Breaking News
Home / ਮੁੱਖ ਲੇਖ / ਨਿਰਭਉ-ਨਿਰਵੈਰ ਹੋ ਕੇ ਜਿਊਣ ਦੀ ਜੁਗਤ ਹੈ ‘ਮੀਰੀ’ ਤੇ ‘ਪੀਰੀ’ ਦਾ ਸਿਧਾਂਤ

ਨਿਰਭਉ-ਨਿਰਵੈਰ ਹੋ ਕੇ ਜਿਊਣ ਦੀ ਜੁਗਤ ਹੈ ‘ਮੀਰੀ’ ਤੇ ‘ਪੀਰੀ’ ਦਾ ਸਿਧਾਂਤ

ਤਲਵਿੰਦਰ ਸਿੰਘ ਬੁੱਟਰ
ਮੀਰੀ ਅਤੇ ਪੀਰੀ, ਦੋਵੇਂ ਸ਼ਬਦ ਅਰਬੀ-ਫਾਰਸੀ ਪਿਛੋਕੜ ਵਾਲੇ ਹਨ। ‘ਮੀਰੀ’ ਦਾ ਸਬੰਧ ‘ਮੀਰ’ ਨਾਲ ਹੈ, ਜੋ ਅਰਬੀ ਦੇ ਸ਼ਬਦ ‘ਅਮੀਰ’ ਦਾ ਸੰਖੇਪਤ ਰੂਪ ਹੈ ਅਤੇ ਇਸ ਦਾ ਅਰਥ ਹੈ ਬਾਦਸ਼ਾਹ, ਸਰਦਾਰ। ‘ਮੀਰੀ’ ਤੋਂ ਭਾਵ ਬਾਦਸ਼ਾਹਤ ਜਾਂ ਸਰਦਾਰੀ ਹੈ। ‘ਪੀਰੀ’ ਸ਼ਬਦ ਦਾ ਸਬੰਧ ਫ਼ਾਰਸੀ ਦੇ ਸ਼ਬਦ ‘ਪੀਰ’ ਨਾਲ ਹੈ, ਜਿਸ ਦਾ ਅਰਥ ਹੈ ਧਰਮ ਆਗੂ ਜਾਂ ਗੁਰੂ। ‘ਪੀਰੀ’ ਤੋਂ ਭਾਵ ਹੈ ਧਾਰਮਿਕ ਅਧਿਕਾਰ ਜਾਂ ਗੁਰਤਾ। ‘ਮੀਰੀ’ ਅਤੇ ‘ਪੀਰੀ’ ਦਾ ਇਕੱਠਿਆਂ ਇਕ ਵਿਅਕਤੀਤਵ ਲਈ ਵਰਤਣ ਦੀ ਪਰੰਪਰਾ ਸਿੱਖ ਧਰਮ ਵਿਚ ਸ਼ੁਰੂ ਹੋਈ ਅਤੇ ਇਸ ਦੀ ਆਰੰਭਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤੀ। ਇਸੇ ਕਾਰਨ ਉਨ੍ਹਾਂ ਨੂੰ ‘ਮੀਰੀ-ਪੀਰੀ’ ਦੇ ਮਾਲਕ ਆਖਿਆ ਜਾਂਦਾ ਹੈ।
ਸਿੱਖ ਧਰਮ ਵਿਚ ‘ਮੀਰੀ’ ਅਤੇ ‘ਪੀਰੀ’ ਦੇ ਸੁਮੇਲ ਦਾ ਇਕ ਇਤਿਹਾਸਕ ਸੰਦਰਭ ਹੈ। ਹਾਲਾਂਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਅਧਿਆਤਮਕ ਇਲਹਾਮ ਦੇ ਨਾਲ-ਨਾਲ ਰਾਜ ਸ਼ਾਸਨ ਦੀਆਂ ਬੁਰਾਈਆਂ ਅਤੇ ਪਰਜਾ ‘ਤੇ ਕੀਤੇ ਜਾਂਦੇ ਜ਼ੁਲਮਾਂ ਵਿਰੁੱਧ ਆਵਾਜ਼ ਚੁੱਕ ਕੇ ‘ਮੀਰੀ’ ਅਤੇ ‘ਪੀਰੀ’ ਦੇ ਸੁਮੇਲ ਦੀ ਨੀਂਹ ਰੱਖ ਦਿੱਤੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਕਾਲੀ ਰਾਜਨੀਤਕ ਹਾਲਾਤਾਂ ਨੂੰ ਇਉਂ ਬਿਆਨ ਕੀਤਾ:
”ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥”
(ਮਾਝ ਕੀ ਵਾਰ, ਅੰਗ : 145)
ਗੁਰੂ ਸਾਹਿਬ ਨੇ ਬੇਖੌਫ਼ ਹੋ ਕੇ ਸਮੇਂ ਦੇ ਹਾਕਮਾਂ ਨੂੰ ਉਨ੍ਹਾਂ ਦੀ ਅਸਲੀਅਤ ਦਿਖਾਈ ਅਤੇ ਜ਼ੁਲਮ ਕਰਨ ਵਾਲੇ ਰਾਜਿਆਂ ਦੀ ਤੁਲਨਾ ਜੀਵਾਂ ਦਾ ਸ਼ਿਕਾਰ ਕਰਨ ਵਾਲੇ ਸ਼ੇਰ ਨਾਲ ਅਤੇ ਉਨ੍ਹਾਂ ਦੇ ਅਹਿਲਕਾਰਾਂ ਦੀ ਤੁਲਨਾ ਕੁੱਤਿਆਂ ਨਾਲ ਕੀਤੀ ਜੋ ਗਰੀਬਾਂ ਦੀ ਮਿੱਝ, ਰੱਤ ਚੱਟਣੋਂ ਵੀ ਪ੍ਰਵਾਹ ਨਹੀਂ ਕਰਦੇ:
”ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ ਬੈਠੇ ਸੁਤੇ॥
ਚਾਕਰ ਨਹਦਾ ਪਾਇਨ੍ਰਿ ਘਾਉ॥ ਰੁਤ ਪਿਤੁ ਕੁਤਿਹੋ ਚਟਿ ਜਾਹੁ॥”
(ਮਲਾਰ ਕੀ ਵਾਰ, ਅੰਗ : 1288)
ਗੁਰੂ ਜੀ ਨੇ ਨਾ-ਸਿਰਫ਼ ਰਾਜਿਆਂ ਨੂੰ ਉਨ੍ਹਾਂ ਦੇ ਗਿਰੀਵਾਨ ‘ਚ ਝਾਤੀ ਮਰਵਾਈ ਸਗੋਂ ਉਨ੍ਹਾਂ ਦੇ ਫ਼ਰਜ਼ਾਂ ਦਾ ਵੀ ਅਹਿਸਾਸ ਕਰਵਾਇਆ। ਜ਼ੋਰ-ਜ਼ੁਲਮ ਨੂੰ ਹੀ ਰਾਜ ਕਰਨ ਦੀ ਸਮਰੱਥਾ ਸਮਝਣ ਵਾਲੇ ਹਾਕਮਾਂ ਨੂੰ ਗੁਰੂ ਸਾਹਿਬ ਨੇ ਅਸਲੀ ਹਾਕਮ ਦੀ ਯੋਗਤਾ ਇਉਂ ਦੱਸੀ:
”ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥” (ਮਾਰੂ ਵਾਰ, ਅੰਗ : 1088)
30 ਮਈ 1606 ਈਸਵੀ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਂਤਮਈ ਸ਼ਹਾਦਤ ਨੇ ਸਿੱਖ ਪਰੰਪਰਾ ਨੂੰ ਜਥੇਬੰਦਕ ਤੌਰ ‘ਤੇ ‘ਸੰਤ’ ਦੇ ਨਾਲ ‘ਸਿਪਾਹੀ’ ਵੀ ਬਣਨ ਲਈ ਇਤਿਹਾਸਕ ਮੋੜਾ ਦਿੱਤਾ। ਇਤਿਹਾਸਕਾਰ ਕਨਿੰਘਮ ਲਿਖਦਾ ਹੈ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਥੋੜ੍ਹੇ ਜਿਹੇ ਸਮੇਂ ਅੰਦਰ ਹੀ ਧਾਰਮਿਕ ਆਗੂ ਤੋਂ ਇਲਾਵਾ ਸੈਨਿਕ ਆਗੂ ਵੀ ਬਣ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰਗੱਦੀ ‘ਤੇ ਬਿਰਾਜ਼ਮਾਨ ਹੁੰਦਿਆਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਦਲੇ ਹੋਏ ਹਾਲਾਤਾਂ ਵਿਚ ਸ਼ਸਤਰ ਧਾਰਨ ਕਰਨੇ ਜ਼ਰੂਰੀ ਸਮਝੇ। ਨਾਲ ਹੀ ਸਿੱਖਾਂ ਵਿਚ ਵਿਰੋਧੀ ਜਜ਼ਬੇ ਨੇ ਜਨਮ ਲਿਆ। ਇਤਿਹਾਸਕਾਰ ਗਾਰਡਨ ਦੇ ਲਫ਼ਜ਼ਾਂ ਵਿਚ, ‘ਸਿੱਖਾਂ ਦੇ ਪੁਰਅਮਨ ਜਜ਼ਬਿਆਂ ਨੂੰ ਇਸ ਸ਼ਹਾਦਤ ਨੇ ਭੜਕਾ ਦਿੱਤਾ।’ ਸਕਾਟ ਆਪਣੀ ਪੁਸਤਕ ‘ਦ ਸਿੱਖਸ’ ਵਿਚ ਲਿਖਦਾ ਹੈ, ‘× ਸੋ, ਇਕ ਵਾਹਿਗੁਰੂ ਦੇ ਪੁਜਾਰੀਆਂ ਨੂੰ ਧਾਰਮਿਕ ਗ੍ਰੰਥ, ਕੇਂਦਰੀ ਧਾਰਮਿਕ ਅਸਥਾਨ, ਇਕੋ ਮਰਿਆਦਾ ਦਿੱਤੀ ਗਈ ਸੀ ਤੇ ਹੁਣ (ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਸਮੇਂ) ਸ਼ਹੀਦ ਹੋਣ ਅਤੇ ਦੁਸ਼ਮਣ ਦਾ ਟਾਕਰਾ ਕਰਨ ਦਾ ਜਜ਼ਬਾ ਵੀ ਮਿਲਿਆ।’
ਇਤਿਹਾਸਕਾਰ ਇੰਦੂ ਭੂਸ਼ਨ ਬੈਨਰਜੀ ਲਿਖਦਾ ਹੈ ਕਿ, ‘ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਹੁਤ ਪਹਿਲਾਂ ਦੇਖ ਲਿਆ ਸੀ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮਹਿਸੂਸ ਕਰ ਲਿਆ ਸੀ ਕਿ ਬਗੈਰ ਸ਼ਸਤਰਾਂ ਦੇ ਸਿੱਖ ਕੌਮ ਅਤੇ ਜਥੇਬੰਦੀ ਦਾ ਬਚਣਾ ਮੁਸ਼ਕਿਲ ਹੈ।’
ਸਮੇਂ ਦੀ ਹਕੂਮਤ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ‘ਤੇ ਬਿਠਾ ਕੇ ਬੇਅੰਤ ਤਸੀਹੇ ਦੇ ਕੇ ਇਸ ਕਰਕੇ ਸ਼ਹੀਦ ਕੀਤਾ ਸੀ ਕਿ ਇਸ ਦੇ ਨਾਲ ਦਹਿਸ਼ਤ ਪੈਦਾ ਹੋਵੇਗੀ ਅਤੇ ਸਿੱਖ ਲਹਿਰ ਦੇ ਵਿਕਾਸ ਵਿਚ ਰੁਕਾਵਟ ਆ ਜਾਵੇਗੀ ਪਰ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਹੋਇਆ ਇਸ ਦੇ ਬਿਲਕੁਲ ਉਲਟ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਿੱਲੀ ਦੇ ਤਖ਼ਤ ਨੂੰ ਟੱਕਰ ਦੇਣ ਲਈ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼ਸਤਰਧਾਰੀ ਹੋ ਕੇ ਇਸ ਤਖ਼ਤ ‘ਤੇ ਬਾਦਸ਼ਾਹਾਂ ਵਾਲੀ ਸ਼ਾਨ ਦੇ ਨਾਲ ਬਿਰਾਜ਼ਮਾਨ ਹੁੰਦੇ ਅਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ।
ਬਾਬਾ ਬੁੱਢਾ ਜੀ ਨੇ ਆਗਿਆ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਦੋ ਕਿਰਪਾਨਾਂ ਪਹਿਨਾ ਦਿੱਤੀਆਂ। ਗੁਰੂ ਜੀ ਦਾ ਤੇਜ, ਉਸ ਸਮੇਂ ਸੂਰਜ ਵਾਂਗ ਚਮਕਦਾ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹੁਕਮ ਦਿੱਤਾ ਕਿ ਸੇਲੀ ਸੰਭਾਲ ਕੇ ਰੱਖ ਦਿੱਤੀ ਜਾਵੇ ਕਿਉਂਕਿ ਤਬਦੀਲ ਹੋਏ ਹਾਲਾਤਾਂ ਵਿਚ ਸੇਲੀ ਜਚਦੀ ਨਹੀਂ। ਇਤਿਹਾਸਕਾਰ ਮੈਕਸ ਆਰਥਰ ਮੈਕਾਲਿਫ ਲਿਖਦਾ ਹੈ, ‘ਸੇਲੀ ਹੁਣ ਤਲਵਾਰ ਦਾ ਗਾਤਰਾ ਹੋਵੇਗੀ ਤੇ ਉਨ੍ਹਾਂ ਦੀ ਪਗੜੀ ਸ਼ਾਹੀ ਠਾਠ ਵਾਲੀ ਹੋਵੇਗੀ।’ ਗੁਰੂ ਘਰ ਦੇ ਢਾਡੀ ਅਬਦੁੱਲਾ ਤੇ ਨੱਥ ਮੱਲ ਨੇ ਇਸ ਸਮੇਂ ਦਾ ਜ਼ਿਕਰ ਇਉਂ ਕੀਤਾ ਹੈ:
ਦੋ ਤਲਵਾਰੀਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ,
ਇਕ ਰਾਖੀ ਕਰੇ ਵਜ਼ੀਰ ਦੀ।
ਹਿਮਤ ਬਾਹਾਂ ਕੋਟ ਗੜ੍ਹ, ਦਰਵਾਜ਼ਾ ਬਲਖ਼ ਬਖ਼ੀਰ ਦੀ।
ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ।
ਪੱਗ ਤੇਰੀ, ਕੀ ਜਹਾਂਗੀਰ ਦੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਧਾਰਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬਿਰਾਜ਼ਮਾਨ ਹੁੰਦਿਆਂ ਸਿੱਖ ਸੰਗਤ ਨੂੰ ਹੁਕਮ ਕੀਤਾ, ‘ਜੋ ਗੁਰੂ ਦਾ ਸੱਚਾ ਸਿੱਖ ਹੈ, ਉਹ ਚੰਗਾ ਘੋੜਾ ਅਤੇ ਚੰਗਾ ਸ਼ਸਤਰ ਲੈ ਕੇ ਹੀ ਗੁਰੂ ਜੀ ਦੀ ਹਜ਼ੂਰੀ ਵਿਚ ਪਹੁੰਚੇ।’
ਕਵੀ ਭਾਈ ਸੰਤੋਖ ਸਿੰਘ ਚੂੜਾਮਨੀ ਲਿਖਦੇ ਹਨ,
”ਧਰੇ ਤੇਜ ਸਤਿਗੁਰੁ ਬਚ ਕਹੇ। ਹਮ ਨੇ ਇਸ ਹਿਤ ਜੁਗ ਅਸਿ ਗਹੇ।
ਇਕ ਤੇ ਲੈ ਮੀਰਨਿ ਕੀ ਮੀਰੀ। ਦੂਸਰ ਤੇ ਪੀਰਨਿ ਕੀ ਪੀਰੀ॥੨੨॥
ਮੀਰੀ ਪੀਰੀ ਦੋਨੋਂ ਧਰੈਂ। ਬਚਹਿ ਸ਼ਰਨਿ ਨਤੁ ਜੁਗ ਪਰਹਰੈਂ।
ਸੁਨਿ ਸਤਿਗੁਰੁ ਕੇ ਬਾਕ ਅਡੋਲੇ। ਧਰਿ ਸ਼ਰਧਾ ਲਹਿ ਅਨੰਦ ਅਤੋਲੇ॥੨੩॥
(ਗੁਰ ਪ੍ਰਤਾਪ ਸੂਰਜ ਗ੍ਰੰਥ)
ਇਸ ਤਰ੍ਹਾਂ ਦਾ ਐਲਾਨ ਹਕੂਮਤ ਦੇ ਜ਼ੁਲਮਾਂ ਦੇ ਖ਼ਿਲਾਫ਼ ਜੰਗ ਛੇੜਨ ਦਾ ਇਕ ਖੁੱਲ੍ਹਾ ਸੱਦਾ ਸੀ। ਗੁਰੂ ਸਾਹਿਬ ਦੇ ਇਸ ਹੁਕਮ ਅਨੁਸਾਰ ਸਿੱਖ ਸੰਗਤਾਂ ਸ਼ਸਤਰਧਾਰੀ ਹੋ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਆਉਣ ਲੱਗੀਆਂ। ਛੇਤੀ ਹੀ ਸੈਂਕੜਿਆਂ ਦੀ ਗਿਣਤੀ ਵਿਚ ਸ਼ਸਤਰਧਾਰੀ ਘੋੜ ਸਵਾਰ ਸਿੱਖ ਨਜ਼ਰ ਆਉਣ ਲੱਗੇ। ਗੁਰੂ ਸਾਹਿਬ ਨੇ ਸਭ ਸਿੱਖ ਸੂਰਬੀਰਾਂ ਨੂੰ ਬਾਕਾਇਦਾ ਚਾਰ ਜਥਿਆਂ ਵਿਚ ਵੰਡ ਕੇ ਇਕ ਜਥੇਬੰਦਕ ਫ਼ੌਜ ਦਾ ਰੂਪ ਦੇ ਦਿੱਤਾ। ਚਾਰ ਜਥਿਆਂ ਦੇ ਚਾਰ ਕਪਤਾਨ, ਭਾਈ ਬਿਧੀ ਚੰਦ ਜੀ, ਪੈਂਦੇ ਖਾਂ, ਭਾਈ ਪਿਰਾਨਾ ਜੀ ਅਤੇ ਭਾਈ ਜੇਠਾ ਜੀ ਨਿਯੁਕਤ ਕੀਤੇ ਗਏ।
ਬਿਧੀਆ ਪੈਂਦਾ ਔਰ ਪਿਰਾਨਾ। ਚੌਥਾ ਜੇਠਾ ਕਹੋ ਬਖਾਨਾ।
ਸਹਿਸ ਸਹਿਸ ਤਾਬਿਆ ਇਨ ਕੀਏ। ਚਾਰੋ ਸਿਖ ਸੈਨਾਪਤਿ ਬੀਏ॥
(ਗੁਰਬਿਲਾਸ ਪਾਤਸ਼ਾਹੀ ਛੇਵੀਂ, ਪੰਨਾ: 163)
ਇਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ‘ਮੀਰੀ-ਪੀਰੀ’ ਦਾ ਸੰਕਲਪ ਉਜਾਗਰ ਕਰਕੇ ਨਾ ਸਿਰਫ਼ ਧਰਮ ਅਤੇ ਰਾਜਨੀਤੀ ਨੂੰ ਇਕੱਠਿਆਂ ਕੀਤਾ, ਬਲਕਿ ਧਰਮ ਦੀ ਤਾਬਿਆ ਰਾਜਨੀਤੀ ਦਾ ਫ਼ਲਸਫ਼ਾ ਸਾਹਮਣੇ ਲਿਆਂਦਾ। ਸਿੱਖ ਧਰਮ ਦਾ ‘ਮੀਰੀ’ ਅਤੇ ‘ਪੀਰੀ’ ਦਾ ਸੁਮੇਲ, ‘ਸ਼ਸਤਰ’ ਅਤੇ ‘ਸ਼ਾਸਤਰ’ ਦਾ ਇਕੱਠਿਆਂ ਹੋਣਾ, ਕਿਸੇ ਉੱਤੇ ਜ਼ੁਲਮ ਤੇ ਜਬਰ ਕਰਨ ਲਈ ਨਹੀਂ, ਸਗੋਂ ਧਰਮ ਤੋਂ ਹਿਰਦੇ ਵਿਚ ਦਇਆ ਧਾਰਨ ਕਰਕੇ ਗਰੀਬ ਤੇ ਮਜ਼ਲੂਮ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਕਰਨ ਲਈ ਹੈ।
ਮੀਰੀ ਤੇ ਪੀਰੀ ਦਾ ਸਿਧਾਂਤ ਹੀ ਖਾਲਸਾ ਪੰਥ ਦੀ ਸਾਜਨਾ ਕਰਨ ਲਈ ਸਹਾਈ ਸਿੱਧ ਹੋਇਆ, ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਵੀ ਸਮੁੱਚੀ ਸਿੱਖ ਕੌਮ ਨੂੰ ਜਥੇਬੰਦਕ ਰੂਪ ਵਿਚ ਸ਼ਸਤਰਧਾਰੀ ਹੋਣ ਲਈ ਪ੍ਰੇਰਿਤ ਕੀਤਾ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਨ ਧਾਰਨ ਕਰਨ ਲਈ ਹੀ ਨਹੀਂ, ਸਗੋਂ ਇਸ ਦੀ ਵਰਤੋਂ ਨੂੰ ਵੀ ਜਾਇਜ਼ ਠਹਿਰਾਉਂਦਿਆਂ ਕਿਹਾ:
ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥੨੨॥
(ਜ਼ਫਰਨਾਮਾਹ)
ਅਰਥਾਤ ਜਦੋਂ ਆਪਣਾ ਹੱਕ ਲੈਣ ਲਈ ਸਾਰੇ ਹੀਲੇ ਖਤਮ ਹੋ ਜਾਣ ਤਾਂ ਕਿਰਪਾਨ ਚੁੱਕਣੀ ਜਾਇਜ਼ ਹੈ।
ਸੋ, ਮੀਰੀ-ਪੀਰੀ ਦਾ ਸੰਕਲਪ ਤੇ ਸਿਧਾਂਤ ਆਪਣੇ ਆਪ ਵਿਚ ਮਨੁੱਖ ਨੂੰ ਪੂਰਨ ਮਨੁੱਖ ਵਾਲੀ ਇਕ ਅਮਲੀ ਤੇ ਵਿਹਾਰਕ ਜੀਵਨ ਜੁਗਤ ਵੀ ਦਿੰਦਾ ਹੈ, ਜੋ ਨਾ ਕਿਸੇ ਦਾ ਭੈਅ ਮੰਨਦਾ ਹੈ ਅਤੇ ਨਾ ਹੀ ਕਿਸੇ ਨੂੰ ਭੈਅ ਦਿੰਦਾ ਹੈ। ਇਹ ਅਕਾਲ ਪੁਰਖ ਦੇ ਇਕ ਹੀ ਸਮੇਂ ਦਿਆਲੂ ਤੇ ਸਰਬ ਸ਼ਕਤੀਮਾਨ ਹੋਣ ਦਾ ਝਲਕਾਰਾ ਵੀ ਦਿੰਦਾ ਹੈ। ਮੀਰੀ-ਪੀਰੀ ਦਾ ਸਿਧਾਂਤ ਪਰਮਾਤਮਾ ਦੇ ਨਿਰਭਉ ਤੇ ਨਿਰਵੈਰ ਸਰੂਪ ਨੰ ਪ੍ਰਗਟਾਉਂਦਾ ਹੋਇਆ ਮਨੁੱਖ ਨੂੰ ਵੀ ਨਿਰਭਉ ਤੇ ਨਿਰਵੈਰ ਹੋਣ ਦੀ ਪ੍ਰੇਰਨਾ ਦਿੰਦਾ ਹੈ। ਸਿੱਖ ਨੇ ਗੁਰਮੁਖ ਜੀਵਨ ਜਿਊਂਦਿਆਂ ਮੀਰੀ ਤੇ ਪੀਰੀ ਦੀ ਜੀਵਨ ਜੁਗਤ ਨੂੰ ਅਪਨਾਉਣਾ ਹੈ। ਸੰਸਾਰੀ ਜੀਵਨ ਵਿਚ ਧਰਮ ਨੂੰ ਕਮਾਉਂਦਿਆਂ ਆਪਣੀ ਰਾਜਨੀਤਕ ਵਾਗਡੋਰ ਕਿਸੇ ਹੋਰ ਦੇ ਹਵਾਲੇ ਨਹੀਂ ਕਰਨੀ। ਧਰਮ ਤੇ ਰਾਜ ਦਾ ਸੁਮੇਲ ਜ਼ਰੂਰੀ ਤਾਂ ਹੈ ਪਰ ਧਰਮ ਦਾ ਕੁੰਡਾ ਰਾਜ ਉੱਤੇ ਰਹੇਗਾ ਤਾਂ ਹੀ ਨਿਆਂਕਾਰੀ ਰਾਜ ਹੋਵੇਗਾ। ਧਰਮੀ ਹੁੰਦਿਆਂ ਜ਼ੁਲਮ, ਅਨਿਆਂ, ਲੁੱਟ-ਖਸੁੱਟ ਦੇ ਖ਼ਿਲਾਫ਼ ਇਕ ਜਾਂਬਾਜ਼ ਸੂਰਮੇ ਵਾਂਗ ਵੀ ਡਟਣਾ ਹੈ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …