Breaking News
Home / ਮੁੱਖ ਲੇਖ / ਪ੍ਰਬੰਧਕੀ ਤਰੁੱਟੀਆਂ ਦੀ ਆੜ ‘ਚ

ਪ੍ਰਬੰਧਕੀ ਤਰੁੱਟੀਆਂ ਦੀ ਆੜ ‘ਚ

ਸਿੱਖ ਸੰਸਥਾਵਾਂ ਖਿਲਾਫ ਸਿਰਜੇ ਜਾ ਰਹੇ ਬਿਰਤਾਂਤਾਂ ਨੂੰ ਸਮਝਣ ਦੀ ਲੋੜ
ਤਲਵਿੰਦਰ ਸਿੰਘ ਬੁੱਟਰ
ਚਾਹ ਵਿਚ ਮੱਖੀ ਡਿੱਗ ਜਾਵੇ ਤਾਂ ਲੋਕ ਚਾਹ ਡੋਲ੍ਹ ਦਿੰਦੇ ਹਨ। ਜੇ ਉਹੀ ਮੱਖੀ ਇਕ ਕਿੱਲੋ ਘਿਓ ਦੇ ਵਿਚ ਡਿੱਗੇ ਤਾਂ ਲੋਕ ਮੱਖੀ ਬਾਹਰ ਕੱਢ ਕੇ ਸੁੱਟ ਦੇਣਗੇ ਤੇ ਘਿਓ ਵਰਤ ਲੈਣਗੇ। ਕਾਰਨ ਸਪੱਸ਼ਟ ਹੈ ਕਿ ਮੱਖੀ ਨਾਲੋਂ ਜ਼ਿਆਦਾ ਮਹੱਤਵ ਉਸ ਵਸਤੂ ਦੀ ਕੀਮਤ ਦਾ ਹੈ, ਜਿਸ ਵਿਚ ਉਹ ਡਿੱਗਦੀ ਹੈ। ਸਸਤੀ ਵਸਤ ਹੋਵੇਗੀ ਤਾਂ ਵਸਤ ਸੁੱਟ ਦਿੱਤੀ ਜਾਵੇਗੀ ਤੇ ਜੇ ਵਸਤੂ ਕੀਮਤੀ ਹੈ ਤਾਂ ਮੱਖੀ ਬਾਹਰ ਕੱਢ ਵੱਖ ਕਰ ਦਿੱਤੀ ਜਾਵੇਗੀ।
ਕੌਮਾਂ ਦੀਆਂ ਸੰਸਥਾਵਾਂ ਸਦੀਆਂ ਦੇ ਲੰਬੇ ਵਿਚਾਰਧਾਰਕ ਸੰਘਰਸ਼ਾਂ ਦੇ ਪ੍ਰਗਟਾਓ ਤੇ ਸਫਰ ਤੋਂ ਬਾਅਦ ਹੋਂਦ ਵਿਚ ਆਉਂਦੀਆਂ ਹਨ। ਸਮੇਂ ਦੇ ਨਾਲ ਸੰਸਥਾਵਾਂ ਵਿਚ ਤਬਦੀਲੀਆਂ, ਘਾਟਾਂ-ਕਮਜ਼ੋਰੀਆਂ ਵੀ ਬਹੁਤ ਆ ਜਾਂਦੀਆਂ ਹਨ। ਸਿਆਣੀਆਂ ਕੌਮਾਂ ਆਪਣੀਆਂ ਸੰਸਥਾਵਾਂ ਦੀ ਕੀਮਤ ਤੇ ਮਹਾਨਤਾ ਨੂੰ ਸਮਝਦਿਆਂ ਉਨ੍ਹਾਂ ਵਿਚ ਆਈਆਂ ਘਾਟਾਂ-ਕਮਜ਼ੋਰੀਆਂ ਨੂੰ ਦੂਰ ਕਰਨ ਵੱਲ ਧਿਆਨ ਦਿੰਦੀਆਂ ਹਨ ਅਤੇ ਮੂਰਖ ਕੌਮਾਂ ਆਪਣੀਆਂ ਸੰਸਥਾਵਾਂ ਨੂੰ ਹੀ ਢਾਹੁਣ ਵੱਲ ਤੁਰ ਪੈਂਦੀਆਂ ਹਨ।
ਅੰਗਰੇਜ਼ਾਂ ਵੇਲੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨ ਵਾਲੇ ਮਹੰਤ ਸਰਕਾਰ ਦੇ ਥਾਪੜੇ ਵਿਚ ਆ ਕੇ ਗੁਰੂ-ਘਰ ਦੇ ਪੂਜਾ ਦੇ ਧਾਨ ਨੂੰ ਆਪਣੀ ਨਿੱਜੀ ਜਗੀਰ ਸਮਝ ਕੇ ਐਸ਼-ਪ੍ਰਸਤੀ ਵਿਚ ਉਡਾਉਣ ਲੱਗੇ ਤੇ ਵਿਭਚਾਰੀ ਹੋ ਗਏ ਸਨ ਤਾਂ ਪੰਥ ਨੇ ਗੁਰਦੁਆਰਾ ਪ੍ਰਬੰਧਾਂ ਨੂੰ ਮਨਮਤੀ ਤੇ ਅਨੈਤਿਕ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਲੰਬਾ ਸੰਘਰਸ਼ ਵਿੱਢਿਆ। ਸਾਡੇ ਦਾਨੇ ਵਡਾਰੂਆਂ ਨੇ ਗੁਰੂ-ਘਰਾਂ ਦੇ ਪੂਜਾ ਦੇ ਧਾਨ ਦੀ ਦੁਰਵਰਤੋਂ ਸਦਾ ਵਾਸਤੇ ਰੋਕਣ ਲਈ ਪੰਥ ਦੀ ਇਕ ਰਾਏ ਦੇ ਨਾਲ ਐਸਾ ਅਨੁਸ਼ਾਸਨਬੱਧ, ਇਕਰੂਪ ਤੇ ਸਾਂਝਾ ਗੁਰਮਤੀ ਪ੍ਰਬੰਧ ਉਸਾਰਨ ਦਾ ਬਾਨ੍ਹਣੂੰ ਬੰਨ੍ਹਿਆ, ਜਿਸ ਦਾ ਨਾਮ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰੱਖਿਆ ਗਿਆ।
15 ਨਵੰਬਰ 1920 ਨੂੰ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਿਆਂ ਅੱਜ 103 ਸਾਲ ਦੇ ਲਗਪਗ ਸਮਾਂ ਹੋ ਚੁੱਕਿਆ ਹੈ। ਇਸ ਲੰਬੇ ਅਰਸੇ ਦੌਰਾਨ ਸ਼੍ਰੋਮਣੀ ਕਮੇਟੀ ਸਮੇਂ-ਸਮੇਂ ਆਪਣੇ ਨੀਤੀਗਤ ਏਜੰਡੇ ਨਿਰਧਾਰਿਤ ਕਰਦੀ ਰਹੀ ਅਤੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਅਤੇ ਧਰਮ ਪ੍ਰਚਾਰ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਵਿਸ਼ਵ ਵਿਆਪੀ ਸਿੱਖ ਕੌਮ ਦੇ ਸਰਬਪੱਖੀ ਹਿਤਾਂ ਦੀ ਨੁਮਾਇੰਦਗੀ ਵੀ ਕਰਦੀ ਰਹੀ। ਸੰਨ 1998 ਵਿਚ ਜਦੋਂ ਉੱਤਰ ਪ੍ਰਦੇਸ਼ ਵਿਚ ਸਥਿਤ ਸ਼ਹੀਦ ਊਧਮ ਸਿੰਘ ਨਗਰ ਨੂੰ ਨਵੇਂ ਬਣ ਰਹੇ ਰਾਜ ਉਤਰਾਂਚਲ ਵਿਚ ਸ਼ਾਮਲ ਕਰਨ ਦਾ ਮਾਮਲਾ ਆਇਆ ਤਾਂ ਸ਼੍ਰੋਮਣੀ ਕਮੇਟੀ ਨੇ ਅਕਾਲੀ ਦਲ ਨਾਲ ਮਿਲ ਕੇ ਉਸ ਦਾ ਇਸ ਆਧਾਰ ‘ਤੇ ਡਟਵਾਂ ਵਿਰੋਧ ਕੀਤਾ ਕਿ ਅਜਿਹਾ ਕਰਨ ਨਾਲ ਇਸ ਇਲਾਕੇ ਵਿਚ ਰਹਿ ਰਹੇ ਸਿੱਖਾਂ ਦੇ ਹਿਤਾਂ ਦਾ ਨੁਕਸਾਨ ਹੁੰਦਾ ਹੈ। ਪਿਛਲੇ ਸਾਲਾਂ ਦੌਰਾਨ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫ਼ੀ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਭਾਵਨਾਵਾਂ ਅਨੁਸਾਰ ਕੇਂਦਰ ਸਰਕਾਰ ਤੱਕ ਜ਼ੋਰਦਾਰ ਪੈਰਵੀ ਕੀਤੀ ਜਾਂਦੀ ਰਹੀ ਹੈ। ਭਾਵੇਂ ਕਿ ਅੱਜ ਸ਼੍ਰੋਮਣੀ ਕਮੇਟੀ ‘ਤੇ ਸਿਆਸੀ ਹਿਤ ਭਾਰੂ ਹੋਣ ਕਾਰਨ ਬਹੁਤ ਸਾਰੇ ਪੱਖਾਂ ਤੋਂ ਇਹ ਪ੍ਰਭਾਵਸ਼ਾਲੀ ਨਹੀਂ ਰਹੀ ਪਰ ਇਹ ਕਹਿਣਾ ਗੈਰ-ਵਾਜਬ ਨਹੀਂ ਹੋਵੇਗਾ ਕਿ ਦੁਨੀਆ ਭਰ ‘ਚ ਵੱਸਦੇ ਸਿੱਖਾਂ ‘ਤੇ ਜਦੋਂ ਕਦੇ ਵੀ ਕੋਈ ਔਕੜ ਜਾਂ ਭੀੜ ਆਉਂਦੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਵੱਲ ਹੀ ਆਸ ਨਾਲ ਦੇਖਦੇ ਹਨ। ਇਸ ਦੇ ਨਾਲ-ਨਾਲ ਜਦੋਂ ਕਦੇ ਵੀ ਮਨੁੱਖਤਾ ‘ਤੇ ਕੋਈ ਵੱਡੀ ਕੁਦਰਤੀ ਬਿਪਤਾ ਆਉਂਦੀ ਹੈ ਤਾਂ ਸ਼੍ਰੋਮਣੀ ਕਮੇਟੀ ਆਪਣੇ ਬੁਨਿਆਦੀ ਆਸ਼ੇ ਤੋਂ ਸੇਧ ਲੈਂਦਿਆਂ ਰਾਹਤ ਕਾਰਜਾਂ ਦੀ ਸੇਵਾ ਵਿਚ ਕਦੇ ਪਿੱਛੇ ਨਹੀਂ ਰਹਿੰਦੀ। ਕੋਰੋਨਾ ਮਹਾਂਮਾਰੀ ਦਾ ਭਿਆਨਕ ਦੌਰ ਇਸ ਦੀ ਸਭ ਤੋਂ ਤਾਜ਼ਾ ਉਦਾਹਰਨ ਹੈ ਜਦੋਂ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੰਗਰ, ਏਕਾਂਤਵਾਸ ਘਰਾਂ ਅਤੇ ਆਕਸੀਜਨ ਮੁਹੱਈਆ ਕਰਵਾਉਣ ਵਿਚ ਸੇਵਾ ਨਿਭਾਈ ਸੀ।
ਇਹ ਵੀ ਗੱਲ ਠੀਕ ਹੈ ਕਿ ਕਿਸੇ ਸਮੇਂ ਸ਼੍ਰੋਮਣੀ ਕਮੇਟੀ ਰਾਜਨੀਤੀ ਨੂੰ ਅਤੇ ਕਦੇ ਰਾਜਨੀਤੀ ਇਸ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਨਿਰਸੰਦੇਹ ਸ਼੍ਰੋਮਣੀ ਕਮੇਟੀ ਵਿਚ ਸਮੇਂ ਦੇ ਨਾਲ ਕੰਮਕਾਜੀ ਸੱਭਿਆਚਾਰ ਅਤੇ ਆਪਣੇ ਫਰਜਾਂ ਨੂੰ ਬਿਹਤਰੀਨ ਨਿਭਾਉਣ ਦੀ ਇੱਛਾ-ਸ਼ਕਤੀ ਵਿਚ ਅਨੇਕਾਂ ਕਮਜ਼ੋਰੀਆਂ ਆਈਆਂ ਹਨ। ਕਥਿਤ ਤੌਰ ‘ਤੇ ਧਰਮ ਪ੍ਰਚਾਰ ਪ੍ਰਤੀ ਅਵੇਸਲਾਪਨ, ਵਿੱਤੀ ਬੇਨਿਯਮੀਆਂ ਅਤੇ ਪ੍ਰਬੰਧਕੀ ਘਾਟਾਂ-ਕਮਜ਼ੋਰੀਆਂ ਦੀ ਚਰਚਾ ਅਕਸਰ ਚੱਲਦੀ ਰਹਿੰਦੀ ਹੈ। ਲੰਬੇ ਸਮੇਂ ਦੌਰਾਨ ਆਏ ਵਿਗਾੜਾਂ ਨੂੰ ਦੂਰ ਕਰਨ ਲਈ ਸੁਹਿਰਦ ਯਤਨ ਵੀ ਹੁੰਦੇ ਹਨ ਪਰ ਵੱਡੀ ਪੱਧਰ ‘ਤੇ ਸ਼੍ਰੋਮਣੀ ਕਮੇਟੀ ਦੇ ਸਰੋਕਾਰਾਂ ਤੇ ਢਾਂਚੇ ਵਿਚ ਆਈਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਵੀ ਲੰਬੇ ਸਮੇਂ ਦੇ ਅਭਿਆਸ ਦੀ ਲੋੜ ਹੈ। ਇਸੇ ਦਰਮਿਆਨ ਬਹੁਤ ਸਾਰੇ ਪਾਸਿਆਂ ਤੋਂ ਸ਼੍ਰੋਮਣੀ ਕਮੇਟੀ ਦੀ ਅਲੋਚਨਾ ਕਈ ਵਾਰ ਇੰਨੀ ਭਾਰੂ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਜਾਪਣ ਲੱਗਦਾ ਹੈ ਕਿ ਸਮਾਜ ਦੇ ਹੋਰ ਸਾਰੇ ਮੁੱਦੇ ਮੁੱਕ ਗਏ ਹਨ? ਜਾਂ ਸ਼੍ਰੋਮਣੀ ਕਮੇਟੀ ਤਾਂ ਕੋਈ ਵੀ ਚੰਗਾ ਕਾਰਜ ਕਰਦੀ ਹੀ ਨਹੀਂ ਹੈ।
ਬੇਸ਼ੱਕ ਕਿਸੇ ਸੰਸਥਾ ਵਿਚ ਕਮਜ਼ੋਰੀਆਂ-ਘਾਟਾਂ ‘ਤੇ ਨਿਰਪੱਖ ਤੇ ਸਿਹਤਮੰਦ ਚਰਚਾ ਹੋਣੀ ਚਾਹੀਦੀ ਹੈ ਪਰ ਉਸ ਦੇ ਚੰਗੇ ਕਾਰਜਾਂ ਦਾ ਮੁਤਾਲਿਆ ਵੀ ਹੋਣਾ ਚਾਹੀਦਾ ਹੈ। ਜੇ ਕਿਤੇ ਸ਼੍ਰੋਮਣੀ ਕਮੇਟੀ ਵਿਚ ਕਮੀਆਂ-ਪੇਸ਼ੀਆਂ ਹਨ, ਉਨ੍ਹਾਂ ਨੂੰ ਸਾਹਮਣੇ ਲਿਆ ਕੇ ਦੂਰ ਕਰਵਾਉਣ ਦੀ ਭਾਵਨਾ ਨਾਲ ਕੀਤੀ ਜਾਣ ਵਾਲੀ ਅਲੋਚਨਾ ਦਾ ਸਵਾਗਤ ਕਰਨਾ ਬਣਦਾ ਹੈ ਪਰ ਸ਼੍ਰੋਮਣੀ ਕਮੇਟੀ ਨੂੰ ਹਰ ਵੇਲੇ ਨਾਕਾਰਾਤਮਿਕ ਪੱਖ ਤੋਂ ਹੀ ਪੇਸ਼ ਕਰਨਾ ਜਾਂ ਬੇਬੁਨਿਆਦ ਅਫਵਾਹਾਂ ਦੇ ਆਧਾਰ ‘ਤੇ ਅਜਿਹੇ ਬਿਰਤਾਂਤ ਸਿਰਜਣੇ ਕਿ ਜਿਸ ਦੇ ਨਾਲ ਸਿੱਖਾਂ ਅੰਦਰ ਨਮੋਸ਼ੀ ਤੇ ਬੇਵੱਸੀ ਪੈਦਾ ਹੋਵੇ, ਲਿਹਾਜਾ ਸੰਸਥਾ ਦੇ ਵੱਕਾਰ ਅਤੇ ਪੰਥ ਦੀ ਸ਼ਕਤੀ ਨੂੰ ਢਾਹ ਲਾਉਂਦਾ ਹੈ।
ਹਾਂ! ਜੇਕਰ ਸਿੱਖ ਸੰਗਤਾਂ ਜਾਂ ਸਿੱਖ ਲੀਡਰਸ਼ਿਪ ਦੇ ਵੱਖ-ਵੱਖ ਜਾਂ ਬਹੁਤੇ ਹਿੱਸੇ ਇਹ ਮਹਿਸੂਸ ਕਰਦੇ ਹੋਣ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਸਿੱਖ ਪੰਥ ਦੀਆਂ ਆਸਾਵਾਂ ਤੇ ਇੱਛਾਵਾਂ ‘ਤੇ ਪੂਰੇ ਨਹੀਂ ਉੱਤਰ ਰਹੇ ਤਾਂ ਕੋਈ ਵੀ ਸਿੱਖ ਲੀਡਰਸ਼ਿਪ ਦੀ ਧਿਰ ਆਪਣੇ ਏਜੰਡੇ ਪੰਥ ਦੇ ਸਾਹਮਣੇ ਰੱਖ ਕੇ ਸ਼੍ਰੋਮਣੀ ਕਮੇਟੀ ਚੋਣਾਂ ਲੜ ਸਕਦੀ ਹੈ ਅਤੇ ਜਿਹੜੀ ਧਿਰ ਪੰਥ ਦਾ ਭਰੋਸਾ ਜਿੱਤਦੀ ਹੈ ਉਹ ਸੰਵਿਧਾਨਕ ਤੌਰ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਸ਼ਾਮਲ ਹੋ ਕੇ ਆਪਣੀ ਕਾਰਗੁਜ਼ਾਰੀ ਦਿਖਾ ਸਕਦੀ ਹੈ। ਪਰ ਇਕ ਸਦੀ ਪਹਿਲਾਂ ਸਿੱਖਾਂ ਦੀਆਂ ਬੇਅੰਤ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ ਦੀ ਜਿਸ ਤਰ੍ਹਾਂ ਦੀ ਸਿਧਾਂਤਕ ਘੇਰਾਬੰਦੀ ਕੀਤੀ ਜਾ ਰਹੀ ਹੈ ਅਤੇ ਸਿੱਖ ਸੰਗਤ ਹੀ ਅਦ੍ਰਿਸ਼ਟ ਤਾਕਤਾਂ ਦੇ ਸਿਰਜੇ ਬਿਰਤਾਤਾਂ ਦਾ ਸ਼ਿਕਾਰ ਹੋ ਰਹੀ ਹੈ, ਇਸ ਨੂੰ ਸਮਝਣਾ-ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ।
ਸਿਆਸੀ ਦਲਾਂ, ਮੀਡੀਆ ਅਤੇ ਹੋਰ ਲੋਕਾਂ ਵਲੋਂ ਸ਼੍ਰੋਮਣੀ ਕਮੇਟੀ ਨੂੰ ਹਮੇਸ਼ਾ ਨਿਸ਼ਾਨੇ ‘ਤੇ ਰੱਖਣ ਦਾ ਇਕ ਦਿਸਦਾ ਕਾਰਨ ਜਿੱਥੇ ਲੋਕਾਂ ਵਿਚ ਬਣਿਆ ਇਹ ਪ੍ਰਭਾਵ ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਇਕ ਸਿਆਸੀ ਪਰਿਵਾਰ ਦੀ ਲੀਡਰਸ਼ਿਪ ਆਪਣੀ ਮਰਜ਼ੀ ਮੁਤਾਬਿਕ ਚਲਾਉਂਦੀ ਹੈ, ਉਥੇ ਇਸ ਤੋਂ ਵੀ ਵੱਡਾ ਅਣਦਿਸਦਾ ਤੇ ਨੀਤੀਗਤ ਕਾਰਨ ਸ਼੍ਰੋਮਣੀ ਕਮੇਟੀ ਨੂੰ ਹਰ ਵੇਲੇ ਨਿਸ਼ਾਨੇ ‘ਤੇ ਰੱਖਣ ਦਾ ਇਹ ਹੈ ਕਿ ਇਹ ਸੰਸਥਾ ਸਿੱਖਾਂ ਦੀ ਸਭ ਤੋਂ ਵੱਡੀ ਤੇ ਸਮਰੱਥ ਹੋਣ ਕਾਰਨ ਸਿੱਖ ਸਮਾਜ ਦੀ ਰਾਜਸੀ ਤੇ ਧਾਰਮਿਕ ਸ਼ਕਤੀ ਦਾ ਸ਼ਕਤੀਸ਼ਾਲੀ ਮੰਚ ਹੈ। ਇਸ ਕਰਕੇ ਸਿੱਖ ਵਿਰੋਧੀ ਤਾਕਤਾਂ ਤੇ ਸਰਕਾਰਾਂ ਸਿੱਖਾਂ ਦੀ ਰਾਜਸੀ ਤੇ ਸਮਾਜਿਕ ਸਮਰੱਥਾ ਨੂੰ ਖ਼ਤਮ ਕਰਨ ਲਈ ਸਮਰੱਥ ਸੰਸਥਾ ਨੂੰ ਪ੍ਰਭਾਵਹੀਣ ਕਰਨਾ ਚਾਹੁੰਦੀਆਂ ਹਨ।
ਜਿਸ ਵੇਲੇ ਸ਼੍ਰੋਮਣੀ ਕਮੇਟੀ ਬਣਾਈ ਗਈ ਸੀ ਤਾਂ ਇਸ ਦੇ ਬਹੁਤ ਸਾਰੇ ਮੈਂਬਰ ਅਜਿਹੇ ਸਨ, ਜਿਨ੍ਹਾਂ ਨੇ ਗੁਰਦੁਆਰੇ ਮਹੰਤਾਂ ਕੋਲੋਂ ਆਜ਼ਾਦ ਕਰਵਾਉਣ ਦੇ ਅਦਾਲਤੀ ਮੁਕੱਦਮੇ ਲੜਣ ਲਈ ਆਪਣੀਆਂ ਜ਼ਮੀਨਾਂ ਤੱਕ ਵੇਚ ਕੇ ਪੰਥ ਦੀ ਸੰਸਥਾ ਖੜ੍ਹੀ ਕੀਤੀ ਸੀ ਪਰ ਅੱਜ ਅਸੀਂ ਸੰਸਥਾ ਦੇ ਨਿਜ਼ਾਮ ਵਿਚ ਆਏ ਵਿਗਾੜਾਂ ਕਾਰਨ ਸਮੁੱਚੀ ਸੰਸਥਾ ਨੂੰ ਹੀ ਖ਼ਤਮ ਕਰਨ ਵੱਲ ਤੁਰ ਪਈਏ ਤਾਂ ਕੌਣ ਸਿਆਣਾ ਆਖੇਗਾ? ਇੱਥੇ ਇਨਕਲਾਬੀ ਨਾਵਲਕਾਰ ਤੇ ਸ਼੍ਰੋਮਣੀ ਸਿੱਖ ਸਾਹਿਤਕਾਰ ਜਸਵੰਤ ਸਿੰਘ ਕੰਵਲ ਦੀ ਇਕ ਕੁੰਜੀਵਤ ਟਿੱਪਣੀ ਚੇਤੇ ਆਉਂਦੀ ਹੈ ਕਿ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀਆਂ ਲਹੂ-ਭਿੱਜੀਆਂ ਕੁਰਬਾਨੀਆਂ ਨਾਲ ਵਜੂਦ ਵਿਚ ਲਿਆਂਦੀ ਸੀ। ਉਸ ਨੂੰ ਢਾਹੁਣ ਤੁਰ ਪੈਣ ਨਾਲ ਸਿੱਖ ਕੌਮ ਹੱਕੀ-ਬੱਕੀ ਰਹਿ ਗਈ ਹੈ। ਕਮੇਟੀ ਵਿਚ ਨਿਕੰਮਾ ਆਗੂ ਹੋ ਸਕਦਾ ਹੈ। ਬਾਗ਼ ਦੇ ਇਕ ਬੂਟੇ ਨੂੰ ਸੋਕਾ ਪੈ ਜਾਵੇ ਤਾਂ ਸਾਰਾ ਬਾਗ਼ ਨਹੀਂ ਪੁੱਟ ਦੇਈਦਾ। ਸੋਕੇ ਵਾਲਾ ਬੂਟਾ ਪੁੱਟ ਦਿਓ, ਬਾਕੀਆਂ ਨੂੰ ਹਰਾ-ਭਰਾ ਰੱਖਣ ਲਈ ਇਲਾਜ ਸੋਚਿਆ ਜਾ ਸਕਦਾ ਹੈ।’

 

Check Also

ਕਿੰਨੇ ਕੁ ਸਾਰਥਿਕ ਹਨ ਨਵੇਂ ਫ਼ੌਜਦਾਰੀ ਕਾਨੂੰਨ?

ਐਡਵੋਕੇਟ ਜੋਗਿੰਦਰ ਸਿੰਘ ਤੂਰ ਭਾਰਤ ਸਰਕਾਰ ਵਲੋਂ ਅਗਸਤ, 2023 ਵਿਚ ਭਾਰਤ ਵਿਚਲੇ 1860 ਤੋਂ ਚਲਦੇ …