Breaking News
Home / ਮੁੱਖ ਲੇਖ / ਬੰਦੀ ਛੋੜ ਦਿਵਸ ਅਤੇ ਦੀਵਾਲੀ

ਬੰਦੀ ਛੋੜ ਦਿਵਸ ਅਤੇ ਦੀਵਾਲੀ

ਤਲਵਿੰਦਰ ਸਿੰਘ ਬੁੱਟਰ
ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ‘ਚ ‘ਬੰਦੀਛੋੜ ਦਿਵਸ’ ਵਜੋਂ ਮਨਾਏ ਜਾਂਦੇ ਦੀਵਾਲੀ ਦੇ ਤਿਓਹਾਰ ਦਾ ਸਬੰਧ ਸਿੱਖ ਧਰਮ ਦੇ ਸੰਸਥਾਗਤ ਪ੍ਰਚਾਰ-ਪ੍ਰਸਾਰ, ਖੂਨੀ ਪੈਂਡਿਆਂ ਅਤੇ ਜ਼ਬਰ-ਜ਼ੁਲਮ ਵਿਰੁੱਧ ਅਮੁੱਕ ਸੰਘਰਸ਼ ਦੌਰਾਨ ਕੌਮੀ ਤਕਦੀਰ ਉਲੀਕਣ ਦੇ ਅਹਿਮ ਦਿਹਾੜੇ ਵਜੋਂ ਜੁੜਿਆ ਰਿਹਾ ਹੈ। ਸਿੱਖ ਧਰਮ ਵਿਚ ਦੀਵਾਲੀ ਮਨਾਉਣ ਦੀ ਸ਼ੁਰੂਆਤ ਗੋਇੰਦਵਾਲ ਸਾਹਿਬ ਵਿਖੇ ਤੀਜੀ ਪਾਤਿਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਦੂਰ-ਦੁਰਾਡੇ ਦੀਆਂ ਸਿੱਖ ਸੰਗਤਾਂ ਲਈ ਗੁਰੂ ਦਰਸ਼ਨ ਅਤੇ ਸਤਿਸੰਗ ਵਿਚ ਜੁੜ ਬੈਠਣ ਦੇ ਵਿਸ਼ੇਸ਼ ਦਿਨ ਦੇ ਰੂਪ ਵਿਚ ਕਰਵਾਈ ਸੀ। ਇਹ ਵੀ ਜ਼ਿਕਰ ਮਿਲਦਾ ਹੈ ਕਿ ਅੰਮ੍ਰਿਤਸਰ ਦੇ ਸਰੋਵਰ ਦੀ ਖੁਦਾਈ ਸੰਨ 1577 ਈਸਵੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਦੀਵਾਲੀ ਵਾਲੇ ਦਿਨ ਹੀ ਸ਼ੁਰੂ ਕਰਵਾਈ ਸੀ।
ਜੋਸ਼ੋ-ਖਰੋਸ਼ ਨਾਲ ਦੀਵਾਲੀ ਮਨਾਉਣ ਦਾ ਸਿਲਸਿਲਾ ਸਿੱਖ ਧਰਮ ਵਿਚ 1619 ਈਸਵੀ ਨੂੰ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਮੁਗ਼ਲ ਹਾਕਮ ਜਹਾਂਗੀਰ ਦੀ ਕੈਦ ਵਿਚੋਂ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕੇ ਅੰਮ੍ਰਿਤਸਰ ਪਹੁੰਚਣ ਵੇਲੇ ਸ਼ੁਰੂ ਹੋਇਆ। ਮਾਤਾ ਗੰਗਾ ਜੀ ਨੇ ਆਪਣੇ ਪੁੱਤਰ ਦੇ ਆਉਣ ਦੀ ਖੁਸ਼ੀ ਵਿਚ ਬਾਬਾ ਬੁੱਢਾ ਜੀ ਕੋਲੋਂ ਪੂਰੇ ਅੰਮ੍ਰਿਤਸਰ ਸ਼ਹਿਰ ਵਿਚ ਦੀਵੇ ਜਗਾ ਕੇ ਦੀਪਮਾਲਾ ਕਰਵਾਈ। ਇਸ ਤੋਂ ਬਾਅਦ ਸਿੱਖ ਕੌਮ ਹਰ ਸਾਲ ਛੇਵੀਂ ਪਾਤਿਸ਼ਾਹੀ ਦੀ ਯਾਦ ‘ਚ ‘ਬੰਦੀਛੋੜ ਦਿਵਸ’ ਆਪਣੀ ਧਾਰਮਿਕ ਸੁਤੰਤਰਤਾ, ਵਿਲੱਖਣਤਾ, ਇਕਮੁਠਤਾ ਅਤੇ ਚੜ੍ਹਦੀਕਲਾ ਦੇ ਅਹਿਸਾਸ ਨਾਲ ਮਨਾਉਂਦੀ ਆ ਰਹੀ ਹੈ।ਸਮੇਂ-ਸਮੇਂ ਮੁਗ਼ਲ ਹਾਕਮਾਂ ਵਲੋਂ ਲਗਾਈਆਂ ਤੁਅੱਸਬੀ ਪਾਬੰਦੀਆਂ ਦੇ ਬਾਵਜੂਦ ਸਿੱਖ ‘ਬੰਦੀਛੋੜ ਦਿਵਸ’ ਮੌਕੇ ਆਪਣੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚਦੇ, ਗੁਰੂ ਜਸ ਸਰਵਣ ਕਰਦੇ ਅਤੇ ਮਿਲ ਕੇ ਕੌਮ ਦੀਆਂ ਤਕਦੀਰਾਂ ਘੜਦੇ ਰਹੇ। ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ੍ਰੀ ਅੰਮ੍ਰਿਤਸਰ ਤੋਂ ਕੀਰਤਪੁਰ ਸਾਹਿਬ ਚਲੇ ਜਾਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਕਾਬਜ਼ ਰਹੇ ਬਿਪਰਵਾਦੀ ਪ੍ਰਬੰਧਕ ਸਿੱਖੀ ਪ੍ਰੰਪਰਾਵਾਂ ਅਤੇ ਮਰਿਯਾਦਾਵਾਂ ਦੇ ਉਲਟ ਰੀਤਾਂ ਅਨੁਸਾਰ ਦੀਵਾਲੀ ਮਨਾਉਂਦੇ ਰਹੇ। ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਕਰਨ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਈ ਮਨੀ ਸਿੰਘ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਬਣਾ ਕੇ ਸ੍ਰੀ ਅੰਮ੍ਰਿਤਸਰ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਭੇਜਿਆ ਤਾਂ ਉਨ੍ਹਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਦੀਆਂ ਸਿੱਖ ਰਵਾਇਤਾਂ ਅਨੁਸਾਰ ‘ਬੰਦੀਛੋੜ ਦਿਵਸ’ ਮਨਾਉਣ ਦੀ ਪ੍ਰੰਪਰਾ ਮੁੜ ਸੁਰਜੀਤ ਕੀਤੀ। ਇਸ ਪ੍ਰੰਪਰਾ ਨੇ ਗੁਰੂ ਸਾਹਿਬਾਨ ਤੋਂ ਬਾਅਦ ਸਿੱਖ ਕੌਮ ਦੀ ਬਿਖੜੇ ਸਮਿਆਂ ‘ਚੋਂ ਬਾਹਰ ਨਿਕਲਣ ਅਤੇ ਨਵੇਂ ਦਿਸਹੱਦੇ ਉਲੀਕਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ‘ਬੰਦੀਛੋੜ ਦਿਵਸ’ ਮੌਕੇ ਸ੍ਰੀ ਅੰਮ੍ਰਿਤਸਰ ਵਿਖੇ ਦੂਰ-ਦੁਰਾਡਿਓਂ ਸਿੱਖ ਜਥਿਆਂ ਦੇ ਆਗੂ ਅਤੇ ਸੰਗਤਾਂ ਜੁੜਦੀਆਂ ਅਤੇ ਸਿੱਖ ਕੌਮ ਉਤੇ ਪਈਆਂ ਬਿਪਤਾਵਾਂ ਅਤੇ ਔਕੜਾਂ ਦੇ ਹੱਲ ਲਈ ਘਾੜਤਾਂ ਘੜੀਆਂ ਜਾਂਦੀਆਂ। ਇਨ੍ਹਾਂ ਇਕੱਤਰਤਾਵਾਂ ਨੂੰ ‘ਸਰਬੱਤ ਖ਼ਾਲਸਾ’ ਦਾ ਨਾਂ ਦਿੱਤਾ ਗਿਆ, ਜਿਨ੍ਹਾਂ ਵਿਚ ਦਰਪੇਸ਼ ਮਸਲਿਆਂ ਸਬੰਧੀ ਪੰਥਕ ਫ਼ੈਸਲੇ ਤੇ ਗੁਰਮਤੇ ਕੀਤੇ ਜਾਂਦੇ।
ਅਠ੍ਹਾਰਵੀਂ ਸਦੀ ਵਿਚ ਮੁਗ਼ਲਾਂ ਦੇ ਜ਼ਬਰ-ਜ਼ੁਲਮ ਕਾਰਨ ਜੰਗਲਾਂ ‘ਚ ਰਹਿਣ ਦੇ ਬਾਵਜੂਦ ਸਿੱਖ ‘ਬੰਦੀਛੋੜ ਦਿਵਸ’ ਮੌਕੇ ਅੰਮ੍ਰਿਤਸਰ ਵਿਖੇ ‘ਸਰਬੱਤ ਖ਼ਾਲਸਾ’ ਬੁਲਾਉਂਦੇ ਰਹੇ। ਸਿੱਖੀ ਨੂੰ ਦਰਪੇਸ਼ ਚੁਣੌਤੀਆਂ ਤੇ ਸਮੱਸਿਆਵਾਂ ‘ਤੇ ਵਿਚਾਰ ਕਰਕੇ ਪੰਥਕ ਏਕਤਾ, ਜ਼ਬਰ-ਜ਼ੁਲਮ ਨਾਲ ਟਾਕਰੇ ਅਤੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਗੁਰਮਤੇ ਕੀਤੇ ਜਾਂਦੇ। ਭਾਈ ਮਨੀ ਸਿੰਘ ਜੀ ਨੇ ਸੰਨ 1723 ਦੀ ਦੀਵਾਲੀ ਮੌਕੇ ਬੁਲਾਏ ‘ਸਰਬੱਤ ਖ਼ਾਲਸਾ’ ਦੌਰਾਨ ‘ਤੱਤ ਖ਼ਾਲਸਾ’ ਅਤੇ ‘ਬੰਦਈ ਖ਼ਾਲਸਾ’ ਧੜ੍ਹਿਆਂ ਵਿਚ ਚੱਲ ਰਹੇ ਵਾਦ-ਵਿਵਾਦ ਨੂੰ ਖ਼ਤਮ ਕਰਵਾਇਆ। 1733 ਈਸਵੀ ਨੂੰ ਮੁਗ਼ਲ ਹਕੂਮਤ ਦਮਨ ਅਤੇ ਨਰਸੰਹਾਰ ਰਾਹੀਂ ਜਦੋਂ ਸਿੱਖਾਂ ਨੂੰ ਦਬਾਉਣ ਅਤੇ ਖ਼ਤਮ ਕਰਨ ਵਿਚ ਹੰਭ ਚੁੱਕੀ ਤਾਂ ਉਸ ਨੇ ਸਿੱਖਾਂ ਨਾਲ ਦੋਸਤੀ ਦਾ ਰਾਹ ਅਖ਼ਤਿਆਰ ਕਰਦਿਆਂ ਸਿੱਖਾਂ ਖਿਲਾਫ਼ ਸਾਰੇ ਦਮਨਕਾਰੀ ਆਦੇਸ਼ ਵਾਪਸ ਲੈ ਲਏ। ਇਸੇ ਸਮੇਂ ਮੁਗ਼ਲ ਸ਼ਾਸਕਾਂ ਨੇ ਆਪਣੀ ਸਲਤਨਤ ਦੇ ਪਸਾਰ ਅਤੇ ਲੋਕਾਂ ਦੀ ਸਦਭਾਵਨਾ ਜਿੱਤਣ ਲਈ ਸਿੱਖਾਂ ਨੂੰ ਸਰਕਾਰ ਅੰਦਰ ‘ਨਵਾਬੀ ਅਹੁਦਿਆਂ’ ਦੀ ਪੇਸ਼ਕਸ਼ ਭੇਜੀ। ਸਰਕਾਰ ਦੀ ਇਸ ਪੇਸ਼ਕਸ਼ ‘ਤੇ ਸਮੁੱਚੀ ਕੌਮ ਦੀ ਰਾਏ ਲੈਣ ਲਈ ਸੰਨ 1733 ਦੀ ਦੀਵਾਲੀ ਮੌਕੇ ‘ਸਰਬੱਤ ਖ਼ਾਲਸਾ’ ਹੋਇਆ ਅਤੇ ਇਸੇ ਦੌਰਾਨ ਜਥੇਦਾਰ ਕਪੂਰ ਸਿੰਘ ਨੂੰ ‘ਨਵਾਬੀ’ ਦੇਣ ਦਾ ਗੁਰਮਤਾ ਕੀਤਾ ਗਿਆ।
ਸੰਨ 1734 ਵਿਚ ਲਾਹੌਰ ਦੀ ਮੁਗ਼ਲ ਹਕੂਮਤ ਨੇ ਮੁੜ ਸਿੱਖਾਂ ‘ਤੇ ਸ਼ੁਰੂ ਕੀਤੇ ਦਮਨ ਚੱਕਰ ਤਹਿਤ ਧਾਰਮਿਕ ਦਿਨ-ਤਿਓਹਾਰ ਮਨਾਉਣ ਅਤੇ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ‘ਤੇ ਪਾਬੰਦੀ ਲਗਾ ਦਿੱਤੀ। ਸਿੱਖ ਸੰਗਤਾਂ ਦੀ ਤੀਬਰ ਇੱਛਾ ਸੀ ਕਿ ‘ਬੰਦੀਛੋੜ ਦਿਵਸ’ (ਦੀਵਾਲੀ) ਸਮੁੱਚੀ ਸਿੱਖ ਕੌਮ ਇਕਮੁੱਠ ਹੋ ਕੇ ਮਨਾਵੇ। ਸਮੁੱਚੀਆਂ ਸਿੱਖ ਜਥੇਬੰਦੀਆਂ ਵੀ ‘ਬੰਦੀਛੋੜ ਦਿਵਸ’ ਮੌਕੇ ਇਕੱਤਰ ਹੋ ਕੇ ਸਮਕਾਲੀ ਹਾਲਾਤਾਂ ‘ਤੇ ਚਿੰਤਨ ਅਤੇ ‘ਸਰਬੱਤ ਖ਼ਾਲਸਾ’ ਰਾਹੀਂ ਬਿਖੜੇ ਸਮੇਂ ਵਿਚੋਂ ਨਿਕਲਣ ਲਈ ਯੋਜਨਾਵਾਂ ਉਲੀਕਣਾ ਚਾਹੁੰਦੀਆਂ ਸਨ। ਇਸੇ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਜੀ ਨੇ ਭਾਈ ਸੁਬੇਗ ਸਿੰਘ ਜੀ ਦੀ ਮਦਦ ਨਾਲ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਕੋਲੋਂ 5 ਹਜ਼ਾਰ ਰੁਪਏ (ਕਈ ਇਤਿਹਾਸਕਾਰਾਂ ਅਨੁਸਾਰ 10 ਹਜ਼ਾਰ ਰੁਪਏ) ‘ਜਜ਼ੀਆ’ ਦੇਣ ਦੇ ਬਦਲੇ ਅੰਮ੍ਰਿਤਸਰ ਵਿਚ ‘ਬੰਦੀਛੋੜ ਦਿਵਸ’ ਮਨਾਉਣ ਦੀ ਸਹਿਮਤੀ ਲੈ ਲਈ। ਦੂਜੇ ਪਾਸੇ ਜ਼ਕਰੀਆ ਖ਼ਾਨ ਨੇ ਅੰਮ੍ਰਿਤਸਰ ਵਿਖੇ ਸਿੱਖਾਂ ਦੇ ਹੋਣ ਵਾਲੇ ਵੱਡੇ ਇਕੱਠ ‘ਤੇ ਹਮਲਾ ਕਰਕੇ ਕਤਲੋਗਾਰਦ ਦੀ ਸਾਜ਼ਿਸ਼ ਘੜ ਲਈ। ਭਾਈ ਮਨੀ ਸਿੰਘ ਜੀ ਨੂੰ ਮੁਗ਼ਲ ਹਾਕਮ ਦੀ ਇਸ ਬਦਨੀਤੀ ਦੀ ਸੂਹ ਮਿਲ ਗਈ ਤਾਂ ਉਨ੍ਹਾਂ ਸਿੱਖ ਸੰਗਤਾਂ ਨੂੰ ਇਸ ਤੋਂ ਸੁਨੇਹੇ ਭੇਜ ਕੇ ਆਗਾਹ ਕਰ ਦਿੱਤਾ। ‘ਬੰਦੀਛੋੜ ਦਿਵਸ’ ਮੌਕੇ ਸਿੱਖ ਸੰਗਤਾਂ ਇਕੱਤਰ ਨਾ ਹੋਣ ਕਾਰਨ ਮੁਗ਼ਲਾਂ ਦੀ ਚਾਲ ਸਫ਼ਲ ਨਾ ਹੋ ਸਕੀ। ਇਸੇ ਗੱਲ ਤੋਂ ਖਿੱਝੇ ਮੁਗ਼ਲ ਹਾਕਮਾਂ ਨੇ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਸੀ।
ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਦੀ ਮੌਤ ਉਪਰੰਤ ਸੰਨ 1745 ਦੇ ‘ਬੰਦੀਛੋੜ ਦਿਵਸ’ ਮੌਕੇ ਹੋਏ ‘ਸਰਬੱਤ ਖ਼ਾਲਸਾ’ ਦੌਰਾਨ ਸਿੱਖਾਂ ਦੇ ਛੋਟੇ-ਛੋਟੇ ਧੜ੍ਹਿਆਂ ਨੂੰ ਭੰਗ ਕਰਕੇ 100-100 ਸਿੱਖਾਂ ਦੇ 25 ਜਥੇ ਬਣਾਉਣ ਅਤੇ ਹਕੂਮਤ ਦੇ ਵੱਡੇ ਟਿਕਾਣਿਆਂ ‘ਤੇ ਹਮਲੇ ਕਰਨ ਦਾ ਗੁਰਮਤਾ ਕੀਤਾ ਗਿਆ। ਸੰਨ 1758 ਦੇ ‘ਬੰਦੀਛੋੜ ਦਿਵਸ’ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਸਰਬੱਤ ਖ਼ਾਲਸਾ’ ਦੌਰਾਨ ਗੁਰਮਤਾ ਕਰਕੇ ਵੱਖ-ਵੱਖ ਮਿਸਲਾਂ ਦੇ ਸਰਦਾਰ ਆਪੋ-ਆਪਣੇ ਕਬਜ਼ੇ ਤਹਿਤ ਇਲਾਕਿਆਂ ਦੇ ਮਾਲਕ ਐਲਾਨੇ ਗਏ। ਇਹ ਸੁਤੰਤਰ ‘ਖ਼ਾਲਸਾ ਰਾਜ’ ਦਾ ਅਹਿਦਨਾਮਾ ਸੀ। ਸੰਨ 1760 ਦੇ ‘ਬੰਦੀਛੋੜ ਦਿਵਸ’ ਮੌਕੇ ਸਿੱਖਾਂ ਨੇ ਲਾਹੌਰ ਉਤੇ ਕਬਜ਼ਾ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ ਸਿੱਖਾਂ ਕੋਲ ਅੰਮ੍ਰਿਤਸਰ ਦੇ ਰਾਮਰੌਣੀ ਕਿਲ੍ਹੇ ਤੋਂ ਇਲਾਵਾ ਹੋਰ ਕਿਸੇ ਇਲਾਕੇ ਉਤੇ ਕਬਜ਼ਾ ਨਹੀਂ ਸੀ।
ਸੰਨ 1761 ਦੇ ‘ਬੰਦੀਛੋੜ ਦਿਵਸ’ ਮੌਕੇ ‘ਸਰਬੱਤ ਖ਼ਾਲਸਾ’ ਦੌਰਾਨ ਜੰਡਿਆਲੇ ਦੇ ਆਕਿਲ ਦਾਸ ਨਿਰੰਜਨੀਏ ਨੂੰ ਅਹਿਮਦ ਸ਼ਾਹ ਅਬਦਾਲੀ ਦਾ ਸੂਹੀਆ ਹੋਣ ਕਰਕੇ ‘ਸੋਧਣ’ ਦਾ ਗੁਰਮਤਾ ਕੀਤਾ ਗਿਆ। ਸੰਨ 1762 ਵਿਚ ‘ਵੱਡਾ ਘੱਲੂਘਾਰਾ’ ਵਾਪਰਿਆ ਅਤੇ 35 ਹਜ਼ਾਰ ਦੇ ਕਰੀਬ ਸਿੰਘ-ਸਿੰਘਣੀਆਂ ਅਤੇ ਬੱਚੇ ਮੁਗ਼ਲਾਂ ਨੇ ਸ਼ਹੀਦ ਕਰ ਦਿੱਤੇ। ਇਸ ਦੇ ਬਾਵਜੂਦ ਸਿੱਖ ਕੌਮ ਨੇ ਈਨ ਨਾ ਮੰਨੀ ਅਤੇ ਇਸੇ ਸਾਲ ‘ਬੰਦੀਛੋੜ ਦਿਵਸ’ ਵਾਲੇ ਦਿਨ ਲਗਭਗ 60 ਹਜ਼ਾਰ ਦੀ ਗਿਣਤੀ ਵਿਚ ਤਿਆਰ-ਬਰ-ਤਿਆਰ ਖ਼ਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਇਕੱਤਰ ਹੋਇਆ ਅਤੇ ਵੱਡੇ ਘੱਲੂਘਾਰੇ ਦਾ ਬਦਲਾ ਲੈਣ ਦਾ ਅਰਦਾਸਾ ਸੋਧਿਆ ਗਿਆ। ਇਸ ਅਰਦਾਸ ਤੋਂ ਬਾਅਦ ਖ਼ਾਲਸਾ ਫ਼ੌਜਾਂ ਨੇ ਲਾਹੌਰ ਵੱਲ ਕੂਚ ਕੀਤਾ ਤਾਂ ਉਧਰੋਂ ਅਹਿਮਦ ਸ਼ਾਹ ਅਬਦਾਲੀ ਵੀ ਆਪਣੀਆਂ ਫ਼ੌਜਾਂ ਲੈ ਕੇ ਅੰਮ੍ਰਿਤਸਰ ਵੱਲ ਆ ਰਿਹਾ ਸੀ। ਦੋਹਾਂ ਧਿਰਾਂ ਦਰਮਿਆਨ ਅੰਮ੍ਰਿਤਸਰ ਸ਼ਹਿਰ ਤੋਂ ਕੁਝ ਦੂਰ ਭਾਰੀ ਟਾਕਰਾ ਹੋਇਆ। ਖ਼ਾਲਸੇ ਦੀ ਭਾਰੀ ਜਿੱਤ ਹੋਈ ਅਤੇ ਉਸ ਨੇ ਅੰਮ੍ਰਿਤਸਰ ਪਹੁੰਚ ਕੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ।
ਉਨ੍ਹੀਵੀਂ ਸਦੀ ਦੀ ਸ਼ੁਰੂਆਤ ਦੇ ਨਾਲ ਜਿਉਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਸਥਾਪਤ ਕੀਤਾ ਤਾਂ ‘ਦੀਵਾਲੀ’ ਅਤੇ ‘ਬੰਦੀਛੋੜ ਦਿਵਸ’ ਲਾਹੌਰ ਦੇ ਉਨ੍ਹਾਂ ਕਿਲ੍ਹਿਆਂ ਵਿਚ ਵੀ ਮਨਾਇਆ ਜਾਣ ਲੱਗਾ, ਜਿਥੋਂ ਕਦੇ ਇਨ੍ਹਾਂ ਤਿਓਹਾਰਾਂ ‘ਤੇ ਪਾਬੰਦੀਆਂ ਦੇ ਮੁਗ਼ਲ ਫ਼ਤਵੇ ਜਾਰੀ ਕਰਦੇ ਸਨ। ਸਿੱਖ ਰਾਜ ਵੇਲੇ ‘ਦੀਵਾਲੀ’ ਨੂੰ ਜੋੜ-ਮੇਲੇ ਦੇ ਰੂਪ ਵਿਚ ਮਨਾਇਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਆਪਣੇ ਪਰਿਵਾਰ ਅਤੇ ਮੁੱਖ ਵਜ਼ੀਰਾਂ ਸਮੇਤ ‘ਬੰਦੀਛੋੜ ਦਿਵਸ’ ਮੌਕੇ ਅੰਮ੍ਰਿਤਸਰ ਪਹੁੰਚ ਕੇ ਗਰੀਬਾਂ ਨੂੰ ਸ਼ਾਹੀ ਖਜ਼ਾਨੇ ‘ਚੋਂ ਧਨ ਵੰਡਦੇ ਅਤੇ ਪੂਰੇ ਸ਼ਹਿਰ ਵਿਚ ਦੀਪਮਾਲਾ ਕਰਵਾਉਂਦੇ। ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਰਤਨ ਸਰਵਣ ਕਰਦੇ। ਸਿੱਖ ਰਾਜ ਦੇ ਪਤਨ ਤੋਂ ਬਾਅਦ ਫ਼ਿਰੰਗੀ ਭਾਰਤ ‘ਤੇ ਕਾਬਜ਼ ਹੋ ਗਏ। ‘ਬੰਦੀਛੋੜ ਦਿਵਸ’ ਰਵਾਇਤੀ ਤੌਰ ‘ਤੇ ਤਾਂ ਸਿੱਖ ਕੌਮ ਵਲੋਂ ਪੂਰੇ ਜ਼ੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਰਿਹਾ, ਪਰ ਗੁਰਦੁਆਰਿਆਂ ‘ਤੇ ਕਾਬਜ਼ ਹੋਏ ਬਿਪਰਵਾਦੀ ਮਹੰਤਾਂ ਨੇ ‘ਬੰਦੀਛੋੜ ਦਿਵਸ’ ਮਨਾਉਣ ਪਿੱਛੇ ਸਿੱਖ ਕੌਮ ਦੀ ਵਿਲੱਖਣਤਾ, ਆਜ਼ਾਦੀ, ਪ੍ਰਸਾਰ-ਪ੍ਰਚਾਰ ਲਈ ਅਤੇ ਜ਼ਬਰ-ਜ਼ੁਲਮ ਵਿਰੁੱਧ ਫ਼ੈਸਲਾਕੁੰਨ ਯੋਜਨਾਵਾਂ ਉਲੀਕਣ ਦੀ ਭਾਵਨਾ ਨੂੰ ਖ਼ਤਮ ਕਰਨ ‘ਚ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਲਈ ‘ਬੰਦੀਛੋੜ ਦਿਵਸ’ ਦਾ ਸਰੋਕਾਰ ਗੁਰਦੁਆਰਿਆਂ ਵਿਚ ਮਹਿਜ ਦੀਪਮਾਲਾ, ਆਤਿਸ਼ਬਾਜ਼ੀ ਅਤੇ ਰਵਾਇਤੀ ਸਮਾਗਮ ਕਰਨ ਤੱਕ ਹੀ ਸੀਮਤ ਹੋ ਗਿਆ।
‘ਬੰਦੀਛੋੜ ਦਿਵਸ’ ਅੱਜ ਵੀ ਵਿਸ਼ਵ-ਵਿਆਪੀ ਸਿੱਖ ਕੌਮ ਵਲੋਂ ਪਿਛਲੇ ਸਮਿਆਂ ਨਾਲੋਂ ਕਿਤੇ ਵੱਧ ਉਤਸ਼ਾਹ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ‘ਦੀਵਾਲੀ’ ਅਤੇ ‘ਬੰਦੀਛੋੜ ਦਿਵਸ’ ਮਨਾਉਣ ਲਈ ਲੱਖਾਂ ਸਿੱਖ ਸੰਗਤਾਂ ਦੇਸ਼-ਵਿਦੇਸ਼ਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚਦੀਆਂ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੌਮ ਦੇ ਨਾਂ ਸੰਦੇਸ਼ ਦਿੰਦਿਆਂ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਤੋਂ ਸੁਚੇਤ ਹੋਣ, ਸਿੱਖੀ ਤੋਂ ਬੇਮੁੱਖ ਹੋਈ ਨਵੀਂ ਪੀੜ੍ਹੀ ਨੂੰ ਘਰ ਵਾਪਸੀ ਅਤੇ ਸਮੁੱਚੀ ਸਿੱਖ ਕੌਮ ਨੂੰ ਜਥੇਬੰਦਕ ਤੌਰ ‘ਤੇ ਇਕਮੁੱਠ ਹੋਣ ਦੀ ਤਾਕੀਦ ਕਰਦੇ ਹਨ।
ਇਸ ਦੇ ਬਾਵਜੂਦ ਅੱਜ ਸਿੱਖ ਕੌਮ ਦੀ ਧਾਰਮਿਕ ਸੁਤੰਤਰਤਾ, ਵਿਲੱਖਣਤਾ, ਹੋਂਦ ਅਤੇ ਜਥੇਬੰਦਕ ਏਕਤਾ ਅੱਗੇ ਅਨੇਕਾਂ ਦੁਸ਼ਵਾਰੀਆਂ ਜਿਉਂ ਦੀਆਂ ਤਿਉਂ ਮੂੰਹ ਅੱਡੀ ਖੜ੍ਹੀਆਂ ਹਨ। ਇੰਝ ਲੱਗਦਾ ਹੈ ਕਿ ਸਿੱਖ ਕੌਮ ਦੇ ਸਰਬਰਾਹ ‘ਰਵਾਇਤੀ ਸੰਦੇਸ਼’ ਦੇ ਕੇ ਹੀ ਸੁਰਖਰੂ ਹੋ ਜਾਂਦੇ ਹੋਣ ਅਤੇ ਇਕੱਤਰ ਹੋਈਆਂ ਸੰਗਤਾਂ ਦਿਲਕਸ਼ ਆਤਿਸ਼ਬਾਜ਼ੀ ਤੇ ਦੀਪਮਾਲਾ ਨਾਲ ਮਨਪ੍ਰਚਾਵਾ ਕਰਕੇ ਹੀ ਘਰਾਂ ਨੂੰ ਮੁੜ ਜਾਂਦੀਆਂ ਹਨ। ‘ਬੰਦੀਛੋੜ ਦਿਵਸ’ ਨੂੰ ਮਨਾਉਣ ਆਈਆਂ ਸੰਗਤਾਂ ਅਤੇ ਕੌਮ ਦੇ ਆਗੂਆਂ ਵਿਚ ਅੱਜ ਇਸ ਦਿਹਾੜੇ ਨੂੰ ਮਨਾਉਣ ਪਿੱਛੇ ਉਹ ਬਹੁਮੁੱਲੇ ਸੰਕਲਪ, ਸ਼ਿੱਦਤ, ਉਤਸ਼ਾਹ ਅਤੇ ਸ਼ਰਧਾ ਕਿਤੇ ਗੁਆਚਦੀ ਨਜ਼ਰ ਆ ਰਹੀ ਹੈ, ਜਿਹੜੀ ਬਿਖੜੇ ਸਮਿਆਂ ਵਿਚ ਵੀ ਸਿੱਖਾਂ ਨੂੰ ਇਕਮੁੱਠ ਹੋ ਕੇ ਕੌਮ ਦੀ ਤਕਦੀਰ ਘੜਨ ਲਈ ਸ਼ਕਤੀ ਬਖ਼ਸ਼ਦੀ ਰਹੀ ਹੈ।
ਮੁੱਦਤ ਬਾਅਦ ਸਾਲ 2015 ਦੇ ‘ਬੰਦੀਛੋੜ ਦਿਵਸ’ ਮੌਕੇ ਸਿੱਖ ਪੰਥ ਨੂੰ ਚੁਫ਼ੇਰਿਓਂ ਘੇਰੀ ਬੈਠੀਆਂ ਅੰਦਰੂਨੀ, ਜਥੇਬੰਦਕ, ਸੰਸਥਾਗਤ ਤੇ ਬਾਹਰੀ ਸਮੱਸਿਆਵਾਂ-ਚੁਣੌਤੀਆਂ ਦੌਰਾਨ ਸਿੱਖ ਸੰਕਲਪ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀਆਂ ਸੰਸਥਾਵਾਂ ਨੂੰ ਵਧੇਰੇ ਨਿਰਪੱਖ, ਆਜ਼ਾਦ ਤੇ ਪ੍ਰਭਾਵਸ਼ਾਲੀ ਬਣਾਉਣ ਲਈ 10 ਨਵੰਬਰ 2015 ਨੂੰ ‘ਸਰਬੱਤ ਖ਼ਾਲਸਾ’ ਅੰਮ੍ਰਿਤਸਰ ਨੇੜੇ ਚੱਬਾ ਵਿਖੇ ਬੁਲਾਇਆ ਗਿਆ, ਇਹ ਗੱਲ ਵੱਖਰੀ ਹੈ ਕਿ ਉਹ ‘ਸਰਬੱਤ ਖ਼ਾਲਸਾ’, ਕਿੰਨਾ ਕੁ ਸਾਰਥਿਕ ਸਾਬਤ ਹੋਇਆ, ਪਰ ਸਿੱਖ ਇਤਿਹਾਸ ਵਿਚ ਸ਼ਾਇਦ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਪਹਿਲਾ ਮੌਕਾ ਹੋਵੇਗਾ, ਜਦੋਂ ਗੁਰਦੁਆਰਾ ਪ੍ਰਬੰਧਾਂ ‘ਤੇ ਕਾਬਜ਼ ਧਿਰ ਦੇ ਖਿਲਾਫ਼ ਸਿੱਖਾਂ ਦਾ ਰੋਹ ਹੜ੍ਹ ਬਣ ਕੇ ਆਇਆ ਅਤੇ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਸਿਆਸੀ ਧਿਰ ਦੇ ਥਾਪੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੇ ਸਮਾਨਾਂਤਰ ਨਵੇਂ ਜਥੇਦਾਰ ਥਾਪੇ ਗਏ ਹੋਣ।
ਇਸ ਵਰ੍ਹੇ ਮੁੜ 10 ਨਵੰਬਰ ਨੂੰ ਤਲਵੰਡੀ ਸਾਬੋ ਦੀ ਧਰਤੀ ‘ਤੇ ‘ਸਰਬੱਤ ਖ਼ਾਲਸਾ’ ਸੱਦਿਆ ਗਿਆ ਹੈ, ਇਹ ‘ਸਰਬੱਤ ਖ਼ਾਲਸਾ’ ਕਿੰਨਾ ਕੁ ਸਫ਼ਲ ਤੇ ਸਾਰਥਿਕ ਹੁੰਦਾ ਹੈ, ਇਹ ਨਤੀਜਾ ਭਾਵੇਂ ਭਵਿੱਖ ਦੇ ਗਰਭ ‘ਚ ਲੁਕਿਆ ਹੈ, ਪਰ ‘ਬੰਦੀਛੋੜ ਦਿਵਸ’ ਵਰਗੇ ਇਤਿਹਾਸਕ ਦਿਹਾੜੇ ਮੌਕੇ ਇਕੱਠੀ ਹੋਣ ਵਾਲੀ ‘ਸਿੱਖ ਸ਼ਕਤੀ’ ਨੂੰ ਕੌਮ ਦੀਆਂ ਦਰਪੇਸ਼ ਚੁਣੌਤੀਆਂ ਵਿਚੋਂ ਉਜਲ ਸਿੱਖੀ ਭਵਿੱਖ ਤੈਅ ਕਰਨ ਦੇ ਸਮਰੱਥ ਬਣਾਉਣ ਲਈ ਸਿੱਖ ਕੌਮ ਦੇ ਅਜੋਕੇ ਸਰਬਰਾਹਾਂ ਨੂੰ ‘ਕਹਿਣੀ-ਕਰਨੀ’ ਵਿਚਲੇ ਫ਼ਰਕ ਨੂੰ ਮਿਟਾ ਕੇ ਕੌਮ ਦੀ ਤਕਦੀਰ ਘੜਨ ਦੀ ਸਮਰੱਥਾ ਦਿਖਾਉਣੀ ਪਵੇਗੀ।
ੲੲੲ

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …