Breaking News
Home / ਮੁੱਖ ਲੇਖ / ਪੰਜਾਬ ਦੀ ਨੌਜਵਾਨੀ ਦੀ ਅੰਤਹੀਣ ਹਿਜਰਤ

ਪੰਜਾਬ ਦੀ ਨੌਜਵਾਨੀ ਦੀ ਅੰਤਹੀਣ ਹਿਜਰਤ

ਗੁਰਬਚਨ ਜਗਤ
ਸਾਂਝੇ ਪੰਜਾਬ ਵਿਚੋਂ ਪਹਿਲੀ ਵਾਰ ਵਿਆਪਕ ਪੱਧਰ ‘ਤੇ ਹਿਜਰਤ 1947-48 ਵਿਚ ਹੋਈ ਜਦੋਂ ਵੰਡ ਦੀ ਲਕੀਰ ਨੇ ਸਿਰਫ਼ ਪੰਜਾਬ ਨੂੰ ਹੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਨਹੀਂ ਵੰਡਿਆ ਸਗੋਂ ਦੇਸ਼ ਨੂੰ ਵੀ ਦੋ ਮੁਲਕਾਂ – ਪਾਕਿਸਤਾਨ ਅਤੇ ਭਾਰਤ ਵਿਚ ਵੰਡ ਦਿੱਤਾ। ਇਸ ਵੰਡ ਕਾਰਨ ਲਕੀਰ ਦੇ ਦੋਵੇਂ ਪਾਸਿਉਂ ਲੱਖਾਂ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਹਿਜਰਤ ਲਈ ਮਜਬੂਰ ਹੋਣਾ ਪਿਆ। ਇਸ ਵੰਡ ਦਾ ਮੁੱਖ ਕਾਰਨ ਧਾਰਮਿਕ ਵੰਡੀਆਂ ਸਨ। ਫ਼ਲਸਰੂਪ, ਵੰਡ ਦੇ ਇਸ ਕਹਿਰ ਦੌਰਾਨ ਹਜ਼ਾਰਾਂ ਉੱਜੜੇ ਲੋਕਾਂ ਦੇ ਕਤਲ, ਉਧਾਲੇ ਅਤੇ ਬਲਾਤਕਾਰ ਹੋਏ। ਨਕਸ਼ੇ ਉੱਤੇ ਖਿੱਚੀ ਗਈ ਲਾਲ ਲਕੀਰ ਲੱਖਾਂ ਲੋਕਾਂ ਦੇ ਗਲੇ ਦੀ ਫਾਹੀ ਬਣ ਗਈ।
ਪੰਜਾਬ ਵੰਡਿਆ ਗਿਆ, ਉੱਜੜ ਗਿਆ ਤੇ ਲੋਕ ਬੇਘਰ ਹੋ ਗਏ। ਲੋਕਾਂ ਨੇ ਕੈਂਪਾਂ ਵਿਚ, ਰਿਸ਼ਤੇਦਾਰਾਂ ਕੋਲ ਅਤੇ ਖੁੱਲ੍ਹੇ ਆਸਮਾਨ ਹੇਠ, ਜਿੱਥੇ ਕਿਤੇ ਵੀ ਪਨਾਹ ਮਿਲੀ, ਲੈ ਲਈ। ਆਪਣੇ ਘਰਾਂ ਤੋਂ ਲੈ ਕੇ ਪਰਿਵਾਰਾਂ ਤਕ ਸਭ ਕੁਝ ਗੁਆ ਚੁੱਕੇ ਲੋਕ ਸਦਮੇ ਵਿਚ ਸਨ ਅਤੇ ਇਸ ਬਿਪਤਾ ਨੇ ਉਨ੍ਹਾਂ ਦੇ ਦੁੱਖ ਨੂੰ ਹੋਰ ਵੀ ਵਧਾ ਦਿੱਤਾ। ਵੇਲੇ ਦੀ ਸਰਕਾਰ ਨੇ ਮੌਕਾ ਸੰਭਾਲਿਆ ਅਤੇ ਇਨ੍ਹਾਂ ਉੱਜੜੇ ਲੋਕਾਂ ਜਾਂ ‘ਰਫਿਊਜੀਆਂ’ (ਉਨ੍ਹਾਂ ਲਈ ਉਦੋਂ ਇਹੋ ਸ਼ਬਦ ਵਰਤਿਆ ਜਾਂਦਾ ਸੀ) ਦੇ ਮੁੜ ਵਸੇਬੇ ਲਈ ਵੱਡੇ ਯਤਨ ਕੀਤੇ।
ਉਂਜ, ਭੋਇੰ ਅਤੇ ਵਣਜ ਪੱਖੋਂ ਝੱਲੇ ਘਾਟਿਆਂ ਨੂੰ ਤਾਂ ਕੋਈ ਮੁਆਵਜ਼ਾ ਕਦੇ ਵੀ ਪੂਰ ਨਹੀਂ ਸਕਦਾ ਪਰ ਇਹੋ ਮੌਕਾ ਸੀ ਜਦੋਂ ਅਸਲ ਪੰਜਾਬੀਅਤ ਦੀ ਕਣੀ ਲਿਸ਼ਕੀ ਅਤੇ ਲੋਕਾਂ ਨੇ ਕਮਰ ਕੱਸ ਲਈ ਅਤੇ ਮਾੜੇ ਹਾਲਾਤ ਵਿਚੋਂ ਉੱਭਰੇ। ਵਪਾਰੀਆਂ ਨੇ ਮੁੱਢਲੇ ਤੌਰ ਤਰੀਕਿਆਂ ਨਾਲ ਵਪਾਰ ਅਤੇ ਕਿਸਾਨਾਂ ਨੇ ਉਨ੍ਹਾਂ ਨੂੰ ਅਲਾਟ ਹੋਏ ਜ਼ਮੀਨ ਦੇ ਛੋਟੇ ਛੋਟੇ ਖੱਤਿਆਂ ਵਿਚ ਖੇਤੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਖ਼ੁਦ ਨੂੰ ਪੰਜਾਬ ਦੀਆਂ ਹੱਦਾਂ ਤੱਕ ਮਹਿਦੂਦ ਨਹੀਂ ਕੀਤਾ ਅਤੇ ਛੇਤੀ ਹੀ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਕੋਲਕਾਤਾ ਆਦਿ ਤੱਕ ਫੈਲ ਗਏ। ਕਿਸਾਨਾਂ ਨੇ ਇਨ੍ਹਾਂ ਖੇਤਰਾਂ ਦੀਆਂ ਬੰਜਰ ਜ਼ਮੀਨਾਂ ਨੂੰ ਵਾਹੀਯੋਗ ਬਣਾ ਕੇ ਹਰੇ-ਭਰੇ ਖੇਤਾਂ ਵਿਚ ਬਦਲ ਦਿੱਤਾ। ਵਪਾਰੀਆਂ ਨੇ ਵੀ ਚੰਗਾ ਨਾਂ ਕਮਾਇਆ ਅਤੇ ਇਕ ਤਰ੍ਹਾਂ ਨਾਲ ਦਿੱਲੀ ਉੱਤੇ ਤਾਂ ਛਾ ਹੀ ਗਏ। ਟਰਾਂਸਪੋਰਟਰ ਅਤੇ ਸਪੇਅਰ-ਪਾਰਟਸ ਦੇ ਵਪਾਰੀ ਕੋਲਕਾਤਾ, ਮੁੰਬਈ, ਚੇਨੱਈ ਜਿਹੇ ਮਹਾਂਨਗਰਾਂ ਵਿਚ ਫੈਲ ਗਏ। ਪੰਜਾਬੀਅਤ ਦੇ ਦ੍ਰਿੜ੍ਹ ਹੌਸਲੇ ਦੀ ਅਜ਼ਲੀ ਕਣੀ ਕਾਰਨ ‘ਰਫਿਊਜੀ’ ਸ਼ਬਦ ਛੇਤੀ ਹੀ ਵਰਤੋਂ ਵਿਚ ਆਉਣੋਂ ਹਟ ਗਿਆ।
ਉੱਪਰ ਦੱਸੀਆਂ ਸਰਗਰਮੀਆਂ ਤੋਂ ਇਲਾਵਾ ਵੱਡੀ ਗਿਣਤੀ ਨੌਜਵਾਨ ਹਥਿਆਰਬੰਦ ਬਲਾਂ ਅਤੇ ਸਿਵਿਲ ਸੇਵਾਵਾਂ, ਸੁਬਾਰਡੀਨੇਟ ਸਰਵਿਸਿਜ਼ ਤੇ ਹੋਰ ਉੱਚ ਅਹੁਦਿਆਂ ‘ਤੇ ਸੇਵਾਵਾਂ ਨਿਭਾਉਣ ਲੱਗੇ। ਇਸ ਤਰ੍ਹਾਂ ਉਨ੍ਹਾਂ ਆਪਣੇ ਪਰਿਵਾਰਾਂ ਦੀ ਆਮਦਨ ਵਿਚ ਵਾਧਾ ਕੀਤਾ। ਦੋਆਬਾ ਖੇਤਰ ਵਿਚ ਖ਼ਾਸ ਤੌਰ ‘ਤੇ ਅਜਿਹਾ ਵਾਪਰਿਆ ਜਿਸ ਵਿਚ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਸ਼ਾਮਿਲ ਹਨ। ਸਿੱਟੇ ਵਜੋਂ ਇਹ ਵਾਧੂ ਆਮਦਨ ਖੇਤੀ ਜਾਂ ਵਪਾਰਕ ਆਮਦਨ ਵਿਚ ਜੁੜ ਗਈ ਅਤੇ ਇਸ ਨੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿਚ ਮਦਦ ਕੀਤੀ। ਇਨ੍ਹਾਂ ਖੇਤਰਾਂ ਵਿਚ ਕਿਸਾਨਾਂ ਕੋਲ ਮਾਝੇ ਅਤੇ ਖ਼ਾਸਕਰ ਮਾਲਵੇ ਨਾਲੋਂ ਘੱਟ ਜ਼ਮੀਨਾਂ ਸਨ। ਆਬਾਦੀ ਵਧਣ ਨਾਲ ਪੀੜ੍ਹੀ-ਦਰ-ਪੀੜ੍ਹੀ ਜ਼ਮੀਨ ਤੇ ਕਾਰੋਬਾਰ ਦੀ ਵੰਡ ਹੁੰਦੀ ਰਹਿਣ ਕਾਰਨ ਜੀਵਨ ਨਿਰਬਾਹ ਮੁਸ਼ਕਿਲ ਹੋਣ ਲੱਗਾ। 1950ਵਿਆਂ ਦੇ ਸ਼ੁਰੂ ਵਿਚ ਪੰਜਾਬੀ ਆਪਣੇ ਅਤੇ ਪੰਜਾਬ ਵਿਚ ਪਿੱਛੇ ਰਹਿ ਗਏ ਪਰਿਵਾਰਾਂ ਖਾਤਰ ਖੁਸ਼ਹਾਲ ਜੀਵਨ ਲਈ ਇੰਗਲੈਂਡ ਪਰਵਾਸ ਕਰਨ ਲੱਗੇ। ਪੰਜਾਬ ਵਿਚੋਂ ਗਏ ਪਹਿਲੇ ਪਰਵਾਸੀ ਅਨਪੜ੍ਹ ਜਾਂ ਅਧਪੜ੍ਹ ਸਨ ਪਰ ਪੰਜਾਬੀ ਕਣੀ ਨੇ ਫਿਰ ਭਾਸ਼ਾ, ਰਿਹਾਇਸ਼, ਮੌਸਮ ਆਦਿ ਦੇ ਅੜਿੱਕੇ ਪਾਰ ਕਰ ਲਏ। ਉੱਥੇ ਕੰਮ ਦੇ ਹਾਲਾਤ ਬਹੁਤ ਮਾੜੇ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪਰਵਾਸੀ ਖੁੱਲ੍ਹੀਆਂ ਭੱਠੀਆਂ ਅਤੇ ਖਾਣਾਂ ਵਿਚ ਕੰਮ ਕਰਦੇ ਸਨ ਕਿਉਂਕਿ ਇਨ੍ਹਾਂ ਦੋਹਾਂ ਕੰਮਾਂ ਵਿਚ ਤਨਖ਼ਾਹ ਬਿਹਤਰ ਸੀ। ਇਸ ਪੀੜ੍ਹੀ ਨੇ ਇੰਗਲੈਂਡ ਵਿਚ ਔਖਾ ਸਮਾਂ ਕੱਟਿਆ ਪਰ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਕਿ ਉਨ੍ਹਾਂ ਦੀ ਦੂਜੀ ਤੇ ਤੀਜੀ ਪੀੜ੍ਹੀ ਸਿੱਖਿਆ ਹਾਸਲ ਕਰੇ ਅਤੇ ਉੱਥੋਂ ਦੇ ਸਥਾਨਕ ਲੋਕਾਂ ਨਾਲ ਘੁਲਮਿਲ ਜਾਵੇ। ਉਂਜ, ਉਨ੍ਹਾਂ ਦੀ ਤੀਜੀ ਅਤੇ ਇਸ ਤੋਂ ਬਾਅਦ ਦੀਆਂ ਪੀੜ੍ਹੀਆਂ ਨੇ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਪਰਤਣ ਵਿਚ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ।
ਸਮੇਂ ਨਾਲ ਮਾਝਾ ਤੇ ਮਾਲਵਾ ਇਲਾਕਿਆਂ ਦੀ ਆਰਥਿਕ ਹਾਲਤ ਖ਼ਰਾਬ ਹੁੰਦੀ ਗਈ ਅਤੇ ਉਥੋਂ ਦੇ ਲੋਕਾਂ ਨੇ ਵੀ ਵਿਦੇਸ਼ ਜਾਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਰਵਾਸ ਦੇ ਚਾਹਵਾਨਾਂ ਲਈ ਕੈਨੇਡਾ, ਅਮਰੀਕਾ, ਆਸਟਰੇਲੀਆ, ਇਟਲੀ ਆਦਿ ਦੇ ਰੂਪ ਵਿਚ ਨਵੇਂ ਰਾਹ ਖੁਲ੍ਹ ਗਏ। ਅਮਰੀਕਾ ਵਿਚ ਜਿਥੇ ਪੇਸ਼ੇਵਰਾਂ ਜਿਵੇਂ ਡਾਕਟਰਾਂ ਤੇ ਟੈਕਨੋਕ੍ਰੈਟਾਂ ਦੀ ਮੰਗ ਸੀ, ਉਥੇ ਹੋਰਨਾਂ ਮੁਲਕਾਂ ਵਿਚ ਨੀਮ ਹੁਨਰਮੰਦ ਤੇ ਹੁਨਰਮੰਦ ਕਾਮਿਆਂ ਦੀ ਭਾਰੀ ਲੋੜ ਸੀ।
ਇਸ ਤਰ੍ਹਾਂ ਪੰਜਾਬੀਆਂ ਦੀ ਇਸ ਹਿਜਰਤ ਦੇ 1950ਵਿਆਂ ਵਿਚ ਸ਼ੁਰੂ ਹੋਏ ਛੋਟੇ ਛੋਟੇ ਨਦੀਆਂ-ਨਾਲੇ ਛੇਤੀ ਹੀ ਵੱਡੇ ਦਰਿਆਵਾਂ ਦਾ ਰੂਪ ਧਾਰਨ ਲੱਗੇ। ਇਸ ਦੌਰਾਨ 1970ਵਿਆਂ ਤੇ 80ਵਿਆਂ ਵਿਚ ਪੰਜਾਬ ਵਿਚ ਖਾੜਕੂਵਾਦ ਤੇ ਹਿੰਸਾ ਫੈਲਣ ਲੱਗੀ ਅਤੇ ਵੱਡੀ ਗਿਣਤੀ ਨੌਜਵਾਨ ਇਸ ਲਹਿਰ ਵੱਲ ਖਿੱਚੇ ਗਏ। ਇਸ ਦੀ ਤਫ਼ਸੀਲ ਵਿਚ ਜਾਏ ਬਿਨਾਂ (ਕਿਉਂਕਿ ਇਸ ਨੂੰ ਬਿਆਨਣਾ ਬੜਾ ਵੱਡਾ ਤੇ ਔਖਾ ਮਾਮਲਾ ਹੈ, ਜਿਸ ਬਾਰੇ ਚਰਚਾ ਕਦੀ ਫਿਰ ਕਿਤੇ ਕੀਤੀ ਜਾ ਸਕਦੀ ਹੈ), ਆਖਿਆ ਜਾ ਸਕਦਾ ਹੈ ਕਿ ਇਸ ਨੇ ਪੰਜਾਬੀਆਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਝੰਜੋੜ ਕਰ ਕੇ ਰੱਖ ਦਿੱਤਾ।
ਇਸ ਦੌਰਾਨ ਪੰਜਾਬ ਨੇ ਵਿਆਪਕ ਪੱਧਰ ‘ਤੇ ਸਮਾਜਿਕ ਉਥਲ-ਪੁਥਲ ਦੇਖੀ ਅਤੇ ਲੋਕਾਂ ਨੂੰ ਜਾਨ-ਮਾਲ ਦੇ ਰੂਪ ਵਿਚ ਭਾਰੀ ਕੀਮਤ ਚੁਕਾਉਣੀ ਪਈ। ਇਸ ਦੌਰ ਨੇ ਵੀ ਸਿੱਖ ਨੌਜਵਾਨਾਂ ਦਾ ਪੱਛਮੀ ਮੁਲਕਾਂ ਨੂੰ ਪਰਵਾਸ ਤੇਜ਼ ਕਰ ਦਿੱਤਾ, ਜਿਥੇ ਉਹ ‘ਸਿਆਸੀ ਸ਼ਰਨ’ ਮੰਗਣ ਲੱਗੇ ਪਰ ਅਸਲੀ ਮਕਸਦ ਉਥੇ ਜਾ ਕੇ ਵੱਸਣਾ ਹੀ ਸੀ। ਉਨ੍ਹਾਂ ਮੁਲਕਾਂ ਵਿਚ ਇਨ੍ਹਾਂ ਲਹਿਰਾਂ ਦੀਆਂ ਸ਼ਾਖ਼ਾਵਾਂ ਬਣੀਆਂ ਹੋਈਆਂ ਸਨ ਤੇ ਉਥੋਂ ਇਹ ਲੋਕ ਪੰਜਾਬ ਦੇ ਹਾਲਾਤ ਬਾਰੇ ਝੂਠਾ ਪ੍ਰਚਾਰ ਕਰ ਕੇ ਵੱਡੇ ਪੱਧਰ ‘ਤੇ ਰਕਮਾਂ ਇਕੱਤਰ ਕਰਨ ਵਿਚ ਕਾਮਯਾਬ ਰਹੇ। ਇਸ ਦੇ ਸਿੱਟੇ ਵਜੋਂ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਵਿਚ ਭਾਰੀ ਬੇਗ਼ਾਨਗੀ ਉਪਜੀ, ਕਿਉਂਕਿ ਭਾਰਤ ਸਰਕਾਰ ਨੂੰ ਦਹਿਸ਼ਤਗਰਦੀ ਨੂੰ ਨੱਥ ਪਾਉਣ ਲਈ ਕਈ ਤਿੱਖੇ ਤੇ ਸਖ਼ਤ ਕਦਮ ਚੁੱਕਣੇ ਪਏ ਸਨ। ਆਖ਼ਰ ਇਸ ਸਮੱਸਿਆ ਨੂੰ ਮੱਧ-1990ਵਿਆਂ ਤੱਕ ਕਾਬੂ ਪਾ ਕੇ ਖ਼ਤਮ ਕਰ ਦਿੱਤਾ ਗਿਆ। ਪੈਸੇ ਦੀ ਲਾਲਸਾ ਨੇ ਸਿਆਸੀ ਪਾਰਟੀਆਂ ਦੀ ਭੁੱਖ ਵਧਾ ਦਿੱਤੀ। ਇਨ੍ਹਾਂ ਦੇ ਆਗੂਆਂ ਨੇ ਹਾਲਾਤ ਦਾ ਫ਼ਾਇਦਾ ਉਠਾ ਕੇ ਵੱਡੇ ਪੱਧਰ ‘ਤੇ ਪੈਸਾ ਇਕੱਤਰ ਕਰਨ ਵਾਸਤੇ ਉਗਰਾਹੀ ਮੁਹਿੰਮਾਂ ਉਤੇ ਪੱਛਮੀ ਮੁਲਕਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦੇ ਹਰ ਕਿਸਮ ਦੇ ਲੋਕਾਂ ਨਾਲ ਸੰਪਰਕ ਪੈਦਾ ਹੋ ਗਏ।
ਅਜਿਹਾ ਘਟਨਾ ਚੱਕਰ ਚੱਲਣ ਅਤੇ ਪੱਛਮੀ ਮੁਲਕਾਂ ਦੇ ਦਰ ਪਰਵਾਸੀਆਂ ਲਈ ਖੁੱਲ੍ਹੇ ਰਹਿਣ ਕਾਰਨ ਇਕ ਵਾਰੀ ਮੁੜ ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਜ਼ੋਰ ਫੜ ਗਿਆ। ਇਹ ਵੀ ਗ਼ੌਰਤਲਬ ਹੈ ਕਿ ਇਸ ਦੌਰਾਨ ਸਾਲ ਦਰ ਸਾਲ ਤੇ ਦਹਾਕਾ ਦਰ ਦਹਾਕਾ ਸੂਬੇ, ਖ਼ਾਸਕਰ ਕਿਸਾਨੀ ਦੀ ਆਰਥਿਕ ਹਾਲਤ ਨਿੱਘਰਦੀ ਗਈ ਜਿਸ ਲਈ ਵੱਖ ਵੱਖ ਸੂਬਾਈ ਸਰਕਾਰਾਂ ਦੀਆਂ ਨੁਕਸਦਾਰ ਨੀਤੀਆਂ ਅਤੇ ਪ੍ਰੋਗਰਾਮ ਜ਼ਿੰਮੇਵਾਰ ਸਨ। ਖੇਤੀ ਦੀਆਂ ਲਾਗਤਾਂ ਤਾਂ ਵਧਦੀਆਂ ਗਈਆਂ ਪਰ ਉਸ ਮੁਤਾਬਕ ਕਿਸਾਨਾਂ ਨੂੰ ਜਿਣਸਾਂ ਦੇ ਭਾਅ ਨਹੀਂ ਸਨ ਮਿਲ ਰਹੇ। ਇਸ ਕਾਰਨ ਕੁਦਰਤੀ ਹੀ ਨੌਜਵਾਨਾਂ ਦਾ ਖੇਤੀ ਤੋਂ ਮੋਹ ਭੰਗ ਹੋਣ ਲੱਗਾ।
ਪੰਜਾਬ ਦਾ ਬਿਹਤਰੀਨ ਵਸੀਲਾ ਹਮੇਸ਼ਾ ਮਨੁੱਖੀ ਵਸੀਲਾ ਰਿਹਾ ਹੈ। ਪੰਜਾਬ ਵਿਚ ਹਰੇ ਇਨਕਲਾਬ ਦਾ ਸਿਹਰਾ ਪੰਜਾਬੀਆਂ ਦੀ ਇਸ ਸਖ਼ਤ ਮਿਹਨਤ ਅਤੇ ਖੇਤੀ ਵਿਚ ਹਮੇਸ਼ਾ ਨਵੀਆਂ ਤਕਨੀਕਾਂ ਤੇ ਨਵੇਂ ਤਰੀਕੇ ਅਪਣਾਉਣਾ ਲਈ ਤਿਆਰ ਰਹਿਣ ਦੀ ਭਾਵਨਾ ਨੂੰ ਜਾਂਦਾ ਹੈ। ਜਿਥੇ ਬਾਕੀ ਸੂਬਿਆਂ ਦੇ ਕਿਸਾਨ ਪੁਰਾਣੇ ਤਰੀਕਿਆਂ ਨਾਲ ਖੇਤੀ ਕਰ ਰਹੇ ਸਨ, ਉਥੇ ਪੰਜਾਬੀ ਕਿਸਾਨਾਂ ਨੇ ਖ਼ੁਸ਼ੀ ਖ਼ੁਸ਼ੀ ਨਵੇਂ ਬੀਜਾਂ, ਖਾਦਾਂ ਅਤੇ ਨਵੇਂ ਸਿੰਜਾਈ ਸਿਸਟਮ ਨੂੰ ਅਪਣਾ ਲਿਆ। ਇਸ ਦੇ ਨਾਲ ਨਾਲ, ਖੇਤੀ ਵਿਚ ਇਸ ਵਰਤਾਰੇ ਦੇ ਬਰਾਬਰ ਦੀ ਇਕ ਹੋਰ ਤਬਦੀਲੀ ਵਾਪਰ ਰਹੀ ਸੀ – ਉਹ ਸੀ, ਖੇਤੀ ਦੇ ਕੰਮ ਵਿਚੋਂ ਪੰਜਾਬੀ ਨੌਜਵਾਨਾਂ ਦਾ ਮਨਫ਼ੀ ਹੋਣਾ ਅਤੇ ਉਨ੍ਹਾਂ ਦੀ ਥਾਂ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਵੱਲੋਂ ਲੈਂਦੇ ਜਾਣਾ। ਇਸ ਦਾ ਕਾਰਨ ਮੁਕਾਮੀ ਨੌਜਵਾਨਾਂ ਦਾ ਖੇਤੀ ਵਿਚ ਹੱਥ ਵਟਾਉਣ ਤੋਂ ਪੂਰੀ ਤਰ੍ਹਾਂ ਇਨਕਾਰੀ ਹੋ ਜਾਣਾ ਸੀ, ਜਿਸ ਕਾਰਨ ਪੰਜਾਬ ਦੀ ਖੇਤੀ ਮੁਕੰਮਲ ਤੌਰ ‘ਤੇ ਪਰਵਾਸੀ ਕਿਰਤੀਆਂ ਆਸਰੇ ਹੋ ਗਈ।
ਦੂਜੇ ਪਾਸੇ, ਸਰਕਾਰੀ ਖੇਤਰ ਵਿਚ ਨੌਕਰੀਆਂ ਆਸਾਨੀ ਨਾਲ ਮਿਲਦੀਆਂ ਨਹੀਂ ਸਨ ਅਤੇ ਪੰਜਾਬ ਵਿਚ ਸਨਅਤੀ ਵਿਕਾਸ ਵੀ ਜ਼ਿਆਦਾ ਨਹੀਂ ਸੀ ਹੋਇਆ। ਜਿਹੜੀਆਂ ਵੀ ਸਨਅਤਾਂ ਅੰਮ੍ਰਿਤਸਰ, ਬਟਾਲਾ, ਜਲੰਧਰ, ਲੁਧਿਆਣਾ, ਮੰਡੀ ਗੋਬਿੰਦਗੜ੍ਹ ਆਦਿ ਸ਼ਹਿਰਾਂ ਵਿਚ ਲੱਗੀਆਂ ਸਨ, ਉਹ ਵੀ ਖਾੜਕੂਵਾਦ ਕਾਰਨ ਹੋਰਨਾਂ ਸੂਬਿਆਂ ਵਿਚ ਚਲੇ ਗਈਆਂ। ਇਸ ਦੌਰਾਨ ਵੱਖ ਵੱਖ ਸਰਕਾਰਾਂ ਨੇ ਦੋਵਾਂ ਸਨਅਤੀ ਤੇ ਖੇਤੀ ਦੇ ਖੇਤਰ ਵਿਚ ਅਜਿਹੀ ਕੋਈ ਜ਼ਾਹਰਾ ਕੋਸ਼ਿਸ਼ ਨਹੀਂ ਕੀਤੀ ਜਿਸ ਤੋਂ ਵਿਕਾਸ ਨੂੰ ਵੱਡਾ ਹੁਲਾਰਾ ਮਿਲਦਾ। ਇਸ ਤਰ੍ਹਾਂ ਰੁਜ਼ਗਾਰ ਦੇ ਮੌਕੇ ਘਟਣ ਅਤੇ ਨੌਜਵਾਨਾਂ ਦੀ ਖੇਤੀ ਪ੍ਰਤੀ ਬੇਰੁਖ਼ੀ ਕਾਰਨ ਨੌਜਵਾਨਾਂ ਦੀਆਂ ਵਿਦੇਸ਼ਾਂ ਨੂੰ ਉਡਾਰੀ ਦੀਆਂ ਕੋਸ਼ਿਸ਼ਾਂ ਵਧਣ ਲੱਗੀਆਂ।
ਅੱਜ ਤਕਰੀਬਨ ਸਾਰਾ ਪੇਂਡੂ ਨੌਜਵਾਨ ਵਰਗ ਟਰੈਵਲ ਏਜੰਟਾਂ ਨੂੰ ਵੱਡੀਆਂ ਤੋਂ ਵੱਡੀਆਂ ਰਕਮਾਂ ਦੇ ਕੇ ਵੀ ਵੀਜ਼ਾ ਹਾਸਲ ਕਰਨ ਅਤੇ ਪੱਛਮੀ ਮੁਲਕਾਂ ਨੂੰ ਜਾਣ ਦੇ ਆਹਰ ਵਿਚ ਲੱਗਾ ਹੋਇਆ ਹੈ। ਸਾਫ਼ ਹੈ ਕਿ ਹਿਜਰਤ ਦੇ ਇਸ ਲਾਲਚ ਕਾਰਨ ਪੰਜਾਬ ਤੇਜ਼ੀ ਨਾਲ ਆਪਣੀ ਨੌਜਵਾਨੀ ਤੋਂ ਵਾਂਝਾ ਹੋ ਰਿਹਾ ਹੈ। ਮੈਂ ਖ਼ੁਦ ਦੇਖਿਆ ਅਤੇ ਭਰੋਸੇਯੋਗ ਲੋਕਾਂ ਤੋਂ ਸੁਣਿਆ ਹੈ ਕਿ ਪੰਜਾਬ ਦੇ ਬਹੁਤੇ ਪਿੰਡਾਂ ਵਿਚ ਨੌਜਵਾਨਾਂ ਨਾਲੋਂ ਬਜ਼ੁਰਗਾਂ ਦੀ ਗਿਣਤੀ ਵਧ ਗਈ ਹੈ। ਜਿਸ ਰਫ਼ਤਾਰ ਨਾਲ ਨੌਜਵਾਨੀ ਪੰਜਾਬ ਤੋਂ ਹਿਜਰਤ ਕਰ ਰਹੀ ਹੈ, ਉਸ ਮੁਤਾਬਕ ਤਾਂ ਇਹ ਛੇਤੀ ਹੀ ਬਜ਼ੁਰਗਾਂ ਅਤੇ ਬਿਮਾਰਾਂ ਦੀ ਧਰਤੀ ਬਣ ਕੇ ਰਹਿ ਜਾਵੇਗਾ।
ਚੰਡੀਗੜ੍ਹ ਵਿਚ ਵੀ ਹਾਲ ਇਹ ਹੈ ਕਿ ਬਹੁਤ ਸਾਰੇ ਘਰਾਂ ਵਿਚ ਬਜ਼ੁਰਗ ਜੋੜੇ ਹੀ ਬਚੇ ਹਨ ਅਤੇ ਪੁੱਤ-ਪੋਤੇ ਵਿਦੇਸ਼ ਜਾ ਚੁੱਕੇ ਹਨ। ਪਾਰਕ ਗ਼ੈਰ ਪੰਜਾਬੀ ਬੱਚਿਆਂ ਨਾਲ ਭਰੇ ਹੁੰਦੇ ਹਨ। ਦੇਖ ਕੇ ਚੰਗਾ ਲੱਗਦਾ ਹੈ ਕਿ ਉਹ ਖ਼ੁਸ਼ੀ ਖ਼ੁਸ਼ੀ ਸਥਾਨਕ ਸਮਾਜ ਵਿਚ ਘੁਲ਼-ਮਿਲ ਰਹੇ ਹਨ।
ਆਪਣੇ ਬੈਚ ਵਾਲੇ ਸਾਥੀਆਂ ਅਤੇ ਕਾਲਜ ਦੇ ਦਿਨਾਂ ਦੇ ਦੋਸਤਾਂ-ਮਿੱਤਰਾਂ ਨਾਲ ਗੱਲ ਕਰਨ ਤੋਂ ਵੀ ਸਾਫ਼ ਹੋ ਜਾਂਦਾ ਹੈ ਕਿ ਬਹੁਤਿਆਂ ਦੇ ਪੁੱਤ-ਧੀਆਂ ਅਤੇ ਅਗਾਂਹ ਉਨ੍ਹਾਂ ਦੇ ਧੀਆਂ-ਪੁੱਤ ਵਿਦੇਸ਼ ਜਾ ਚੁੱਕੇ ਹਨ। ਪਹਿਲਾਂ ਜਿਥੇ ਨੌਜਵਾਨ ਗਰੈਜੂਏਸ਼ਨ ਤੋਂ ਬਾਅਦ ਉਚੇਰੀ ਸਿੱਖਿਆ ਲਈ ਵਿਦੇਸ਼ ਜਾਂਦੇ ਸਨ, ਉਥੇ ਹੁਣ ਤਾਂ ਬਹੁਤੇ ਬੱਚੇ ਬਾਰ੍ਹਵੀਂ ਤੋਂ ਬਾਅਦ ਹੀ ਜਹਾਜ਼ ਚੜ੍ਹ ਜਾਂਦੇ ਹਨ ਅਤੇ ਉਨ੍ਹਾਂ ਦਾ ਵਤਨ ਵਾਪਸੀ ਦਾ ਕੋਈ ਇਰਾਦਾ ਨਹੀਂ ਹੁੰਦਾ। ਮੋਟੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਮੁੰਡਿਆਂ ਦੀ ਕਾਲਜਾਂ ਵਿਚ ਦਾਖ਼ਲ ਹੋਣ ਦੀ ਗਿਣਤੀ ਬਹੁਤ ਘਟ ਗਈ ਹੈ ਅਤੇ ਉਨ੍ਹਾਂ ਦੇ ਮੁਕਾਬਲੇ ਕਾਲਜਾਂ ਵਿਚ ਕੁੜੀਆਂ ਵਧ ਗਈਆਂ ਹਨ। ਇਸ ਕਾਰਨ ਖ਼ਾਸਕਰ ਪੇਂਡੂ ਨੌਜਵਾਨਾਂ ਦੇ ਰੱਖਿਆ ਸੇਵਾਵਾਂ ਵਿਚ ਭਰਤੀ ਹੋਣ ਦੀ ਗਿਣਤੀ ਵੀ ਬਹੁਤ ਘਟ ਗਈ ਹੈ।
ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੀਆਂ ਵੱਖ ਵੱਖ ਸਰਕਾਰਾਂ ਨੇ ਪੰਜਾਬ ਦੇ ਪੇਂਡੂ ਤੇ ਸ਼ਹਿਰੀ ਨੌਜਵਾਨਾਂ ਦੇ ਹਿਸਾਬ ਨਾਲ ਨੀਤੀਆਂ ਬਣਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ। ਇਨ੍ਹਾਂ ਸਰਕਾਰਾਂ ਵੱਲੋਂ ਨੌਜਵਾਨਾਂ ਲਈ ਪੰਜਾਬ ਪ੍ਰਤੀ ਕੋਈ ਖਿੱਚ ਪੈਦਾ ਨਾ ਕੀਤੇ ਜਾਣ ਕਾਰਨ, ਨੌਜਵਾਨੀ ਦੀ ਹਿਜਰਤ ਦੇ ਇਸ ਰੁਝਾਨ ਨੂੰ ਮੋੜਾ ਪੈਣ ਦੇ ਕੋਈ ਆਸਾਰ ਨਹੀਂ ਹਨ। ਇਹ ਗੱਲ ਪੇਂਡੂ ਇਲਾਕੇ ਦੇ ਮਾਮਲੇ ਵਿਚ ਹੋਰ ਵੀ ਸੱਚ ਹੈ, ਜਿਥੇ ਖੇਤੀ ਨੂੰ ਪਹਿਲਾਂ ਹੀ ਛੱਡ ਦਿੱਤਾ ਗਿਆ ਹੈ ਅਤੇ ਗੱਭਰੂਆਂ-ਮੁਟਿਆਰਾਂ ਤੋਂ ਸੱਖਣੇ ਪੰਜਾਬ ਦੇ ਪਿੰਡ ਅੱਜ ਸੁੰਨੇ ਜਾਪਦੇ ਹਨ। ਹੁਣ ਮੈਂ ਓਲੀਵਰ ਗੋਲਡਸਮਿਥ ਦੀ ਕਵਿਤਾ ‘ਉੱਜੜਿਆ ਪਿੰਡ’ ਦੀਆਂ ਇਨ੍ਹਾਂ ਸਤਰਾਂ ਨਾਲ ਆਪਣੀ ਗੱਲ ਖ਼ਤਮ ਕਰਦਾ ਹਾਂ:
ਪਿੰਡ ‘ਤੇ ਆਫ਼ਤ ਆ ਰਹੀ ਏ
ਇਸ ਧਰਤ ਨੂੰ ਤੇਜ਼ੀ ਨਾਲ ਗਰਕ ਹੋਣ ਵੱਲ ਧੱਕਦੀ ਹੋਈ
ਵਧਦੇ ਫੁੱਲਦੇ ਧਨ ਦੇ ਧੰਦੇ ਨੇ
ਜੀਆ-ਜੰਤ ਨੂੰ ਨਿਗਲ ਲੈਣੈ
ਹੋ ਸਕਦੈ ਰਾਜੇ ਰਾਣੇ ਬਿਨਸਣ,
ਵਧਣ ਫੁੱਲਣ ਜਾਂ ਗਰਕ ਹੋ ਜਾਣ
ਉਨ੍ਹਾਂ ਇਕ ਫੂਕ ਨਾਲ ਉੱਡ ਜਾਣੈ
ਉਹ ਇਕ ਫ਼ੂਕ ਨਾਲ ਬਣੇ ਨੇ;
ਪਰ ਸੂਰਮਗਤੀ ਵਾਲੀ ਕਿਸਾਨੀ, ਜੋ ਮਾਣ ਮੁਲਕ ਦਾ
ਜੇ ਇਕ ਵਾਰ ਤਬਾਹ ਹੋ ਗਈ
ਤਾਂ ਫਿਰ ਕਦੇ ਵੀ ਨਹੀਂ ਉੱਠ ਸਕਣੀ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …