣੀ ਕਵੀਸ਼ਰ’ ਬਣ ਗਿਆ।
ਉਹ ਅਜੇ 14 ਕੁ ਸਾਲਾਂ ਦਾ ਪਠੀਰ ਹੀ ਸੀ ਕਿ ਅੱਠ ਮਹੀਨਿਆਂ ਦੇ ਅਰਸੇ ਵਿਚ ਅਗੜ-ਪਿਛੜ ਦੋਵੇਂ ਮਾਂ-ਬਾਪ, ਉਹਦੇ ਸਿਰ ਤੋਂ ਸਹਾਰੇ ਦੀ ਟਸਰੀ ਉਤਾਰ ਕੇ ਮੁੜ ਨਾ ਆਉਣ ਵਾਲ਼ਿਆਂ ਦੀ ਨਗਰੀ ਚਲੇ ਗਏ। ਕਾਲ਼ ਬਲੀ ਦੀ ਬੇ-ਕਿਰਕ, ਤੇ ਬੇ-ਦਰਦ ਇਸ ਕਹਿਰ ਦੇ ਢਹਿਣ ਨਾਲ਼ ਉਹ ਚਾਰ ਛੋਟੀਆਂ ਭੈਣਾਂ ਸਮੇਤ ਆਰਥਿਕ ਅਤੇ ਮਾਨਸਿਕ ਤੌਰ ‘ਤੇ ਅਪਾਹਿਜ ਹੋ ਗਿਆ। ਜਿਵੇਂ ਜਰਵਾਣੀ ਭਾਵੀ “ਮਾਸੂਮ ਕਰਨੈਲ” ਦੇ ਮੌਉਰਾਂ ‘ਤੇ ਬੈਠ ਕੇ ਕੋਈ ਅਗਲੀ-ਪਿਛਲੀ ਕਿੱੜ੍ਹ ਕੱਢਣ ‘ਤੇ ਤੁਲੀ ਵੀ ਹੋਵੇ, ਤਾਂ ਓਦੋਂ ਜਦੋਂ ਹਾਲੀਂ ਬਾਪੂ ਨੇ ਉਡਣ ਲਈ ਹੌਸਲੇ ਦੇ ਪ੍ਰਵਾਜ਼ ਭਰ ਰਹੇ ਹੰਸ ਦੇ ਖੰਭਾਂ ‘ਤੇ ਪੈਰ ਰੱਖਿਆ ਹੀ ਸੀ, ਅਗਲੇ ਪੰਜ ਵਰ੍ਹਿਆਂ ਵਿੱਚ ਜਿਉਂ ਹੀ ਉਸ ਚਹੁੰ ਭੈਣਾਂ ਦੇ ਇੱਕਲੌਤੇ “ਬਾਈ” ਨੇ, ਵੱਡੇ ਭਰਾ ਦੀਆਂ ਜ਼ਿੰਮੇਦਾਰੀਆਂ ਦੇ ਲਾਡ ਲਡਾਉਣ ਦੇ ਬੂਹੇ ਦਾ ਕੁੰਡਾ ਅਜੇ ਖੋਲ੍ਹਿਆ ਹੀ ਸੀ, ਤੇ ਘਰ ਵਿਚ ਮਾਂ-ਪਿਓ ਦੇ ਵਿਛੇ ਸੱਥਰ ਦੀ ਗਹਿਰੀ-ਗਰਦ ਦੀ ਸਾਫ਼-ਸਫਾਈ ਕਰਨ ਲਈ ਹੌਸਲੇ ਦੀ ਬਹੁਕਰ ਅਜੇ ਹੱਥ ਵਿਚ ਫੜੀ ਹੀ ਸੀ, ਤਾਂ ਅਚਾਨਕ ਥੋੜ੍ਹੇ-ਥੋੜ੍ਹੇ ਚਿਰ ਬਾਅਦ ਚੰਦਰੀ ਹੋਣੀ ਦਾ ਇੱਕ ਅਜਿਹਾ ਭਿਆਨਕ ਭੂਚਾਲ਼ ਆਇਆ ਕਿ ਉਹ “ਪਾਰਸ” ਦੀਆਂ ਤਿੰਨ ਜਵਾਨ ਭੈਣਾਂ ਦੇ ਆਪਣੇ ਭਰਾ ਦੇ ਗੁੱਟ ‘ਤੇ ਧਾਗੇ ਬੰਨਣ ਦੇ ਚਾਵਾਂ ਨੂੰ ਮਾਰੂ-ਜ਼ਾਲਮ ਛੱਲਾਂ ਵਿਚ ਵਹਾ ਕੇ ਲੈ ਗਿਆ। ਘਰ ਵਿੱਚ ਮੰਡਲਾਉਂਦਾ ਮੌਤਾਂ ਦਾ ਖੌਫ਼ਨਾਕ ਸਾਇਆ ਬਾਪੂ ਨੂੰ ਉਦਾਸੀ ਦੀ ਦਲਦਲ ਵਿੱਚ ਖਭੋ ਗਿਆ। ਉਹ ਕਾਲ਼ੇ ਕੱਪੜੇ ਪਾਉਣ ਲੱਗ ਪਿਆ। ਹੌਲ਼ੀ-ਹੌਲ਼ੀ ਉਹ ਡਿੱਗਦਾ-ਢਹਿੰਦਾ ਅੱਗੇ-ਅੱਗੇ ਵਧਦਾ ਗਿਆ। ਉਹਨੇ ਗ਼ਮਾਂ ਅਤੇ ਮਾਲੀ ਤੰਗੀ ਦੀ ਅੰਗਿਆਰੀ ਪੰਡ ਨੂੰ ਸਬਰ ਤੇ ਸਿਰੜ੍ਹ ਦੇ ਜਿਸਤੀ ਰੱਸੇ ਨਾਲ਼ ਵਲੇਟਾ ਮਾਰ ਕੇ ਰੁਕਾਵਟੀ ਰਸਤੇ ਵਿਚੋਂ ਦੂਰ ਪਰਾਂ ਰੋਹੜ ਦਿਤਾ। ਫਿਰ ਉਹ ਬਹੁਤਾ ਡੋਲਿਆ, ਥਿੜਕਿਆ, ਤੇ ਟੁੱਟਿਆ ਨਾ, ਸਗੋਂ ਬੁਲੰਦੀ ਵੱਲ ਨੂੰ ਛਾਲਾਂ ਮਾਰਨ ਲੱਗਾ। ਨਿਰਾਸ਼ ਘੁਮਣਘੇਰੀ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਣ ਲਈ ਉਹਨੇ ਹੰਬਲ਼ਾ ਮਾਰਿਆ, ਮੌਤਾਂ ਦੇ ਕਹਿਰ ਨਾਲ਼ ਢੱਠੇ ਤੇ ਤਿੜਕੇ ਹੋਏ ਮਨ ਨੂੰ ਤਕੜਾ ਕਰਕੇ ਉਹ ਦੁਨਿਆਵੀ ਕੰਮਾਂ ਵਿਚ ਰੁੱਝ ਕੇ ਦਲੇਰ ਕਾਮਾ ਬਣ ਗਿਆ।
ਫਿਰ, ਆਪਣੇ ਨਾਲ਼ੋਂ ਦਸ ਕੁ ਸਾਲ ਵੱਡੇ ਚਾਚੇ ਨਾਲ਼ ਉਹ ਖੇਤਾਂ ਵਿਚ ਵੇਜੜ੍ਹ (ਇਕੱਠੇ ਬੀਜੇ ਜਾਂਦੇ ਛੋਲੇ, ਕਣਕ, ਸਰੋਂ), ਮੱਕੀਆਂ, ਕਪਾਹਾਂ, ਕਣਕਾਂ ਗੁੱਡਦਾ, ਪਿੜ ਘੜਦਾ, ਲਾਂਗਾ ਢੋਂਹਦਾ, ਬੋਹਲ਼ਾਂ ਦੀ ਰਾਖੀ ਬਹਿੰਦਾ, ਪੱਠੇ ਵੱਢਦਾ ਤੇ ਹੱਥੀਂ ਕੁਤਰ ਕੇ ਪਸ਼ੂਆਂ ਨੂੰ ਪਾਉਣ ਵਾਲ਼ੇ ਕੰਮਾਂ ਵਿਚ ਖੁੱਭਿਆ ਰਹਿੰਦਾ। ਗੱਭਰੂ ਬਾਪੂ ਨੇ ਕਸੀਏ-ਕਹੀਆਂ, ਸਲ਼ਘਾਂ-ਤੰਗਲ਼ੀਆਂ, ਦਾਤੀਆਂ-ਰੰਬਿਆਂ ਨਾਲ਼ ਹੱਥੋਪਾਈ ਹੋ ਕੇ ਆੜਾਂ-ਖਾਲ਼ੇ ਘੜ੍ਹੇ, ਤੂੜੀ ਕੱਠੀ ਕੀਤੀ, ਚਾਰਾ ਵੱਢਿਆ, ਕੱਸੀ ਦੀਆਂ ਵਾਰੀਆਂ ਲਾ ਕੇ ਵਾਹਣਾਂ ਦੀਆਂ ਰੌਣੀਆਂ ਕੀਤੀਆਂ। ਹਲ਼ਾਂ-ਪੰਜਾਲ਼ੀਆਂ- ਫਾਲ਼ਿਆਂ, ਸਣ ਦੇ ਰੱਸੇ ਵੱਟਣ ਦੇ ਕੰਮਾਂ ਨਾਲ਼ ਦਸਤਪੰਜੀ ਯੁੱਧ ਲੜਦਾ, ਸੁਹਾਗੇ ਮਾਰਦਾ, ਤੇ ਵੱਟਾਂ ਪਾਉਂਦਾ-ਪਾਉਂਦਾ ਉਹ ਥੱਕ ਕੇ ਚੂਰ ਹੋ ਜਾਂਦਾ ਅਤੇ ਇਸ ਤਰ੍ਹਾਂ ਮਾਂ-ਪਿਉ ਵਾਹਰਾ “ਕਰਨੈਲ” ਮਿੱਟੀ ਵਿਚ ਮਿੱਟੀ ਹੋਇਆ ਰਹਿੰਦਾ। ਪਰ, ਫਿਰ ਵੀ ਉਹ ਬਚਪਨ ਦੀ ਨਿਰਾਸ਼, ਉਲ਼ਝੀ, ਮਾਯੂਸ, ਅਤੇ ਸੋਗੀ ਕਬੀਲਦਾਰੀ ਦੇ ਇਹਨਾਂ ਕੁਰਕਸ਼ੇਤਰਾਂ ਵਿਚੋਂ ਜੇਤੂ ਹੋ ਕੇ ਨਿਕਲ਼ਿਆ। ਉਹਨੇ ਦਰਪੇਸ਼ ਮੁਸੀਬਤਾਂ ਅਤੇ ਭੈੜੇ ਹਲਾਤ ਅੱਗੇ ਕਦੇ ਵੀ ਗੋਡੇ ਟੇਕ ਕੇ ਮਨੋਂ-ਬਲੀ ਈਨ ਨਹੀਂ ਮੰਨੀ।
ਮੋਹਣ ਸਿੰਘ ਰੋਡਿਆਂ ਵਾਲ਼ੇ ਨੂੰ ਗੁਰੂ ਧਾਰ ਕੇ ਉਹ ਕਵੀਸ਼ਰੀ ਦੇ ਮਹਾਨ ਕਾਵਿਕ-ਸਾਗਰੀ ਕੰਢਿਆਂ ਦੀ ਪਰਕਰਮਾਂ ਕਰਨ ਲੱਗਿਆ। ਉਹਦੇ ਅੰਦਰ ਉੱਗੇ “ਕਵੀਸ਼ਰੀ” ਦੇ “ਸਰਸਵਤੀ” ਦਰੱਖ਼ਤ ਦੀਆਂ ਕਰੂੰਬਲ਼ਾਂ, ਮਿਰਗ-ਦੌੜੀ ਚਾਲ ਚਲਕੇ ਦਿਨਾਂ ਵਿਚ ਹੀ ਵੱਡੀਆਂ-ਵੱਡੀਆਂ ਟਾਹਣੀਆਂ ਬਣ ਗਈਆਂ। ਛੇਤੀ ਹੀ ਉਹਨੇ ਆਪਣਾ ਖੁਦ ਦਾ “ਕਵੀਸ਼ਰੀ ਜੱਥਾ” ਤਿਆਰ ਕਰ ਲਿਆ । ਵੰਡ ਤੋਂ ਪਹਿਲਾਂ ਹੌਲ਼ੀ-ਹੌਲ਼ੀ ਉਹਦੇ ਜੱਥੇ ਦੀ ਧੁੰਮਾਂ ਮਿੰਟਗੁਮਰੀ ਤੇ ਲਾਇਲਪੁਰ ਦੀਆਂ ਬਾਰਾਂ ਵਿਚ ਪੈਲਾਂ ਪਾਉਣ ਲੱਗੀਆਂ। ਸ਼ਰਬਤੀ ਨੈਣਾ, ਤੇਜ ਮੱਥੇ, ਰੰਗ ਦੇ ਗੋਰੇ, ਉਡੂੰ-ਉਡੂੰ ਕਰਦੇ ਭਰਵੇਂ ਸਰੀਰ ਵਾਲ਼ਾ, ਫੁਰਤੀਲਾ, ਸੋਹਣਾ-ਸੁਣੱਖਾ, “ਹੁੰਦਲਹੇੜ ਕਰਨੈਲ” ਜਦੋਂ ਆਪਣੀ ਬਹੁ-ਪੱਖੀ ਵਿਆਖਿਆ ਵਿੱਚ ਮਿਰਜ਼ੇ ਦੀ ਦਲੇਰੀ ਦੀ ਲੋਹੜਾ-ਲੁਆਊ ਲੜੀ ਛੇੜਦਾ ਤਾਂ ਇੰਝ ਲੱਗਦਾ ਜਿਵੇਂ “ਸਾਂਦਲ ਬਾਰ” ਦੇ ਇਰਦ-ਗਿਰਦੀ ਜ਼ਰਖੇਜ਼ ਜ਼ਮੀਨਾਂ ਦੀਆਂ ਕਬਰੀ-ਕੁੱਖਾਂ ਵਿਚ ਚੁੱਪ ਧਾਰੀ ਬੈਠਾ “ਮਿਰਜ਼ਾ” ਉੱਭੜਵਾਹੇ ਉਠ ਕੇ, ਓਸੇ ਅੱਥਰੀ ਘੋੜੀ ‘ਤੇ ਬੈਠ ਕੇ, ਮੋਢੇ ਵਿਚ ਤੀਰਾਂ ਦਾ ਭੱਥਾ ਪਾਈ ਤੇ ਹੱਥ ਵਿਚ ਘਰ ਦੀ ਕੱਢੀ “ਪਹਿਲੇ ਤੋੜ ਦੀ ਬੋਤਲ” ਫੜ ਕੇ “ਪਾਰਸ ਕਵੀ” ਨੂੰ ਪੈਗ ਲੁਆਉਣ ਤੇ ਘੁਟ ਕੇ ਜੱਫੀ ਪਾ ਕੇ ਸਤਿ ਸ਼੍ਰੀ ਅਕਾਲ ਕਹਿਣ ਆਇਆ ਹੋਵੇ।
ਕਿਸੇ ਤਰ੍ਹਾਂ ਦਾ ਵੀ ਬਿਜ਼ਨੈਸ ਕਰਨਾ ਉਹਦੇ ਵਸ ਦਾ ਰੋਗ ਨਾ ਬਣ ਸਕਿਆ। ਕੇਰਾਂ ਉਹਨੇ ਘਰਦਿਆਂ ਤੋਂ ਵਾਹਰਾ ਹੋ ਕੇ ਮੋਗੇ ਟਰੱਕ ਪਾ ਲਿਆ। ਬੜੀ ਬੁਰੀ ਤਰ੍ਹਾਂ ਫੇਲ੍ਹ ਹੋਇਆ। ਮੋਗਿਓਂ ਚਮੜਾ ਲੈ ਕੇ ਕਾਨਪੁਰ ਜਾਂਦਾ ਅਤੇ ਕਾਨਪੁਰੋਂ ਕੇਲੇ, ਖਿਡਾਉਣੇ, ਤੇ ਹੋਰ ਛੋਟਾ-ਮੋਟਾ ਸਮਾਨ ਲਿਆਉਂਦਾ, ਪਰ ਮਿਥੀ ਗੱਲ ਬਣਨ ਵਿਚ ਹੀ ਨਾ ਆ ਸਕੀ, ਤੇ ਅੱਕ ਕੇ ਉਹਨੇ ਟਰੱਕ ਵੇਚ ਦਿਤਾ। ਏਸੇ ਹੀ ਕੜੀ ਵਿਚ ਫਿਰ ਮੋਗਿਓਂ ਵੈਦਪੁਣੇ ਦੀ ਤਾਲੀਮ ਲੈ ਕੇ, ਸ਼ੁਰੂ ਸ਼ੁਰੂ ਵਿਚ ਉਹਨੇ ਥੋੜ੍ਹਾ ਜਿਹਾ ਚਿਰ ਹਕੀਮੀ ਵੀ ਕੀਤੀ। ਮੋਗਾ ਵੈਦਾਂ ਦਾ ਗੜ੍ਹ ਹੋਣ ਕਰਕੇ ਨਵਾਂ-ਨਵਾਂ ਬਣਿਆ “ਹਕੀਮ ਪਾਰਸ” ਬਿਲਕੁਲ ਕਾਮਯਾਬ ਨਾ ਹੋ ਸਕਿਆ।
ਦੇਸ਼ ਅਜ਼ਾਦ ਹੋ ਗਿਆ। ਜਲੰਧਰ ਰੇਡੀਓ ਸਟੇਸ਼ਨ ‘ਤੇ ਕਵੀਸ਼ਰੀ ਗਾਉਣ ਨਾਲ਼ ਉਹਦੀ ਵੱਖਰੀ-ਪਹਿਚਾਣ ਪੰਜਾਬੀਆਂ ਦੇ ਮਨੋਰੰਜਕ-ਚੇਤਿਆਂ ਵਿੱਚ ਵੱਡੀਆਂ ਵੱਡੀਆਂ ਛਾਉਣੀਆਂ ਪਾਉਣ ਲੱਗੀ। 1956 ਵਿਚ ਹੈ ਆਉਣ ਜਾਣ ਬਣਿਆ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ” ਦੇ ਪਹਿਲੇ ਇਸ ਕਵੀਸ਼ਰੀ ਰਿਕਾਰਡ ਨੇ ਪਾਰਸ ਜੀ ਦੇ ਜੱਥੇ ਦੇ ਨਾਮ ਨੂੰ ਪੰਜਾਬ ਦੇ ਘਰ-ਘਰ ਤੱਕ ਪਹੁੰਚਾ ਦਿੱਤਾ।
ਉਹਨੀਂ ਦਿਨੀ ਸੜਕਾਂ ਅਤੇ ਬੱਸਾਂ ਬਹੁਤ ਘੱਟ ਸਨ। ਗਾਉਣ ਜਾਣ ਲਈ ਸਵਾਰੀ ਸਾਈਕਲ ਹੀ ਸੀ। ਇਸ ਕਰਕੇ ਮਾਲਵੇ ਦਾ ਕੋਈ ਵੀ ਵੱਡਾ ਰਾਹ, ਸੂਏ, ਅਤੇ ਨਹਿਰ ਦੀ ਪਟੜੀ ਅਜਿਹੀ ਨਹੀਂ ਹੋਣੀ ਜਿਸ ਦੀ ਧੂੜ ਨੂੰ ਬਾਪੂ ਦੇ ਸਾਈਕਲ ਦੇ ਟਾਇਰਾਂ ਨੇ ਚੁੰਮਿਆ ਨਾ ਹੋਵੇ। ਬਾਹਲ਼ੀ ਵਾਰ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ, ਉਹ ਸਾਈਕਲ ਦੇ ਪੈਡਲਾਂ ਨੂੰ ਪੈਰਾਂ ਦੇ ਲਫੇੜੇ ਮਾਰ-ਮਾਰ ਕੇ ਕਾਲ਼ੀਆਂ-ਬੋਲ਼ੀਆਂ, ਤੇ ਘੁੱਪ ਹਨੇਰੀਆਂ ਰਾਤਾਂ ਦੇ ਡਰਾਉਣੇ ਪਹਿਰਾ ਨੂੰ ਚੀਰਦਾ ਚੀਰਦਾ ਮੰਜ਼ਲਾਂ ਨੂੰ ਤਹਿ ਕਰ ਜਾਂਦਾ। ਉਹਦਾ ਗਾਉਣ ਸੁਣਨ ਦੇ ਸ਼ੌਕੀਨ ਦੂਰ-ਦੁਰਾਡਿਓਂ ਊਠਾਂ-ਘੋੜਿਆਂ ‘ਤੇ ਬੈਠ ਕੇ ਜਾਂਦੇ ਤੇ ਪਾਰਸ ਦਾ ਜੱਥਾ ਆਪਣੀ ਕਵੀਸ਼ਰੀ ਦੀ ਬੀਨ ਨਾਲ਼ ਸਰੋਤਿਆਂ ਨੂੰ ਘੰਟਿਆਂ ਬੱਧੀ ਮੁੱਗਧ ਕਰਕੇ ਕੀਲੀ ਰੱਖਦਾ। ਸਕੂਲੀ ਤਾਲੀਮ ਤੋਂ ਬਿਲਕੁਲ ਕੋਰੇ ਪਾਰਸ ਨੇ ਪੰਜਾਬੀ, ਹਿੰਦੀ, ਤੇ ਉਰਦੂ ਦੇ ਗਿਆਤਾ ਹੋਣ ਦੇ ਨਾਲ਼-ਨਾਲ਼ ਡੰਗ-ਟਪਾਊ ਅੰਗਰੇਜ਼ੀ ਦੇ ਲਫ਼ਜ਼ਾਂ ਨੂੰ ਵੀ ਅਪਣੇ ਬੇਲੀ ਬਣਾ ਲਿਆ ਸੀ। ਚਮਕ ਰਹੀ ਪ੍ਰਤਿਭਾ, ਹੋ ਰਹੀ ਵਾਹ-ਵਾਹ, ਤੇ ਬਲੇ-ਬਲੇ ਨੇ ਉਹਨੂੰ ਘਮੰਡੀ ਨਾ ਬਣਾਇਆ। ਭਰ ਜੋਬਨ ਵਿਚ ਉਹ ਖੱਬੇ-ਪੱਖੀ ਵਿਚਾਰਧਾਰਾ ਦਾ ਧਾਰਨੀ ਬਣ ਗਿਆ ਤੇ ਸਾਰੀ ਉਮਰ ਤਰਕਸ਼ੀਲ ਰਿਹਾ। ਉਹ ਜਾਤ-ਪਾਤ ਨੂੰ ਨਹੀਂ ਮੰਨਦਾ ਸੀ। ਰੂਹ, ਅਗਲਾ ਪਿਛਲਾ ਜਨਮ, ਜੂਨਾਂ, ਸਵਰਗ-ਨਰਕ, ਰੱਬ ਦੀ ਹੋਂਦ ਤੋਂ ਉਹ ਪੂਰੀ ਤਰ੍ਹਾਂ ਮੁਨਕਰ ਸੀ। ਕਿਉਂਕਿ ਉਹ ਆਪ ਸਾਊ, ਤਹੱਮਲ-ਮਿਜਾਜ਼ੀ, ਅਤੇ ਮੋਮ ਦਿਲਾ ਸੀ ਇਸ ਲਈ ਉਹਨੂੰ ਹੱਠੀ, ਜ਼ਿੱਦੀ, ਕੱਬੇ, ਤੇ ਅੜੀਅਲ ਇਨਸਾਨਾਂ ਨੂੰ ਲਚਕੀਲੇਪਣ, ਨਰਮ, ਠਰੰਮੇਂ, ਤੇ ਠੰਡੇ ਮਤੇ ਦੇ ਮੰਤਰ ਨਾਲ਼ ਸੁਲ੍ਹਾਕੁਨ ਦਾ ਕੰਡਿਆਲ਼ਾ ਚੰਗੀ ਤਰ੍ਹਾਂ ਪਾਉਣਾ ਆਉਂਦਾ ਸੀ।
ਝੂਠੇ ਸਾਧਾਂ ਸੰਤਾਂ ਤੇ ਡੇਰਿਆਂ ਦਾ ਕੱਟੜ ਵਿਰੋਧੀ ਸੀ। ਇੱਕ ਵਾਰ 1962 ਵਿਚ ਲੋਪੋ ਵਾਲੇ ਦਰਬਾਰੀ ਦਾਸ ਨੇ ਸੂਰਜ ਛਿਪੇ ਜਿਹੇ ਲੋਪੋ ਤੇ ਬੱਧਨੀ ਦੇ ਵਿਚਾਲ਼ੇ ਪੈਂਦੇ ਸੂਏ ‘ਤੇ ਸਾਈਕਲ ਸਵਾਰ ਬਾਪੂ ਨੂੰ ਰੋਕ ਲਿਆ। ਜੀਪ ਵਿਚੋ ਰਾਇਫਲਾਂ ਵਾਲ਼ੇ ਕੁਝ ਗੁੰਡਾ ਰੂਪੀ ਚੇਲਿਆਂ ਨਾਲ਼ ਉਹ ਉਤਰਕੇ ਦਾਬੇ ਮਾਰਨ ਲੱਗਾ ਕਿ ਬਾਜ਼ ਆ ਜਾ, ਤੂੰ ਸਾਡੇ ਖਿਲਾਫ ਕੂੜ-ਪ੍ਰਚਾਰ ਕਰਦਾ ਹੈਂ। ਸੰਤ ਜੀ ਤੁਸੀਂ ਆਪਣਾ ਕੰਮ ਕਰੀ ਚਲੋ ਤੇ ਮੈਨੂੰ ਮੇਰਾ ਕਰਨ ਦਿਓ, ਬਾਪੂ ਸਾਧ ਨੂੰ ਮਿੱਠਾ ਜਿਹਾ ਜਵਾਬ ਦੇ ਕੇ ਆਪਣੇ ਰਾਹ ਪੈ ਗਿਆ। ਏਵੇਂ ਹੀ ਇੱਕ ਵਾਰ ਪ੍ਰਤਾਪ ਸਿੰਘ ਕੈਰੋਂ ਨੇ ਵੀ ਗਿੱਦੜ ਭੱਬਕੀ ਮਾਰੀ ਕਿ ਕਾਂਗਰਸ ਖਿਲਾਫ਼ ਪ੍ਰਚਾਰ ਨਾ ਕਰ, ਪਰ ਬਾਪੂ ਝੁੱਕਿਆ ਨਹੀਂ ।
ਕੈਨੇਡਾ ਵਿਚਲੇ 25 ਸਾਲਾ ਮੁਕਾਮ ਦੌਰਾਨ, ਬਾਪੂ ਨੇ ਮੇਰੇ ਸਮੇਤ ਆਪਣੇ ਚਹੁੰਆਂ ਪੁੱਤਰਾਂ ਦੇ ਪਰਿਵਾਰਾਂ ਦੀ ਬਜਾਏ ਵੱਡੀ ਬੇਟੀ ਚਰਨਜੀਤ ਕੋਲ਼ ਰਹਿਣ ਨੂੰ, ਬਿਹਤਰ ਅਤੇ ਅਰਾਮ-ਦਾਇਕ ਸਮਝਕੇ, ਤਰਜੀਹ ਦਿਤੀ। ਅੰਤ ਵੇਲ਼ੇ ਜਦ ਸਾਹਾਂ ਨੇ ਸਰੀਰ ਨਾਲ਼ੋਂ ਆੜੀ ਤੋੜੀ ਤਾਂ ਬਾਪੂ ਨੇ ਏਸੇ ਹੀ ਪਿਆਰੀ ਧੀ ਦੇ ਹੱਥਾਂ ਵਿਚ ਵਸਦੇ-ਰਸਦੇ ਟੱਬਰ, ਤੇ ਭਰੇ ਸੰਸਾਰ ਨੂੰ ਅਲਵਿਦਾ ਆਖੀ!
ਉਹ ਹਰ ਰੋਜ਼ ਦਾਰੂ ਪੀਂਦਾ ਤੇ ਹਰ ਆਏ ਗਏ ਨੂੰ ਪਿਆਉਣ ਦਾ ਰੰਗੀਲਾ ਸ਼ੌਕ ਵੀ ਰੱਖਦਾ। ਉਹ ਅਕਸਰ ਕਹਿੰਦਾ ਕਿ ਜਿੰਨਾ ਸ਼ਰੀਰ ਝੱਲੇ ਸਿਰਫ਼ ਓਨੀ ਹੀ ਪੀਵੋ, ਅਤੇ ਪੀਣ ਵਿਚੋਂ ਆਨੰਦ ਤੇ ਸਰੂਰ ਲਵੋ, ਪਰ ਯੱਬਲ਼ੀਆਂ ਨਾ ਮਾਰੋ। ਬਿਨਾਂ ਲਕੋਇਆਂ ਹੁੱਬ-ਹੁੱਬ ਕੇ ਦੱਸਦਾ ਕਿ ਉਹਨੇ ਪਹਿਲੀਆਂ ਵਿਚ ਡਰੰਮਾਂ ਦੇ ਡਰੰਮ ਪੀਤੇ, ਪਰ ਕਦੇ ਸ਼ਰਾਬੀ ਨਹੀਂ ਹੋਇਆ, ਪੀ ਕੇ ਝਗੜਾ ਨੀ ਕੀਤਾ, ਨਾ ਖੌਰੂ ਪਾਇਆ, ਤੇ ਨਾ ਹੀ ਖੜਮਸਤੀ ਕੀਤੀ। ਅਵਾ-ਤਵਾ ਨਹੀਂ ਬੋਲਿਆ, ਸਾਰੀ ਉਮਰ ਉਲਟੀ ਨਹੀਂ ਕੀਤੀ , ਕੋਈ ਬੱਜਰ ਗ਼ਲਤੀ ਨਹੀਂ ਕੀਤੀ, ਤੇ ਕਦੇ ਵੀ ਲੇਟ ਨਹੀਂ ਹੋਇਆ। ਨਾਲ਼ ਹੀ ਹੈਰਾਨਗੀ ਹੈ ਕਿ ਅੰਤ ਤੱਕ ਉਹਦੇ ਸਾਰੇ ਅੰਗ (ਕਿਡਨੀ, ਲਿਵਰ, ਮਿਹਦਾ, ਦਿਲ, ਦਿਮਾਗ) ਪੂਰੇ ਨੌ-ਬਰ-ਨੌਂ ਰਹੇ। ਕੈਨੇਡਾ ਆ ਕੇ ਉਹਨੇ ਸੰਜਮ ਨਾਲ਼, ਮਿਣ ਕੇ ਆਊਂਸਾਂ ਦੇ ਹਿਸਾਬ, ਆਥਣੇ ਇੱਕ ਮਿਥੇ ਸਮੇਂ ‘ਤੇ ਪੀਣ ਦਾ ਸਲੀਕਾ ਬਣਾ ਲਿਆ ਤੇ ਬੜੀ ਖੂਬਸੂਰਤ ਜ਼ਿੰਦਗੀ ਦਾ ਅਨੰਦ ਮਾਣ ਕੇ ਜੀਵਿਆ। ਏਸੇ ਲਈ ਉਹ ਕਹਿੰਦਾ ਸੀ ਕਿ ਜੀਹਦਾ ਦਿਮਾਗ਼ ਤੇ ਮਿਹਦਾ ਮਜ਼ਬੂਤ ਹੈ ਉਹ ਲੰਬਾ ਸਮਾਂ ਜਿਊਂਦਾ ਹੈ। ਗ਼ਰੀਬੀ ਸੰਘਰਸ਼ ਕਰਨਾ ਸਿਖਾਉਂਦੀ ਹੈ, ਤੇ ਅਮੀਰੀ ਆਕੜ।
ਉਹ ਜ਼ਿਆਦਾ-ਤਰ ਕਮੀਜ਼-ਪਜਾਮੇ ਵਾਲ਼ੇ ਸਾਦੇ ਪਹਿਰਾਵੇ ਵਿੱਚ ਹੀ ਖੁਸ਼ ਰਿਹਾ। ਪਹਿਲੀਆਂ ਵਿਚ ਕਦੇ ਜੁਰਾਬ, ਦਸਤਾਨੇ, ਅਤੇ ਗੁਲੂਬੰਦ ਤੱਕ ਦਾ ਵੀ ਇਸਤੇਮਾਲ ਨਹੀਂ ਕੀਤਾ। ਉਹ ਨੂੰ ਗਰਮੀਆਂ ਵਿਚ ਗਰਮੀਂ, ਤੇ ਸਰਦੀਆਂ ਵਿਚ ਸਰਦੀ ਜ਼ਿਆਦਾ ਨਹੀਂ ਲਗਦੀ ਸੀ। ਇਹੀ ਤਾਸੀਰ ਮਰਹੂਮ “ਬਾਈ ਇਕਬਾਲ” ਦੇ ਸਰੀਰ ਦੀ ਵੀ ਸੀ।
ਅਖੀਰਲੀ ਉਮਰ ਵਿਚ ਉਹਦੇ ਕੰਨ ਸਾਥ ਦੇਣੋ ਹੰਭ ਗਏ, ਅਤੇ ਨਾਲ਼ ਹੀ ਚੂਕਣੇ ਤੋਂ ਲੈ ਕੇ ਅੱਡੀਆਂ ਤੱਕ ਦੋਨੋਂ ਲੱਤਾਂ ਕੁੰਭਕਰਨੀਂ ਨੀਂਦ ਦੀਆਂ ਚੇਲੀਆਂ ਬਣ ਗਈਆਂ। ਉਹ ਤੁਰਨ ਤੋਂ ਆਹਰੀ ਹੋ ਕੇ ਅਖੀਰ ਤੱਕ ਮੰਜੇ ਦਾ ਪੱਕਾ ਬੇਲੀ ਬਣਿਆ ਰਿਹਾ।
ਜਦੋਂ ਪਾਰਸ ਜੀ 2006 ਵਿਚ ਪੱਕੇ ਤੌਰ ‘ਤੇ ਪਿੰਡ ਚਲੇ ਗਏ ਤਾਂ ਹਰ ਰੋਜ਼ ਆਸਿਓਂ-ਪਾਸਿਓਂ, ਤੇ ਦੂਰੋਂ-ਨੇੜਿਓਂ ਮਿਲਣ ਵਾਲ਼ਿਆਂ ਦੀ ਲੜੀ ਨਾ ਟੁਟਦੀ। ਕੋਈ ਗੱਲਾਂ ਕਰਦਾ, ਫੋਟੋ ਲੁਹਾਉਂਦਾ, ਕਵੀਸ਼ਰੀ ਬਾਰੇ ਗ਼ੁਫ਼ਤਗੂ ਕਰਦਾ, ਧਰਮ ਤੇ ਸਿਆਸਤ ਬਾਰੇ ਚਰਚਾ ਹੁੰਦੀ, ਤੇ ਕੋਈ ਜ਼ਿੰਦਗੀ ਦੇ ਤਜਰਬਿਆਂ ਦੀ ਜਾਣਕਾਰੀ ਲੈਂਦਾ।
ਜਦ ਜੁਲਾਈ 2008 ਵਿਚ ਮੈਂ ਅਤੇ ਮੇਰੀ ਪਤਨੀ ਰਾਜਿੰਦਰ ਮਿਲਣ ਇੰਡੀਆ ਗਏ ਤਾਂ ਇੱਕ ਦਿਨ ਤਿਖੜ ਦੁਪਿਹਰੇ ਮਿੰਨੀ ਬਸ ਵਿਹੜੇ ਵਿਚ ਆ ਖੜ੍ਹੀ ਹੋਈ। ਪਤਾ ਲੱਗਿਆ ਕਿ ਇਹ ਗੁਰਦਾਸਪਰ ਕੋਲੋਂ ਕਿਸੇ ਕਾਲਜ ਦੇ ਵਿਦਿਆਰਥੀ ਸਨ। ਮੈਂ ਹੈਰਾਨ ਹੋ ਗਿਆ। ਹੈਂ ਏਨੀ ਦੂਰੋਂ! ਉਹਨਾਂ ਕਵੀਸ਼ਰੀ ਅਤੇ ਲੋਕ ਗਾਥਾਵਾਂ ਬਾਰੇ ਚਰਚਾ ਕੀਤੀ, ਫੋਟੋ ਖਿਚਵਾਏ ਅਤੇ ਚਲੇ ਗਏ। ਉਹ ਜਿੱਥੇ ਵੀ ਬਹਿੰਦਾ ਰੌਣਕਾਂ ਲਾ ਦਿੰਦਾ।
ਮੈਨੂੰ 1979 ਵਿਚ ਇੰਗਲੈਂਡ ਕੁੱਝ ਮਹੀਨੇ ਉਹਦੇ ਨਾਲ਼ ਗਾਉਣ ਦਾ ਇਤਫਾਕ ਹੋਇਆ। ਮੈਂ ਦੇਖਿਆ ਕਿ ਮੇਰਾ ਬਾਪ ਇੱਕ ਨਵੇਕਲ਼ੀ ਜਿਹੀ ਕਿਸਮ ਦਾ ਜਗਿਆਸੂ, ਪਰ ਬਹੁਤ ਹੀ ਸਧਾਰਨ ਇਨਸਾਨ ਹੈ। ਉਹ ਸਮਾਂ ਬਰਬਾਦ ਨਹੀਂ ਕਰਦਾ ਸੀ। ਸੁਭਾ ਤੋਂ ਦਿਨ ਢੱਲ਼ੇ ਤੱਕ ਖ਼ਬਰਾਂ ਸੁਣਦਾ, ਅਖਬਾਰ, ਰਸਾਲੇ, ਤੇ ਕਿਤਾਬਾਂ ਪੜ੍ਹਦਾ ਜਾਂ ਕਵਿਤਾ ਰਚਦਾ। ਦੁਪਿਹਰ ਵੇਲ਼ੇ ਨੀਂਦ ਦਾ ਝੌਂਕਾ ਵੀ ਲਾ ਲੈਂਦਾ। ਸਵੇਰੇ ਉੱਠਣ ਤੋਂ ਸੌਣ ਤੱਕ ਦਾ ਵਕਤ ਪੂਰਾ ਤਰਤੀਬਿਆ ਵਾ ਸੀ।
ਉਹ ਹਰ ਗੱਲ ਨ-ਝਿੱਜਕ ਹੋ ਕੇ ਫਾੜ ਦੇਣੇ ਕਹਿਣ ਦਾ ਆਦੀ ਸੀ। ਇੱਕ ਵਾਰ ਬਹੁਤ ਹੀ ਨੇੜਲੇ ਮਨਚਲੇ-ਰਾਜਸੀ ਬੰਦੇ ਬਾਰੇ ਪਰਿਵਾਰ ਵਿਚ ਬੈਠਾ-ਬੈਠਾ ਕਹਿੰਦਾ ਕਿ ਬਾਹਲ਼ੀ ਦੇਰ ਤੱਕ ਇਹਦਾ ਠੱਕ-ਠਕਾ ਨਹੀਂ ਚਲਣਾ ਕਿਉਂਕਿ ਇਹ ਆਪ ਹੀ ਪ੍ਰਧਾਨ, ਸੈਕਟਰੀ, ਤੇ ਆਪ ਹੀ ਖ਼ਜ਼ਾਨਚੀ ਹੈ। ਅੰਤ ਨੂੰ ਲੋਕ ਮੂੰਹ ਫੇਰ ਲੈਣਗੇ। ਮੰਡੀ ਕਲਾ ਵਾਲ਼ੇ ਆਪਣੇ ਬੜੇ ਪਿਆਰੇ ਸ਼ਗਿਰਦ ਗਿਆਨੀ ਕਰਤਾਰ ਦੇ ਭੋਗ ‘ਤੇ ਸ਼ਰਧਾਂਜਲੀ ਭੇਟ ਕਰਨ ਵੇਲ਼ੇ ਕਹਿੰਦਾ ਕਿ ਮੈਂ ਹੈਰਾਨ ਹਾਂ ਕਿ ਇਹ ਐਨਾ ਚਿਰ ਕਟ ਕਿਵੇਂ ਗਿਆ। ਜੋ ਆਦਮੀਂ ਸਵੇਰੇ ਉਠਣ ਸਾਰ ਪੀਣੀ ਸ਼ੁਰੂ ਕਰ ਦੇਵੇ ਉਹ ਨੂੰ ਤਾਂ ਬਹੁਤ ਚਿਰ ਪਹਿਲਾਂ ਹੀ ਤੁਰ ਜਾਣਾ ਚਾਹੀਦਾ ਸੀ।
ਜਦ ਲੋਕ ਕਹਿੰਦੇ ਕਿ ਵਾਹਿਗੁਰੂ ਚਰਨਾਂ ਵਿਚ ਨਿਵਾਸ ਦੇਈਂ। ਉਹ ਖਿੱਝ ਜਾਂਦਾ ਅਤੇ ਕਹਿੰਦਾ ਉਹ ਤਾਂ ਅਕਾਲ ਮੂਰਤ ਹੈ ਤੇ ਉਹਦੇ ਤਾਂ ਚਰਨ ਹੁੰਦੇ ਹੀ ਨਹੀਂ। ਫਿਰ ਨਿਵਾਸ ਕਿੱਥੇ?
ਭਾਵੇਂ ਕਿ ਸਿਲ਼ੇਹਾਰ ਨੂੰ ਸਿਲ਼ੇਹਾਰ ਨਹੀਂ ਭਾਉਂਦੀ ਪਰ ਪਾਰਸ ਜੀ ਦੀ ਆਪਣੇ ਸਾਰੇ ਸਮਕਾਲੀਆਂ ਨਾਲ਼ ਗੂੜ੍ਹੀ ਮੋਹ ਭਰਪੂਰ ਮਿੱਤਰਤਾ ਸੀ। ਕਵੀਸ਼ਰ ਸ਼ੇਰ ਸਿੰਘ ਤਖਤੂਪੁਰੀਆ, ਮੋਹਨ ਸਿੰਘ ਰੋਡੇ, ਸੋਹਨ ਸਿੰਘ ਸੀਤਲ, ਨਰੈਣ ਸਿੰਘ ਚੰਦਨ, ਅਮਰ ਸਿੰਘ ਸ਼ੌਂਕੀ, ਦੀਦਾਰ ਸਿੰਘ, ਰਾਮ ਸਿੰਘ ਝਾਬੇਵਾਲ਼ੀਆ, ਗਿਆਨੀ ਦਯਾ ਸਿੰਘ ਦਿਲਬਰ, ਪਾਲ ਸਿੰਘ ਪੰਛੀ, ਸੁਦਾਗਰ ਸਿੰਘ ਬੇ-ਪ੍ਰਵਾਹ, ਕਵੀਸ਼ਰ ਬਲਵੰਤ ਸਿੰਘ ਪਮਾਲ ਆਦਿ ਉਹਦੇ ਸਮਕਾਲੀ ਸਨ। ਅਫ਼ਸੋਸ ਹੈ ਕਿ ਕਾਹਲ਼ ਕਾਹਲ਼ ਵਿੱਚ ਅਣ-ਗਿਣਤ ਗ਼ਲਤੀਆਂ ਨਾਲ਼ ਭਰਪੂਰ, 2015 ਵਿਚ ਚੇਤਨਾ ਪ੍ਰਕਾਸ਼ਨ ਵਾਲ਼ਿਆਂ ਦੁਆਰਾ “ਜੱਗ ਜੰਕਸ਼ਨ ਰੇਲਾਂ ਦਾ” ਕਿਤਾਬ ਛਾਪੀ ਗਈ। ਦੁੱਖ ਹੈ ਕਿ 280 ਪੰਨਿਆਂ ਦੀ ਇਸ ਪੁਸਤਕ ਵਿਚ ਲਗਪਗ 63 ਸਫਿਆਂ ਦੀ ਵਾਧੂ ਦੀ ਸੰਦੇਸ਼ੀ ਘੇਰਾਬੰਦੀ ਨੇ ਇਸ ਮਹਾਨ ਸ਼ਾਇਰ ਦੀ ਰਚਨਾ ਨੂੰ ਕਿਸੇ ਕਸਬੇ ਦੇ “ਸਪਲੀਮੈਂਟ” ਹੋਣ ਦੀ ਪੁੱਠ ਚਾੜ੍ਹ ਦਿਤੀ। ਮੈਂ ਅਤੇ ਇਕਬਾਲ ਜੀ ਨੇ ਬਾਪੂ ਜੀ ਦੀ ਸਾਰੀ ਕਵਿਤਾ ਨੂੰ ਬੜੀ ਮਿਹਨਤ ਨਾਲ਼ ਨਵੇਂ ਸਿਰਿਓਂ ਟਾਈਪ ਕਰਕੇ ਘਟੋ-ਘਟ 10-10 ਵਾਰ ਬਹੁਤ ਹੀ ਧਿਆਨ ਨਾਲ਼ ਪੜ੍ਹਕੇ, ਸੋਧ-ਸੁਧਾਈ ਕਰਕੇ ਛਾਪਣ ਲਈ ਤਿਆਰੀ ਕੀਤੀ ਹੋਈ ਸੀ, ਪਰ ਰਾਜਸੀ ਲਾਹਾ ਲੈਣ ਲਈ ਇੱਕ ਸੱਜਣ ਪਹਿਲਾਂ ਹੀ ਛਾਲ਼ ਮਾਰ ਗਿਆ। ਜਿਊਂਦੇ-ਜਿਊਂਦੇ ਬਾਪੂ ਸਾਰੀ ਕਵਿਤਾ ਇੱਕ ਕਿਤਾਬਚੇ ਦੇ ਰੂਪ ਵਿਚ ਛਪੀ ਦੇਖਣੀ ਲੋਚਦਾ ਸੀ। ਮੈਂ ਅਤੇ “ਬਾਈ ਇਕਬਾਲ” ਨੇ ਬੜੀ ਸ਼ਿਦਤ ਨਾਲ਼ ਇਸ ਯੋਜਨਾ ਨੂੰ ਲਗਪਗ ਪੂਰਾ ਕਰ ਹੀ ਲਿਆ ਸੀ, ਪਰ ਕੁਦਰਤ ਕੁੱਝ ਹੋਰ ਤਰ੍ਹਾਂ ਦੀ ਖੇਡ ਖੇਡਗੀ। ਹੁਣ ਜੇ ਕਰ ਸੁਹਿਰਦ ਦੋਸਤਾਂ ਦੀਆਂ ਸ਼ੁੱਭ-ਇੱਛਾਵਾ ਦਾ ਪ੍ਰਕਾਸ਼ ਜਗ-ਮਗਾਉਂਦਾ ਰਿਹਾ ਤਾਂ ਜ਼ਰੂਰ ਬਾਪੂ ਜੀ ਅਤੇ ਇਕਬਾਲ ਦੇ ਸੁਪਨੇ ਨੂੰ ਹਕੀਕਤ ਬਨਾਉਣ ਦੀ ਕੋਸ਼ਿਸ਼ ਜਾਰੀ ਰਹੇਗੀ। ਮਾਲਵੇ ਇਲਾਕੇ ਦੇ ਤਕਰੀਬਨ ਹਰ ਕਸਬੇ ਅਤੇ ਸ਼ਹਿਰ ਦੇ ਬਸ ਅੱਡਿਆਂ ਕੋਲ਼ ਢਾਬਿਆਂ ਜਾਂ ਦੁਕਾਨਾਂ ਵਾਲ਼ਿਆਂ ਨਾਲ਼ ਪਾਰਸ ਜੀ ਨੇ ਮੁਹੱਬਤ ਗੰਢੀ ਵੀ ਸੀ, ਜਿੱਥੋਂ ਉਹਨੂੰ ਵੇਲ਼ੇ-ਕੁਵੇਲ਼ੇ ਠਹਿਰ ਜਾਂ ਸਾਈਕਲ ਵਗੈਰਾ ਲੈ ਜਾਣ ਦੀ ਸਹੂਲਤ ਵੀ ਮਿਲ਼ ਜਾਂਦੀ ਸੀ। ਜਿਵੇਂ ਮੋਗੇ ਭਾਨ ਦਾ ਹੋਟਲ, ਰੋਡਵੇਜ਼ ਦੇ ਅੱਡੇ ਸਾਹਮਣੇ ਚਾਚੇ ਨੱਥੇ ਦੀ ਹਿਜਾਮਤ ਵਾਲ਼ੀ ਦੁਕਾਨ, ਕੋਟਕਪੂਰੇ ਚੰਦ ਦਾ ਢਾਬਾ, ਜੈਤੋ ਤੀਰਥ ਰਾਮ, ਬਰਨਾਲ਼ੇ ਭਾਗ, ਜਗਰਾਵੀਂ ਲੀਲ਼ਾਂ ਵਾਲ਼ੇ ਕਰਤਾਰ ਦੀ ਚਾਹ ਵਾਲ਼ੀ ਦੁਕਾਨ, ਅਹਿਮਦਗੜ੍ਹ ਸਰੈਣਾ, ਸੁਨਾਮ ਬਿਲੂ, ਲੁਧਿਆਣੇ ਖਾਲਸਾ ਰੀਕਾਰਡਿੰਗ ਕੰਪਨੀ, ਤੇ ਬਠਿੰਡੇ ਹਿੰਮਤ ਦੀ ਸਰਾਂ ਆਦਿ ਨਾਮ ਮੇਰੇ ਹਾਲੀਂ ਵੀ ਯਾਦ ਹਨ।
ਜਿੱਥੇ ਵੀ ਕਵੀਸ਼ਰੀ ਕਰਨ ਜਾਂਦਾ ਦੋਸਤੀਆਂ ਪਾ ਲੈਂਦਾ, ਅਤੇ ਬਾਹਲ਼ਿਆਂ ਨਾਲ਼ ਵਕਤ ਦੇ ਬਦਲ ਜਾਣ ‘ਤੇ ਵੀ ਸਾਰੀ ਉਮਰ ਪਿਆਰ ਨਿਭਾ ਗਿਆ। ਉਹਦੇ ਸੈਂਕੜਿਆਂ ਦੀ ਗਿਣਤੀ ਵਿੱਚ ਚੇਲੇ ਬਣੇ, ਪਰ ਮਲਾਗਰ ਸਿੰਘ-ਢਿੱਲੋਂ ਬਸ ਬਰਨਾਲਾ, ਗੁਰਬਚਨ ਤੇ ਗਿਆਨੀ ਕਰਤਾਰ ਮੰਡੀ ਕਲਾਂ ਵਾਲ਼ੇ ਤਿੰਨ ਅਜਿਹੀਆਂ ਸ਼ਖ਼ਸੀਅਤਾਂ ਸਨ ਜੋ ਅੰਤਲੇ ਸਾਹਾਂ ਤੀਕਰ ਧਰਮ ਦੇ ਪੁੱਤਰ ਬਣੇ ਰਹੇ। ਸ਼ਾਇਦ ਬਾਹਲ਼ਿਆਂ ਸੱਜਣਾਂ ਨੂੰ ਪਤਾ ਨਾ ਹੋਏ ਕਿ ਸੰਤ ਹਰਚੰਦ ਸਿੰਘ ਲੌਗੋਵਾਲ਼ ਨੇ ਵੀ “ਪਾਰਸ ਜੀ” ਨੂੰ ਪੱਗ ਦੇ ਕੇ ਉਸਤਾਦ ਧਾਰਿਆ ਸੀ।
ਸਪਸ਼ਟ ਬਹੁਤ ਸੀ, ਤੇ ਫਾੜ ਦੇਣੇ ਝੱਟ ਮੂੰਹ ‘ਤੇ ਸਮਝਾ ਕੇ ਗੱਲ ਕਹਿ ਦਿੰਦਾ। ਉਸਾਰੂ ਟੋਕਾਈ ਕਰਨੀ ਉਹਦਾ ਪਰਮ-ਧਰਮ ਸੀ। ਫਾਲਤੂ ਦੀ ਬਹਿਸ ਵਿੱਚ ਉੱਕਾ ਹੀ ਨਹੀਂ ਪੈਂਦਾ ਸੀ। ਉਹ ਚੁਗਲੀ-ਨਿੰਦਿਆ ਨਹੀਂ ਕਰਦਾ ਸੀ। ਲੜਾਈ ਝਗੜੇ ਤੋਂ ਕੋਹਾਂ ਦੂਰ ਪਰਾਂ ਪਾਸਾ ਵੱਟਦਾ। ਤੂੰ-ਤੂੰ, ਮੈਂ-ਮੈ, ਮਿਹਣੋ-ਮਿਹਣੀ ਕਰਦਿਆਂ ਮੈਂ ਕਦੇ ਉਹ ਨੂੰ ਨਹੀਂ ਦੇਖਿਆ। ਡਰੂ ਜਿਹਾ ਸੁਭਾਅ। ਗ਼ਲਤੀ ਫੌਰਨ ਮੰਨ ਲੈਂਦਾ। ਮੁਆਫੀ ਮੰਗਣ ਅਤੇ ਮੁਆਫ ਕਰਨ ਵਿਚ ਫੋਰਾ ਨਾ ਲਾਉਂਦਾ।
ਕੇਰਾਂ 2008 ਦੀਆਂ ਗਰਮੀਆਂ ਵਿਚ ਰਾਮੂੰਵਾਲੇ ਆਥਣੇ ਜਿਹੇ ਅਸੀਂ ਦੋਵੇਂ ਪਿਉ-ਪੁੱਤ ਪੀਣ ਹੀ ਲਗੇ ਸੀ ਕਿ ਇੱਕ ਅਖੌਤੀ ਲੋਕ ਹਿਤੈਸ਼ੀਆ ਲਾਮ-ਲਸ਼ਕਰ ਲੈ ਕੇ ਆ ਬਹੁੜਿਆ। “ਮੁੰਡਿਓ ਲਿਆਓ ਅੰਦਰੋਂ ਕੱਢਕੇ,” ਉਸ ਬੰਦੇ ਨੇ ਤਾਕਤੀ ਲਹਿਜੇ ਵਿਚ ਫਰਮਾਨ ਜਾਰੀ ਕੀਤਾ। ਗਲਾਸਾਂ ਵਿਚ ਪੰਜ ਰਤਨੀਂ ਨੇ ਘੇਰੇ ਪਾ ਕੇ ਉਂਗੜਾਈਆਂ ਲਈਆਂ। ਜਾਮ ਮੂੰਹ ਨੂੰ ਛੋਹ ਕੇ ਉਹ ਆਦਮੀਂ ਫੋਨ ‘ਤੇ ਗੱਲ ਕਰਦਾ ਕਰਦਾ ਬਾਹਰ ਖੁੱਲ੍ਹੇ ਵਿਹੜੇ ਵੱਲੀ ਹੋ ਤੁਰਿਆ। ਬਾਪੂ ਜੀ ਨੇ ਮੌਕਾ ਤਾੜਦਿਆਂ ਮੈਨੂੰ ਉਹਦੇ ਕਮਰੇ ਵਿਚ ਪਲ਼ੰਘ ਥੱਲੇ ਪਈ ਬੋਤਲ ਲਿਆਉਣ ਲਈ ਇਸ਼ਾਰਾ ਕੀਤਾ। ਮੈਂ ਬੋਤਲ ਲੈ ਆਇਆ। “ਇਹ ਆਪਣੇ ਦੋਹਾਂ ਗਲਾਸਾਂ ਆਲ਼ੀ ਬੋਚਕੇ ਛੇਤੀ ਦੇਣੇ ਗੁਸਲਖਾਨੇ ਵਿਚ ਡੋਲ ਆ, ਤੇ ਫਟਾ-ਫਟ ਐਸ ਬੋਤਲ ਵਿਚੋਂ ਓਨੀਂ ਓਨੀਂ ਪਾ ਕੇ ਬੋਤਲ ਰਸੋਈ ‘ਚ ਰਖ ਆ,” ਬਾਪੂ ਜੀ ਨੇ ਮੈਨੂੰ ਤਾਕੀਦ ਕੀਤੀ। ਪੈਰਾਂ ਨੂੰ ਅੱਚਵੀ ਲਗੀ ਹੋਣ ਕਰਕੇ ਉਹ ਰਾਜਸੀ ਨਖਿੱਧ-ਛੱਲ਼ੀਆ, ਸਿਆਸਤਦਾਨਾਂ ਵਾਲ਼ੀ ਘਸੀ-ਪਿੱਟੀ ਕਾਹਲ਼ੀ ਦਾ ਬਹਾਨਾ ਲਾ ਕੇ ਮੋਗੇ ਦੇ ਰਾਹ ਪੈ ਗਿਆ। ਮੈਂ ਪਾਰਸ ਜੀ ਤੋਂ ਪਾਈ ਗਈ “ਬੋਤਲੀ ਬੁਝਾਰਤ” ਦਾ ਰਾਜ਼ ਪੁਛਿਆ। “ਯਾਰ ਕੀ ਦਸਾਂ, ਦਰਅਸਲ ਵਿਚ ਇਹ ਘਤਿੱਤੀ ਏਥੇ ਮੁਫਤ ਦੇ ਕਈ ਡੱਬੇ ਮੇਰੇ ਪੀਣ ਨੂੰ ਦੇ ਜਾਂਦਾ ਹੈ, ਤੇ ਆਹ ਜਿਹੜੀ ਸ਼ਾਹੀ ਹੁਕਮ ਨਾਲ਼ ਉਸ ਬੰਦੇ ਨੇ ਅੰਦਰੋਂ ਮਗਾਈ ਸੀ ਮੈਂ ਕਦੇ ਇਹਦੇ ਵਿਚੋਂ ਪੀਂਦਾ ਹੀ ਨਹੀਂ, ਕਿਉਂਕਿ ਮੁਫ਼ਤ ਦੀ ਮੈਨੂੰ ਚੜ੍ਹਦੀ ਹੀ ਨਹੀਂ। ਮੈਂ ਆਪਦੇ ਪੈਸਿਆਂ ਦੀ ਵੱਖ ਲਿਆ ਕੇ ਰਖੀ ਹੈ ਤੇ ਇਹਦੇ ਵਿਚੋਂ ਹੀ ਪੀਂਦਾ ਹਾਂ, ਆਹ ਮੁਫਤ ਵਾਲ਼ੀ ਆਏ ਗਏ ਨੂੰ ਛਕਾ ਦੇਈ ਦੀ ਐ,” ਬਾਪੂ ਜੀ ਨੇ ਸਿਰ ਜਿਹਾ ਮਾਰ ਕੇ ਅਜੀਬ ਜਿਹੀ ਕਥਾ ਸੁਣਾਈ।
ਉਹਨੇ ਭਗਵਤ ਗੀਤਾ ਸਮੇਤ ਹਿੰਦੂ ਮਤ ਦੇ ਹੋਰ ਬਹੁਤ ਸਾਰੇ ਗ੍ਰੰਥ, ਕੁਰਨ ਸ਼ਰੀਫ਼, ਬਾਈਬਲ, ਬੁੱਧ ਧਰਮ ਦੀਆਂ ਕਿਤਾਬਾਂ ਤੇ ਗੁਰੂ ਗ੍ਰੰਥ ਸਾਹਿਬ ਆਦਿ ਦਾ ਡੂੰਘਾ ਘੋਖ ਕੇ ਅਧਿਐਨ ਕੀਤਾ। ਉਹ ਜੋ ਵੀ ਪੜ੍ਹਦਾ ਉਸ ਲਿਖਤ ਵਿਚੋਂ ਚੰਗੀ ਗੱਲ ਵਾਲ਼ੀ ਲਾਈਨ ਥੱਲੇ ਲਾਲ ਪਿੰਨ ਨਾਲ਼ ਲਕੀਰ ਲਾ ਲੈਂਦਾ।
ਘੌਲ਼ੀ ਅਤੇ ਆਲਸੀ ਉਹ ਮੁੱਢ ਤੋ ਹੀ ਨਹੀਂ ਸੀ। ਪਿੰਡ ਮਹਿਰਾਜ ਤੋਂ 7-8 ਕੋਹੁ ਦੂਰ ਗੁੰਮਟੀ ਪਾਰਸ ਜੀ ਦੀਆਂ ਦੋ ਭੂਆ ਇੱਕੋ ਘਰ ਵਿਚ ਵਿਆਹੀਆਂ ਸਨ। ਰਾਮੂੰਵਾਲਿਓਂ ਅਨੇਕਾਂ ਵਾਰ ਉਹਨੇ ਇਹਨਾਂ ਦੋਹਾਂ ਪਿੰਡਾਂ ਦਾ ਤਕਰੀਬਨ 30-35 ਕੋਹੁ ਦਾ ਪੈਂਡਾ ਤੁਰਕੇ ਗਾਹਿਆ, ਤੇ ਰਾਹ ਵਿੱਚ ਪੈਂਦੇ ਸਲਵਾੜਾਂ, ਦਰੱਖ਼ਤਾਂ, ਛੋਟੇ ਛੋਟੇ ਟਿੱਬਿਆਂ, ਡੰਡੀਆਂ ਅਤੇ ਨਲ਼ਕਿਆਂ ਨਾਲ਼ ਮੁਸਾਫ਼ਰੀ ਯਾਰਾਨਾ ਗੰਢਿਆ ਹੋਇਆ ਸੀ। ਅਕਸਰ ਜਦ ਵੀ ਉਹ ਰਾਤੀਂ 9-10 ਵਜੇ ਬਾਹਰੋਂ ਘਰ ਆਉਂਦਾ ਤਾਂ ਤੜਕਿਓਂ ਫਿਰ ਚਾਰ ਵਜੇ ਉਠ ਕੇ ਸਾਈਕਲ ਨੂੰ ਮੋਗੇ ਦੇ ਰਾਹ ਪਾ ਲੈਂਦਾ। ਸਾਈਕਲ ਦੀ ਚੈਨ ਤੇ ਟਾਇਰਾਂ ਦੀ ਹਵਾ ਉਹ ਰਾਤ ਨੂੰ ਹੀ ਚੈਕ ਕਰ ਲੈਂਦਾ। ਉਹਦੇ ਕੋਲ਼ ਹਮੇਸ਼ਾ ਫਿੱਕੇ ਜਿਹੇ ਭੂਰੇ ਰੰਗ ਦਾ ਬੈਗ਼ ਹੁੰਦਾ। ਜਿਸ ਦੇ ਤਿੰਨ ਕੁ ਬਿਰਧ ਤੇ ਝੁਰੜੀਆਂ ਪਏ ਚਿੱਬੇ ਖਾਨਿਆਂ ਵਿਚ ਉਹ ਘਸੀ ਜਿਹੀ ਜਿਲਦ ਵਾਲ਼ਾ ਰੇਲਵੇ ਟਾਈਮ ਟੇਬਲ, ਬੈਟਰੀ, ਸੀਖਾਂ ਦੀ ਡੱਬੀ, ਟਿਊਬ ਨੂੰ ਪੰਕਚਰ (ਪੈਂਚਰ) ਲਾਉਣ ਵਾਲ਼ਾ ਸਮਾਨ, ਹੱਥ ਕੁ ਲੰਬਾ ਹਵਾ ਭਰਨ ਵਾਲ਼ਾ ਪੰਪ, ਇੱਕ ਦੁਪੱਟਾ, ਵਾਧੂ ਝੱਗਾ-ਪਜਾਮਾ, ਅਤੇ ਨਟ ਬੋਲਟ ਕਸਣ ਲਈ ਕਈ ਗਲ਼ੀਆ ਵਾਲ਼ਾ ਸਿਲਵਰ ਰੰਗੀਆ ਰੈਂਚ ਰਖਦਾ।
ਪਹਿਲੀ ਵਾਰ 1976 ਵਿਚ ਜਦ ਉਹ ਕੈਨੇਡਾ ਆਇਆ ਤਾਂ ਉਹਦਾ ਸਾਡੇ ਕੋਲ਼ ਦਿਲ ਨਾ ਲੱਗਿਆ। ਏਥੇ ਉਹਨੇ ਆਪਣੇ ਆਪ ਨੂੰ ਸੋਨੇ ਦੇ ਪਿੰਜਰੇ ਵਿਚ ਪਿਆ ਇੱਕ ਬੇ-ਵਸ ਪੰਛੀ ਦੱਸਿਆ ਅਤੇ ਉਹ ਛੇਤੀ ਹੀ ਭਾਰਤ ਪਰਤ ਗਿਆ।
ਗਾਹੇ-ਬੇਗਾਹੇ ਉਹ ਨੂੰ ਪਿੰਡ ਦੇ ਲੋੜਵੰਦਾਂ ਦੀ ਮਦਦ ਕਰਨ ਦੀ ਧੁੰਨ ਲਗੀ ਰਹਿੰਦੀ। ਕਿਸੇ ਨੂੰ ਤੂੜੀ ਦੀਆਂ ਪੰਡਾਂ ਚੁਕਾ ਦੇਣੀਆਂ, ਕਿਸੇ ਨੂੰ ਦਾਣਿਆਂ ਦੀਆਂ ਬੋਰੀਆਂ ਦੇ ਦੇਂਦਾ, ਕੜਬ ਕੁਤਰਣ ਲਈ ਮੱਕੀ ਦੀਆਂ ਪੂਲ਼ੀਆਂ ਚੁਕਾ ਦਿੰਦਾ, ਬਾਲਣ ਲਈ ਕਪਾਹ ਦੀਆਂ ਛਿੱਟੀਆਂ ਦੇ ਦਿੰਦਾ, ਤੇ ਪੱਠਿਆਂ ਲਈ ਕਿਸੇ ਨੂੰ ਚਰੀ- ਬਰਸੀਮ-ਸੇਂਜੀ ਵੱਢਾਅ ਦੇਣੇ ਉਹਦੇ “ਕਿਰਸਾਨੀ ਦਲੇਰੀ” ਵਾਲ਼ੇ ਸੁਭਾਅ ਦੀ ਖਾਸੀਅਤ ਸੀ। ਉਹਦੇ ਬਟੂਏ ਵਿਚ ਪਏ ਪੈਸੇ ਓਦੋਂ ਤੱਕ ਬਾਹਰ ਆਉਣ ਲਈ ਹਮੇਸ਼ਾ “ਸ਼ੁਗਲੀ ਟਪੂਸੀਆਂ” ਮਾਰਦੇ ਹੀ ਰਹਿੰਦੇ ਜਿੰਨੀਂ ਦੇਰ ਤੱਕ ਉਹ ਲੋਕਾਂ ‘ਤੇ ਖ਼ਰਚ ਨਾ ਕਰ ਲੈਂਦਾ। ਇਹ ਸਾਰਾ ਕੁੱਝ ਉਹਦੀ ਖੁਲਦਿਲੀ, ਤੇ ਰੰਗੀਨੀ ਤਬੀਅਤ ਦਾ ਝਲਕਾਰਿਆਂ ਭਰਿਆ ਦਰਵੇਸ਼ੀ ਪਹਿਲੂ ਸੀ।
ਛੋਟੇ ਹੁੰਦਿਆਂ ਬਾਪੂ ਸਾਨੂੰ ਘੂਰਦਾ ਥੋੜ੍ਹਾ ਤੇ ਲਾਡ ਨਾਲ਼ ਸਮਝਾਉਂਦਾ ਜ਼ਿਆਦਾ ਸੀ। ਇਸ ਤਰ੍ਹਾਂ ਉਹ ਹਮੇਸ਼ਾ ਪਿਓ ਘਟ ਤੇ ਦੋਸਤ ਬਾਹਲ਼ਾ ਬਣਿਆ ਰਿਹਾ। ਘਰ ਆਏ ਮਹਿਮਾਨਾਂ ਦੀ ਸੇਵਾ ਕਰਨ ਦਾ ਸਲੀਕਾ ਸਮਝਾਉਂਦਾ। ਹੱਥ ਧੁਆਉਣ ਲਈ ਸਾਡੇ ਵਿਚੋਂ ਇੱਕ ਕੋਲ਼ ਪਾਣੀ ਦੀ ਗੜਵੀ, ਦੂਜੇ ਹੱਥ ਸਾਬਣ, ਤੇ ਮੋਢੇ ‘ਤੇ ਖਦਰ ਦਾ ਤੌਲੀਆ ਫੜਾ ਦਿੰਦਾ। ਸਾਨੂੰ ਲਫਜ਼ਾਂ ਦਾ ਸਹੀ ਤਲੱਫ਼ਜ਼/ਉਚਾਰਣ ਸਮਝਾਉਂਦਾ। ਜਦ ਅਸੀਂ ਬਾਹਰ ਗਾਉਣ ਜਾਣਾ ਤਾਂ ਨਸੀਅਤ ਦਿਤੀ ਕਿ ਕਦੇ ਕਿਸੇ ਦੇ ਘਰ ਜਾ ਕੇ ਕੋਈ ਸਪੈਸ਼ਲ ਮੰਗ ਨਹੀਂ ਕਰਨੀ। ਤਿੰਨਾਂ ਨੇ ਸੌਣ ਲਈ ਦੋ ਮੰਜੇ ਹੀ ਲੈਣੇ। ਜੇ ਸਿਰਾਣਾ-ਦਰੀ ਮਿਲ਼ ਗਏ ਤਾਂ ਠੀਕ ਨਹੀਂ ਤਾਂ ਮੰਗਣੇ ਨਹੀਂ, ਕਿਉਂਕਿ ਕਈ ਵਾਰ ਘਰਾਂ ਵਿਚ ਅਜਿਹੀਆਂ ਚੀਜ਼ਾਂ ਦੀ ਕਮੀ ਹੁੰਦੀ ਹੈ। ਵਾਹ ਲਗਦੀ ਸਾਬਣ ਦੀ ਟਿਕੀ ਆਪਣੇ ਨਾਲ਼ ਰੱਖਣੀ ਦੀ ਹਦਾਇਤ ਕਰਦਾ।
ਦੂਰ-ਅੰਦੇਸ਼ਕ ਉਹ ਸਿਰੇ ਦਾ ਸੀ। 2008 ਦੀਆਂ ਗਰਮੀਆਂ ਵਿਚ ਮੈਂ ਪਿੰਡ ਗਿਆ। ਵੀਲ ਚੇਅਰ ‘ਤੇ ਬੈਠੇ ਨੇ ਉਦਾਸ ਜਿਹੇ ਹੋ ਕੇ ਉਭੜਵਾਹੇ ਕਿਹਾ, “ਯਾਰ ਮੈਨੂੰ ਲੱਗਦੈ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਚਾਰੇ ਲੜੋਂ ਗੇ ਬਹੁਤ, ਕੇਰਾਂ ਲੋਕ ਕੌਰਵ-ਪਾਂਡਵਾਂ ਨੂੰ ਭੁੱਲ ਜਾਣਗੇ।” ਮੈਂ ਕਿਹਾ ਕਿ ਤੁਸੀਂ ਵਸੀਅਤ ਵਿਚ ਸਾਰੀ ਬਰਾਬਰ ਦੀ ਵੰਡ-ਵਡਾਈ ਤਾਂ ਕਰਾਤੀ ਹੈ, ਫਿਰ ਝਗੜਾ ਕਾਹਦਾ! ਉਹਨੇ ਕਿਹਾ ਕਿ ਕਾਰਨ ਮਲੋਮਲੀ ਬਣ ਜਾਂਦੇ ਹਨ, ਕੋਈ ਮੰਗਣ ਨਹੀਂ ਜਾਂਦਾ। ਮੈਂ ਚਾਹੁੰਦਾ ਹਾਂ ਕਿ ਹਰ ਹਫਤੇ ਬੈਠ ਕੇ ਪੈਗ-ਸ਼ਿਗ ਲਾ ਲਿਆ ਕਰਿਓ, ਤੇ ਇਹ ਵੀ ਥੋਡੇ ਕੋਲ਼ੋਂ ਹੋਣਾ ਨਹੀਂ। ਇਹ ਸੀ ਉਹਦੀ ਸੱਚੀ-ਖਰੀ ਭਵਿੱਸ਼ਬਾਣੀ।
ਬਾਪੂ ਪਾਰਸ ਕਈ ਕਲਾਵਾਂ ਵਿਚ ਗੜੁੱਚ ਕਲਮ ਦਾ ਧਨੀ ਸ਼ਾਹ-ਸ਼ਇਰ ਸੀ। ਕਮਾਲ ਅਤੇ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਆਪਣੇ ਕਵੀਸ਼ਰੀ ਜੱਥੇ ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਨਾਲ਼ ਹੇਕਾਂ ਰਲ਼ਾਉਦਾ, ਪ੍ਰਸੰਗਾਂ ਦੀ ਵਿਆਖਿਆ ਕਰਦਾ, ਅਤੇ ਖੁਦ ਕਵੀਸ਼ਰੀ ਦੀ ਰਚਨਾ ਵੀ ਰਚਦਾ। ਇਹ ਉਸਦੇ ਬਹੁ-ਪੱਖੀ ਕਲਾਕਾਰੀ ਗੁਣਾਂ ਦੀ ਵਿਲੱਖਣਤਾ ਦਾ ਅਜੂਬਾ ਹੈ। ਉਹਨੇ ਧਾਰਮਿਕ, ਲੋਕ ਗਾਥਾਵਾਂ, ਸਿੱਖ ਯੋਧਿਆਂ ਅਤੇ ਬਹੁਤ ਸਾਰੀਆਂ ਫੁਟਕਲ ਕਵਿਤਾਵਾਂ ਸਮੇਤ ਕੁੱਲ 45 ਪ੍ਰਸੰਗਾਂ ਦੀ ਰਚਨਾ ਕੀਤੀ।
ਉਹ ਲੋਕਾਂ ਦਾ ਅਤਿਅੰਤ ਪਿਆਰਾ ਕਵੀ, ਤੇ ਧਰੂ-ਤਾਰੀ ਉੱਚਿਆਈ ਵਾਲ਼ਾ “ਲਾਡਲਾ ਕਵੀਸ਼ਰ” ਸੀ। ਉਹਦੇ ਛੰਦਾਂ ਦੇ ਬਹੁਤ ਸਾਰੇ ਬੰਦ ਲਕੋਕਤੀਆਂ ਬਣ ਕੇ ਲੋਕਾਂ ਦੇ ਮੂਹਾਂ ‘ਤੇ ਚੜ੍ਹਗੇ, ਜਿਵੇਂ “ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇਕ ਜਾਵੇ”, “ਹੈ ਆਉਣ ਜਾਣ ਬਣਿਆਂ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ”, ” ਆਪਣਾ ਖੂਨ ਪਰਾਇਆ ਹੁੰਦਾ ਜਦ ਆਉਂਦੇ ਦਿਨ ਮਾੜੇ” ਵਰਗੇ ਆਦਿ ਹੋਰ ਸੈਂਕੜੇ ਬੋਲ।
ਪਾਰਸ ਜੀ ਨੇ ਸਾਹਿਤ ਦੇ ਕਵੀਸ਼ਰੀ ਰੂਪ ਨੂੰ ਵੱਖਰੀ ਕਿਸਮ ਦਾ ਪਹਿਰਾਵਾ ਪਹਿਨਾਇਆ। ਉਹਦੀ ਰਚੀ ਕਵੀਸ਼ਰੀ ਵਿੱਚ ਹਰ ਕਿਸਮ ਦਾ ਅਦਬੀ ਰਸ, ਰਵਾਨਗੀ, ਇੱਕਸਾਰਤਾ, ਉਤਸੁਕਤਾ, ਦਿਲਚਸਪੀ, ਪੈਂਡੂ ਮਾਹੌਲ ਨੂੰ ਚਿਤਰਣ ਦੀ ਕਲਾ, ਸੱਥਾਂ, ਪਰ੍ਹਿਆਂ, ਹੱਟੀਆਂ, ਭੱਠੀਆਂ, ਖੇਤਾਂ, ਵਾੜੇ, ਵਾਹਣਾਂ ਅਤੇ ਫ਼ਸਲਾਂ ਨੂੰ ਰੂਪਮਾਨ ਕਰਦੇ ਕਾਵਿਕ ਅੰਸ਼ਾਂ ਦੀ ਵੱਖਰੀ ਕਿਸਮ ਦੀ ਮਹਿਕਾਂ ਮਾਰਦੀ ਭਰਮਾਰ ਹੈ। ਪਾਰਸ ਨੇ ਆਪਣੀ ਕਾਵਿ-ਕਿਰਤ ਵਿੱਚ ਸਾਹਿਤਕ ਰੰਗਾਂ ਨੂੰ ਅਜਿਹੇ ਨਿਵੇਕਲ਼ੇ ਢੰਗ ਦੇ ਅਲੰਕਾਰਾਂ ਅਤੇ ਤਸ਼ਵੀਹਾਂ ਨਾਲ਼ ਸ਼ੰਗਾਰ ਕੇ ਪਾਠਕਾਂ ਅਤੇ ਸਰੋਤਿਆਂ ਦੇ ਅੱਗੇ ਪਰੋਸਿਆ ਹੈ ਕਿ ਉਹ ਉਹਨਾਂ ਦੇ ਮਨਾਂ ਨੂੰ ਹਲੂਣਾ ਦੇਣ ਦਾ ਸ੍ਰੋਤ ਤੇ ਵਰਦਾਨ ਬਣ ਗਏ। ਉਹਦੀ ਕਵਿਤਾ ਦੇ ਕਲਾਤਮਿਕ-ਕੜਾਹੇ ਵਿੱਚੋਂ ਇੱਕ ਦੋ ਤਸ਼ਵੀਹੀ ਚੌਲ਼ ਨਮੂੰਨੇ ਦੇ ਤੌਰ ‘ਤੇ ਪੇਸ਼ ਹਨ: ਜਦੋ ਸ਼ੀਰੀ ਦੀ ਭੈਣ ਮਲਕਾ ਉਸਦੇ ਪ੍ਰੇਮੀ ਫ਼ਰਿਯਾਦ ਨੂੰ ਸ਼ੀਰੀ ਨਾਲ਼ ਵਿਆਹ ਕਰਵਾਉਣ ਲਈ ਉਸ ਅੱਗੇ ਇੱਕ ਸਖ਼ਤ ਸ਼ਰਤ ਰਖਦੀ ਹੈ ਤੇ ਕਹਿੰਦੀ ਹੈ :- ” ਧਰਤੀ ਦੀ ਧੁੰਨੀਂ ‘ਚੋਂ ਪਾਣੀ ਲਿਆ ਹਲਟ ਦੀਏ ਟਿੰਡੇ,
ਉਸ ਸਜਰੇ ਜਲ ਦੇ ਵਿੱਚ ਤੇਰੀ ਸ਼ੀਰੀ ਨ੍ਹਾਊ ਪਿੰਡੇ
ਜੇ ਗੁੜ ਬਣ ਕੋਠੀ ਵਿੱਚ ਪੈਣਾ ਪੀੜਿਆ ਜਾ ਕਮਾਦਾ,
ਤੋੜ ਪਹਾੜੀ ਸ਼ੀਰੀ ਖਾਤਰ ਨਹਿਰ ਲਿਆ ਫ਼ਰਿਯਾਦਾ ”
ਇੱਕ ਹੋਰ ਵੰਨਗੀ:- ਦਹੂਦ ਬਾਦਸ਼ਾਹ ਦੇ ਕਿੱਸੇ ਵਿੱਚ ਬਾਗ਼ ਦੀ ਮਾਲਣ, ਵਿਹਾਂਦੜ-ਬੇਗ਼ਮ ਨੂੰ ਬਾਗ਼ ‘ਚ ਆਏ ਮਰਦਾਂ ਬਾਰੇ ਦਸਦੀ ਹੈ:-
” ਦੇਖ ਕੇ ਤੇ ਰਾਹੀ ਨਕਸ਼ੋ-ਨਗਾਰ ਨੂੰ ਰਸਤੇ ਨੂੰ ਭੁੱਲਗੇ,
ਉਹਦੇ ਉੱਤੇ ਸਾਰੇ ਅਪਣੇ ਚਮਨ ਦੇ ਜਾਨਵਰ ਡੁਲਗੇ
ਹੂਰਾਂ ਸੱਦ ਰਹੀਆਂ ਸੱਤਵੇਂ ਆਕਾਸ਼ ‘ਚੋਂ ਸਿਟ ਕੇ ਕਮੰਦ ਨੀ,
ਬਾਗ਼ ਵਿੱਚ ਆਏ ਦੋ ਮਰਦ ਕੱਲ ਦੇ ਸੂਰਜ ਤੇ ਚੰਦ ਨੀ ।
ਜਦ ਉਹ ਚਲ ਰਹੇ ਪ੍ਰਸੰਗਾਂ ਦੀ ਵਿਆਖਿਆ ਕਰਦਾ ਤਾਂ ਪੂਰਨ-ਲੂਣਾ, ਕੌਲਾਂ-ਬੀਜਾ ਬਾਣੀਆ, ਅਤੇ ਦਹੂਦ-ਬੇਗ਼ਮ ਨੂੰ ਮੂਹਰੇ ਲਿਆਕੇ ਖੜ੍ਹੇ ਕਰ ਦਿੰਦਾ, ਤੇ ਸੁਣਨ ਵਾਲ਼ਿਆਂ ਦੇ ਮਨ ਦੇ ਸਰੋਵਰ ਵਿਚ ਜਾ ਛਾਲ਼ ਮਾਰਦਾ। ਉਹ ਨੂੰ ਲਫ਼ਜ਼ਾਂ ਦੇ ਕੁੰਡੇ ਮੇਲਣੇ ਆਉਂਦੇ ਸੀ।
ਉਹ ਸ਼ਬਦਾਂ ਦਾ ਕੋਈ ਜਾਦੂਗਰ ਨਹੀਂ ਸੀ, ਸਗੋਂ ਤਖੀਅਲ, ਲਫ਼ਜ਼ਾਂ ਅਤੇ ਕਾਵਿ-ਉਡਾਰੀਆਂ ਨੂੰ ਕਾਬੂ ਕਰਕੇ ਕਲਮ ਦੀ ਸਾਣ ‘ਤੇ ਚਾੜ੍ਹ ਕੇ ਤਰਾਸ਼ਣ ਵਾਲ਼ਾ ਹੁਨਰੀ ਬੁਤਘਾੜਾ ਸੀ। ਕੂੰਜਾਂ ਤਾਂ ਭਾਵੇਂ ਆਪਣੇ ਮਿੱਥੇ ਸਮੇਂ ‘ਤੇ ਪਹਾੜਾਂ ‘ਤੋਂ ਉਤਰ ਕੇ ਮੈਦਾਨਾਂ ਵੱਲ ਉਡਾਰੀ ਭਰਦੀਆਂ ਹਨ, ਅਤੇ ਫਿਰ ਰੈਣ-ਵਸੇਰਾ ਕਟਕੇ ਵਾਪਿਸ ਪਰਤ ਜਾਂਦੀਆਂ ਹਨ, ਪਰ ਪਾਰਸ ਜੀ ਦੇ ਮਨ ਵਿੱਚ ਤਾਂ ਖਿਆਲਾਂ ਦਾ ਅਜਿਹਾ ਪੜ ਪਾਟਿਆ ਵਿਆ ਸੀ ਕਿ ਇੱਕ ਵਾਰ ਜੋ ਪਕੜ ਵਿਚ ਆ ਜਾਂਦਾ ਉਹ ਉਹਦਾ ਸਹੀ ਇਸਤੇਮਾਲ ਕਰਕੇ ਉਹਦੀ “ਸ਼ਬਦੀ ਪੂਣੀ ਬਣਾ” ਲੈਂਦਾ ਤੇ ਕਵਿਤਾ ਦੇ ਚਰਖੇ ਉੱਤੇ ਕੱਤ ਕੇ ਸ਼ਾਇਰਾਨਾ ਤੰਦ ਬਣਾ ਦਿੰਦਾ।
ਜਦੋਂ ਕੋਈ ਬੰਦਾ ਝੂਠੀ ਵਡਿਆਈ, ਲੋੜੋਂ ਵੱਧ ਖੁਸ਼ਾਮਦੀ, ਅਤੇ ਚਾਪਲ਼ੂਸੀ ਦੇ ਰੇਹੜੇ ਨੂੰ ਧੱਕਾ ਮਾਰਦਾ ਤਾਂ ਬਾਪੂ ਦਾ ਮਨ ਖਿੱਝ ਕੇ ਕੁਰਲਾ ਉਠਦਾ। ਉਹਨੇ ਆਪਣੇ ਪਿੰਡ ਵਿੱਚ ਲੋਕਾਂ ਦੀ ਸਹੂਲਤ ਲਈ ਕਾਫੀ ਸਾਰਾ ਪੈਸਾ ਖਰਚ ਕਰਕੇ ਕਈ ਸਮਾਜਿਕ ਕਾਰਜਾਂ ਨੂੰ ਨੇਪਰੇ ਚਾੜ੍ਹਿਆ। ਸੱਚੀ-ਮੁਚੀਂ ਐਹੋ ਜਿਹਾ ਹੀ ਸੀ ਸਾਡਾ ਬਾਪੂ ਪਾਰਸ!

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …