ਕੈਨੇਡਾ ਵਿਚ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ
‘ਬੋਲੀ ਸਾਡਾ ਮਾਣ ਹੈ, ਬੋਲੀ ਲਵੋ ਸੰਭਾਲ
ਜੋ ਬੋਲੀ ਨਹੀਂ ਸਾਂਭਦੇ, ਉਹ ਨੇ ਮਨੋ ਕੰਗਾਲ’
ਡਾ. ਗੁਰਵਿੰਦਰ ਸਿੰਘ
ਫੋਨ : 604-825-1550
ਵਿਸ਼ਵ ਭਰ ‘ਚ 21 ਫਰਵਰੀ ਨੂੰ ਲੋਕ ਮਾਂ ਬੋਲੀ ਦਿਹਾੜੇ ਵਜੋਂ ਮਨਾਉਂਦਿਆਂ, ਕੋਈ ਨਾ ਕੋਈ ਅਜਿਹਾ ਸੰਕਲਪ ਲੈਂਦੇ ਹਨ , ਜਿਸ ‘ਤੇ ਸਾਲ ਭਰ ਕੰਮ ਕਰਕੇ ਉਹ ਆਪਣੀ ਬੋਲੀ ਨੂੰ ਪ੍ਰਫੁੱਲਤ ਕਰਨ ‘ਚ ਬਣਦਾ ਹਿੱਸਾ ਪਾ ਸਕਣ। 21 ਫਰਵਰੀ ਦਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਸਾਨੂੰ 1952 ਦੇ ਢਾਕਾ ਯੂਨੀਵਰਸਿਟੀ ਦੇ ਆਪਣੀ ਮਾਂ-ਬੋਲੀ ਬੰਗਲਾ ਨੂੰ ਪੂਰਬੀ ਪਾਕਿਸਤਾਨ ਦੀ ਕੌਮੀ ਬੋਲੀ ਬਣਾਉਣ ਦੀ ਮੰਗ ਕਰਦਿਆਂ ਸ਼ਹੀਦ ਹੋਏ ਵਿਦਿਆਰਥੀਆਂ ਅਬਦੁਸ ਸਲਾਮ, ਅਬੁਲ ਬਰਕਤ, ਰਫੀਕ ਉਦ-ਦੀਨ ਅਹਿਮਦ, ਅਬਦੁਲ ਜਬਾਰ ਤੇ ਸ਼ਫ਼ੀਉਰ ਰਹਿਮਾਨ ਅਤੇ ਸੈਂਕੜੇ ਫੱਟੜਾਂ ਦੀ ਯਾਦ ਦਿਵਾਉਂਦਾ ਹੈ। 21 ਫਰਵਰੀ 1972 ਨੂੰ ਬੰਗਲਾ ਦੇਸ਼ ਦੇ ਸੰਵਿਧਾਨ ਮੁਤਾਬਕ ਬੰਗਾਲੀ ਨੂੰ ਰਾਸ਼ਟਰੀ ਭਾਸ਼ਾ ਬਣਾਇਆ ਗਿਆ। ਬੰਗਲਾ ਦੇਸ਼ ਵਲੋਂ ਯੁਨੈਸਕੋ ਨੂੰ ਫੌਰਨ ਇਹ ਸੁਝਾਅ ਭੇਜਿਆ ਗਿਆ ਕਿ ਸਾਡੀ ਮਾਤ ਭਾਸ਼ਾ ਨੂੰ ਇਸ ਦਿਨ ਬਣਦਾ ਸਤਿਕਾਰ ਮਿਲਿਆ ਹੈ, ਇਸ ਲਈ ਇਸ ਦਿਨ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਵੇ। 17 ਨਵੰਬਰ 1999 ਨੂੰ ਜਨਰਲ ਕਾਨਫਰੰਸ ਵਿੱਚ ਯੁਨੈਸਕੋ ਵੱਲੋਂ, 21 ਫਰਵਰੀ ਨੂੰ ਮਾਂ ਬੋਲੀ ਦਿਵਸ ਵੱਜੋਂ ਮਨਾਉਣ ਦਾ ਸਮਰਥਨ ਦੇ ਦਿੱਤਾ ਗਿਆ। ਇਸ ਦਿਨ ਸੰਸਾਰ ਪੱਧਰ ‘ਤੇ ਹਰ ਖਿੱਤੇ ਵਿੱਚ ਆਪਣੀ-ਆਪਣੀ ਮਾਂ ਬੋਲੀ ਪ੍ਰਤੀ ਸ਼ਰਧਾ ਤੇ ਸਨਮਾਨ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ।
ਵਿਸ਼ਵ ਪੱਧਰ ‘ਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੁਆਰਾ ਅੱਜਕੱਲ੍ਹ ਲਗਭਗ 6500 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਬਾਰੇ ਯੂਨੈਸਕੋ ਨੇ ਰਿਪੋਰਟ ਜਾਰੀ ਕੀਤੀ ਹੈ। ਵਿਸ਼ਵ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ ਵੀ ਹੈ। ਇਹ 11ਵੇਂ ਸਥਾਨ ‘ਤੇ ਆਉਂਦੀ ਹੈ। ਇੱਕ ਅੰਦਾਜ਼ੇ ਅਨੁਸਾਰ ਪੰਜਾਬੀ ਵਿਸ਼ਵ ਦੇ 15 ਕਰੋੜ ਤੋਂ ਵੱਧ ਲੋਕਾਂ ਵੱਲੋਂ ਬੋਲੀ ਜਾਣ ਵਾਲੀ ਭਾਸ਼ਾ ਹੈ। ਕੈਨੇਡਾ ਵਿਚ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਦੀਆਂ ਮਿਸਾਲਾਂ ਪੰਜਾਬ ਦੀ ਧਰਤੀ ‘ਤੇ ਵੀ ਦਿੱਤੀਆਂ ਜਾਂਦੀਆਂ ਹਨ। 8 ਜੁਲਾਈ 1994 ਵਾਲੇ ਦਿਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਖੇ, ਪੰਜਾਬੀ ਨੂੰ ਦੂਜੀ ਜ਼ੁਬਾਨ ਦਾ ਦਰਜਾ ਹਾਸਲ ਹੋਇਆ: ਕੈਨੇਡਾ ਵਸਦੇ ਪੰਜਾਬੀਆਂ ਅੰਦਰ ਮਾਂ-ਬੋਲੀ ਲਈ ਠਾਠਾਂ ਮਾਰਦੇ ਪਿਆਰ ਦੀ ਗੱਲ ਕਰਦਿਆਂ ਆਮ ਹੀ ਕਿਹਾ ਜਾਂਦਾ ਹੈ ਕਿ ਕੈਨੇਡਾ ਵਿਚ ‘ਦੂਜਾ ਪੰਜਾਬ’ ਵਸਦਾ ਹੈ। ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਸੌ ਸਾਲ ਤੋਂ ਵੱਧ ਸਮੇਂ ਤੋਂ ਇਥੇ ਵਸੇ ਪੰਜਾਬੀਆਂ ਨੇ ਆਪਣੀ ਬੋਲੀ ਅਤੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ। ਇਥੋਂ ਦੇ ਕਈ ਸ਼ਹਿਰਾਂ ‘ਚ ਪੰਜਾਬ ਤੋਂ ਘੁੰਮਣ ਆਇਆ ਪੰਜਾਬੀ ਜਦੋਂ ਘਰੋਂ ਬਾਹਰ ਨਿਕਲਦਾ ਹੈ, ਤਾਂ ਉਸ ਨੂੰ ਭੁਲੇਖਾ ਪੈਣ ਲੱਗ ਪੈਂਦਾ ਹੈ ਕਿ ਉਹ ਸ਼ਾਇਦ ਪੰਜਾਬ ਦੇ ਕਿਸੇ ਸ਼ਹਿਰ ‘ਚ ਘੁੰਮ ਰਿਹਾ ਹੋਵੇ। ਪੰਜਾਬੀ ਵਿਚ ਲੱਗੇ ਸਾਈਨ ਬੋਰਡ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਕੈਨੇਡਾ ਵਿੱਚ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਦੀ ਚੜ੍ਹਤ ਹੈ।
ਮਾਂ-ਬੋਲੀ ਪੰਜਾਬੀ ਨਾਲੋਂ ਟੁੱਟੇ ਪੰਜਾਬੀ, ਆਪਣੀ ਬੋਲੀ ਨਾਲ ਕੈਨੇਡਾ ਆ ਕੇ ਕਿਵੇਂ ਜੁੜਦੇ ਹਨ, ਇਸ ਦੀ ਮਿਸਾਲ ਉੱਘੇ ਸਾਹਿਤਕਾਰ ਰਾਜਿੰਦਰ ਸਿੰਘ ਬੇਦੀ ਦੇ ਪੋਤਰੇ ਤੇ ਫਿਲਮ ਨਿਰਮਾਤਾ ਨਰਿੰਦਰ ਬੇਦੀ ਦੇ ਪੁੱਤਰ, ਫਿਲਮ ਅਦਾਕਾਰ ਅਤੇ ਨਿਰਮਾਤਾ ਰਜਤ ਬੇਦੀ ਨੇ ਸਾਂਝੀ ਕੀਤੀ। ਉਸਨੇ ਕਿਹਾ ਕਿ ਬੰਬਈ ਵਿਚ ਰਹਿੰਦਿਆਂ ਉਹ ਪੰਜਾਬੀ ਨਹੀਂ ਸੀ ਬੋਲਦਾ, ਪਰ ਜਦੋਂ ਉਹ ਕੈਨੇਡਾ ਆਇਆ, ਤਾਂ ਇਥੇ ਆ ਕੇ ਨਾ ਸਿਰਫ਼ ਪੰਜਾਬੀ ਬੋਲਣ ਹੀ ਲੱਗਿਆ, ਸਗੋਂ ਪੰਜਾਬੀ ਫਿਲਮਾਂ ਵੱਲ ਵੀ ਉਤਸ਼ਾਹਤ ਹੋ ਗਿਆ। ਰਜਤ ਬੇਦੀ ਨੇ ਕਿਹਾ ਕਿ ਉਸ ਨੂੰ ਅਤੇ ਉਸ ਵਰਗੇ ਅਨੇਕਾਂ ਹੋਰਨਾਂ ਨੂੰ ਕੈਨੇਡਾ ਨੇ ਪੰਜਾਬ ਨਾਲ ਜੁੜਿਆ ਹੈ।
ਕੈਨੇਡਾ ਦੀਆਂ ਵੱਖ-ਵੱਖ ਸਮੇਂ ਦੀਆਂ ਮਰਦਮਸ਼ੁਮਾਰੀਆਂ ਦੇ ਅੰਕੜੇ ਇਥੇ ਪੰਜਾਬੀ ਦੀ ਤਰੱਕੀ ਦੀ ਗਵਾਹੀ ਭਰਦੇ ਹਨ। ਇਨ੍ਹਾਂ ਅਨੁਸਾਰ ਪਿਛਲੇ ਤਿੰਨ ਦਹਾਕਿਆਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕੈਨੇਡਾ ਦੀ ਕੁੱਲ ਗਿਣਤੀ ਦੇ ਹਿਸਾਬ ਨਾਲ 0.43 ਫੀਸਦੀ ਤੋਂ 2 ਫੀਸਦੀ ਦੇ ਨੇੜੇ ਜਾ ਪਹੁੰਚੀ ਹੈ। ਕੈਨੇਡਾ ਦੀ ਮੌਜੂਦਾ ਸਮੇਂ ਆਬਾਦੀ 4 ਕਰੋੜ 15 ਲੱਖ ਤੱਕ ਪਹੁੰਚ ਚੁੱਕੀ ਹੈ। ਜੇਕਰ ਕੈਨੇਡਾ ‘ਚ ਪੰਜਾਬੀਆਂ ਵਲੋਂ ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਉਣ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਹ 1991 ਵਿਚ 113, 220 (0.43 ਫ਼ੀਸਦੀ), 1996 ਵਿਚ 201, 780 (0.70 ਫ਼ੀਸਦੀ), 2001 ਵਿਚ 271, 220 (0.90 ਫ਼ੀਸਦੀ), 2006 ਵਿਚ 367, 505 (1.18 ਫ਼ੀਸਦੀ), 2011 ਵਿਚ 459, 990 (1.30 ਫ਼ੀਸਦੀ) 2016 ਵਿਚ 543, 495 (1.7 ਫ਼ੀਸਦੀ) ਅਤੇ 2021 ਵਿਚ 763, 785 (2 ਫੀਸਦੀ) ਤੱਕ ਪਹੁੰਚ ਚੁੱਕੀ ਹੈ, ਜਦ ਕਿ ਅਗਲੀ ਮਰਦਮਸ਼ੁਮਾਰੀ 2026 ਵਿਚ ਹੋਵੇਗੀ।
ਮਰਦਮ ਸ਼ੁਮਾਰੀ ਦੇ ਇਕ ਹੋਰ ਵਰਗ ਅਨੁਸਾਰ ਘਰਾਂ ਵਿੱਚ ਬਹੁਤਾ ਸਮਾਂ ਪੰਜਾਬੀ ਬੋਲਣ ਵਾਲਿਆਂ ਦੀ 2021 ਦੀ ਮਰਦਮਸ਼ੁਮਾਰੀ ਦੌਰਾਨ ਗਿਣਤੀ 827,150 ਹੈ, ਜਦ ਕਿ ਕੈਨੇਡਾ ਦੀਆਂ ਨਾਨ-ਆਫੀਸ਼ੀਅਲ ਬੋਲੀਆਂ ਤੋਂ ਇਲਾਵਾ ਪੰਜਾਬੀ ਬੋਲੀ ਦੀ ਜਾਣਕਾਰੀ ਰੱਖਣ ਵਾਲਿਆਂ ਦੀ ਸੰਖਿਆ 942, 170 ( 2016 ਤੋਂ 41 ਗੁਣਾ ਵੱਧ) ਹੈ। 2021 ਦੀ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਵਿਚ ਪਹਿਲੇ ਨੰਬਰ ‘ਤੇ ਉਨਟੈਰੀਉ ਪ੍ਰੋਵਿੰਸ (397, 865), ਦੂਜੇ ‘ਤੇ ਬ੍ਰਿਟਿਸ਼ ਕਲੰਬੀਆ (315,000) ਅਤੇ ਤੀਜੀ ਨੰਬਰ ‘ਤੇ ਐਲਬਰਟਾ (126,365) ਆਉਂਦਾ ਹੈ।
ਬੋਲੀ ਆਧਾਰਿਤ ਅੰਕੜਿਆਂ ਅਨੁਸਾਰ ਸੰਨ 2011 ਦੀ ਜਨਗਣਨਾ ਅਨੁਸਾਰ ਅੰਗਰੇਜ਼ੀ ਤੇ ਫਰੈਂਚ ਤੋਂ ਮਗਰੋਂ, ਇੰਮੀਗਰੈਂਟ ਭਾਈਚਾਰਿਆਂ ਦੀਆਂ ਮਾਂ-ਬੋਲੀਆਂ ਦੀ ਸੂਚੀ ‘ਚ ਪੰਜਾਬੀ ਪਹਿਲੇ ਥਾਂ ‘ਤੇ ਸੀ, ਭਾਵ ਕੁੱਲ ਮਿਲਾ ਕੇ ਤੀਜੇ ਸਥਾਨ ‘ਤੇ ਸੀ। ਸੰਨ 2011 ਦੇ ਅੰਕੜਿਆਂ ਮੁਤਾਬਿਕ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 459, 990 ਸੀ, ਜਦ ਕਿ ਚੀਨੀ ਭਾਈਚਾਰੇ ਵਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ‘ਚ ਕੈਂਟਨੀਜ਼ ਬੋਲਣ ਵਾਲੇ 388, 935 ਅਤੇ ਮੈਂਡਰੀਨ ਬੋਲਣ ਵਾਲੇ 255,160 ਸਨ। ਪੰਜ ਸਾਲਾਂ ਮਗਰੋਂ 2016 ਦੇ ਅੰਕੜਿਆਂ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 18.2 ਫ਼ੀਸਦੀ ਵਧਣ ਨਾਲ ਇਹ ਸੰਖਿਆ 543, 495 ਹੋ ਗਈ ਤੇ ਮਹਿਜ਼ 85,505 ਹੋਰ ਪੰਜਾਬੀਆਂ ਨੇ, ਪੰਜ ਸਾਲਾਂ ‘ਚ ਮਾਂ-ਬੋਲੀ ਪੰਜਾਬੀ ਲਿਖਵਾਈ। ਦੂਜੇ ਪਾਸੇ ਮੈਂਡਰੀਨ ਬੋਲਣ ਵਾਲੇ 610,835 ਅਤੇ ਕੈਂਟਨੀਜ਼ ਬੋਲਣ ਵਾਲੇ 594,030 ਦੀ ਗਿਣਤੀ ਤੱਕ ਪਹੁੰਚ ਗਏ। ਇੰਜ ਪੰਜਾਬੀ ਬੋਲਣ ਵਾਲੇ ਤੀਜੇ ਥਾਂ ਤੋਂ ਪੰਜਵੇਂ ‘ਤੇ ਆ ਡਿਗੇ, ਜਦ ਕਿ ਤੀਜੀ ਤੇ ਚੌਥੀ ਥਾਂ ਮੈਂਡਰੀਨ ਤੇ ਕੈਂਟਨੀਜ਼ ਨੇ ਲੈ ਲਈ। 21 ਮਈ 2021 ਦੀ ਮਰਦਮਸ਼ੁਮਾਰੀ ਦੀ ਗੱਲ ਕਰਦੇ ਹਾਂ, ਤਾਂ ਅੰਕੜਿਆਂ ਦੇ ਹਿਸਾਬ ਨਾਲ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 942,170 ਪੰਜਵੇਂ ਸਥਾਨ ‘ਤੇ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਸ ਵਰਗ ਵਿਚ ਅੰਗਰੇਜ਼ੀ ਅਤੇ ਫਰੈਂਚ ਤੋਂ ਮਗਰੋਂ, ਤੀਜੇ ਨੰਬਰ ‘ਤੇ ਸਪੈਨਿਸ਼ (1,171,450) ਅਤੇ ਚੌਥੇ ਨੰਬਰ ‘ਤੇ ਮੈਂਡਰੀਨ ਚੀਨੀ ਬੋਲੀ (987, 300) ਹੈ।
ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਕੈਨੇਡਾ ਵਿੱਚ ਪੰਜਾਬੀ ਬੋਲੀ ਦੀਆਂ ਵੱਡੀਆਂ ਪ੍ਰਾਪਤੀਆਂ ਹਨ, ਉਥੇ ਅਜੇ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਮਰਦਮਸ਼ੁਮਾਰੀ ਸਮੇਂ ਪੰਜਾਬੀਆਂ ਵਲੋਂ ਮਾਂ-ਬੋਲੀ ਲਿਖਵਾਉਣ ਲਈ ਉਤਸ਼ਾਹ ਅਜੇ ਵੀ ਓਨਾ ਨਹੀਂ, ਜਿੰਨਾ ਹੋਣਾ ਚਾਹੀਦਾ ਹੈ। ਕੈਨੇਡਾ ਵਿਚ ਘੱਟੋ-ਘੱਟ 5 ਲੱਖ ਤੋਂ ਵੱਧ ਗਿਣਤੀ ਵਿੱਚ ਅਜਿਹੇ ਹੋਰ ਪੰਜਾਬੀ ਵੀ ਵਸਦੇ ਹਨ, ਜਿਹੜੇ ਮਰਦਮਸ਼ੁਮਾਰੀ ਦੌਰਾਨ ਆਪਣੀ ਮਾਂ-ਬੋਲੀ ਪੰਜਾਬੀ ਨਹੀਂ ਲਿਖਵਾਉਂਦੇ ਜਾਂ ਮਰਦਮਸ਼ੁਮਾਰੀ ਵਿੱਚ ਮਾਂ- ਬੋਲੀ ਵਾਲੇ ਖਾਨੇ ਭਰਦੇ ਹੀ ਨਹੀ। ਇਥੇ ਦੱਸਣਯੋਗ ਹੈ ਕਿ ਕੈਨੇਡਾ ਵਿੱਚ ਆਏ ਸੈਲਾਨੀ, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਵਾਲੇ ਪੰਜਾਬੀ ਵੀ ਮਰਦਮ ਸ਼ੁਮਾਰੀ ਵਿਚ ਅਪਣੇ ਫ਼ਾਰਮਾਂ ਵਿਚ ਮਾਂ ਬੋਲੀ ਪੰਜਾਬੀ ਲਿਖ ਸਕਦੇ ਹਨ। ਕੈਨੇਡਾ ਦੇ ਪੰਜਾਬੀ ਮੀਡੀਏ ਵਲੋਂ ਵਾਰ-ਵਾਰ ਪ੍ਰਚਾਰਨ ਦੇ ਬਾਵਜੂਦ, ਬਹੁਤ ਸਾਰੇ ਪੰਜਾਬੀ ਕਾਗਜ਼ਾਂ ‘ਚ ਆਪਣੀ ਮਾਂ-ਬੋਲੀ ਲਿਖਵਾਉਣ ਤੋਂ ਹੀ ਘੇਸਲ ਮਾਰ ਜਾਂਦੇ ਹਨ। ਜੇ ਰੁਝਾਨ ਇਹੀ ਰਿਹਾ ਤਾਂ 2026 ਦੀ ਮਰਦਮਸ਼ੁਮਾਰੀ ਵਿਚ ਪੰਜਾਬੀ ਬੋਲੀ ਦਾ ਪੰਜਵਾਂ ਸਥਾਨ ਵੀ ਖੁੱਸਣ ‘ਚ ਦੇਰ ਨਹੀਂ ਲੱਗਣੀ।
ਦੂਜੀ ਗੱਲ ਇਹ ਹੈ ਕਿ ਪੰਜਾਬੀ ਕੈਨੇਡਾ ‘ਚ ਅਜੇ ਵੀ ਵਿਦੇਸ਼ੀ ਭਾਸ਼ਾ ਹੀ ਹੈ, ਕੈਨੇਡੀਅਨ ਭਾਸ਼ਾ ਵਜੋਂ ਮਾਨਤਾ ਹਾਸਲ ਨਹੀਂ ਕਰ ਸਕੀ। ਇਹ ਗੱਲ ਜ਼ਿਕਰਯੋਗ ਹੈ ਕਿ ਕੈਨੇਡਾ ‘ਚ ਦੋ ਮੁੱਖ ਭਾਸ਼ਾਵਾਂ ਅੰਗਰੇਜ਼ੀ ਤੇ ਫਰੈਂਚ ਦਫ਼ਤਰੀ ਰੂਪ ‘ਚ ਸਰਕਾਰੀ ਭਾਸ਼ਾਵਾਂ ਹਨ, ਪਰ ਇਥੇ ਰਾਸ਼ਟਰੀ ਭਾਸ਼ਾ ਦੇ ਨਾਂਅ ‘ਤੇ ਝਗੜੇ ਖੜ੍ਹੇ ਕਰਨ ਵਾਲਾ ਅਜਿਹਾ ਕੋਈ ਰੇੜਕਾ ਨਹੀਂ, ਜਿਵੇਂ ਕਿ ਭਾਰਤ ‘ਚ ਹਿੰਦੀ ਨੂੰ ਲੈ ਕੇ ‘ਇਕ ਭਾਸ਼ਾ ਤੇ ਇਕ ਰਾਸ਼ਟਰ’ ਆਦਿ ਦੇ ਬੇਤੁਕੇ ਨਾਅਰੇ ਲਾਏ ਜਾਂਦੇ ਹਨ।
ਇਥੇ ਚੁਣੌਤੀ ਇਹ ਹੈ ਕਿ ਇੰਮੀਗਰਾਂਟ ਭਾਈਚਾਰੇ ਦੀ ਬੋਲੀ ਹੋਣ ਕਾਰਨ ਪੰਜਾਬੀ ਅਜੇ ਵੀ ਸੰਘਰਸ਼ ਦੇ ਦੌਰ ‘ਚੋਂ ਗੁਜ਼ਰ ਰਹੀ ਹੈ। ਅੱਜ ਕੈਨੇਡਾ ‘ਚ ਵਸਦੇ ਪੰਜਾਬੀ ਜੇਕਰ ਆਪਣੀ ਨਾਗਰਿਕਤਾ ਕਾਰਨ ‘ਕੈਨੇਡੀਅਨ’ ਹਨ ਤਾਂ ਫਿਰ ਉਨ੍ਹਾਂ ਦੀ ਬੋਲੀ ਵਿਦੇਸ਼ੀ ਕਿਵੇਂ ਹੋਈ? ਜੇਕਰ ਪਾਰਲੀਮੈਂਟ ‘ਚ ਪੰਜਾਬੀਆਂ ਦੀ ਗਿਣਤੀ ਡੇਢ ਦਰਜਨ ਹੈ ਤੇ ਕਈ ਸੂਬਿਆਂ ‘ਚ ਵੀ ਪੰਜਾਬੀ ਸਿਆਸਤਦਾਨਾਂ ਦਾ ਬੋਲਬਾਲਾ ਹੈ, ਫਿਰ ਉਹ ਆਪਣੀ ਮਾਂ-ਬੋਲੀ ਲਈ ਦ੍ਰਿੜ੍ਹ ਇਰਾਦਾ ਕਿਉਂ ਨਹੀਂ ਰੱਖਦੇ? ਯਕੀਨਨ ਤੌਰ ‘ਤੇ ਜੇਕਰ ਸਾਡੇ ਰਾਜਸੀ ਲੀਡਰ ਪ੍ਰਣ ਕਰਨ ਕਿ ਉਨ੍ਹਾਂ ਪੰਜਾਬੀ ਨੂੰ ਕੈਨੇਡੀਅਨ ਬੋਲੀ ਵਜੋਂ ਮਾਨਤਾ ਦਿਵਾਉਣੀ ਹੈ ਤੇ ਵਿਦੇਸ਼ੀ ਬੋਲੀ ਨਹੀਂ ਰਹਿਣ ਦੇਣਾ, ਤਾਂ ਪੰਜਾਬੀ ਵੀ ਕੈਨੇਡਾ ‘ਚ ਬੇਗਾਨੀ ਨਹੀਂ ਰਹੇਗੀ ਤੇ ਉਹ ਕੈਨੇਡਾ ਦੀ ਬੋਲੀ ਵਜੋਂ ਮਾਨਤਾ ਹਾਸਲ ਕਰ ਲਵੇਗੀ।
ਤੀਜੀ ਗੱਲ, ਪੰਜਾਬੀ ਮਾਪਿਆਂ ‘ਤੇ ਆਉਂਦੀ ਹੈ। ਜੇਕਰ ਬੀ.ਸੀ. ਸੂਬੇ ਦੀ ਹੀ ਗੱਲ ਕਰੀਏ ਤਾਂ ਇਥੋਂ ਦੇ ਸਾਬਕਾ ਵਿੱਦਿਆ ਮੰਤਰੀ ਮਨਮੋਹਣ ਸਿੰਘ ਮੋਅ ਸਹੋਤਾ ਦੇ ਉੱਦਮ ਨਾਲ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲ ਗਿਆ ਸੀ ਤੇ ਪੰਜਾਬੀ ਸਕੂਲਾਂ ‘ਚ ਪੜ੍ਹਾਉਣ ਦਾ ਰਾਹ ਪੱਧਰਾ ਹੋ ਗਿਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਪੜ੍ਹਾਉਣ ਵਾਲੇ ਸਕੂਲ, ਅਕੈਡਮੀਆਂ ਤੇ ਹੋਰ ਅਦਾਰੇ ਆਪੋ-ਆਪਣੇ ਉਪਰਾਲੇ ਕਰ ਰਹੇ ਹਨ ਪਰ ਪਬਲਿਕ ਸਕੂਲਾਂ ‘ਚ ਪੰਜਾਬੀ ਪੜ੍ਹਾਈ ਜਾਣ ਲਈ ਬੱਚਿਆਂ ਦਾ ਨਾਂਅ ਖ਼ਾਸ ਤੌਰ ‘ਤੇ ਦਾਖ਼ਲ ਕਰਨ ਦੀ ਲੋੜ ਹੁੰਦੀ ਹੈ।
ਕੈਨੇਡਾ ‘ਚ ਪੰਜਾਬੀ ਬੋਲੀ ਲਈ ਸਭ ਤੋਂ ਵੱਧ ਚਿੰਤਾ ਦੀ ਗੱਲ ਅੱਜ ਇਹ ਹੈ ਕਿ ਇਥੇ ਪੰਜਾਬੀ ਨੂੰ ਗਿਣੇ-ਮਿਥੇ ਢੰਗ ਨਾਲ ਖੂੰਜੇ ਲਾਉਣ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ। ਪੰਜਾਬੀ ਬੋਲੀ ਦੇ ਨਾਂਅ ‘ਤੇ ਪੰਜਾਬੀ ਸੂਬਾ ਬਣਨ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਤੇ ਫ਼ਿਰਕੂ ਵਿਚਾਰ ਪੰਜਾਬ ਵਿਚ ਜ਼ੋਰ ਫੜ ਰਹੇ ਸਨ, ਅੱਜ ਉਹੀ ਸਥਿਤੀ ਕੈਨੇਡਾ ਵਿਚ ਬਣਦੀ ਜਾ ਰਹੀ ਹੈ। ਕੈਨੇਡਾ ‘ਚ ਜੇਕਰ ਸੰਘਣੀ ਪੰਜਾਬੀ ਵਸੋਂ ਵਾਲੇ ਇਲਾਕਿਆਂ ਦੀ ਗੱਲ ਕਰੀਏ ਤਾਂ ਇਥੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਿੱਖ, ਹਿੰਦੂ, ਮੁਸਲਮਾਨ ਭਾਵ ਵੱਖ-ਵੱਖ ਧਰਮਾਂ, ਰੰਗਾਂ, ਨਸਲਾਂ ਤੇ ਫ਼ਿਰਕਿਆਂ ਦੇ ਲੋਕ ਵਸਦੇ ਹਨ। ਇਥੋਂ ਤੱਕ ਕਿ ‘ਭਾਰਤੀ ਪੰਜਾਬੀ’ ਤੇ ‘ਪਾਕਿਸਤਾਨੀ ਪੰਜਾਬੀ’ ਵਾਲਾ ਫ਼ਰਕ ਵੀ ਇਥੇ ਨਜ਼ਰ ਨਹੀਂ ਆਉਂਦਾ, ਬਲਕਿ ਸਾਰੇ ‘ਕੈਨੇਡੀਅਨ ਪੰਜਾਬੀ’ ਹੀ ਅਖਵਾਉਂਦੇ ਹਨ। ਉਂਜ ਵੀ ਅਸੀਂ ਅਕਸਰ ਆਖਦੇ ਹਾਂ ਕਿ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ, ਭਾਰਤੀ ਪੰਜਾਬ ਨਾਲੋਂ ਕਿਤੇ ਵੱਧ ਹੈ। ਕੈਨੇਡਾ ਵਿਚ ਪੰਜਾਬੀ ਆਬਾਦੀ ਵਾਲੇ ਸ਼ਹਿਰਾਂ ‘ਚ ਵਸਣ ਵਾਲੇ ਲਹਿੰਦੇ ਪੰਜਾਬ ਦੇ ਪੰਜਾਬੀ ਜ਼ਿਆਦਾਤਰ ਲਾਹੌਰ ਦੇ ਨੇੜੇ-ਤੇੜੇ ਦੇ ਹੀ ਹਨ। ਉਨ੍ਹਾਂ ‘ਚੋਂ ਵਧੇਰੇ ਬੋਲਦੇ ਵੀ ਪੰਜਾਬੀ ਹੀ ਹਨ, ਪਰ ਸਭ ਤੋਂ ਵੱਧ ਦੁਖਦਾਈ ਗੱਲ ਇਹ ਹੈ ਕਿ ਕੈਨੇਡਾ ਦੀ ਮਰਦਮਸ਼ੁਮਾਰੀ ਵਿਚ ਜਦੋਂ ਉਨ੍ਹਾਂ ਮਾਂ-ਬੋਲੀ ਲਿਖਾਉਣੀ ਹੁੰਦੀ ਹੈ, ਤਾਂ ਇੱਕਾ-ਦੁੱਕਾ ਨੂੰ ਛੱਡ ਕੇ ਕੋਈ ਵੀ ਮਾਂ-ਬੋਲੀ ਪੰਜਾਬੀ ਨਹੀਂ ਲਿਖਦਾ, ਬਲਕਿ ਉਰਦੂ ਹੀ ਲਿਖਵਾਉਂਦੇ ਹਨ।
ਹੁਣ ਗੱਲ ਕਰੀਏ ਭਾਰਤੀ ਪੰਜਾਬ ਦੇ ਕੈਨੇਡਾ ਵਸਦੇ ਭਾਈਚਾਰਿਆਂ ਦੀ। ਇਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ ‘ਚ ਪੰਜਾਬ ਦੇ ਪਿੰਡਾਂ-ਸ਼ਹਿਰਾਂ ਨਾਲ ਸਬੰਧਿਤ ਸਿੱਖ ਤੇ ਹਿੰਦੂ ਹੀ ਵਧੇਰੇ ਹਨ, ਜਦ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਆਏ ਪ੍ਰਵਾਸੀ ਭਾਰਤੀ ਭਾਈਚਾਰੇ ‘ਚੋਂ ਵੀ ਕੇਰਲਾ, ਤਾਮਿਲ, ਗੁਜਰਾਤੀ, ਬੰਗਾਲੀ ਆਦਿ ਵਸਦੇ ਹਨ, ਜਿਨ੍ਹਾਂ ਦੀਆਂ ਆਪਣੀਆਂ ਭਾਸ਼ਾਵਾਂ ਹਨ ਤੇ ਉਹ ਕੈਨੇਡਾ ਤੇ ਭਾਰਤ ਅੰਦਰ ਵੀ ਉਨ੍ਹਾਂ ਭਾਸ਼ਾਵਾਂ ਨੂੰ ਹੀ ਮਾਨਤਾ ਦਿੰਦੇ ਹਨ। ਇਨ੍ਹਾਂ ਦੇ ਮੁਕਾਬਲਤਨ ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਆਦਿ ਸੂਬਿਆਂ ‘ਚੋਂ ਕੈਨੇਡਾ ਵਸਣ ਵਾਲਿਆਂ ਦੀ ਗਿਣਤੀ ਘੱਟ ਹੈ, ਜਿਹੜੇ ‘ਹਿੰਦੀ’ ਨੂੰ ਆਪਣੀ ਮਾਂ-ਬੋਲੀ ਸਵੀਕਾਰਦੇ ਹਨ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਅੰਦਰਲੇ ਭਾਰਤੀ ਸਫ਼ਾਰਤਖਾਨੇ ਹਿੰਦੀ ਨੂੰ ਮੁਫ਼ਤ ਪੜ੍ਹਾਉਣ ਲਈ ਤਾਂ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ, ਜਦ ਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਨਾਲ ਸਰਾਸਰ ਵਿਤਕਰਾ ਕਰ ਰਹੇ ਹਨ। ਭਾਰਤੀ ਸਿਆਸਤ ‘ਚ ਵਧ ਰਿਹਾ ਫਾਸ਼ੀਵਾਦ, ਧਰੁਵੀਕਰਨ ਅਤੇ ‘ਇਕ ਬੋਲੀ ਤੇ ਇਕ ਰਾਸ਼ਟਰ’ ਦਾ ਨਾਅਰਾ ਕੇਵਲ ਭਾਰਤ ਵਿੱਚ ਹੀ ਹਿੰਦੀ ਭਾਸ਼ਾ ਨੂੰ ਛੱਡ ਕੇ ਬਾਕੀ ਭਾਸ਼ਾਵਾਂ ਦਾ ਨੁਕਸਾਨ ਨਹੀਂ ਕਰ ਰਿਹਾ, ਸਗੋਂ ਕੈਨੇਡਾ ਵਿੱਚ ਵੀ ਪੰਜਾਬੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਸਭ ਤੋਂ ਵੱਧ ਘਾਤਕ ਬਣ ਰਿਹਾ ਹੈ। ਕੁਝ ਵਰ੍ਹੇ ਪਹਿਲਾਂ ਕੈਨੇਡਾ ‘ਚ ਪੰਜਾਬੀ ਗਾਇਕ ਗੁਰਦਾਸ ਮਾਨ ਵਲੋਂ ਦਿੱਤਾ ਵਿਵਾਦਗ੍ਰਸਤ ਬਿਆਨ ‘ਇਕ ਬੋਲੀ ਇਕ ਦੇਸ਼’ ਅਤੇ ਮਾਂ-ਮਾਸੀ ਦਾ ਰੇੜਕਾ ਵੀ ਪੰਜਾਬੀਆਂ ਅੰਦਰ ਬੋਲੀ ਦੇ ਆਧਾਰ ‘ਤੇ ਪਾੜਾ ਪਾਉਣ ਵਾਲਾ ‘ਘਾਤਕ ਪ੍ਰਚਾਰ’ ਹੋ ਨਿਬੜਿਆ ਹੈ।
ਕੈਨੇਡਾ ਵਸਦੇ ਪੰਜਾਬੀਆਂ ਨੂੰ ਇਨ੍ਹਾਂ ਵਲਗਣਾਂ ਤੋਂ ਉੱਪਰ ਉੱਠ ਕੇ ਸੱਚ ‘ਤੇ ਪਹਿਰਾ ਦੇਣ ਦੀ ਲੋੜ ਹੈ। ਜੇਕਰ ਉਹ ਪੰਜਾਬੀ ਹਨ ਤਾਂ ਆਪਣੀ ਬੋਲੀ ਪੰਜਾਬੀ ਹੀ ਲਿਖਵਾਉਣ, ਨਾ ਕਿ ਆਪਣੇ ਫ਼ਿਰਕੇ, ਜਾਤ ਜਾਂ ਸਿਆਸੀ ਪ੍ਰਭਾਵ ਅਧੀਨ ਮਾਂ-ਬੋਲੀ ਨਾਲ ਧੋਖਾ ਕਰਨ। ਅਸੀਂ ਆਪਣੇ ਕਾਰੋਬਾਰ ਅਤੇ ਵਪਾਰ ਮੌਕੇ ਵੱਧ ਤੋਂ ਵੱਧ ਪੰਜਾਬੀ ਬੋਲੀ ਬੋਲੀਏ ਅਤੇ ਸਾਇਨ ਬੋਰਡਾਂ ਅਤੇ ਬਿਜਨਸ ਕਾਰਡਾਂ ‘ਤੇ ਅੰਗਰੇਜ਼ੀ ਦੇ ਨਾਲ-ਨਾਲ ‘ਗੁਰਮੁਖੀ’ ਵਿੱਚ ਜਾਣਕਾਰੀ ਅਤੇ ਨਾਂ ਲਿਖਵਾਈਏ। ਆਓ, ਚੇਤਾ ਨਾ ਭੁੱਲੀਏ, ਘਰਾਂ ਵਿਚ ਬੋਲੀ ਜਾਣ ਵਾਲੀ ਜ਼ੁਬਾਨ ਮਾਂ ਬੋਲੀ ਪੰਜਾਬੀ ਲਿਖਾਈਏ ਅਤੇ ਰੋਜ਼ ਆਪੋ-ਆਪਣੇ ਪੱਧਰ ‘ਤੇ ਪੰਜਾਬੀ ਲਈ ਦੋ ਸ਼ਬਦ ਜ਼ਰੂਰ ਲਿਖੀਏ। ਕਿਸੇ ਵੀ ਰੂਪ ਵਿੱਚ ਬੋਲੀ ਲਈ ਪ੍ਰਚਾਰ ਕਰੀਏ। ਕੈਨੇਡਾ ਵਸਦੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਨੂੰ ਆਪਣੀ ‘ਜ਼ਬਾਨ’ ਅਤੇ ‘ਪਛਾਣ’ ਨਾਲ ਜੋੜੀ ਰੱਖਣ ਲਈ ਇਹ ਜ਼ਰੂਰੀ ਹੈ ਕਿ ਮਾਂ ਬੋਲੀ ਪੰਜਾਬੀ ਵੱਧ ਤੋਂ ਵੱਧ ਬੋਲੀਏ ਅਤੇ ਇਹ ਗੱਲ ਕਦੇ ਨਾ ਭੁੱਲੀਏ;
ਬੋਲੀ ਸਾਡਾ ਮਾਣ ਹੈ, ਬੋਲੀ ਲਵੋ ਸੰਭਾਲ।
ਜੋ ਬੋਲੀ ਨਹੀਂ ਸਾਂਭਦੇ, ਉਹ ਨੇ ਮਨੋ ਕੰਗਾਲ।
ਧਰਤੀ ਹੈ ਪੰਜਾਬ ਦੀ, ਖੁੱਲ੍ਹੇ ਬੜੇ ਸਕੂਲ।
ਪੰਜਾਬੀ ਨੂੰ ਵਿਤਕਰਾ, ਕਿੱਥੇ ਗਏ ਅਸੂਲ?
ਲਿੱਪੀ ਸਾਡੀ ਗੁਰਮੁਖੀ, ਪੰਜਾਬੀ ਦੀ ਸ਼ਾਨ।
ਇਹੀ ਲਿੱਪੀ ਢੁੱਕਵੀਂ, ਜਿਉਂ ਕਲਬੂਤ ‘ਚ ਜਾਨ।
ਫੋਨ : 604-825-1550