Breaking News
Home / ਮੁੱਖ ਲੇਖ / ਖੁੱਲ੍ਹੇ ਦਰਸ਼ਨ-ਦੀਦਾਰੇ, ਸੁਲਤਾਨਪੁਰ ਲੋਧੀ

ਖੁੱਲ੍ਹੇ ਦਰਸ਼ਨ-ਦੀਦਾਰੇ, ਸੁਲਤਾਨਪੁਰ ਲੋਧੀ

ਲਖਮੀਰ ਸਿੰਘ ਰਾਜਪੂਤ
94172-50172
ਵਿਧਾਨ ਸਭਾ ਚੋਣਾਂ, ਸਾਲ 2012 ਆਉਣ ਵਾਲੀਆਂ ਸਨ ਅਤੇ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਸਰਕਾਰ ਵੱਲੋਂ ਵੱਡੇ ਪੱਧਰ ਤੇ ਤਬਾਦਲੇ ਕੀਤੇ ਜਾਂਦੇ ਹਨ ਤਾਂ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਕਰਵਾਉਣ ਲਈ ਅਫ਼ਸਰ ਤਾਇਨਾਤ ਕੀਤੇ ਜਾ ਸਕਣ। ਮੇਰੀ ਬਦਲੀ ਹੋਣੀ ਵੀ ਨਿਸ਼ਚਿਤ ਸੀ ਕਿਉਂਕਿ ਮੈਨੂੰ ਵੀ ਜ਼ਿਲ੍ਹਾ ਰੂਪਨਗਰ ਵਿਖੇ ਤਾਇਨਾਤ ਹੋਏ ਨੂੰ 3 ਸਾਲ ਤੋਂ ਵੱਧ ਸਮਾਂ ਹੋ ਗਿਆ ਸੀ। ਮੈਂ ਚੰਡੀਗੜ੍ਹ ਦੇ ਆਸਪਾਸ ਕਿਸੇ ਹੋਰ ਜ਼ਿਲ੍ਹੇ ਵਿੱਚ ਪੋਸਟਿੰਗ ਚਾਹੁੰਦਾ ਸੀ, ਪ੍ਰੰਤੂ ਚਾਹੁੰਣ ਨਾਲ ਕੀ ਹੁੰਦਾ ਹੈ ਦਾਣਾ ਪਾਣੀ ਬੰਦੇ ਨੂੰ ਖਿੱਚ ਕੇ ਲੈ ਜਾਂਦਾ। ਇੱਕ ਦਿਨ ਸ਼ਾਮ ਨੂੰ ਬਦਲੀਆਂ ਦੇ ਹੁਕਮ ਜਾਰੀ ਹੋਏ ਤਾਂ ਮੇਰੇ ਨਾਮ ਅੱਗੇ ਐੱਸ.ਡੀ.ਐੱਮ., ਸੁਲਤਾਨਪੁਰ ਲੋਧੀ ਲਿਖਿਆ ਹੋਇਆ ਸੀ, ਪੜ੍ਹਦੇ ਸਾਰ ਹੀ ਇਕਦਮ ਮਨ ਖ਼ਰਾਬ ਜਿਹਾ ਹੋ ਗਿਆ ਕਿ ਬਦਲੀ ਕਾਫ਼ੀ ਦੂਰ ਇੱਕ ਅਣਜਾਣ ਜਗ੍ਹਾ ਤੇ ਹੋ ਗਈ ਹੈ ਕਿਉਂਕਿ ਇਸ ਪਾਸੇ ਵੱਲ ਮੈਂ ਪਹਿਲਾਂ ਕਦੀ ਨਹੀਂ ਸੀ ਗਿਆ ਬਸ ਐਨਾ ਹੀ ਪਤਾ ਸੀ ਕਿ ਇਹ ਜ਼ਿਲ੍ਹਾ ਕਪੂਰਥਲਾ ਵਿੱਚ ਪੈਂਦਾ ਹੈ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਯਾਰਾਂ ਦੋਸਤਾਂ ਨੂੰ ਫ਼ੋਨ ਕਰਕੇ ਇਸ ਜਗ੍ਹਾ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਜਲੰਧਰ ਤੋਂ ਕਪੂਰਥਲਾ ਤੇ ਕਪੂਰਥਲ ਤੋਂ ਸੁਲਤਾਨਪਰ ਲੋਧੀ, ਜਲੰਧਰ ਤੋਂ ਇੱਕ ਘੰਟੇ ਦਾ ਅੱਗੇ ਸਫ਼ਰ ਹੈ।
ਪਹਿਲੇ ਦਫ਼ਤਰ ਦਾ ਜ਼ਰੂਰੀ ਕੰਮ ਨਿਬੇੜ੍ਹ ਕਿ ਕੁੱਝ ਦਿਨਾਂ ਬਾਅਦ ਰੀਲੀਵ ਹੋਣ ਉਪਰੰਤ ਆਪਣੀ ਨਵੀਂ ਪੋਸਟਿੰਗ ਦੀ ਹਾਜ਼ਰੀ ਲਈ ਮੈਂ ਡਿਪਟੀ ਕਮਿਸ਼ਨਰ, ਕਪੂਰਥਲਾ ਜੀ ਨੂੰ ਮਿਲਿਆ ਅਤੇ ਉਸ ਉਪਰੰਤ ਸੁਲਤਾਨਪੁਰ ਲੋਧੀ ਆਪਣੇ ਨਵੇਂ ਦਫ਼ਤਰ ਵੱਲ ਤੁਰ ਪਿਆ। ਮੈਂਨੂੰ ਇਸ ਜਗ੍ਹਾ ਅਤੇ ਰਸਤਿਆਂ ਬਾਰੇ ਪਤਾ ਨਾ ਹੋਣ ਕਰਕੇ ਮੈਂ ਧਿਆਨ ਨਾਲ ਰਸਤੇ ਵਿੱਚ ਆ ਰਹੀਆਂ ਸੰਸਥਾਵਾਂ, ਇਮਾਰਤਾਂ ਬਾਰੇ ਵੀ ਜਾਨਣ ਦੀ ਕੋਸ਼ਿਸ਼ ਕਰ ਰਿਹਾ ਸੀ। ਰਸਤੇ ਵਿੱਚ ਰੇਲ ਕੋਚ ਫ਼ੈਕਟਰੀ, ਕਪੂਰਥਲਾ ਜੋ ਕਿ ਰੇਲ ਦੇ ਡੱਬੇ ਬਣਾਉਣ ਦਾ ਬਹੁਤ ਵੱਡਾ ਕਾਰਖਾਨਾ ਹੈ ਦੇ ਕੋਲੋਂ ਦੀ ਲੰਘੇ ਤੇ ਕੁੱਝ ਸਮਾਂ ਬਾਅਦ ਆਪਣੇ ਨਵੇਂ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਗਏ। ਇਸ ਉਪਰੰਤ ਸਟਾਫ਼ ਨਾਲ ਜਾਣ ਪਹਿਚਾਣ ਹੋਈ ਇੰਨੇ ਚਿਰ ਨੂੰ ਹੋਰ ਅਫ਼ਸਰ ਵੀ ਮਿਲਣ ਆ ਗਏ, ਉਨ੍ਹਾਂ ਤੋਂ ਨਿਪਟ ਕੇ ਵਿਹਲੇ ਹੋਏ ਤਾਂ ਨਵਾਂ ਕਾਰਜ ਸ਼ਰੂ ਕਰਨ ਤੋਂ ਪਹਿਲਾਂ ਪ੍ਰਮਾਤਮਾ ਅੱਗੇ ਅਰਦਾਸ ਕਰਨ ਲਈ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੀ ਗੱਲ ਕਰਕੇ ਡਰਾਇਵਰ ਨੂੰ ਗੱਡੀ ਲਗਾਉਣ ਲਈ ਕਿਹਾ ਤੇ ਫਿਰ ਦਫ਼ਤਰ ਤੋਂ ਥੋੜੀ ਦੂਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੱਲ ਚੱਲ ਪਏ। ਇਹ ਪਾਵਨ ਅਸਥਾਨ ਨੇੜੇ ਹੀ ਵਗਦੀ ਵੇਈਂ ਨਦੀ ਕਿਨਾਰੇ ਤੇ ਹੈ ਜਿੱਥੇ ਸ੍ਰੀ ਗਰੂ ਨਾਨਕ ਦੇਵ ਜੀ ਹਰ ਰੋਜ਼ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇਕ ਦਿਨ ਉਨ੍ਹਾਂ ਨੇ ਬੇਰੀ ਦੀ ਦਾਤਨ ਕਰਕੇ ਨਦੀ ਕਿਨਾਰੇ ਗੱਡ ਦਿੱਤੀ। ਜਿੱਥੇ ਹਣ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਸ਼ੋਭਿਤ ਹੈ, ਇਸ ਪਵਿੱਤਰ ਅਸਥਾਨ ਨਾਲ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਵੇਈਂ ਨਦੀ ਵਿੱਚ ਅਲੋਪ ਹੋਣ ਦੀ ਘਟਨਾ ਜੁੜੀ ਹੋਈ ਹੈ ਕਹਿੰਦੇ ਹਨ ਇਸ ਜਗ੍ਹਾ ਉੱਪਰ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਆਪਣਾ ਚੋਹਲਾ ਉਤਾਰ ਕੇ ਅਹਿਲਕਾਰ ਨੂੰ ਫ਼ੜਾਇਆ ਅਤੇ 72 ਘੰਟੇ ਤੱਕ ਅਲੋਪ ਰਹੇ। ਇਹ ਸਾਰੀਆਂ ਗੱਲਾਂ ਮੇਰੇ ਗੰਨਮੈਨ ਨੇ ਮੈਨੂੰ ਗੁਰਦੁਆਰਾ ਸਾਹਿਬ ਪਹੁੰਚਣ ਤੋਂ ਪਹਿਲਾਂ ਪਹਿਲਾਂ ਦੱਸ ਦਿੱਤੀਆਂ ਸਨ। ਡਰਾਇਵਰ ਅਤੇ ਗੰਨਮੈਨ ਇਲਾਕੇ ਤੋਂ ਪੂਰੀ ਤਰ੍ਹਾਂ ਜਾਣੂੰ ਹੋਣ ਕਰਕੇ ਉਹ ਨਵੇਂ ਆਏ ਅਫ਼ਸਰਾਂ ਨੂੰ ਦੌਰੇ ਦੌਰਾਨ ਇਲਾਕੇ ਬਾਰੇ ਜਾਣੂੰ ਕਰਵਾਉਂਦੇ ਰਹਿੰਦੇ ਹਨ ਤੇ ਨਵਾਂ ਆਇਆ ਅਫ਼ਸਰ ਵੀ ਉਨ੍ਹਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਰਹਿੰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਜੋ ਵੀ ਅਰਦਾਸ ਕੀਤੀ ਜਾਵੇ ਉਹ ਪੂਰੀ ਹੁੰਦੀ ਹੈ। ਕਿਉਂਕਿ ਅੱਗੇ ਚੋਣਾਂ ਦਾ ਸਮਾਂ ਆਉਣ ਵਾਲਾ ਸੀ ਅਤੇ ਇਹ ਬੜਾ ਵੱਡਾ ਕਾਰਜ ਹੁੰਦਾ ਹੈ ਜਿਸ ਵਿਚ ਅਫ਼ਸਰ ਦੀ ਕੁਸ਼ਲਤਾ ਦੀ ਪੂਰੀ ਪਰਖ਼ ਹੁੰਦੀ ਹੈ, ਇਸ ਲਈ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਆਪਣੇ ਅਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਦੀ ਅਰਦਾਸ ਕੀਤੀ ਅਤੇ ਇਸਦੇ ਨਾਲ ਹੀ ਦਫ਼ਤਰੀ ਕੰਮ-ਕਾਰ ਵਿੱਚ ਕਾਮਯਾਬੀ ਲਈ ਵੀ ਪ੍ਰਾਥਨਾ ਕੀਤੀ। ਪਹਿਲਾ ਦਿਨ ਇਸ ਤਰ੍ਹਾਂ ਹੀ ਬੀਤ ਗਿਆ ਅਗਲੇ ਦਿਨ ਤੋਂ ਇਲੈਕਸ਼ਨ ਦੀਆਂ ਤਿਆਰੀਆਂ ਬਾਰੇ ਅਤੇ ਦਫ਼ਤਰੀ ਕੰਮਾਂ ਬਾਰੇ ਜ਼ਾਇਜਾ ਲੈਣਾ ਸ਼ੁਰੂ ਕੀਤਾ। ਕੁਝ ਰਾਜਨੀਤਿਕ ਤੇ ਪਤਵੰਤੇ ਸੱਜਣ ਮਿਲਣ ਆਏ ਅਤੇ ਰੁਝੇਵਿਆਂ ਵਿੱਚ ਦਿਨ ਕਿਵੇਂ ਬੀਤ ਗਿਆ ਪਤਾ ਹੀ ਨਹੀਂ ਚੱਲਿਆ। ਕੁਝ ਦਿਨ ਕੰਮ-ਕਾਰ ਇਸ ਤਰ੍ਹਾਂ ਹੀ ਚੱਲਦਾ ਰਿਹਾ। ਚੋਣ ਪ੍ਰਕਿਰਿਆਂ ਦੀਆਂ ਤਿਆਰੀਆਂ ਅਤੇ ਹੋਰ ਵਿਕਾਸ ਦੇ ਚੱਲ ਰਹੇ ਕੰਮਾਂ ਨੂੰ ਜਾਨਣ ਲਈ ਆਪਣੇ ਹਲਕੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸ ਲਈ ਰੋਜ਼ਾਨਾ ਕੁਝ ਪਿੰਡਾਂ ਵਿੱਚ ਜਾ ਕੇ ਪੋਲਿੰਗ ਸਟੇਸ਼ਨਾਂ, ਉਥੋਂ ਦੇ ਇੰਤਯਾਮਾਂ ਅਤੇ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਜ਼ਾਇਜਾ ਲੈਣ ਦੀ ਵਿਉਂਤਬੰਦੀ ਕੀਤੀ ਗਈ। ਇਸੇ ਦੌਰਾਨ ਵੇਖਿਆ ਕਿ ਸੁਲਤਾਨਪੁਰ ਲੋਧੀ ਸਬ ਡਵੀਜਨ ਦਾ ਇਕ ਪਾਸਾ ਸ਼ੁਰੂ ਤੋਂ ਲੈ ਕੇ ਆਖਰ ਤੱਕ ਸੁਤਲੁਜ ਦਰਿਆ ਨਾਲ ਲੱਗਦਾ ਹੈ ਜਿਸ ਕਰਕੇ ਇਥੇ ਹਰ ਸਾਲ ਹੜ੍ਹਾਂ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਇਹ ਵੀ ਪਤਾ ਚੱਲਿਆ ਕਿ ਇਸ ਇਲਾਕੇ ਦਾ ਮੁੱਖ ਕਿੱਤਾ ਖੇਤੀਬਾੜੀ ਹੈ।
ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਇਹ ਅਹਿਸਾਸ ਹੁੰਦਾ ਗਿਆ ਕਿ ਜਿਸ ਥਾਂ ਤੇ ਪਹਿਲੀ ਵਾਰੀ ਮਜ਼ਬੂਰੀ ਵਿੱਚ ਤਬਾਦਲਾ ਹੋ ਜਾਣ ਕਰਕੇ ਆਇਆ ਸੀ ਉਹ ਥਾਂ ਸੁਲਤਾਨਪੁਰ ਲੋਧੀ ਬਹੁਤ ਹੀ ਪਵਿੱਤਰ ਧਰਤੀ ਉੱਤੇ ਵਸਿਆ ਹੋਇਆ ਕਸਬਾ ਹੈ। ਦੱਸਦੇ ਹਨ ਕਿ ਸੁਲਤਾਨਪੁਰ ਲੋਧੀ ਨਗਰ ਭਾਰਤ ਦੇ ਪੁਰਾਤਨ ਸ਼ਹਿਰਾਂ ਵਿਚੋਂ ਇੱਕ ਹੈ। ਇਹ ਸ਼ਹਿਰ ਭਾਰਤ ਦੇ ਲਗਭਗ ਦੋ ਹਜ਼ਾਰ ਸਾਲਾਂ ਤੋਂ ਵੀ ਵੱਧ ਦੇ ਇਤਿਹਾਸ ਨੂੰ ਦੁਹਰਾਉਂਦਾ ਹੈ।
ਪਹਿਲੀ ਸਦੀ ਤੋਂ ਛੇਵੀਂ ਸਦੀ ਤੱਕ ਸੁਲਤਾਨਪੁਰ ਲੋਧੀ ਬੁੱਧ ਧਰਮ ਦੇ ਭਗਤੀ ਮਾਰਗ ਤੇ ਗਿਆਨ ਮਾਰਗ ਦੇ ਮੁੱਖ ਕੇਂਦਰਾਂ ਵਿੱਚੋਂ ਇਕ ਪ੍ਰਮੁੱਖ ਕੇਂਦਰ ਰਿਹਾ ਹੈ। ਉਸ ਸਮੇਂ ਇਹ ਨਗਰ ਸਰਵਮਾਨਪੁਰ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਬੁੱਧ ਧਰਮ ਦੀ ਪ੍ਰਾਚੀਨ, ਕਿਤਾਬ ਅਭਿਨਵ-ਪ੍ਰਸਤਵਾ, ਸੁਲਤਾਨਪੁਰ ਲੋਧੀ ਵਿਖੇ ਹੀ ਲਿਖੀ ਗਈ। ੮ਵੀਂ ਸਦੀ ਵਿਚ ਇਹ ਨਗਰ ਹਿੰਦੂ ਧਰਮ ਤੇ ਬੁੱਧ ਧਰਮ ਦੇ ਇਕ ਮਹਾਨ ਸਮਰਾਜ ਦੇ ਰੂਪ ਵਜੋਂ ਜਾਣਿਆ ਜਾਂਦਾ ਸੀ।ਜਦੋਂ ਮੁਸਲਿਮ ਹਮਲਾਵਰ ਮਹਿਮੂਦ ਗਜ਼ਨਵੀ ਨੇ ਸਰਵਮਾਨਪੁਰ ਉੱਪਰ ਹਮਲਾ ਕੀਤਾ ਤਾਂ ਹਿੰਦੂਆਂ ਦਾ ਸ਼ਹਿਰ ਹੋਣ ਕਰਕੇ, ਉਸ ਨੇ ਇਸ ਨਗਰ ਨੂੰ ਅੱਗ ਲਗਾ ਕੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਘਟਨਾ ਦੇ ਬਾਅਦ ਸਰਵਮਾਨਪੁਰ ਸ਼ਹਿਰ ਦਾ ਕੁਝ ਨਾ ਬਚਿਆ, ਕੇਵਲ ਕੁਝ ਕੁ ਲੋਕਾਂ ਦੀ ਟੋਲੀ ਨੇ ਇਸ ਨਗਰ ਵਿਚ ਰਹਿਣਾ ਸ਼ੁਰੂ ਕਰ ਦਿੱਤਾ।
ਇੱਕ ਵਾਰ ਪੰਜਾਬ ਦੇ ਹਾਕਮ ਅਲੀ ਮੁਹੰਮਦ ਖਾਨ ਦਾ ਸ਼ਹਿਜ਼ਾਦਾ ਸੁਲਤਾਨ ਖਾਨ ਰਸਤੇ ‘ਚੋਂ ਗੁਜ਼ਰ ਰਿਹਾ ਸੀ ਤਾਂ ਕਹਿੰਦੇ ਹਨ ਕਿ ਇਸ ਸ਼ਹਿਰ ਦੇ ਸੁੰਦਰ ਚੌਗਿਰਦੇ ਨੇ ਉਸ ਨੂੰ ਅਕਰਸ਼ਿਤ ਕੀਤਾ। ਉਸ ਨੇ ਇਸ ਸ਼ਹਿਰ ਦਾ ਮੁੜ ਨਿਰਮਾਣ ਕਰਨ ਦੀ ਸੋਚੀ। ਇਸ ਤਰ੍ਹਾਂ ਇਸ ਪੁਰਾਤਨ ਸ਼ਹਿਰ ਸਰਵਮਾਨਪੁਰ ਦੀ ਥਾਂ ਤੇ ਨਵੇਂ ਸ਼ਹਿਰ ਸੁਲਤਾਨਪੁਰ ਲੋਧੀ ਦਾ ਜਨਮ ਹੋਇਆ। ਸੁਲਤਾਨਪੁਰ ਲੋਧੀ ਨਗਰ ਦਿੱਲੀਂ ਤੋਂ ਲਾਹੋਰ ਜਾਣ ਵਾਲੇ ਪ੍ਰਾਚੀਨ ਵਪਾਰ ਮਾਰਗ ਦਾ ਕੇਂਦਰੀ ਬਿੰਦੂ ਵੀ ਰਿਹਾ ਹੈ। ਉੱਤਰੀ ਭਾਰਤ ਦੇ ਪ੍ਰਸਿੱਧ ਵਪਾਰਕ ਸ਼ਹਿਰਾਂ ਵਿਚ ਇਹ ਨਗਰ ਇਕ ਸੀ। ਇਹ ਨਗਰ ਕੇਵਲ ਸੁੰਦਰਤਾ ਜਾਂ ਵਪਾਰ ਕਰਕੇ ਹੀ ਪ੍ਰਸਿੱਧ ਨਹੀਂ ਸੀ, ਸਗੋਂ ਉਚੇਰੀ ਇਸਲਾਮਿਕ ਸਿੱਖਿਆ ਦਾ ਵੀ ਸਿਰਮੌਰ ਕੇਂਦਰ ਸੀ। ਬਹੁਤ ਸਾਰੇ ਮਦਰੱਸੇ ਇਸ ਨਗਰ ਵਿੱਚ ਸਥਿੱਤ ਸਨ। ਕਿਹਾ ਜਾਂਦਾ ਹੈ ਕਿ ਦਿੱਲੀ ਦੇ ਦੋ ਬਾਦਸ਼ਾਹਾਂ ਔਰੰਗਜ਼ੇਬ ਅਤੇ ਦਾਰਾ ਸ਼ਿਕੋਹ ਨੇ ਆਪਣੀ ਉਚੇਰੀ ਇਸਲਾਮਿਕ ਵਿਦਿਆ ਸੁਲਤਾਨਪੁਰ ਦੀ ਪ੍ਰਸਿੱਧ ਸਫੈਦ ਮਸਜਿਦ ਵਿਚ ਪੂਰੀ ਕੀਤੀ।
ਸ੍ਰੀ ਗਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਆਉਣ ਦਾ ਸਬੱਬ ਇਸ ਤਰ੍ਹਾਂ ਬਣਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਜੋ ਕਿ ਭਾਈ ਜੈ ਰਾਮ ਜੀ ਨਾਲ ਵਿਆਏ ਹੋਏ ਸਨ ਉਹ ਸਲਤਾਨਪੁਰ ਲੋਧੀ ਵਿਖੇ ਨਵਾਬ ਦੌਲਤ ਖਾਨ ਦੇ ਉੱਚ ਕਰਮਚਾਰੀ ਸਨ। ਭਾਈ ਜੈ ਰਾਮ ਜੀ ਦੇ ਸੱਦੇ ਉੱਪਰ ਗੁਰੂ ਜੀ ੧੪੮੪ ਈ: ਨੂੰ ਸੁਲਤਾਨਪੁਰ ਲੋਧੀ ਵਿਖੇ ਆਏ ਇੱਥੇ ਉਹਨਾਂ ਨੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਜਿੱਥੇ ਉਨ੍ਹਾਂ ਨੇ ਤੇਰਾ ਤੇਰਾ ਉਚਾਰਿਆ ਇਸ ਜਗ੍ਹਾ ਤੇ ਇਸ ਸਮੇਂ ਗੁਰਦੁਆਰਾ ਸ੍ਰੀ ਹੱਟ ਸਾਹਿਬ ਹੈ। ਕੁਝ ਸਮੇਂ ਬਾਅਦ ਸੰਨ ੧੪੮੭ ਈ: ਨੂੰ ਬਟਾਲੇ ਵਿਖੇ ਉਨ੍ਹਾਂ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ। ਗਰੂ ਸਾਹਿਬ ਮਾਤਾ ਸੁਲੱਖਣੀ ਜੀ ਨੂੰ ਆਪਣੇ ਨਾਲ ਸੁਲਤਾਨਪੁਰ ਲੋਧੀ ਵਿਖੇ ਲੈ ਆਏ ਅਤੇ ਉਨ੍ਹਾਂ ਦੇ ਘਰ ਦੋ ਸਪੁੱਤਰਾਂ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਇਸ ਥਾਂ ਤੇ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਥਿੱਤ ਹੈ।
ਗੁਰੂ ਸਾਹਿਬ ਵੇਈਂ ਨਦੀ ਵਿਚੋਂ ਅਲੋਪ ਹੋਣ ਤੋਂ ੭੨ ਘੰਟੇ ਬਾਅਦ ਜਿਥੇ ਹੁਣ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ੩ ਮੀਲ ਦੂਰ ਆ ਬਿਰਾਜੇ ਇਸ ਜਗ੍ਹਾ ਉੱਪਰ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਣ ਕੀਤਾ। ਇਸ ਪਵਿੱਤਰ ਧਰਤੀ ਉੱਪਰ ਗੁਰਦੁਆਰਾ ਸੰਤ ਘਾਟ ਸਾਹਿਬ ਸੁਸ਼ੋਭਿਤ ਹੈ। ਜਿਸ ਸਥਾਨ ਉੱਪਰ ਈਦਗਾਹ ਵਿੱਚ ਸ੍ਰੀ ਗਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਂ ਤੇ ਉਸਦੇ ਮੌਲਵੀ ਨੂੰ ਨਵਾਜ਼ ਦੀ ਅਸਲੀਅਤ ਦੱਸੀ ਉਸ ਜਗ੍ਹਾ ਤੇ ਗੁਰਦੁਆਰਾ ਸ੍ਰੀ ਅੰਤਰਯਾਤਮਾ ਜੀ ਦੀ ਸੁੰਦਰ ਇਮਾਰਤ ਸਥਿਤ ਹੈ। ਪਿੰਡ ਭਰੋਆਣਾ ਵਿਚ ਗੁਰਦੁਆਰਾ ਰਬਾਬਸਰ ਸਥਿਤ ਹੈ, ਜਿਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਦੇਸ਼ ਤੇ ਭਾਈ ਮਰਦਾਨਾ ਨੂੰ ਰਬਾਬ ਪ੍ਰਾਪਤ ਹੋਈ ਸੀ। ਇਸ ਤੋਂ ਇਲਾਵਾ ਇਸ ਸ਼ਹਿਰ ਵਿੱਚ ਗੁਰਦੁਆਰਾ ਸ਼੍ਰੀ ਭੌਰਾ ਸਾਹਿਬ ਹੈ, ਗੁਰਦਾਆਰਾ ਸ਼੍ਰੀ ਕੋਠਰੀ ਸਾਹਿਬ, ਗੁਰਦੁਆਰਾ ਸ਼੍ਰੀ ਸਿਹਰਾ ਸਾਹਿਬ ਅਤੇ ਹੋਰ ਵੀ ਪਵਿੱਤਰ ਸਥਾਨ ਸੁਸ਼ੋਭਿਤ ਹਨ। ਇਸ ਧਰਤੀ ਤੋਂ ਹੀ ਗੁਰੂ ਸਾਹਿਬ ਨੇ ਵੱਖ-ਵੱਖ ਦਿਸ਼ਾਵਾ ਵੱਲ ਜਾ ਕੇ ਮਨੁੱਖਤਾ ਦੇ ਭਲੇ ਲਈ ਪ੍ਰਚਾਰ ਸ਼ੁਰੂ ਕੀਤਾ ਸੀ।
ਜੇਕਰ ਮੇਰੀ ਬਦਲੀ ਸੁਲਤਾਨਪੁਰ ਲੋਧੀ ਨਾ ਹੁੰਦੀ ਤਾਂ ਹੋ ਸਕਦਾ ਹੈ ਮੈਂ ਇਸ ਧਰਤੀ ਨੂੰ ਇਸ ਤਰ੍ਹਾਂ ਨਾ ਜਾਣ ਸਕਦਾ ਮੈਨੂੰ ਆਪਣੇ ਆਪ ਵਿਚ ਇਹ ਘਾਟ ਵੀ ਮਹਿਸੂਸ ਹੋ ਰਹੀ ਸੀ ਕਿ ਮੈਂ ਪਹਿਲਾਂ ਇਸ ਪਵਿੱਤਰ ਜਗ੍ਹਾ ਤੇ ਕਿਉਂ ਨਹੀਂ ਆਇਆ ਜਿਸ ਦਾ ਸਿੱਖ ਇਤਿਹਾਸ ਵਿੱਚ ਐਡਾ ਉੱਚਾ ਸਥਾਨ ਹੈ। ਅਸੀਂ ਆਪਣੇ ਹੀ ਦੇਸ਼ ਅਤੇ ਸੂਬੇ ਦੀ ਇਸ ਪਵਿੱਤਰ ਧਰਤੀ ਦੇ ਦਰਸ਼ਨ ਤੋਂ ਵਾਂਝੇ ਰਹੇ, ਜਿੱਥੇ ਅਸੀਂ ਜਦੋਂ ਮਰਜ਼ੀ ਆ ਕੇ ਧਾਰਮਿਕ ਸਥਾਨਾਂ ਦੇ ਖੁੱਲੇ ਦਰਸ਼ਨ ਦੀਦਾਰੇ ਕਰ ਸਕਦੇ ਸੀ। ਬਾਅਦ ਵਿੱਚ ਕਈ ਵਾਰੀ ਮੈਂ ਆਪਣੇ ਯਾਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਪੁੱਛਿਆ ਕਿ ਕੀ ਤੁਸੀਂ ਕਦੀ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਦੇ ਦਰਸ਼ਨ ਕੀਤੇ ਹਨ ਜਿੱਥੇ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਤਕਰੀਬਨ 16 ਸਾਲ ਬੀਤਾਏ ਤਾਂ ਬਹੁਤ ਸਾਰਿਆਂ ਨੇ ਇਸ ਬਾਰੇ ਨਾਂਹ ਵਿੱਚ ਹੀ ਜਵਾਬ ਦਿੱਤਾ। ਮੈਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਜੋ ਵੀ ਮੰਗਿਆ ਉਹ ਪਾਇਆ ਅਤੇ ਇਹ ਸਮਾਂ ਮੇਰੇ ਜੀਵਨ ਦਾ ਸਭ ਤੋਂ ਵਡਮੁੱਲਾ ਸਮਾਂ ਸੀ। ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਲਿਖੀਆਂ ਚੰਦ ਲਾਈਨਾਂ ਹੇਠ ਅਨੁਸਾਰ ਹਨ:
ਜੋ ਮੰਗਿਆ ਸੋ ਪਾਇਆ ਰੱਬ ਤੋਂ, ਉਸਦਾ ਸ਼ੁਕਰ ਗੁਜ਼ਾਰਾ।
ਉਸਦੀ ਮਿਹਰ ਦੀ ਸਦਕੇ ਹੀ, ਮੈਂ ਸਾਰੇ ਕੰਮ ਸਵਾਰਾਂ।
ਲੋਕੀ ਕਹਿੰਦੇ ਬੜਾ ਸਿਆਣਾਂ, ਬੜੀ ਹੈ ਉਸਦੀ ਚੱਲਦੀ।
ਸਤਿਗੁਰੂ ਦੀ ਵਡਿਆਈ, ਉਸਨੇ ਲਾਜ ਰੱਖੀ ਹਰ ਪਲ ਦੀ।
ਵਾਹਿਗੁਰੂ ਦਾ ਹੱਥ ਜਿਸ ਦੇ ਸਿਰ,ਉਸਦੀਆਂ ਸਦਾ ਬਹਾਰਾਂ।
ਉਸਦੀ ਮਿਹਰ ਦੀ ਸੱਦਕੇ ਹੀ, ਮੈਂ ਸਾਰੇ ਕੰਮ ਸਵਾਰਾਂ।

Check Also

ਕੀ ਉਹ ਮੁੜ ਕਹਿਣਗੇ ‘ਮੁਝੇ ਘਰ ਜਾਨੇ ਦੋ’

ਗੁਰਮੀਤ ਸਿੰਘ ਪਲਾਹੀ ਦੇਸ਼ ਵਿੱਚ ਕੁੱਲ ਕਾਮਿਆਂ ਦੀ ਗਿਣਤੀ 45 ਕਰੋੜ ਹੈ। ਇਹਨਾਂ ਵਿੱਚੋਂ 93 …