Breaking News
Home / ਮੁੱਖ ਲੇਖ / ਹੜ੍ਹਾਂ ਦੌਰਾਨ ਮਾਨਵਤਾ ਦੀ ਸੇਵਾ ‘ਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ

ਹੜ੍ਹਾਂ ਦੌਰਾਨ ਮਾਨਵਤਾ ਦੀ ਸੇਵਾ ‘ਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ

ਤਲਵਿੰਦਰ ਸਿੰਘ ਬੁੱਟਰ
ਪੰਜਾਬ ਇਸ ਵੇਲੇ ਹੜ੍ਹਾਂ ਦੀ ਭਿਆਨਕ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜ, ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਪਹੁੰਚਾਉਣਾ, ਹਿਮਾਚਲ ਪ੍ਰਦੇਸ਼ ਦੇ ਮਨੀਕਰਣ ਸਾਹਿਬ ਤੇ ਹੋਰ ਥਾਵਾਂ ‘ਤੇ ਫਸੇ ਪੰਜਾਬੀ ਯਾਤਰੂਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਵਰਗੇ ਕਾਰਜਾਂ ਵਿਚ ਤਰਜੀਹੀ ਭੂਮਿਕਾ ਨਿਭਾਅ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਆਪਣੇ ਅਕਸ ਨੂੰ ਉੱਚਾ ਕੀਤਾ ਹੈ, ਉੱਥੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਆਪਣੀ ਇਕ-ਇਕ ਦਿਨ ਦੀ ਤਨਖਾਹ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਣ ਦਾ ਐਲਾਨ ਕਰਕੇ ਮਾਨਵਤਾ ਦੇ ਹਿਤ ਵਿਚ ਚੰਗਾ ਤੇ ਸੁਖਦ ਉਦਮ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਲਗਪਗ ਵੀਹ ਹਜ਼ਾਰ ਤੋਂ ਵੱਧ ਮੁਲਾਜ਼ਮ ਹਨ। ਇਸ ਤਰ੍ਹਾਂ ਸਭ ਮੁਲਾਜ਼ਮਾਂ ਦੀ ਇਕ-ਇਕ ਦਿਨ ਦੀ ਤਨਖਾਹ ਨਾਲ ਕਰੋੜਾਂ ਰੁਪਏ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਦਿੱਤੇ ਜਾ ਸਕਣਗੇ।
ਭਾਵੇਂਕਿ ਹੜ੍ਹਾਂ ਦੇ ਹਾਲਾਤ ‘ਤੇ ਨਜ਼ਰ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਰਕਾਰ ਦੇ ਵੱਖ-ਵੱਖ ਮਹਿਕਮੇ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਨੂੰ ਰਾਹਤ ਸਮੱਗਰੀਆਂ ਪਹੁੰਚਾ ਰਹੇ ਹਨ ਪਰ ਜਿੰਨੇ ਵਿਆਪਕ ਪੱਧਰ ‘ਤੇ ਹੜ੍ਹਾਂ ਦੀ ਮਾਰ ਹੇਠਾਂ ਆਏ ਲੋਕਾਂ ਦਾ ਜੀਵਨ ਲੀਹ ਤੋਂ ਲੱਥਾ ਹੈ, ਰੁਟੀਨ ਦੇ ਸਰਕਾਰੀ ਰਾਹਤ ਕਾਰਜ ਇਸ ਵਾਰ ਹੋਏ ਨੁਕਸਾਨ ਅੱਗੇ ਨਾਕਾਫੀ ਹਨ। ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਦੇ ਘਰਾਂ ਵਿਚ ਕਈ-ਕਈ ਫੁੱਟ ਪਾਣੀ ਭਰ ਗਿਆ। ਕਈ-ਕਈ ਦਿਨ ਲੋਕਾਂ ਨੂੰ ਘਰਾਂ ਦੀਆਂ ਛੱਤਾਂ ‘ਤੇ ਗੁਜ਼ਾਰਨੇ ਪਏ ਅਤੇ ਪ੍ਰਸ਼ਾਸਨ ਦੀ ਮਦਦ ਵੀ ਕਿੰਨਾ-ਕਿੰਨਾ ਸਮਾਂ ਦੇਰੀ ਨਾਲ ਉਨ੍ਹਾਂ ਤੱਕ ਪੁੱਜੀ। ਕਈ ਖੇਤਰਾਂ ਵਿਚ ਤਾਂ ਸ਼੍ਰੋਮਣੀ ਕਮੇਟੀ, ਸਰਕਾਰ ਨਾਲੋਂ ਵੀ ਪਹਿਲਾਂ ਰਾਹਤ ਸਮੱਗਰੀ ਲੈ ਕੇ ਪੁੱਜਣ ਵਿਚ ਕਾਮਯਾਬ ਰਹੀ। ਇਸ ਗੱਲ ਦੀ ਆਮ ਲੋਕਾਂ ਵਿਚ ਸ਼ਲਾਘਾ ਵੀ ਹੋਈ।
ਮਨੁੱਖ ਆਪਣਾ ਘਰ-ਬਾਰ ਬਣਾਉਣ ਲਈ ਉਮਰਾਂ ਦੀ ਕਮਾਈ ਲਾ ਦਿੰਦਾ ਹੈ। ਕਿਆਸ ਕਰੋ ਕਿ ਜਿਨ੍ਹਾਂ ਲੋਕਾਂ ਦੇ ਘਰ-ਬਾਰ ਹੜ੍ਹਾਂ ਨੇ ਤਬਾਹ ਕਰਕੇ ਰੱਖ ਦਿੱਤੇ, ਕਾਰੋਬਾਰ-ਜ਼ਮੀਨਾਂ ਬਰਬਾਦ ਕਰ ਦਿੱਤੀਆਂ ਉਨ੍ਹਾਂ ਕੋਲ ਭਵਿੱਖ ਵਿਚ ਪੈਰਾਂ ਸਿਰ ਖੜ੍ਹੇ ਹੋਣ ਦਾ ਕਿਹੜਾ ਬਾਕੀ ਆਸਰਾ ਬਚਿਆ ਹੈ? ਪਰ ਜੇਕਰ ਸਮੂਹਿਕ ਯਤਨ ਹੋਣ ਤਾਂ ਹੜ੍ਹ ਮਾਰੇ ਲੋਕਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰਕੇ ਉਨ੍ਹਾਂ ਦੇ ਜੀਵਨ ਨੂੰ ਮੁੜ ਉੱਥੋਂ ਹੀ ਲੀਹ ‘ਤੇ ਲਿਆਂਦਾ ਜਾ ਸਕਦਾ ਹੈ, ਜਿੱਥੋਂ ਉਹ ਹੜ੍ਹਾਂ ਦੌਰਾਨ ਲੀਹ ਤੋਂ ਲੱਥੇ ਹਨ। ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਇਕ-ਇਕ ਦਿਨ ਦੀ ਤਨਖਾਹ ਹੜ੍ਹ ਪੀੜਤਾਂ ਨੂੰ ਦੇਣ ਦੇ ਵਾਂਗ ਸਰਕਾਰ ਤੇ ਹੋਰ ਸਮਾਜ-ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆ ਕੇ ਹੜ੍ਹ ਪੀੜਤ ਲੋਕਾਂ ਦੀ ਜ਼ਿੰਦਗੀ ਨੂੰ ਮੁੜ ਪਹਿਲਾਂ ਵਾਲੀ ਰੌਣਕ ਦੇਣ ਲਈ ਮਦਦ ਕਰਨੀ ਚਾਹੀਦੀ ਹੈ।
ਪਿਛਲੇ ਦਿਨੀਂ ਮਨੀਕਰਣ ਸਾਹਿਬ ਵਿਖੇ ਹੜ੍ਹਾਂ ਦੌਰਾਨ ਫਸੇ ਯਾਤਰੂਆਂ ਨੂੰ ਵੀ ਸ਼੍ਰੋਮਣੀ ਕਮੇਟੀ ਵਲੋਂ ਵਾਪਸ ਪੰਜਾਬ ਲਿਆਂਦਾ ਗਿਆ ਸੀ। ਉਥੇ ਫਸੇ ਪੰਜਾਬ ਦੇ ਯਾਤਰੂਆਂ ਦੀ ਨਾ ਉਥੋਂ ਦੀ ਸਰਕਾਰ ਨੇ, ਨਾ ਹੀ ਪ੍ਰਸ਼ਾਸਨ ਨੇ ਕੋਈ ਸਾਰ ਲਈ, ਸਗੋਂ ਪੰਜਾਬੀ ਯਾਤਰੂਆਂ ਨੇ ਜਦੋਂ ਉਥੇ ਬਿਪਤਾ ਵੇਲੇ ਆਪੋ-ਆਪਣੇ ਹਲਕਿਆਂ ਦੇ ਵਿਧਾਇਕਾਂ ਨੂੰ ਫੋਨ ਅਤੇ ਵਟਸਐਪ ‘ਤੇ ਮੈਸੇਜ ਕਰਕੇ ਸਹਾਇਤਾ ਦੀ ਅਪੀਲ ਕੀਤੀ ਸੀ ਤਾਂ ਕਿਸੇ ਨੇ ਬਹੁੜੀ ਨਾ ਕੀਤੀ। ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਯਾਤਰੂਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਲਿਆ ਕੇ ਲੰਗਰ-ਪ੍ਰਸ਼ਾਦਾ ਛਕਾਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਘਰਾਂ ਤੱਕ ਛੱਡਣ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਯਾਤਰੂਆਂ, ਜਿਨ੍ਹਾਂ ਵਿਚ ਸਿੱਖਾਂ ਤੋਂ ਇਲਾਵਾ ਹਿੰਦੂ ਅਤੇ ਕੁਝ ਪਰਵਾਸੀ ਮਜਦੂਰ, ਜੋ ਕਿ ਮਨੀਕਰਣ ਸਾਹਿਬ ਵੱਲ ਕੰਮ-ਕਾਰ ਕਰਦੇ ਸਨ, ਵੀ ਸ਼ਾਮਲ ਸਨ ਅਤੇ ਸਭ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਉਹ ਬੜੇ ਔਖੇ ਹਾਲਾਤ ਵਿਚ ਮਨੀਕਰਣ ਸਾਹਿਬ ਤੋਂ ਪਹਾੜਾਂ, ਖੱਡਾਂ ਵਾਲੇ ਖਤਰਨਾਕ ਰਸਤਿਆਂ ਤੋਂ ਹੁੰਦੇ ਹੋਏ, ਟੈਕਸੀਆਂ ਦੇ ਭਾਰੀ ਕਿਰਾਏ ਦੇ ਕੇ ਮੰਡੀ ਤੱਕ ਪੁੱਜੇ ਸਨ। ਮੰਡੀ ਵਿਚ ਜਦੋਂ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਬੱਸਾਂ ਵੇਖੀਆਂ, ਜਿਨ੍ਹਾਂ ਦੇ ਡਰਾਈਵਰ ਆਖ ਰਹੇ ਸਨ ਕਿ ਅਸੀਂ ਤੁਹਾਨੂੰ ਲੈਣ ਹੀ ਆਏ ਹਾਂ ਅਤੇ ਮੁਫਤ ਵਿਚ ਘਰੋ-ਘਰੀ ਪਹੁੰਚਾ ਕੇ ਆਵਾਂਗੇ, ਤਾਂ ਇਹ ਸੁਣ ਕੇ ਸਾਰੇ ਯਾਤਰੂਆਂ ਨੂੰ ਇੰਜ ਲੱਗਾ ਜਿਵੇਂ ਉਹ ਸੁਪਨਾ ਵੇਖ ਰਹੇ ਹੋਣ। ਕਿਉਂਕਿ ਇਸ ਤੋਂ ਪਹਿਲਾਂ ਮਨੀਕਰਣ ਸਾਹਿਬ ਤੋਂ ਮੰਡੀ ਤੱਕ ਵੱਖ-ਵੱਖ ਪੜਾਵਾਂ ਵਿਚ ਉਨ੍ਹਾਂ ਨੇ ਮਹਿਜ 5-5, 7-7 ਕਿਲੋਮੀਟਰ ਦੇ ਸਫਰ ਲਈ ਵੱਖ-ਵੱਖ ਟੈਕਸੀਆਂ ਨੂੰ 200 ਤੋਂ 400 ਰੁਪਏ ਤੱਕ ਇਕ ਸਵਾਰੀ ਦਾ ਦਿੱਤਾ ਸੀ। ਪਹਾੜੀ ਲੋਕਾਂ ਨੇ ਬਿਮਾਰਾਂ, ਬਜੁਰਗਾਂ ਤੇ ਔਰਤਾਂ ਨੂੰ ਦੋ ਕਿਲੋਮੀਟਰ ਦਾ ਪਹਾੜੀ ਤੇ ਖੱਡਾਂ ਵਾਲਾ ਰਸਤਾ ਪਾਰ ਕਰਵਾਉਣ ਬਦਲੇ ਇਕ-ਇਕ ਵਿਅਕਤੀ ਕੋਲੋਂ ਪੰਜ-ਪੰਜ ਹਜ਼ਾਰ ਰੁਪਏ ਤੱਕ ਵਸੂਲ ਕੀਤੇ ਸਨ। ਉਨ੍ਹਾਂ ਯਾਤਰੂਆਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸੁਣਿਆ ਤਾਂ ਸੀ ਕਿ ਅਮਰੀਕਾ ਜਾਣ ਲਈ ਬਹੁਤ ਸਾਰੇ ਲੋਕ ਪਨਾਮਾ ਦੇ ਖਤਰਨਾਕ ਜੰਗਲਾਂ ਵਿਚ ਡੌਂਕੀ ਲਾ ਕੇ ਮੌਤ ਨਾਲ ਖਹਿ ਕੇ ਲੰਘਦੇ ਹਨ ਪਰ ਉਨ੍ਹਾਂ ਨੇ ਤਾਂ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਾਪਸੀ ਲਈ ਵੀ ਡੌਂਕੀ ਲਾਉਣ ਵਰਗੇ ਮੌਤ ਦਾ ਸਾਹਮਣਾ ਕਰਨ ਵਾਲੇ ਹਾਲਾਤ ਵੇਖ ਲਏ ਹਨ।
ਹਿਮਾਚਲ ਪ੍ਰਦੇਸ਼ ਦੀ ਸਰਕਾਰ ਦਾ ਇਹ ਫਰਜ਼ ਬਣਦਾ ਸੀ ਕਿ ਜੋ ਲੋਕ ਦੂਜੇ ਸੂਬਿਆਂ ਤੋਂ ਉਨ੍ਹਾਂ ਦੇ ਸੂਬੇ ਵਿਚ ਯਾਤਰਾ ਲਈ ਆਏ ਸਨ ਅਤੇ ਉਨ੍ਹਾਂ ਦੇ ਆਉਣ ਨਾਲ ਉਨ੍ਹਾਂ ਦੇ ਸੂਬੇ ਵਿਚ ਸੈਰ-ਸਪਾਟਾ ਉਦਯੋਗ ਪ੍ਰਫੁਲਤ ਹੁੰਦਾ ਹੈ, ਉਨ੍ਹਾਂ ਨੂੰ ਕਿਸੇ ਬਿਪਤਾ ਵੇਲੇ ਸੁਰੱਖਿਅਤ ਉਨ੍ਹਾਂ ਦੇ ਸੂਬੇ ਵਿਚ ਪਹੁੰਚਾਇਆ ਜਾਵੇ। ਪੰਜਾਬ ਸਰਕਾਰ ਨੂੰ ਵੀ ਦੂਜੇ ਸੂਬਿਆਂ ਵਿਚ ਫਸੇ ਆਪਣੇ ਵਸਨੀਕਾਂ ਦੀ ਸਹਾਇਤਾ ਲਈ ਜਿੰਨੀ ਸ਼ਿੱਦਤ ਦਿਖਾਉਣੀ ਚਾਹੀਦੀ ਸੀ, ਸ਼ਾਇਦ ਉਹ ਨਹੀਂ ਦਿਖਾਈ ਗਈ। ਸ਼੍ਰੋਮਣੀ ਕਮੇਟੀ ਜੋ ਵੀ ਕੋਈ ਕਾਰਜ ਕਰਦੀ ਹੈ, ਉਹ ਸੰਗਤ ਦੇ ਸਹਿਯੋਗ ਨਾਲ ਹੁੰਦਾ ਹੈ ਪਰ ਸ਼੍ਰੋਮਣੀ ਕਮੇਟੀ ਨੇ ਹੜ੍ਹਾਂ ਦੌਰਾਨ ਜਿਸ ਸ਼ਿੱਦਤ ਦੇ ਨਾਲ ਕਾਰਜ ਕੀਤੇ ਹਨ, ਉਨ੍ਹਾਂ ਨੇ ਨਿਰਸੰਦੇਹ ਨਾ ਸਿਰਫ ਇਸ ਸਿੱਖ ਸੰਸਥਾ ਦਾ, ਬਲਕਿ ਸਮੁੱਚੇ ਸਿੱਖ ਧਰਮ ਦਾ ਸਿਰ ਉੱਚਾ ਕੀਤਾ ਹੈ।
ਇਸ ਤੋਂ ਪਹਿਲਾਂ ਜਦੋਂ ਕਦੇ ਵੀ ਕਿਤੇ ਮਨੁੱਖਤਾ ‘ਤੇ ਕੋਈ ਬਿਪਤਾ ਬਣਦੀ ਰਹੀ, ਭਾਵੇਂ ਉਹ ਉਤਰਾਖੰਡ ਦੇ ਹੜ੍ਹ ਹੋਣ, ਨੇਪਾਲ, ਅੰਡੇਮਾਨ-ਨਿਕੋਬਾਰ, ਮੇਘਾਲਿਆ ਅਤੇ ਗੁਜਰਾਤ ਦੀ ਸੁਨਾਮੀ ਹੋਵੇ ਸ਼੍ਰੋਮਣੀ ਕਮੇਟੀ ਨੇ ਰਾਹਤ ਕਾਰਜਾਂ ਵਿਚ ਸੇਵਾਵਾਂ ਨਿਭਾਈਆਂ ਸਨ। ਜੰਮੂ-ਕਸ਼ਮੀਰ ਵਿਚ ਹੜ੍ਹਾਂ ਦੌਰਾਨ ਜਿੱਥੇ ਦੋ ਮਹੀਨੇ ਤੋਂ ਵੱਧ ਲੰਬਾ ਸਮਾਂ ਉੱਥੇ ਰਾਹਤ ਕੈਂਪ ਸਥਾਪਿਤ ਕਰਕੇ ਸੇਵਾਵਾਂ ਦਿੱਤੀਆਂ ਗਈਆਂ, ਉੱਥੇ ਸੁੱਕੀ ਰਸਦ ਭੇਜਣ ਦੇ ਨਾਲ-ਨਾਲ ਲੰਗਰ ਤਿਆਰ ਕਰਕੇ ਵੀ ਅੰਮ੍ਰਿਤਸਰ ਤੋਂ ਹਵਾਈ ਜਹਾਜ਼ ਰਾਹੀਂ ਭੇਜਿਆ ਜਾਂਦਾ ਰਿਹਾ।
ਸ਼੍ਰੋਮਣੀ ਕਮੇਟੀ ਵਿਚ ਕੰਮਕਾਜ ਦੇ ਤਰੀਕਿਆਂ ਵਿਚ ਆਏ ਵਿਗਾੜਾਂ ਦੀ ਅਕਸਰ ਅਲੋਚਨਾ ਹੁੰਦੀ ਹੈ, ਜਿਸ ਕਾਰਨ ਸਿੱਖਾਂ ਦੀ ਸਮਰੱਥ ਸੰਸਥਾ ਦੇ ਅਕਸ ਨੂੰ ਨਾਕਾਰਾਤਮਿਕ ਪ੍ਰਭਾਵ ਕਾਰਨ ਵੱਡੀ ਪੱਧਰ ‘ਤੇ ਢਾਹ ਲੱਗਦੀ ਹੈ। ਪਰ ਜਦੋਂ ਸ਼੍ਰੋਮਣੀ ਕਮੇਟੀ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਮਨੁੱਖਤਾ ਦੇ ਭਲੇ ਦੇ ਕਾਰਜ ਕਰਦੀ ਹੈ ਤਾਂ ਨਿਰਸੰਦੇਹ ਸੰਸਥਾ ਦਾ ਪ੍ਰਭਾਵ ਵਧਦਾ ਹੈ। ਉਸਾਰੂ ਦਿਸ਼ਾ ਵਿਚ ਸਾਕਾਰਾਤਮਕ ਕਾਰਜ ਜਾਰੀ ਰਹਿਣੇ ਚਾਹੀਦੇ ਹਨ।

 

Check Also

ਜੋ ਬੀਜਿਆ ਹੈ, ਉਹੀ ਵੱਢ ਰਿਹਾ ਹੈ ਮਾਨ ‘ਬੱਤੀਆਂ ਵਾਲਾ’

ਡਾ. ਗੁਰਵਿੰਦਰ ਸਿੰਘ ਹੁਣ ਇਹ ਕਹਿਣਾ ਭੋਰਾ-ਭਰ ਵੀ ਗ਼ਲਤ ਨਹੀਂ ਹੋਵੇਗਾ ਕਿ ਕਿਸੇ ਸਮੇਂ ‘ਪੰਜਾਬੀ …