ਡਾ. ਗੁਰਵਿੰਦਰ ਸਿੰਘ
604-825-1550
ਵਰ੍ਹੇ, ਮਹੀਨੇ, ਦਿਨ-ਰਾਤ, ਘੰਟੇ-ਮਿੰਟ ਤੇ ਸੈਕਿੰਡ ਪ੍ਰਕਿਰਤੀ ਦੇ ਨਿਰੰਤਰ ਵਹਿਣ ਲਈ, ਮਨੁੱਖ ਵਲੋਂ ਘੜੇ ਗਏ ਸ਼ਬਦ ਹਨ। ਜਦੋਂ ਸੂਰਜ, ਧਰਤੀ, ਚੰਦਰਮਾ ਅਤੇ ਹੋਰ ਗ੍ਰਹਿ ਆਪੋ-ਆਪਣੀ ਮਰਿਯਾਦਾ ‘ਚ ਰਹਿ ਕੇ ਕਾਰਜ ਕਰਦੇ ਹਨ, ਤਾਂ ਸਮੇਂ ਦੀ ਹਰ ਇਕਾਈ ਠੀਕ-ਠਾਕ ਰਹਿੰਦੀ ਹੈ। ਮਨੁੱਖ ਲਈ ਇੱਕ ਵਰ੍ਹਾ ਬੀਤਣਾ ਅਤੇ ਦੂਸਰੇ ਦਾ ਆਰੰਭ ਹੋਣਾ ਚਾਹੇ ‘ਅਲਵਿਦਾ’ ਜਾਂ ‘ਜੀ ਆਇਆਂ ਨੂੰ’ ਵਰਗੇ ਖਿਆਲਾਂ ਨਾਲ ਬੱਝਿਆ ਹੋਇਆ ਹੈ, ਪਰ ਕਾਦਰ ਦੀ ਕੁਦਰਤ ਲਈ ਅਜਿਹਾ ਕੁਝ ਵੀ ਨਹੀਂ। ਬ੍ਰਹਿਮੰਡ ਰੂਪੀ ਥਾਲ ‘ਚ ਸਾਰੇ ਹੀ ਆਪਣੇ ਸੁਭਾਅ ਅਨੁਸਾਰ ਸੇਵਾਵਾਂ ਦੇ ਰਹੇ ਹਨ। ਇਸ ਦੇ ਬਾਵਜੂਦ ਮਨੁੱਖ ਲਈ ਜਦੋਂ ਵੀ ਨਵਾਂ ਵਰ੍ਹਾ ਆਉਂਦਾ ਹੈ, ਤਾਂ ਵੱਖਰਾ ਅਹਿਸਾਸ ਅਤੇ ਨਵੇਂ ਸੰਕਲਪ ਲੈਣ ਬਾਰੇ ਵਿਚਾਰ ਆਰੰਭ ਹੋ ਜਾਂਦੀ ਹੈ। ਕਈ ਵਾਰ ਇਹ ਖਿਆਲ ਕੀਤਾ ਜਾਂਦਾ ਹੈ ਕਿ ਨਵੇਂ ਵਰ੍ਹੇ ‘ਚ ਅਜਿਹਾ ਕੁਝ ਵੀ ਦੁਹਰਾਇਆ ਨਾ ਜਾਵੇਂ, ਜੋ ਬੀਤੇ ‘ਚ ਬੁਰੇ ਪ੍ਰਭਾਵ ਛੱਡ ਗਿਆ ਹੋਵੇ। ਬਲਕਿ ਕੁਝ ਐਸਾ ਕੀਤਾ ਜਾਏ, ਜਿਸ ਨਾਲ ਚੰਗਿਆਈ ਤੇ ਨੇਕੀ ਦਾ ਦੌਰ ਆਰੰਭ ਹੋਵੇ’
ਅੱਜ 2021 ਦਾ ਵਰ੍ਹਾ ਆਰੰਭ ਹੋਇਆ ਹੈ। ਕਿਧਰੇ ਜਸ਼ਨ ਮਨਾਏ ਜਾ ਰਹੇ ਹਨ ਅਤੇ ਕਿਧਰੇ ਨਵੇਂ ਇਨਕਲਾਬ ਦੇ ਬੀਜ ਬੀਜੇ ਜਾ ਰਹੇ ਹਨ। ਹਰ ਕੋਈ ਆਪੋ-ਆਪਣੇ ਢੰਗ ਨਾਲ ਮਨੁੱਖ ਵਲੋਂ ਦਿੱਤੇ ‘ਨਵੇਂ ਵਰ੍ਹੇ’ ਦੇ ਨਾਂ ਹੇਠ ਕੁਝ ਨਾ ਕੁਝ ਨਵਾਂ ਸਿਰਜਣ ਦੇ ਆਹਰ ‘ਚ ਹੈ। ਅਜਿਹੇ ਉਪਰਾਲਿਆਂ ਦੀ ਰੌਸ਼ਨੀ ‘ਚ ਨਵੇਂ ਵਰ੍ਹੇ ‘ਚ ਸਾਂਝੇ ਅਤੇ ਦ੍ਰਿੜ ਕਦਮ ਚੁੱਕੇ ਜਾਣ ਨਾਲ ਹੀ ਕੁਝ ਬਦਲ ਸਕਦਾ ਹੈ, ਨਹੀਂ ਤਾਂ ‘ਨਵਾਂ ਵਰ੍ਹਾ’ ਮਹਿਜ਼ ਘੜੇ ਹੋਏ ਸ਼ਬਦ ਤੋਂ ਵੱਧ ਕੁਝ ਵੀ ਨਹੀਂ। ਅੱਜ ਕਿਸਾਨ ਭਾਰਤ ਦੀ ਰਾਜਧਾਨੀ ਦਿੱਲੀ ਦੇ ਬਾਹਰਵਾਰ ਅਤਿ ਸਰਦੀਦੀਆਂ ਰਾਤਾਂ ‘ਚ ਧਰਨੇ ਲਾਈ ਬੈਠੇ ਹਨ ਅਤੇ ਹੱਕ ਸੱਚ ਤੇ ਇਨਸਾਫ਼ ਲਈ ਲੜ ਰਹੇ ਹਨ। ਨਵੇਂ ਵਰ੍ਹੇ ਦੀ ਆਮਦ ‘ਤੇ ਇਹ ਕਿਰਸਾਨ ਫਾਸ਼ੀਵਾਦੀ ਸਰਕਾਰ ਨੂੰ ਲਾਹਣਤਾਂ ਪਾ ਰਹੇ ਹਨ, ਜੋ ਕਿਸਾਨਾਂ ਦੇ ਹੱਕ ਖੋਹ ਕੇ ਸਰਮਾਏਦਾਰੀ ਨਿਜ਼ਾਮ ਦੀ ਪੁਸ਼ਤਪਨਾਹੀ ਕਰ ਰਹੀ ਹੈ। ਲੱਖਾਂ ਹੀ ਕਿਸਾਨ ਇਸ ਸਮੇਂ ਖੁੱਲ੍ਹੇ ਅਸਮਾਨ ਹੇਠ, ਸੜਕਾਂ ‘ਤੇ ਆਪਣਾ ਨਵਾਂ ਸਾਲ ਆਰੰਭ ਕਰ ਰਹੇ ਹਨ। ਆਪਣੇ ਬੁਨਿਆਦੀ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਕਿਰਤੀ-ਕਿਰਸਾਨਾਂ ਨੂੰ ਨਵੇਂ ਵਰ੍ਹੇ ‘ਤੇ ਵਾਰ-ਵਾਰ ਸਲਾਮ ਹੈ। ਦੂਜੇ ਪਾਸੇ ‘ਵਾਸੂਦੇਵਕੁਟੁੰਬ ਕੁੰਬ’ ਦੇ ਸਿਧਾਂਤ ਨੂੰ ਅੱਖੋਂ-ਪਰੋਖੇ ਕਰਨ ਵਾਲੀ ਆਰਐਸਐਸ ਅਤੇ ਮਨੂੰਵਾਦੀ ਨੀਤੀਆਂ ਦੀ ਧਾਰਨੀ ਸਰਕਾਰ, ਜੋ ਰੋਲ ਅਖਤਿਆਰ ਕਰ ਰਹੀ ਹੈ, ਅੱਜ ਸਾਰਾ ਸੰਸਾਰ ਉਸਨੂੰ ਦੇਖ ਰਿਹਾ ਹੈ। ਦੁਨੀਆ ਨਵਾਂ ਸਾਲ ਮਨਾ ਰਹੀ ਹੈ, ਪਰ ਭਾਰਤ ਸਮੇਤ ਦੁਨੀਆ ਭਰ ‘ਚ ਬੈਠੇ ਭਾਰਤੀ ਉਸਦੇ ਕਾਲੇ ਕਾਨੂੰਨਾਂ ਦਾ ਸਿਆਪਾ ਕਰ ਰਹੇ ਹਨ। ਸਰਮਾਏਦਾਰੀ ਪੱਖੀ, ਕਿਸਾਨ ਵਿਰੋਧੀ ਅਤੇ ਕੱਟੜਵਾਦੀ ਸੋਚ ਵਾਲੇ ਫਾਸ਼ੀਵਾਦੀ ਹਾਕਮ ਬਾਰੇ ਹਰ ਕਿਸੇ ਦੇ ਮਨ ‘ਚੋਂ ਇਹ ਨਿਕਲ ਰਿਹਾ ਹੈ :
ਪਹਿਨ ਮਖੌਟਾ ਧਰਮ ਦਾ, ਕਰਦਾ ਕੂੜ ਵਪਾਰ।
ਠੱਗਾਂ ਦਾ ਇਹ ਪਾਲਤੂ, ਦੰਭੀ ਚੌਕੀਦਾਰ।
ਨਵੇਂ ਵਰ੍ਹੇ ਦੀ ਆਮਦ ਤੇ ਹਰ ਕਿਸੇ ਦੇ ਜਹਿਨ ‘ਚ ਡਰ ਪੈਦਾ ਹੋ ਰਿਹਾ ਹੈ ਕਿ ਅਨੰਦਾਤਾ ਤੋਂ ਉਨ੍ਹਾਂ ਦੀ ਜ਼ਮੀਨ ਦੇ ਹੱਕ ਖੋਹ ਲਏ ਜਾਣਗੇ। ਕਿਸਾਨ ਦੀ ਫ਼ਸਲ ਦੇ ਮੁੱਲ ਦਾ ਫ਼ੈਸਲਾ ਸਰਮਾਏਦਾਰ ਕਰੇਗਾ। ਅੰਬਾਨੀ-ਅਡਾਨੀ ਸਮੇਤ ਸਰਮਾਏਦਾਰ, ਲੀਡਰਾਂ ਨੂੰ ਖ਼ਰੀਦ ਕੇ ਆਪਣੇ ਮੁਫਾਦ ਪੂਰੇ ਕਰਨਗੇ ਤੇ ਲੋਕ ਹਿਤ ਬਰਬਾਦ ਕਰਨਗੇ। ਸਵਾਲ ਇਹ ਉੱਠਦਾ ਹੈ ਕਿਨਵੇਂ ਵਰ੍ਹੇ ‘ਚ ਕੀ ਇਹ ਸੰਘਰਸ਼ ਕਿਸੇ ਉਸਾਰੂ ਨਤੀਜੇ ਤੇ ਪਹੁੰਚੇਗਾ? ਕੀ ਕਿਸਾਨਾਂ ਦੇ ਅੰਦੋਲਨ ਅੱਗੇ ਸਰਕਾਰ ਗੋਡੀ ਟੇਕੇਗੀ? ਕੀ ਦੁਨੀਆ ਦੇ ਹੋਰਨਾਂ ਦੇਸ਼ਾਂ ਦੇ ਆਗੂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਵਾਂਗ ਇਸ ਤਾਨਾਸ਼ਾਹੀ ਦੇ ਖ਼ਿਲਾਫ਼ ਆਵਾਜ਼ ਉਠਾਉਣਗੇ ਅਤੇ ”ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ” ਵਿਚ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਬੋਲਣਗੇ?
ਨਵੇਂ ਵਰ੍ਹੇ ਦੇ ਆਰੰਭ ਹੋਣ ਤੇ ਅਨੇਕਾਂ ਹੋਰ ਵੀ ਸਵਾਲ ਹਨ, ਜੋ ਸਾਡੇ ਮਨ ਵਿੱਚ ਜ਼ਰੂਰ ਆਉਂਦੇ ਹਨ। ਕੀ ਇਸ ਵਰ੍ਹੇ ‘ਚ ਡਰੱਗ ਮਾਫੀਏ ਅਤੇ ਉਸ ਨੂੰ ਸ਼ਹਿ ਦੇਣ ਵਾਲੇ ਸਫੈਦਪੋਸ਼ ਸਿਆਸੀ ਲੀਡਰਾਂ ਤੋਂ ਦੇਸ਼ ਮੁਕਤ ਹੋ ਸਕੇਗਾ?ਪਿੰਡਾਂ-ਸ਼ਹਿਰਾਂ ‘ਚ ਲੁੱਟਾਂ-ਖੋਹਾਂ, ਬਦਅਮਨੀ ਅਤੇ ਮਾਰ-ਧਾੜ ਦੇ ਹਾਲਤਾਂ ਕਾਰਨ ਫੈਲਿਆ ਸਹਿਮ ਲੋਕਾਂ ਨੂੰ ਭਿਆਨਕ ਚਿੰਤਾ ‘ਚ ਗ੍ਰਸੀ ਬੈਠਾ ਹੈ। ਕੀ ਨਵੇਂ ਵਰ੍ਹੇ ਅਜਿਹੀ ਗੁੰਡਾਗਰਦੀ ਖਤਮ ਕਰਕੇ ਕਾਨੂੰਨ ਦਾ ਰਾਜ ਕਾਇਮ ਹੋ ਕਸੇਗਾ? ਟੈਕਸਾਂ ਰਾਹੀਂ ਲੋਕਾਂ ਤੋਂ ਉਗਰਾਹੇ ਹਜ਼ਾਰਾਂ ਕਰੋੜਾਂ ਦੇ ਆਸਰੇ ਸਰਕਾਰੀਅਹੁਦੇਦਾਰ, ਵਜ਼ੀਰ ਅਤੇ ਉਨ੍ਹਾਂ ਦੇ ‘ਨਿੱਜੀ’ ਬੰਦੇ ਐਸ਼ਾਂ ਕਰਦੇ ਹਨ ਤੇ ਲੱਖਾਂ ਲੋਕ ਗਰੀਬੀ, ਬੇਰੁਜ਼ਗਾਰੀ ਦੇ ਮੰਦਹਾਲੀ ਕਾਰਜ ਭੁੱਖੇ ਮਰਦੇ ਹਨ। ਅੰਨਦਾਤਾ ਕਿਸਾਨ ਕਰਜ਼ਿਆਂ ਦੇ ਸਤਾਏ ਹੋਏ ਆਏ ਦਿਨ ਖੁਦਕੁਸ਼ੀਆਂ ਕਰਦੇ ਹਨ। ਕੀ ਨਵੇਂ ਵਰ੍ਹੇ ‘ਚ ਲੋਕਾਂ ਦੇ ‘ਸੇਵਾਦਾਰ’ ਕਹਾਉਣ ਵਾਲੇ ਸਰਕਾਰੀ ਨੇਤਾ ਜਨਤਾ ਦੇ ਧਨ ਉੱਪਰ ਕੀਤੇ ਜਾ ਰਹੇ ਭੋਗ-ਵਿਲਾਸ ਬੰਦਕਰਨਗੇ? ਕੀ ਆਪਣੀ ਸ਼ੁਹਰਤ ਲਈ ਕਾਇਮ ਕੀਤੇ ‘ਵੀ.ਆਈ.ਪੀ.ਕਲਚਰ’ ਨੂੰ ਛੱਡ ਕੇ ਰਾਜਸੀ ਆਗੂ ਲੋਕਾਂ ‘ਚ ਵਿਚਰਨ ਦਾ ਫੈਸਲਾ ਲੈਣਗੇ? ਕੀ ‘ਵੱਡੇ ਨੇਤਾਵਾਂ’ ਦੇ ਅੱਗੇ ਪਿੱਛੇ ਪੁਲਿਸ ਦੀਆਂ ਕਈ ਕਈ ਜਿਪਸੀਆਂ ਲਾ ਕੇ ਲੋਕਾਂ ਦਾ ਜੀਣਾ ਮੁਹਾਲ ਕਰਨ ਵਾਲੇ ਹਾਲਾਤ ਬਦਲਣਗੇ? ਕੀ ਲਾਲ ਬੱਤੀਆਂ ਵਾਲੇ ਵਾਹਨਾਂ ਦੀ ਥਾਂ ਸਿਆਸੀ ਲੀਡਰ, ਨਵੇਂ ਵਰ੍ਹੇ ਤੋਂ ਆਮ ਲੋਕਾਂ ਵਾਂਗ ਵਿਚਰਨ ਨੂੰ ਤਰਜੀਹ ਦੇਣ ਦਾ ਪ੍ਰਣ ਲੈਣਗੇ? ਅਜਿਹੀਆਂ ਗੱਲਾਂ ਜੇਕਰ ਹੋ ਸਕਣ, ਤਦ ਤਾਂ ਨਵੇਂ ਵਰ੍ਹੇ ਦਾ ਸੂਰਜ ਆਸ ਦੀ ਕਿਰਨ ਦੇ ਸਕਦਾ ਹੈ, ਨਹੀਂ ਤਾਂ ਵਰ੍ਹੇ ਦੇ ਬਦਲਣ ਨਾਲ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ। ਬਦਲਾਓ ਕੇਵਲ ਸਰਕਾਰਾਂ ‘ਤੇ ਹੀ ਲਾਗੂ ਨਹੀਂ ਹੁੰਦਾ, ਸਗੋਂ ਲੋਕਾਂ ਦੇ ਵਿਹਾਰ ਅੰਦਰ ਵੀ ਤਬਦੀਲੀ ਦੀ ਲੋੜ ਹੈ, ਤਾਂ ਜੋ ਨਵਾਂ ਵਰ੍ਹਾ ਸਚਮੁੱਚ ਹੀ ਲੋਕ-ਹਿਤਕਾਰੀ ਹੋ ਨਿਬੜੇ। ‘ਕਿਰਤਕਰਨ’ ਦੇ ਮਹਾਨ ਗੁਣ ਤਿਆਗ ਕੇ ਅੱਜ ਦੀ ਮਾਡਰਨ ਜਵਾਨੀ ਆਲਸੀ ਹੋ ਰਹੀ ਹੈ। ਚਾਹੇ ਇਸ ਦਾ ਕਾਰਨ ਕੀਤੇ ਕੰਮ ਦਾ ਸਹੀ ਮਿਹਨਤਾਨਾ ਨਾ ਮਿਲਣਾ ਅਤੇ ਭ੍ਰਿਸ਼ਟਾਚਾਰ ਹੋਸਕਦਾ ਹੈ, ਪਰ ਕੰਮ-ਚੋਰ ਬਿਰਤੀ ਨੂੰ ਵੀ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਸਕਦਾ। ਜੇਕਰ ਅਸੀਂ ਕੈਨੇਡਾ ‘ਚ ਆ ਕੇ ਦੋ-ਦੋ ਸ਼ਿਫਟਾਂ ‘ਚ ਮਿਹਨਤ ਕਰਕੇ ਕਾਮਯਾਬ ਹੋ ਸਕਦੇ ਹਨ, ਤਾਂਪੰਜਾਬ ‘ਚ ਕਿਉਂ ਨਹੀਂ? ਸੰਸਾਰ ਨੂੰ ਗਿਆਨ ਵੰਡਣ ਵਾਲੇ ਪੰਜਾਬ ਦਾ ਪੜ੍ਹਾਈ ਦੇ ਖੇਤਰ ‘ਚ ਪਛੜ ਜਾਣਾ ਦੁਖਦਾਇਕ ਹੈ। ਕੀ ਅਨਪੜ੍ਹਤਾ ਨੂੰ ਦੂਰ ਕਰਨ ਲਈ ਪੰਜਾਬੀ ਨਵੇਂ-ਵਰ੍ਹੇ ‘ਚ ਠੋਸ ਕਦਮ ਚੁਕਣਗੇ? ਅਜੇ ਵੀ ਪੰਜਾਬ ਅੰਦਰ ਵੀਹਮਾਂ-ਭਰਮਾਂ, ਜਾਦੂ-ਟੂਣਿਆਂ, ਤਾਂਤਰਿਕਾਂ ਦੇ ਜੋਤਸ਼ੀਆਂ ਦੀ ਭਰਮਾਰ ਹੈ, ਜੋ ਲੋਕਾਂ ਦੀ ਅੰਨ੍ਹੀ ਲੁੱਟ-ਖਸੁੱਟ ਕਰਦੇ ਹਨ। ਕੀ ਨਵੇਂ ਵਰ੍ਹੇ ‘ਚ ਜਨਤਾ ਅੰਧ-ਵਿਸ਼ਵਾਸ਼ ‘ਚੋਂ ਬਾਹਰ ਨਿਕਲਣ ‘ਚ ਸਫਲ ਹੋਵੇਗੀ ਅਤੇ ਕੀ ਪੰਜਾਬ ‘ਚ ਕਾਲੇ ਇਲਮ ਤੇ ਟੂਣੇ-ਟਾਮਣ ਵਾਲਿਆਂ ਨੂੰ ਕਾਨੂੰਨੀ ਤੌਰ ਤੇ ਸਜ਼ਾਵਾਂ ਦੇਣ ਲਈ ਸਰਕਾਰ-ਠੋਸ ਕਦਮ ਚੁੱਕੇਗੀ।
ਨਵੇਂ ਵਰ੍ਹੇ ਦੀ ਆਮਦ ਮੌਕੇ ‘ਤੇ ਇਕ ਹੋਰ ਦੁਖਦਾਈ ਪਹਿਲੂ ਇਹ ਹੈ ਕਿ ਭਾਰਤ ਅੰਦਰ ਬਹੁਤ ਸਾਰੇ ਬੁੱਧੀਜੀਵੀ, ਚਿੰਤਕ ਅਤੇ ਲੇਖਕ, ਸਰਕਾਰ ਖਿਲਾਫ਼ ਬੋਲਣ ਦੇ ਦੋਸ਼ ਵਿਚ, ਬਿਨਾਂ ਕਿਸੇ ਕਾਰਨ ਤੋਂ ਜੇਲ੍ਹਾਂ ਅੰਦਰ ਸੜ ਰਹੇ ਹਨ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ। ਆਪਣੇ ਕੌਮੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਬਹੁਤ ਸਾਰੇ ਸਿਆਸੀ ਕੈਦੀ ਵੀ ਰਿਹਾਅ ਨਹੀਂ ਕੀਤੇ ਜਾ ਰਹੇ, ਚਾਹੇ ਉਨ੍ਹਾਂ ‘ਚੋਂ ਬਹੁਤਿਆਂ ਦੀਆਂ ਸਾਜ਼ਾਵਾਂ ਪੂਰੀਆਂ ਵੀ ਹੋ ਚੁੱਕੀਆਂ ਹਨ। ਕੀ ਇਨ੍ਹਾਂ ਇਨਸਾਫ਼ ਪਸੰਦ ਸੰਘਰਸ਼ੀਲ ਲੋਕਾਂ ਨੂੰ ਇਸ ਵਰ੍ਹੇ ‘ਚ ਜੇਲ੍ਹਾਂ ‘ਚੋਂ ਮੁਕਤੀ ਮਿਲ ਸਕੇਗੀ? ਕੀ ਦੇਸ਼ ਵਿਦੇਸ਼ ‘ਚ ਵੱਸਦੇ ਲੋਕ ਇਹਨਾਂ ਚਿੰਤਕਾਂ ਨੂੰ ਰਿਹਾਅ ਕਰਵਾਉਣ ਲਈ ਆਵਾਜ਼ ਬੁਲੰਦ ਕਰਨਗੇ? ਜੇਲ੍ਹਾਂ ਵਿੱਚ ਸੜ ਰਹੇ ਚਿੰਤਕ ਵਰਗ ਸੰਬੰਧੀ ਇਹ ਦਰਦਨਾਕ ਵਿਥਿਆ ਅਕਹਿ ਹੈ:
ਚਿੰਤਕ ਜੇਲ੍ਹੀ ਬੰਦ ਨੇ, ਬੋਲਣ ਦਾ ਵੀ ਦੋਸ਼।
ਜਨਤਾ ਕੀਤੀ ਹਾਕਮਾਂ, ਸਿਵਿਆਂ ਵਾਂਗ ਖ਼ਾਮੋਸ਼।
ਨਵੇਂ ਵਰ੍ਹੇ ‘ਤੇ ਵਿਚਾਰਨਯੋਗ ਇੱਕ ਹੋਰ ਪਹਿਲੂ ਕੁਦਰਤ ਨਾਲ ਸਬੰਧਤ ਹੈ। ਅੱਜ ਵੀ ਕੁਦਰਤੀ ਸਰੋਤਾਂ ਪਾਣੀ, ਰੇਤੇ, ਸਵੱਛ ਹਵਾ ਅਤੇ ਕਈ ਹੋਰਨਾਂ ਸੋਮਿਆਂ ‘ਤੇ ਕਾਬਜ਼ ਮਾਫੀਆਂ ਸਰਕਾਰੀ ਸ਼ਹਿ ਅਧੀਨ ਮਨਮਰਜ਼ੀਆਂ ਕਰ ਰਿਹਾ ਹੈ ਅਤੇ ਲੋਕ ਕੁਦਰਤੀ ਸੋਮਿਆਂ ਤੋਂ ਵਾਂਝੇ ਹੋ ਰਹੇ ਹਨ? ਕੀ ਨਵੇਂ ਵਰ੍ਹੇ ‘ਚ ਅਜਿਹੇ ਮਾਫੀਏ ਨੂੰ ਨੱਥ ਪਾਕੇ ਲੋਕਾਂ ਨੂੰ ਰਾਹਤ ਮਿਲ ਸਕੇਗੀ?ਸਭ ਤੋਂ ਵੱਡਾ ਦੁਖਾਂਤ ਭ੍ਰਿਸ਼ਟਾਚਾਰ ਦਾ ਹੈ, ਜੋ ਸਾਧਾਰਨ ਨੌਕਰ ਤੋਂ ਲੈ ਕੇ ਵੱਡੇ ਵਜ਼ੀਰਾਂ ਤੱਕ ਫੈਲਿਆ ਹੋਇਆ ਹੈ। ਕੀ ਨਵੇਂ ਵਰ੍ਹੇ ‘ਚ ਭ੍ਰਿਸ਼ਟਾਚਾਰ ਰੂਪੀ ਦੈਂਤ ਤੋਂ ਲੋਕਾਂ ਨੂੰ ਮੁਕਤੀ ਮਿਲ ਸਕੇਗੀ ਤੇ ਉਹ ਇਮਾਨਦਾਰੀ ਦੀ ਜ਼ਿੰਦਗੀ ਜਿਉਂ ਸਕਣਗੇ? ਜੇ ਅਜਿਹਾ ਹੋਇਆ ਤਾਂ ਨਵਾਂ ਵਰ੍ਹਾਂ ਨਵੇਂ ਇਤਿਹਾਸ ਨੂੰ ਜਨਮ ਦੇਣ ਦੇ ਸਮਰੱਥ ਹੋਏਗਾ।
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.) ਐਬਟਸਫੋਰਡ, ਕੈਨੇਡਾ, singhnewscanada@gmail.
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …