ਡਾ. ਸੁਰਿੰਦਰ ਕੰਵਲ
ਸ਼ਹੀਦ ਊਧਮ ਸਿੰਘ ਦੀ ਮਾਂ ਨੇ ਇਕੱਲਾ ਪੁੱਤ ਹੀ ਨਹੀਂ ਸੀ ਜੰਮਿਆ ਇਕ ਇਤਿਹਾਸ ਤੇ ਯੁੱਗ ਵੀ ਜੰਮਿਆ ਸੀ। ਊਧਮ ਸਿੰਘ ਨਾਂ ਹੀ ਆਇਆ ਸੀ ਤੇ ਨਾਂ ਹੀ ਕਿਧਰੇ ਗਿਆ ਹੈ। ਉਹ ਇਕ ‘ਸੋਚ’ ਹੈ ਜੋ ਅੱਜ ਵੀ ਉਸੇ ਹੀ ਤਰ੍ਹਾਂ ਬਰਕਰਾਰ ਹੈ। ਬਲਕਿ ਊਧਮ ਸਿੰਘ ਇਕ ਮਸ਼ਾਲ ਹੈ, ਜੋ ਅੱਜ ਵੀ ਸਾਡੇ ਮੱਥਿਆਂ ਵਿਚ ਬਲਦੀ ਹੈ। ਗੁਲਾਮੀ ਦੀ ਜ਼ਿਲਤ ਨੇ ਜਾਗਦੀਆਂ ਜ਼ਮੀਰਾਂ ਵਾਲੇ ਪੈਦਾ ਕੀਤੇ। ਊਧਮ ਸਿੰਘ ਉਨ੍ਹਾਂ ਜਾਗਦੀਆਂ ਜਮੀਰਾਂ ਵਾਲਿਆਂ ਵਿਚੋਂ ਇਕ ਸੀ ਜਿਨ੍ਹਾਂ ਆਪਣਾ ਸਿਰ ਤਲੀ ‘ਤੇ ਰੱਖਿਆ ਹੋਇਆ ਸੀ ਤਾਂ ਹੀ ਤਾਂ ਅੱਜ ਸਾਡੇ ਸਿਰ ਮੌਜੂਦ ਹਨ ਤੇ ਅਸੀਂ ਅਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ। ਬਚਪਨ ਤੋਂ ਲੈ ਕੇ ਊਧਮ ਸਿੰਘ ਦੀ ਮਿੱਟੀ ਤੇ ਉਸ ਦੀ ਰਗ-ਰਗ ਵਿਚ ਅਜ਼ਾਦੀ ਗੁੱਝਦੀ ਰਹੀ ਤੇ ਉਸ ਦੇ ਲਹੂ ‘ਚ ਲਲਕਾਰ ਤੇ ਵੰਗਾਰ ਪੈਦਾ ਹੋਈ। ਉਹ ਆਪਣੇ ਦੇਸ਼ ਲਈ ਜਿਊਂਦਾ ਰਿਹਾ ਤੇ ਦੇਸ਼ ਦੇ ਲੋਕਾਂ ਲਈ ਸ਼ਹੀਦ ਹੋ ਗਿਆ। ਉਸ ਨੇ ਆਪਣੀ ਮਾਂ ਦੀਆਂ ਛਾਤੀਆਂ ‘ਚੋਂ ਦੁੱਧ ਹੀ ਨਹੀਂ ਚੁੰਘਿਆ, ਸਗੋਂ ਇਸ ਦੇਸ਼ ਦਾ ਸੰਤਾਪ ਚੁੰਘਿਆ ਸੀ। ਜਦੋਂ ਉਸ ਤੁਰਨਾ ਸਿੱਖਿਆ ਤਾਂ ਲੱਗਿਆ ਕਿ ਪੈਰਾਂ ‘ਚ ਬੇੜੀਆਂ ਹਨ, ਜੁਆਨ ਹੋਇਆ ਤਾਂ ਉਸ ਵੇਖਿਆ ਕਿ ਮੇਰਾ ਪੂਰਾ ਦੇਸ਼ ਹੀ ਬੇੜੀਆਂ ‘ਚ ਜਕੜਿਆ ਹੋਇਆ ਹੈ। ਉਸ ਨੇ ਗੁਲਾਮੀ ਦੀ ਪੰਜਾਂਲੀ ਦਾ ਭਾਰ ਮਹਿਸੂਸ ਕੀਤਾ, ਉਹ ਇਕ ਟਾਰਨਾਡੋ ਤੂਫਾਨ ਸੀ ਜੋ ਲੰਡਨ ਗਿਆ ਤੇ ਉਥੋਂ ਦੇ ਰਾਜਸੀ ਤਖਤ ਹਿਲਾ ਦਿੱਤੇ। ਉਹ ਆਪਣੀਆਂ ਜਾਗਦੀਆਂ ਅੱਖਾਂ ਨਾਲ ਅੱਜ ਵੀ ਆਪਣੇ ਅਜ਼ਾਦ ਦੇਸ਼ ਭਾਰਤ ਨੂੰ ਵੇਖ ਰਿਹਾ ਹੈ ਤੇ ਉਦਾਸ ਹੈ ਕਿ ਅਸੀਂ ਇਸ ਤਰ੍ਹਾਂ ਦਾ ਭਾਰਤ ਤਾਂ ਨਹੀਂ ਸੀ ਚਾਹਿਆ ਕਿ ਸਾਡੇ ਦੇਸ਼ ਦੇ ਲੀਡਰਾਂ ਨੇ ਸਾਨੂੰ ਗੁਲਾਮਾਂ ਤੋਂ ਵੀ ਬਦਤਰ ਬਣਾ ਦਿੱਤਾ ਹੈ।
”ਜਦੋਂ ਲੋਕ ਘਰਾਂ ਤੋਂ ਤੁਰ ਪੈਂਦੇ ਨੇ, ਮੰਜ਼ਿਲਾਂ ਉਲੀਕ ਕੇ,
ਫੇਰ ਤੁਰਦੇ ਰਹਿੰਦੇ ਨੇ ਦਿਨ ਰਾਤ, ਸਫਰ ਦੀ ਹਰ ਪੀੜ ਡੀਕ ਕੇ।”
ਊਧਮ ਸਿੰਘ ਉਰਫ ਸ਼ੇਰ ਸਿੰਘ 26 ਦਸੰਬਰ 1899 ਨੂੰ ਕੰਬੋਜ਼ ਪਰਿਵਾਰ ਸੁਨਾਮ ਵਿਚ ਜੰਮਿਆ। ਉਸਦਾ ਪਿਤਾ ਟਹਿਲ ਸਿੰਘ ਕੰਬੋਜ ਉਪਾਲੀ ਪਿੰਡ ਦੀ ਰੇਲਵੇ ਲਾਈਨ ‘ਤੇ ਗਾਰਡ ਵਜੋਂ ਨੌਕਰੀ ਕਰਦਾ ਸੀ। ਸ਼ੇਰ ਸਿੰਘ ਦਾ ਇਕ ਛੋਟਾ ਭਰਾ ਸੀ ਮੁਕਤਾ ਸਿੰਘ। ਮਾਪੇ ਜਲਦੀ ਹੀ ਇਨ੍ਹਾਂ ਤੋਂ ਅਲਵਿਦਾ ਲੈ ਤੁਰ ਗਏ। 1901 ਵਿਚ ਮਾਂ ਤੁਰ ਗਈ ਤੇ 1907 ਵਿਚ ਪਿਤਾ ਟਹਿਲ ਸਿੰਘ ਵੀ ਤੁਰ ਗਏ। ਫਿਰ ਸਫਰ ਸ਼ੁਰੂ ਹੋਇਆ ਇਕ ਲੰਬੇ ਬਿਖੜੇ ਪੈਂਡਿਆਂ ਦਾ। 1899 ਤੋਂ ਲੈ ਕੇ 1907 ਤੱਕ 8 ਸਾਲ ਦਾ ਸਫਰ ਮਸਾਂ ਹੀ ਤੁਰੇ ਸਨ ਕਿ ਅਨਾਥ ਹੋਣ ਦਾ ਵੱਡਾ ਦੁੱਖ ਮੱਥੇ ਮੜਿਆ ਗਿਆ ਤੇ ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ ਵਿਚ 24 ਅਕਤੂਬਰ 1907 ਨੂੰ ਦਾਖਲਾ ਹੋ ਗਿਆ, ਜਦੋਂ ਇੱਥੇ ਆਏ ਤਾਂ ਸਿੱਖੀ ਪ੍ਰਭਾਵ ਹੇਠ ਰਹੇ। ਇੱਥੇ ਸ਼ੇਰ ਸਿੰਘ ਤੋਂ ਨਾਮ ਬਦਲ ਊਧਮ ਸਿੰਘ ਹੋ ਗਿਆ। ਤੁਰਦੇ ਗਏ ਦੋਵੇਂ ਭਰਾ ਉਸ ਅਨਾਥ ਆਸ਼ਰਮ ਦੀਆਂ ਸਮੇਂ ਦੀਆਂ ਪੈੜਾਂ ਨਾਲ ਤੇ ਉਸ ਦੇ ਰੁੱਖ ਬੂਟਿਆਂ ਵਾਂਗ ਉਮਰਾਂ ਲੰਘਦੇ ਵੱਡੇ ਹੁੰਦੇ ਗਏ।
‘ਪਰ ਦੁੱਖਾਂ ਦਾ ਸਫਰ ਸਹਿਜੇ ਨਹੀਂ ਕੱਟਦਾ, ਜਦੋਂ ਦੁੱਖਾਂ ਇਕ ਰਾਹ ਹੀ ਮੱਲ ਲਈ ਹੋਵੇ।’
ਇਕ ਦਹਾਕੇ ਤੋਂ ਬਾਅਦ 1917 ਨੂੰ ਭਰਾ ਮੁਕਤਾ ਸਿੰਘ ਵੀ ਇਸ ਦੁਨੀਆ ਤੋਂ ਊਧਮ ਸਿੰਘ ਨੂੰ ਇਕੱਲਾ ਛੱਡ ਕੇ ਤੁਰ ਗਿਆ। 17 ਸਾਲਾਂ ਦਾ ਊਧਮ ਸਿੰਘ ਹੁਣ ਇਸ ਭਰੀ ਦੁਨੀਆ ਵਿਚ ਇਕੱਲਾ ਹੀ ਰਹਿ ਗਿਆ ਸੀ। 1918 ਵਿਚ ਊਧਮ ਸਿੰਘ ਨੇ ਆਪਣੀ ਮੈਟ੍ਰਿਕ ਦੀ ਪੜ੍ਹਾਈ ਪੂਰੀ ਕੀਤੀ ਤੇ ਅਗਲੀ ਪੜ੍ਹਾਈ ਵਾਸਤੇ ਯਤੀਮਖਾਨਾ ਛੱਡ ਦਿੱਤਾ, ਅੱਜ ਵੀ ਉਸ ਸੈਂਟਰਲ ਯਤੀਮਖਾਨੇ ਵਿਚ ਊਧਮ ਸਿੰਘ ਦੀਆਂ ਦਗਦੀਆਂ ਪੈੜਾਂ ਦੇ ਨਿਸ਼ਾਨ ਬਾਕੀ ਨੇ। ਜਦੋਂ ਉਥੋਂ ਤੁਰਿਆ ਆਲੇ ਦੁਆਲੇ ਰਾਜਨੀਤਕ ਮਾਹੌਲ ਵਿਚ ਕੁਝ ਵੀ ਸੁਖਾਵਾਂ ਨਹੀਂ ਸੀ, ਇਸ ਬਾਰੇ ਜਾਣਨਾ ਊਧਮ ਸਿੰਘ ਲਈ ਕੁਝ ਨਵਾਂ ਨਹੀਂ ਸੀ। 1918 ਮੈਟ੍ਰਿਕ ਤੋਂ ਬਾਅਦ 13 ਅਪ੍ਰੈਲ 1919 ਦੀ ਵਿਸਾਖੀ ਵਾਲਾ ਦਿਨ ਸੀ। ਸਾਰਾ ਪੰਜਾਬੀ ਭਾਈਚਾਰਾ ਵਿਸਾਖੀ ਦੀਆਂ ਖੁਸ਼ੀਆਂ ਅਤੇ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿਚ ਅਨੰਦਿਤ ਤੇ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਵਿਸਾਖੀ ਦੇ ਮੇਲੇ ਦੀਆਂ ਮੌਜਾਂ ਵਾਸਤੇ ਅੰਮ੍ਰਿਤਸਰ ਦਰਬਾਰ ਸਾਹਿਬ ਆਏ ਹੋਏ ਸਨ। ਲੋਕ ਮੱਝਾਂ ਗਾਵਾਂ ਦਾ ਮੇਲਾ ਸਮੇਟਣ ਤੋਂ ਬਾਅਦ ਜਲ੍ਹਿਆਂਵਾਲੇ ਬਾਗ ਦੇ ਪਬਲਿਕ ਬਾਗ ਵਿਚ ਇਕੱਠੇ ਹੋਏ ਸਨ। ਉਹ ਬਾਗ ਜੋ ਆਲੇ ਦੁਆਲੇ ਤੋਂ ਘਰਾਂ ਦੀਆਂ ਕੰਧਾਂ ਨਾਲ ਘਿਰਿਆ ਹੋਇਆ ਸੀ। ਕਿਸੇ ਅਣਸੁਖਾਵੀਂ ਘਟਨਾ ਦੇ ਵਾਪਰਨ ਦੇ ਸਹਿਮ ਹੇਠ ਸੀ ਕਿ ਕਿਸੇ ਵੀ ਸਮੇਂ ਕੁਝ ਵਾਪਰ ਸਕਦਾ ਹੈ, ਇਸ ਸਬੰਧੀ ਲੋਕ ਸਹਿਮੇ ਹੋਏ ਸਨ।
ਕਿਉਂਕਿ ਜਨਰਲ ਡਾਇਰ ਨੇ ਪਬਲਿਕ ਮੀਟਿੰਗਾਂ ਨੂੰ ਬੰਦ ਕਰਨ ਦਾ ਸੰਦੇਸ਼ ਪਬਲਿਕ ਨੂੰ ਦੇ ਰੱਖਿਆ ਸੀ ਤੇ ਆਮ ਲੋਕਾਂ ਨੂੰ ਇਸ ਬਾਰੇ ਪਤਾ ਵੀ ਸੀ। ਜਿਸ ਬਾਰੇ ਲੋਕ ਚਿੰਤਤ ਸਨ। ਜਦੋਂ ਜਨਰਲ ਡਾਇਰ ਨੇ ਜਲ੍ਹਿਆਂਵਾਲੇ ਬਾਗ ਦੇ ਲੋਕਾਂ ਦੇ ਇਕੱਠ ਬਾਰੇ ਸੁਣਿਆ ਤਾਂ ਜਨਰਲ ਡਾਇਰ ਆਪਣੀ ਫੌਜੀ ਟੁਕੜੀ ਨਾਲ ਉਥੇ ਆਇਆ ਤੇ ਬਾਹਰ ਆਉਣ ਦਾ ਰਸਤਾ ਸੀਲ ਕਰ ਦਿੱਤਾ ਤੇ ਉਸ ਨੇ ਆਪਣੇ ਫੌਜੀਆਂ ਨੂੰ ਬਿਨਾ ਕੁਝ ਵੇਖੇ ਅੰਨ੍ਹੇਵਾਹ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਔਰਤਾਂ, ਬੱਚੇ, ਬੁੱਢੇ ਅਤੇ ਜਵਾਨ ਸਾਰੇ ਹੀ ਤਾਂ ਸਨ ਉਥੇ, ਦਸ ਮਿੰਟਾਂ ਵਿਚ ਹੀ ਉਥੇ ਦਮ ਘੁਟਣ ਵਰਗਾ ਚੀਕ ਚਿਹਾੜਾ ਮਚ ਗਿਆ ਤੇ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਦੀ ਖਾਤਰ ਉਥੇ ਬਣੇ ਖੂਹ ਵਿਚ ਵੀ ਛਾਲਾਂ ਮਾਰ ਦਿੱਤੀਆਂ। ਅੱਗੇ ਖੂਹ ਪਿੱਛੇ ਖਾਈ ਵਾਲੇ ਮਾਹੌਲ ਵਿਚ ਜਲ੍ਹਿਆਂਵਾਲਾ ਬਾਗ ਇਕ ਖੂਨੀ ਧਰਤੀ ਦੀ ਤਰ੍ਹਾਂ ਸਿੰਜਿਆ ਗਿਆ।
ਬ੍ਰਿਟਿਸ਼ ਰਿਕਾਰਡ ਮੁਤਾਬਕ 379 ਲੋਕ ਮਾਰੇ ਗਏ ਤੇ 1100 ਤੋਂ ਵੱਧ ਜ਼ਖ਼ਮੀ ਹੋ ਗਏ, ਪਰ ਉਸ ਸਮੇਂ ਇੰਡੀਅਨ ਨੈਸ਼ਨਲ ਕਾਂਗਰਸ ਨੇ, ਜੋ ਗਿਣਤੀ ਕਰਵਾਈ 1000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 1500 ਤੋਂ ਵੱਧ ਜ਼ਖ਼ਮੀ ਹੋਏ ਸਨ। ਇਸ ਕਾਂਡ ਨਾਲ ਬ੍ਰਿਟਿਸ਼ ਰਾਜ ਹਾਊਸ ਆਫ ਕਾਮਨ ਦੀਆਂ ਨੀਂਹਾਂ ਹਿੱਲ ਗਈਆਂ ਤੇ ਉਨ੍ਹਾਂ ਨੇ ਪੰਜਾਬ ਦੇ ਜਨਰਲ ਡਾਇਰ ਨੂੰ ਬਦਲ ਕੇ ਹੈਰੀ ਡਾਇਰ ਨੂੰ ਪੰਜਾਬ ਦੀ ਅਗਵਾਈ ਲਈ ਲਗਾ ਦਿੱਤਾ।
ਉਸ ਬਦਕਿਸਮਸਤ ਦਿਨ ਉਸ ਜਗ੍ਹਾ, ਸ਼ਹੀਦ ਊਧਮ ਸਿੰਘ ਵੀ ਵਿਸਾਖੀ ‘ਤੇ ਇਕੱਠੇ ਹੋਏ ਸ਼ਰਧਾਲੂਆਂ ਨੂੰ ਪਾਣੀ ਪਿਲਾ ਰਿਹਾ ਸੀ ਤੇ ਉਸ ਦਿਨ ਦੀਆਂ ਰਿਪੋਰਟਾਂ ਮੁਤਾਬਕ ਊਧਮ ਸਿੰਘ ਵੀ ਇਸ ਹਾਦਸੇ ਵਿਚ ਜ਼ਖ਼ਮੀ ਹੋਇਆ ਸੀ। ਉਸ ਦਿਨ ਉਸਨੇ ਇਕ ਔਰਤ ਰਤਨ ਦੇਵੀ ਦੇ ਪਤੀ ਦੀ ਲਾਸ਼ ਨੂੰ ਸੰਭਾਲਿਆ ਤੇ ਉਸਦਾ ਕੋਮਲ ਮਨ ਦਹਿਲ ਗਿਆ। ਉਸ ਦਿਨ ਦੇ ਇਸ ਅੱਖੀਂ ਵੇਖੇ ਦੁਖਦਾਈ ਘਟਨਾਕ੍ਰਮ ਨੇ ਅੰਗਰੇਜ਼ੀ ਰਾਜ ਵਿਰੁੱਧ ਊਧਮ ਸਿੰਘ ਨੂੰ ਨਫਰਤ ਦੀ ਭਾਵਨਾ ਨਾਲ ਭਰ ਦਿੱਤਾ। ਉਸ ਦਿਨ ਤੋਂ ਹੀ ਉਸਦੇ ਮਨ ਵਿਚ ਮਨੁੱਖਤਾ ਦੇ ਪ੍ਰਤੀ ਵਾਪਰ ਰਹੇ ਹੱਡ-ਮਾਸ ਤੇ ਲਹੂ ਮਿੱਝ ਦੇ ਵਰਤਾਰੇ ਪ੍ਰਤੀ ਵਿਰੋਧਤਾ ਪ੍ਰਗਟ ਹੋ ਗਈ। ਊਧਮ ਸਿੰਘ ਜਲ੍ਹਿਆਂਵਾਲੇ ਬਾਗ ਦੀ ਪੰਜਾਬੀਆਂ ਦੇ ਖੂਨ ਨਾਲ ਭਿੱਜੀ ਹੋਈ ਮਿੱਟੀ ਨੂੰ ਚੁੱਕ ਕੇ ਉਥੋਂ ਤੁਰ ਪਿਆ ਤੇ ਉਸਨੇ ਭਾਰਤ ਤੇ ਵਿਦੇਸ਼ਾਂ ਵਿਚ ਚੱਲ ਰਹੀ ਅਜ਼ਾਦੀ ਦੀ ਲੜਾਈ ਵਿਚ ਕੁੱਦਣ ਦਾ ਮਨ ਬਣਾ ਲਿਆ।
1920 ਵਿਚ ਮਜ਼ਦੂਰ ਕਾਮੇ ਦੇ ਤੌਰ ‘ਤੇ ਉਸ ਨੇ ਪੂਰਬੀ ਅਫਰੀਕਾ ਦਾ ਸਫਰ ਕੀਤਾ। ਅਮਰੀਕਾ ਪਹੁੰਚਣ ਤੋਂ ਪਹਿਲਾਂ ਕੁਝ ਚਿਰ ਲਈ ਉਸ ਨੇ ਟੂਲਮੇਕਰ ਦੇ ਤੌਰ ‘ਤੇ ਵੀ ਕੰਮ ਕੀਤਾ। ਸੈਟ ਫਰਾਂਸਿਸਕੋ ਪਹੁੰਚਣ ‘ਤੇ ਉਹ ਗਦਰ ਪਾਰਟੀ ਦੇ ਕੁਝ ਲੋਕਾਂ ਨੂੰ ਮਿਲਿਆ। ਉਥੇ ਉਹ ਪੰਜਾਬੀ ਸਿੱਖਾਂ ਨਾਲ ਰਲ ਗਿਆ ਜੋ ਅਮਰੀਕਾ ਬੈਠ ਕੇ ਭਾਰਤ ਦੀ ਅਜ਼ਾਦੀ ਲਈ ਕੰਮ ਕਰ ਰਹੇ ਸਨ। ਫਿਰ ਉਹ ਊਧਮ ਸਿੰਘ ਅਤੇ ਸ਼ੇਰ ਸਿੰਘ ਵਰਗੇ ਲੋਕਾਂ ਨੂੰ ਲੱਭਣ ਖਾਤਰ ਪੂਰਾ ਅਮਰੀਕਾ ਘੁੰਮਿਆ ਤੇ ਉਸਦੇ ਖੂਨ ਵਿਚ ਮਾਤਰ ਭੂਮੀ ਦੇ ਬਦਲੇ ਦੀ ਅੱਗ ਪਾਰੇ ਦੀ ਤਰ੍ਹਾਂ ਉਨ੍ਹਾਂ ਧਰਤੀਆਂ ਦੇ ਉਤੇ ਨਾਲ-ਨਾਲ ਸਫਰ ਕਰਦੀ ਰਹੀ। 1927 ਵਿਚ ਭਗਤ ਸਿੰਘ ਨੂੰ ਮਿਲਣ ‘ਤੇ ਉਸ ਦੀ ਅਗਵਾਈ ਤਹਿਤ ਉਹ ਭਾਰਤ ਵਾਪਸ ਆ ਗਿਆ। ਉਸ ਨੇ ਆ ਕੇ ‘ਗਦਰ-ਏ-ਗੂੰਜ’ ਗਦਰ ਪਾਰਟੀ ਦਾ ਜਰਨਲ ਛਾਪਣ ਲਈ ਪੂਰੀ ਮਿਹਨਤ ਕੀਤੀ। ਇੱਥੇ ਇਹ ਗੈਰਕਾਨੂੰਨੀ ਸਮੱਗਰੀ ਤੇ ਹਥਿਆਰ ਦੇ ਜੁਰਮ ਵਿਚ ਫੜਿਆ ਗਿਆ ਤੇ ਪੰਜ ਸਾਲ ਕੈਦ ਕੱਟੀ।
23 ਅਕਤੂਬਰ 1931, 4 ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ ਇਸ ਦੌਰਾਨ 1927 ਵਿਚ ਉਸ ਨੇ ਜਨਰਲ ਬ੍ਰਿਗੇਡੀਅਰ ਨੂੰ ਖੋਜਿਆ ਜੋ ਬਾਅਦ ਵਿਚ ਬ੍ਰਿਟੇਨ ਵਿਚ ਲਗਾਤਾਰ ਪੈਂਦੇ ਦੌਰਿਆਂ ਕਾਰਨ ਮਰ ਗਿਆ ਸੀ। ਉਸ ਤੋਂ ਬਾਅਦ ਅਜ਼ਾਦੀ ਦੇ ਪਰਵਾਨੇ ਰਾਜ ਗੁਰੂ, ਭਗਤ ਸਿੰਘ ਤੇ ਸੁਖਦੇਵ 23 ਮਾਰਚ 1931 ਨੂੰ 1928 ਵਿਚ ਇਕ ਬ੍ਰਿਟਿਸ ਪੁਲਿਸ ਵਾਲੇ ਦੀ ਮੌਤ ਦੇ ਹੋਣ ਕਰਕੇ ਫਾਂਸੀ ਦੇ ਦਿੱਤੇ ਗਏ।
ਫਿਰ ਸ਼ਹੀਦ ਊਧਮ ਸਿੰਘ ਪਿੰਡ ਵਾਪਸ ਆਇਆ, ਪਰ ਪੁਲਿਸ ਦੀ ਸਖਤ ਨਿਗਰਾਨੀ ਕਰਕੇ ਉਸ ਨੇ ਉਥੇ ਆਪਣਾ ਨਾਮ ਮੁਹੰਮਦ ਅਜ਼ਾਦ ਸਿੰਘ ਰੱਖ ਲਿਆ ਤੇ ਸਾਈਨ ਬੋਰਡਾਂ ਦਾ ਪੇਂਟਰ ਬਣ ਗਿਆ ਤੇ ਇਸ ਹੇਠਾਂ ਉਸ ਨੇ ਆਪਣੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਜਾਰੀ ਰੱਖੀਆਂ। ਇਹ ਉਦਾਂ ਹੀ ਹੋ ਗਿਆ ਸੀ ਜਿਵੇਂ ਹਰ ਪੂਰਨਮਾਸੀ ਦੀ ਰਾਤ ਨੂੰ ਸਮੁੰਦਰ ਵਿਚ ਜਵਾਰ ਭਾਟਾ ਉਠਦਾ ਹੈ। ਕ੍ਰਾਂਤੀਕਾਰੀਆਂ ਦੇ ਲਹੂ ਵਿਚ ਭਾਰਤ ਨੂੰ ਅਜ਼ਾਦ ਕਰਵਾਉਣ ਦਾ ਜਵਾਰ ਭਾਟਾ ਕਿਸੇ ਵੀ ਪੂਰਨਮਾਸੀ ਦੀ ਉਡੀਕ ਵਿਚ ਨਹੀਂ ਸੀ ਰਹਿੰਦਾ। ਇਹ ਤਾਂ ਨਿਰੰਤਰ ਚੱਲਦਾ ਰਹਿੰਦਾ ਸੀ। ਫਿਰ ਇੱਥੇ ਊਧਮ ਸਿੰਘ ਨੇ ਲੰਡਨ ਜਾਣ ਦੀ ਨੀਤੀ ਘੜੀ ਤਾਂ ਕਿ ਜਲ੍ਹਿਆਂਵਾਲਾ ਬਾਗ ਦੇ ਜਨਰਲ ਓਡਵਾਇਰ ਨੂੰ ਸਜ਼ਾ ਦਿੱਤੀ ਜਾ ਸਕੇ। ਉਹ ਉਥੋਂ ਕਸ਼ਮੀਰ ਚਲਾ ਗਿਆ। ਪੁਲਿਸ ਨੂੰ ਚਕਮਾ ਦੇ ਕੇ ਜਰਮਨੀ ਨਿਕਲ ਗਿਆ। ਫਿਰ ਉਸ ਨੇ ਫਰਾਂਸ, ਇਟਲੀ, ਸਵਿੱਟਜ਼ਰਲੈਂਡ ਤੇ ਆਸਟਰਲੀਆ ਦੀਆਂ ਯਾਤਰਾਵਾਂ ਕੀਤੀਆਂ। ਅਖੀਰ 1934 ਵਿਚ ਊਧਮ ਸਿੰਘ ਇੰਗਲੈਂਡ ਪਹੁੰਚਿਆ, ਇੱਥੇ ਉਸਨੇ 9, ਐਡਲਰ ਸਟਰੀਟ ਵਿਚ ਘਰ ਬਣਾਇਆ ਤੇ ਇਕ ਕਾਰ ਵੀ ਖਰੀਦੀ। ਉਥੇ ਉਸ ਨੇ ਬਹੁਤ ਤਰ੍ਹਾਂ ਦੇ ਕੰਮ ਕੀਤੇ ਤੇ ਇਸ ਦੌਰਾਨ ਉਹ ਮਾਈਕਲ ਓਡਵਾਇਰ ਦੀ ਪੀੜ ਦਿਮਾਗ ਵਿਚ ਲੈ ਕੇ ਕੰਮ ਕਰਦਾ ਰਿਹਾ।
ਅਖੀਰ ਉਹ ਦਿਨ ਆ ਗਿਆ, ਜਦੋਂ ਊਧਮ ਸਿੰਘ ਨੂੰ ਪਤਾ ਲੱਗਾ ਕਿ ਮਾਈਕਲ ਓਡਵਾਇਰ 13 ਮਾਰਚ 1940 ਨੂੰ ਕੈਕਸਟਨ ਹਾਲ ਵਿਚ ਇਕ ਜਾਇੰਟ ਮੀਟਿੰਗ ਕਰ ਰਿਹਾ ਸੀ। ਸੋਚਾਂ ਨੂੰ ਬੂਰ ਪਿਆ ਤੇ ਦਿਮਾਗ ਨੇ ਉਸ ਮੀਟਿੰਗ ਸਬੰਧੀ ਖਰੜਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਕਿਤਾਬ ਲਈ, ਪਿਸਤੌਲ ਲਈ ਤੇ ਕਿਤਾਬ ਦੇ ਪੰਨੇ ਛਾਂਗ ਕੇ ਪਿਸਤੌਲ ਇਕ ਸੱਜ ਵਿਆਹੀ ਵਹੁਟੀ ਵਾਂਗ ਕਿਤਾਬ ਦਾ ਘੁੰਡ ਪਾ ਕੇ ਸ਼ਿੰਗਾਰ ਲਿਆ ਤੇ ਇਹ ਸੂਰਮਾ ਤੁਰ ਪਿਆ ਆਪਣੀ ਮੰਜ਼ਿਲ ਵੱਲ। ਉਥੇ ਉਹ ਉਸ ਹਾਲ ਵਿਚ ਇਕ ਸੀਟ ਖਰੀਦਣ ਵਿਚ ਕਾਮਯਾਬ ਹੋ ਗਿਆ। ਉਹ ਮੀਟਿੰਗ ਦੇ ਸਮਾਂ ਨੇੜੇ ਆਉਣ ਦੀ ਉਡੀਕ ਕਰਨ ਲੱਗਾ ਤੇ ਕਿਸੇ ਤਰ੍ਹਾਂ ਉਸ ਨੇ ਸਟੇਜ ਲਾਗੇ ਪਹੁੰਚ ਕੇ ਧੜਾ-ਧੜ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਦੋ ਗੋਲੀਆਂ ਓਡਵਾਇਰ ਦੇ ਲੱਗੀਆਂ, ਇਕ ਸਿੱਧੀ ਗੋਲੀ ਦਿਲ ਵਿਚ ਤੇ ਦੂਜੀ ਸੱਜੇ ਫੇਫੜੇ ਵਿਚ ਲੱਗਣ ਕਾਰਨ ਉਥੇ ਹੀ ਓਡਵਾਇਰ ਢੇਰ ਹੋ ਗਿਆ। ਉਸ ਨੇ ਲਾਰਡ ਜੈਟਲੈਂਡ ਜੋ ਪੰਜਾਬ ਦਾ ਸੈਕਟਰੀ ਸੀ, ਸਰ ਲੂਇਸ ਡੈਨ ਤੇ ਲਾਰਡ ਲੈਗਿਸਟੈਨ ਨੂੰ ਵੀ ਜ਼ਖ਼ਮੀ ਕੀਤਾ। ਗੋਲੀਆਂ ਵਰਾਉਣ ਤੋਂ ਬਾਅਦ ਉਹ ਭੱਜਿਆ ਨਹੀਂ, ਬਲਕਿ ਭਾਰਤ ਮਾਂ ਦੇ ਮਹਾਨ ਸਪੂਤ ਦੇ ਵਾਂਗ ਜਿੱਤ ਦਾ ਇਕ ਲੰਬਾ ਹਾਉਕਾ ਲੈ ਕੇ ਪੂਰੇ ਚਾਅ ਨਾਲ ਉਥੇ ਖੜ੍ਹਾ ਰਿਹਾ। ਮੰਨਣਾ ਸੀ ਕਿ ਉਸ ਨੇ ਭਾਰਤ ਛੱਡੋ ਵਾਸਤੇ ਅੰਗਰੇਜ਼ ਦਾ ਧਿਆਨ ਪਬਲਿਕ ਜਗ੍ਹਾ ਤੋਂ ਦੁਆਇਆ ਤੇ ਇਸ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਮੁਕੱਦਮਾ ਚੱਲਿਆ, ਆਪਣੇ ਪ੍ਰਤੀ ਇਸ ਨੇ ਕੋਈ ਵੀ ਸਫਾਈ ਨਹੀਂ ਦਿੱਤੀ। 1 ਅਪ੍ਰੈਲ 1940 ਨੂੰ ਊਧਮ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ, 42 ਦਿਨਾਂ ਦੀ ਭੁੱਖ ਹੜਤਾਲ ਵੀ ਕੀਤੀ, 4 ਜੂਨ 1940 ਨੂੰ ਜਸਟਿਸ ਅਠਕਿਨਮ ਸਾਹਮਣੇ ਊਧਮ ਸਿੰਘ ਨੂੰ ਪੁੱਛਿਆ ਗਿਆ ਕਿ ਉਹ ਕਤਲ ਕਿਉਂ ਕਬੂਲ ਕਰ ਰਿਹਾ ਹੈ। ਤਾਂ ਊਧਮ ਸਿੰਘ ਨੇ ਆਪਣੀ ਬੇਘੜਤ ਅੰਗਰੇਜ਼ੀ ਵਿਚ ਕਿਹਾ ਕਿ ਉਸ ਨੂੰ ਆਪਣੀ ਮਾਤ ਭੂਮੀ ਦੀ ਇੱਜ਼ਤ ਬਰਕਰਾਰ ਰੱਖਣ ਵਾਸਤੇ ਓਡਵਾਇਰ ਨੂੰ ਕਤਲ ਕਰਨ ਵਿਚ ਜਰਾ ਵੀ ਸ਼ਰਮ ਤੇ ਭੈਅ ਨਹੀਂ ਹੈ। ਉਸ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਜਨਮ ਭੂਮੀ ਤੇ ਉਸਦੇ ਸਨਮਾਨ ਨੂੰ ਉਚਾ ਰੱਖਣ ਲਈ 21 ਸਾਲ ਇਸ ਅੱਗ ‘ਤੇ ਤੁਰਿਆ ਹਾਂ ਤੇ ਉਸ ਨੂੰ ਫਖਰ ਹੈ ਕਿ ਅਖੀਰ ਉਹ ਆਪਣੇ ਨਿਸ਼ਾਨੇ ਵਿਚ ਕਾਮਯਾਬ ਹੋਇਆ ਹੈ। ਇਸ ਸਮੇਂ ਉਸ ਨੇ ‘ਇਨਕਲਾਬ ਜਿੰਦਾਬਾਦ’ ਦੇ ਨਾਅਰੇ ਲਗਾਏ। ਉਸ ਦਾ ਉਸ ਸਮੇਂ 1933 ਵਿਚ ਆਪਣਾ ਰੱਖਿਆ ਨਾਮ ਮੁਹੰਮਦ ਸਿੰਘ ਅਜ਼ਾਦ ਸੀ, ਜੋ ਉਸ ਨੇ ਇੰਗਲੈਂਡ ਆਉਣ ਸਮੇਂ ਰੱਖਿਆ ਸੀ।
ਇਹ ਨਾਮ ਉਸਦੀ ਬਾਂਹ ‘ਤੇ ਖੁਣਿਆ ਸੀ ‘ਮੁਹੰਮਦ ਸਿੰਘ ਅਜ਼ਾਦ’। ਭਾਰਤ ਦੀ ਏਕਤਾ ਦਾ ਪ੍ਰਤੀਕ।
31 ਜੁਲਾਈ 1940 ਊਧਮ ਸਿੰਘ ਨੂੰ ਲੰਡਨ ਦੀ ਪੈਕਟੌਨਵਿਲਾ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ ਤੇ ਉਥੇ ਹੀ ਦਫਨਾ ਦਿੱਤਾ ਗਿਆ।
ਤਿੰਨ ਦਹਾਕਿਆਂ ਬਾਅਦ 1974 ਵਿਚ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਦੇ ਦਿੱਤੀਆਂ ਗਈਆਂ। ਐਮ.ਐਲ.ਏ. ਸਾਧੂ ਸਿੰਘ ਥਿੰਦ ਦੁਆਰਾ ਅਸਥੀਆਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਤੇ ਗਿਆਨੀ ਜੈਲ ਸਿੰਘ ਨੂੰ ਸੌਂਪੀਆਂ ਗਈਆਂ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਸ਼ੰਕਰ ਦਿਆਲ ਸ਼ਰਮਾ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਸੌਂਪੀਆਂ ਗਈਆਂ ਤੇ ਉਸੇ ਦੀ ਜਨਮ ਭੋਇੰ ‘ਤੇ ਉਸ ਨੂੰ ਸਿੱਖੀ ਰਹੁ ਰੀਤਾਂ ਮੁਤਾਬਕ ਉਸਦਾ ਅੰਤਿਮ ਸਸਕਾਰ ਕਰਕੇ, ਰਾਖ ਦਾ ਕੁਝ ਹਿੱਸਾ ਸਤਲੁਜ ਵਿਚ ਤੇ ਕੁਝ ਜਲ੍ਹਿਆਂਵਾਲਾ ਬਾਗ ਰੱਖਿਆ ਗਿਆ। ਸਰਵਉਚ ਸਨਮਾਨ ਨੂੰ ਕਤਰਾ-ਕਤਰਾ ਕਰਕੇ ਹੀਣਾ ਤੇ ਕਮਜ਼ੋਰ ਕਰਨ ਦੀ ਸਰਕਾਰਾਂ ਵਲੋਂ ਕਸਰ ਨਹੀਂ ਛੱਡੀ ਗਈ ਤੇ ਇਥੋਂ ਤੱਕ ਕਿ ਆਪਣੇ ਦੇਸ਼ ਦੀ ਭੂਮੀ ਦੇ ਸਨਮਾਨ ਖਾਤਰ ਮਰਨ ਵਾਲੇ ਪਰਵਾਨਿਆਂ ਨੂੰ ਸਰਕਾਰੀ ਤੌਰ ‘ਤੇ ਸ਼ਹੀਦ ਤੱਕ ਨਹੀਂ ਐਲਾਨਿਆ ਗਿਆ।
ਮਾਰਚ 2017 ਨੂੰ ਪੰਜਾਬੀ ਹੈਰੀਟੇਜ ਫਾਊਂਡੇਸ਼ਨ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜਲ੍ਹਿਆਂਵਾਲੇ ਬਾਗ ਵਿਚ ਸ਼ਹੀਦ ਊਧਮ ਸਿੰਘ ਦੇ ਬੁੱਤ ਲਗਾਉਣ ਦੀ ਤਜਵੀਜ਼ ਰੱਖੀ ਗਈ ਤਾਂ ਕਿ ਭਾਰਤ ਮਾਂ ਦੇ ਇਸ ਮਹਾਨ ਸਪੂਤ ਨੂੰ 70 ਸਾਲਾਂ ਬਾਅਦ ਆਪਣੀ ਕਰਮ ਭੂਮੀ ‘ਤੇ ਵਾਪਸ ਸਨਮਾਨ ਦਿੱਤਾ ਜਾ ਸਕੇ। ਬਹੁਤ ਸਾਰੀਆਂ ਅੜਚਨਾਂ ਤੋਂ ਬਾਅਦ ਸਤੰਬਰ 2018 ਨੂੰ ਸ਼ਹੀਦ ਊਧਮ ਸਿੰਘ ਦਾ ਬੁੱਤ ਜਲ੍ਹਿਆਂਵਾਲੇ ਬਾਗ ਦੇ ਬਾਹਰ ਲਗਾ ਦਿੱਤਾ ਗਿਆ। ਰਾਜਨੀਤਕ ਸਿਲਸਿਲਿਆ ਨੇ ਸ਼ਹੀਦ ਦੀ ਇਕ ਪਰਮਗੁਣੀ ਸਿਨਫ ਤੋਂ ਮਿੱਟੀ ਝਾੜ ਦਿੱਤੀ ਤੇ ਬੁੱਤ ਇਸ ਢੰਗ ਨਾਲ ਲਗਾਇਆ ਕਿ ਦੂਰੋਂ ਸੰਸਾਰ ਤੋਂ ਆਉਣ ਵਾਲੇ ਲੋਕਾਂ ਤੋਂ ਉਹ ਜਲ੍ਹਿਆਂਵਾਲੇ ਬਾਗ ਦੇ ਬਾਹਰ ਖਲੋਤਾ ਇਕ ਮੰਗਤਾ ਪ੍ਰਤੀਤ ਹੋ ਰਿਹਾ ਹੈ। ਸ਼ਹੀਦ ਊਧਮ ਸਿੰਘ ਦੀ ਆਪਣੇ ਘਰ ਵਾਪਸੀ ਤਾਂ ਹੋਈ ਪਰ ਅੱਜ ਵੀ ਉਹ ਉਸ ਘਰ (ਜਲ੍ਹਿਆਂਵਾਲਾ ਬਾਗ) ਦੇ ਬਾਹਰ ਦਹਿਲੀਜ਼ ‘ਤੇ ਮਾਯੂਸ ਖੜ੍ਹਾ ਹੈ।
ਅੱਜ ਲੋੜ ਹੈ ਸ਼ਹੀਦਾਂ ਦੀ ਸੋਚ ਨੂੰ ਬਚਾਉਣ ਦੀ, ਪਰ ਸਾਡੀਆਂ ਸਰਕਾਰਾਂ ਨੂੰ ਦੇਸ਼ ਦੀ ਜਵਾਨੀ ਦੀ ਲੋੜ ਹੀ ਨਹੀਂ ਹੈ, ਨਹੀਂ ਤਾਂ ਭਾਰਤ ਦੇ ਜਵਾਨ, ਪੰਜਾਬ ਦੇ ਗੱਭਰੂ ਨਸ਼ਿਆਂ ਵਿਚ ਗਲਤਾਨ ਹੋ ਕੇ ਆਪਣੀਆਂ ਜ਼ਿੰਦਗੀਆਂ ਖਤਮ ਨਾ ਕਰਦੇ। ਅੱਜ ਪੰਜਾਬ ਦਾ ਨੌਜਵਾਨ ਨਿਰਾਸ਼ ਹੈ। ਦੇਸ਼ ਦੀ ਦੋਗਲੀ ਰਾਜਨੀਤੀ ਦੀ ਭੇਟ ਚੜ੍ਹ ਰਿਹਾ ਹੈ।
ਜੇ ਜਲ੍ਹਿਆਂਵਾਲੇ ਬਾਗ ਦੇ ਬਾਹਰ ਖੜ੍ਹੇ ਸ਼ਹੀਦ ਊਧਮ ਸਿੰਘ ਦੀ ਗੱਲ ਕਰੀਏ ਤਾਂ ਦੇਸ਼ ਵਿਚ ਬੁੱਤਾਂ ਮੂਰਤੀਆਂ ‘ਤੇ ਅਰਬਾਂ ਰੁਪਏ ਖਰਚੇ ਜਾ ਸਕਦੇ ਹਨ। ਸ਼ਹੀਦ ਊਧਮ ਸਿੰਘ ਸਾਡੀ ਕੌਮ ਦਾ ਹੀਰਾ ਹੈ, ਇਸ ਭੂਮੀ ਦੀ ਖਾਤਰ ਰਵਿੰਦਰ ਨਾਥ ਟੈਗੋਰ ਵਰਗੇ ਸਾਹਿਤਕਾਰਾਂ ਨੇ ਆਪਣਾ ਨੋਬਲ ਪੁਰਸਕਾਰ ਵਾਪਸ ਕਰ ਦਿੱਤਾ ਸੀ ਤਾਂ ਕੀ ਇਸ ਬੁੱਤ ਦੇ ਸਨਮਾਨਜਨਕ ਪੁਨਰਗਠਨ ਬਾਰੇ ਕਿਉਂ ਨਹੀਂ ਸੋਚਿਆ ਜਾ ਸਕਦਾ।
ਇਨਕਲਾਬ ਜਿੰਦਾਬਾਦ ! ਇਨਕਲਾਬ ਜਿੰਦਾਬਾਦ ! ਇਨਕਲਾਬ ਜਿੰਦਾਬਾਦ!
ੲ ੲ ੲ ੲ
Check Also
ਸਿੱਖ ਵਿਰਾਸਤ ਦੇ ਪ੍ਰਤੀਕ ਖ਼ਾਲਸਾ ਦਿਹਾੜੇ ਅਤੇ ਵੈਸਾਖੀ ਦੇ ਪੁਰਬ ਦੀ ਮਹਾਨਤਾ
ਡਾ. ਗੁਰਵਿੰਦਰ ਸਿੰਘ ਕੈਨੇਡਾ ਵਿੱਚ ਅਪ੍ਰੈਲ ਨੂੰ ‘ਸਿੱਖ ਵਿਰਾਸਤ ਮਹੀਨੇ’ ਵਜੋਂ ਮਾਨਤਾ ਦਿੱਤੀ ਗਈ ਹੈ। …