‘ਛੱਟੀਸਿੰਘਪੁਰਾ ਫਾਈਲਜ਼ -ਸਿੱਖ ਕਤਲੇਆਮ’
ਡਾ. ਗੁਰਵਿੰਦਰ ਸਿੰਘ
20 ਮਾਰਚ 2000 ਨੂੰ ਕਸ਼ਮੀਰ ਘਾਟੀ ਦੇ ਪਿੰਡ ਛੱਟੀਸਿੰਘਪੁਰਾ ‘ਚ 36 ਸਿੱਖਾਂ ਨੂੰ ਰਾਤ ਦੇ ਹਨ੍ਹੇਰੇ ਵਿੱਚ, ਫੌਜੀਆਂ ਦੀ ਵਰਦੀ ਪਾਈ ਕੁਝ ਵਿਅਕਤੀਆਂ ਨੇ ਘਰਾਂ ਵਿੱਚੋਂ ਬਾਹਰ ਕੱਢਿਆ ਅਤੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਲਿਜਾ ਕੇ ਕੰਧ ਨਾਲ ਖੜ੍ਹਿਆਂ ਕਰਕੇ, ਗੋਲੀਆਂ ਦਾ ਮੀਂਹ ਵਰ੍ਹਾ ਕੇ, ਸ਼ਹੀਦ ਕਰ ਦਿੱਤਾ। ਕਸ਼ਮੀਰ ਘਾਟੀ ਦੇ ਜ਼ਿਲ੍ਹਾ ਪੁਲਵਾਮਾ ਦੀ ਤਹਿਸੀਲ ਤਰਾਲ ਵਿੱਚ ਪੈਂਦਾ ਹੈ ਇਹ ਪਿੰਡ ਛੱਟੀਸਿੰਘਪੁਰਾ। ਕਈ ਵਾਰ ਮੀਡੀਏ ਵਿੱਚ ਇਸ ਦਾ ਨਾਮ ਚਿੱਟੀ ਸਿੰਘਪੁਰਾ ਜਾਂ ਛੱਤੀ ਸਿੰਘਪੁਰਾ ਲਿਖਿਆ ਜਾਂਦਾ ਹੈ, ਪਰ ਸਹੀ ਨਾਮ ਹੈ ਛੱਟੀਸਿੰਘਪੁਰਾ। ਛੱਟੀਸਿੰਘਪੁਰਾ ਤੋਂ ਇਲਾਵਾ ਕਈ ਹੋਰ ਪਿੰਡ ਵੀ ਕਸ਼ਮੀਰ ਘਾਟੀ ਵਿੱਚ ਸਿੱਖ ਭਾਈਚਾਰੇ ਦੇ ਹਨ, ਜਿੱਥੇ ਲੰਮੇ ਸਮੇਂ ਤੋਂ ਕਸ਼ਮੀਰੀ ਸਿੱਖ ਰਹਿ ਰਹੇ ਹਨ। ਇਹ ਸ਼ਹੀਦੀ ਕਾਂਡ ਹੋਲੀ ਵਾਲੇ ਦਿਨ ਹੋਇਆ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖ ਮਰਦਾਂ ਨੂੰ ਕੰਧ ਨਾਲ ਖੜ੍ਹਾ ਕਰ ਕੇ, ਗੋਲੀਆਂ ਮਾਰੀਆਂ ਗਈਆਂ। ਅੱਜ, 22 ਵਰ੍ਹੇ ਗੁਜ਼ਰਨ ਦੇ ਬਾਅਦ ਵੀ ਛੱਟੀਸਿੰਘਪੁਰੇ ਦੇ ਕਤਲੇਆਮ ਦੀ ਕੋਈ ਜਾਂਚ ਨਹੀਂ ਹੋਈ।
ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਮੌਕੇ ਕਤਲੇਆਮ ਦਾ ਦੋਸ਼ ਲਗਾਤਾਰ ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਮੱਥੇ ‘ਤੇ ਲੱਗਦਾ ਆ ਰਿਹਾ ਹੈ। ਅਮਰੀਕਾ ਦੀ ਸਾਬਕਾ ਸੈਕਟਰੀ ਆਫ ਸਟੇਟ ਮੈਡਲੀਨ ਅਲਬ੍ਰਾਈਟ ਨੇ ਆਪਣੀ ਕਿਤਾਬ THE MIGHTY AND THE ALMIGHTY ਵਿੱਚ ਬਿੱਲ ਕਲਿੰਟਨ ਦੀ ਭਾਰਤ ਫੇਰੀ ਮੌਕੇ ਸਿੱਖਾਂ ਦੇ ਕਤਲੇਆਮ ਬਾਰੇ, ਰਾਸ਼ਟਰਪਤੀ ਦੇ ਨਜ਼ਰੀਏ ਤੋਂ ਕੁਝ ਸ਼ਬਦ ਅੰਕਿਤ ਕੀਤੇ ਸਨ:
During my visit to India in 2000, some Hindu militants decided to vent their outrage by murdering thirty-eight Sikhs in cold blood. If I hadnt made the trip, the victims would probably still be alive. If I hadnt made the trip because I feared what religious extremists might do, I couldnt have done my job as president of the United States. The nature of America is such that many people define themselvesor a part of themselvesin relation to it, for or against. This is part of the reality in which our leaders must operate.
ਭਾਵ ”ਮੇਰੀ ਭਾਰਤ ਫੇਰੀ ਦੌਰਾਨ ਕੁੱਝ ਹਿੰਦੂ ਦਹਿਸ਼ਤਗਰਦਾਂ ਨੇ ਅੱਠਤੀ ਸਿੱਖਾਂ ਦਾ ਕਤਲੇਆਮ ਕਰਕੇ ਆਪਣਾ ਗੁੱਸਾ ਕੱਢਣ ਦਾ ਫ਼ੈਸਲਾ ਕੀਤਾ। ਜੇ ਮੈਂ ਯਾਤਰਾ ਨਾ ਕੀਤੀ ਹੁੰਦੀ ਤਾਂ ਉਹ ਪੀੜਤ ਸ਼ਾਇਦ ਅੱਜ ਜਿਉਂਦੇ ਹੁੰਦੇ।” ਅਮਰੀਕਾ ਦੀ ਸੈਕਟਰੀ ਆਫ ਸਟੇਟ ਦੀ ਇਸ ਕਿਤਾਬ ਦੀ ਚਰਚਾ ਤੋਂ ਮਗਰੋਂ ਇੰਡੀਅਨ ਏਜੰਸੀਆਂ ਨੂੰ ਨਾਮੋਸ਼ੀ ਸਹਿਣੀ ਪਈ ਸੀ। ਬਅਦ ਵਿੱਚ ਇੰਡੀਆ ਦੇ ਤਿੱਖੇ ਪ੍ਰਤੀਕਰਮ ਕਾਰਨ ਪਬਲਿਸ਼ਰ ਹਾਰਪਰ ਕੋਲਿਨਸ ਨੇ ਇਨ੍ਹਾਂ ਟਿੱਪਣੀਆਂ ਵਾਲੇ ਕਿਤਾਬ ਦੇ ਅੰਤਰਰਾਸ਼ਟਰੀ ਸੰਸਕਰਨਾਂ ਵਿੱਚੋਂ HINDU MILITANTS ਹਿੰਦੂ ਅੱਤਵਾਦੀ ਹਟਾ ਕੇ ANGRY RADICALS ਭਾਵ ‘ਕਰੋਧੀ ਕੱਟੜਪੰਥੀ’ ਦੇ ਸ਼ਬਦ ਵਿੱਚ ਬਦਲ ਦਿੱਤਾ ਸੀ, ਪਰ ਇਸ ਨਾਲ ਸਿੱਖਾਂ ਦੇ ਕਤਲੇਆਮ ਦੇ ਦੋਸ਼ ਨਹੀਂ ਮਿਟੇ।
ਭਾਰਤੀ ਅਧਿਕਾਰੀਆਂ ਨੇ ਕਸ਼ਮੀਰ ਦੇ ਪੰਜ ਕਥਿਤ ਸ਼ੱਕੀ ਮੁਸਲਿਮ ਨੌਜਵਾਨਾਂ ਦਾ ‘ਪਥਰੀਬਲ’ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ, ਚਿੱਟੀ ਸਿੰਘਪੁਰਾ ਦੇ ਕਤਲੇਆਮ ਲਈ ਜ਼ਿੰਮੇਵਾਰ ਠਹਿਰਾਉਂਦਿਆਂ, ਉਨ੍ਹਾਂ ਦੀਆਂ ਹੱਤਿਆਵਾਂ ਕਰ ਦਿੱਤੀਆਂ ਸਨ। ਇਸ ਦੇ ਖਿਲਾਫ ਕਸ਼ਮੀਰ ਦੇ ਮੁਸਲਿਮ ਭਾਈਚਾਰੇ ਵੱਲੋਂ ਜ਼ਬਰਦਸਤ ਮੁਜ਼ਾਹਰੇ ਹੋਏ, ਜਿਨ੍ਹਾਂ ‘ਤੇ ਗੋਲੀ ਵਰ੍ਹਾਉਂਦਿਆਂ ਪੁਲਿਸ ਨੇ 9 ਹੋਰ ਬੇਗੁਨਾਹਾਂ ਦੀਆਂ ਜਾਨਾਂ ਲਈਆਂ। ਇਸ ਤਰ੍ਹਾਂ ਇਸ ਕਤਲੇਆਮ ਦੇ ਘਟਨਾਕ੍ਰਮ ਵਿੱਚ 50 ਵਿਅਕਤੀਆਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ, ਜੋ ਕਿ ਬਿਲਕੁਲ ਬੇਕਸੂਰ ਸਨ।
ਮਗਰੋਂ ਭਾਰਤ ਦੇ ਸਾਬਕਾ ਮੰਤਰੀ ਅਤੇ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ ਮਨੋਹਰ ਸਿੰਘ ਗਿੱਲ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਅਤੇ ਇਹ ਸੱਚਾਈ ਸਾਹਮਣੇ ਆਈ ਕਿ ਮਾਰੇ ਗਏ 5 ਮੁਸਲਮਾਨ ਨੌਜਵਾਨ ਨਿਰਦੋਸ਼ ਸਨ। ਇਸ ਘਟਨਾਕ੍ਰਮ ਮਗਰੋਂ ਝੂਠਾ ਮੁਕਾਬਲਾ ਬਣਾਉਣ ਵਾਲੇ ਸੁਰੱਖਿਆ ਬਲਾਂ ਖਿਲਾਫ ਸੱਚ ਸਾਹਮਣੇ ਆਇਆ ਅਤੇ ਦੋਸ਼ੀ ਸਾਬਤ ਹੋਏ, ਪਰ ਇਸ ਦੇ ਨਾਲ ਮਾਰੇ ਗਏ ਬੇਕਸੂਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਸਵਾਲ ਅਜੇ ਵੀ ਹਵਾ ਵਿੱਚ ਲਟਕਦੇ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਫੇਰੀ ਦੌਰਾਨ ਜਿਹੜਾ ਅਕਸ ਪੇਸ਼ ਕੀਤਾ ਗਿਆ, ਉਸ ਰਾਹੀਂ ਇੱਕ ਘੱਟ ਗਿਣਤੀ (ਸਿੱਖਾਂ) ਦੇ ਲੋਕਾਂ ਦਾ ਕਤਲੇਆਮ ਕਰਕੇ ਅਤੇ ਦੂਜਾ ਘੱਟ ਗਿਣਤੀ (ਮੁਸਲਮਾਨਾਂ) ਦੇ ਲੋਕਾਂ ਨੂੰ ਦੋਸ਼ੀ ਠਹਿਰਾ ਕੇ, ਕੌਮਾਂਤਰੀ ਪੱਧਰ ‘ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸ਼ਰਮਨਾਕ ਵਰਤਾਰਾ ਏਜੰਸੀਆਂ ਦੀ ਗਹਿਰੀ ਚਾਲ ਸੀ। ਛੱਟੀਸਿੰਘਪੁਰਾ ਦੇ ਕਤਲੇਆਮ ਤੋਂ 20 ਸਾਲ ਮਗਰੋਂ ਸੰਨ 2020 ਵਿੱਚ, ਇੱਕ ਵਾਰ ਫਿਰ, ਇੱਕ ਹੋਰ ਅਮਰੀਕਨ ਰਾਸ਼ਟਰਪਤੀ ਟਰੰਪ ਭਾਰਤ ਦੀ ਫੇਰੀ ‘ਤੇ ਗਿਆ। ਘੱਟ ਗਿਣਤੀਆਂ ਅੰਦਰ ਡਰ ਹੁਣ ਵੀ ਬਰਕਰਾਰ ਸੀ ਕਿ ਅਜਿਹੀਆਂ ਹੱਤਿਆਵਾਂ ਰਾਜਨੀਤਕ ਲੋਕਾਂ ਲਈ ਕੋਈ ਨਵੀਂ ਚੀਜ਼ ਨਹੀਂ ਅਤੇ ਫਾਸ਼ੀਵਾਦੀ ਤਾਕਤਾਂ, ਏਜੰਸੀਆਂ ਅਤੇ ਸਰਕਾਰਾਂ ਕੁਝ ਵੀ ਕਰਵਾ ਸਕਦੀਆਂ ਹਨ। ਟਰੰਪ ਦੇ ਭਾਰਤ ਜਾਣ ‘ਤੇ ਉਹੀ ਕੁਝ ਹੋਇਆ, ਜਿਸ ਦਾ ਡਰ ਸੀ। ਕਤਲੇਆਮ, ਹਿੰਸਾ ਅਤੇ ਘੱਟ -ਗਿਣਤੀ ਨੂੰ ਹੀ ਦੋਸ਼ੀ ਠਹਿਰਾਉਣਾ। ਦੋਵੇਂ ਵਾਰ ਅਮਰੀਕਾ ਦੇ ਰਾਸ਼ਟਰਪਤੀ ਫੇਰੀ ‘ਤੇ ਅਤੇ ਦੋਵੇਂ ਵਾਰ ਬੀਜੇਪੀ ਸਰਕਾਰ। ਦਿੱਲੀ ਫੇਰ ਜਲ ਰਹੀ ਸੀ, ਬੇਕਸੂਰ ਲੋਕਾਂ ਦੀਆਂ ਜਾਨਾਂ ਲਈਆਂ ਜਾ ਰਹੀਆਂ ਸਨ। ਨਸਲੀ ਹਮਲਿਆਂ ਦਾ ਸ਼ਿਕਾਰ ਘੱਟ-ਗਿਣਤੀ ਮੁਸਲਮਾਨ ਹੋ ਰਹੇ ਸਨ। ਦੁਨੀਆਂ ਦਾ ਸਭ ਤੋਂ ਵੱਡਾ ਲੋਕਰਾਜ ਅਖਵਾਉਣ ਵਾਲੇ ਦੇਸ਼ ਭਾਰਤ ਦੀ ਇਹ ਹਾਲਤ ਦੇਖ ਕੇ ਸ਼ਾਇਰ ਸ਼ੌਕ ਬਹਿਰਾਇਚੀ (1884-1964) ਦਾ ਇਹ ਸ਼ੇਅਰ ਚੇਤੇ ਆ ਰਿਹਾ ਹੈ;
”ਬਸ ਏਕ ਹੀ ਉੱਲੂ ਕਾਫ਼ੀ ਥਾ,
ਬਰਬਾਦ ਗੁਲਸਿਤਾਂ ਕਰਨੇ ਕੋ
ਹਰ ਸ਼ਾਖ਼ ਪੇ ਉਲੂ ਬੈਠਾ ਹੈ,
ਅੰਜਾਮ -ਏ-ਗੁਲਸਿਤਾਂ ਕਿਆ ਹੋਗਾ?”
‘ਛੱਟੀਸਿੰਘਪੁਰਾ ਦਾ ਕਤਲੇਆਮ’ ਇਨਸਾਫ਼-ਪਸੰਦ ਜਥੇਬੰਦੀਆਂ ਨੂੰ ਅੱਗੇ ਆ ਕੇ, ਬੇਕਸੂਰਾਂ ਦੇ ਕਤਲੇਆਮ ਖਿਲਾਫ ਆਵਾਜ਼ ਉਠਾਉਣ ਲਈ ਸੱਦਾ ਦਿੰਦਾ ਹੈ। ਜੇ ਅਜਿਹੀਆਂ ਜ਼ਾਲਮਾਨਾ ਤਾਕਤਾਂ ਖ਼ਿਲਾਫ਼ ਲੋਕ ਇਕੱਠੇ ਨਾ ਹੋਏ, ਤਾਂ ਅਜਿਹੇ ਖੂਨੀ ਸਾਕੇ ਸਦਾ ਹੀ ਦੁਹਰਾਏ ਜਾਂਦੇ ਰਹਿਣਗੇ। ਜੇਕਰ 1984 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੀ ਅਗਵਾਈ ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਹੁੰਦੀਆਂ, ਤਾਂ ਗੁਜਰਾਤ ਵਿੱਚ 2002 ਵਿੱਚ ਭਾਜਪਾ ਸਰਕਾਰ ਮੌਕੇ ਮੁਸਲਿਮ ਕਤਲੇਆਮ ਨਾ ਹੁੰਦਾ ਅਤੇ ਜੇ ਗੁਜਰਾਤ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਦੀਆਂ, ਤਾਂ ਇਹ ਮਾਡਲ ਅੱਜ ਭਾਰਤ ਦੇ ਕੋਨੇ -ਕੋਨੇ ਵਿੱਚ ਨਾ ਦੁਹਰਾਇਆ ਜਾਂਦਾ। ਛੱਟੀਸਿੰਘਪੁਰਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਵੀ ਇਸੇ ਹਕੀਕਤ ਨੂੰ ਬਿਆਨ ਕਰਦਾ ਹੈ। ਜਦੋਂ ਤੱਕ ਲੋਕ ਚੁੱਪ ਰਹਿਣਗੇ, ਉਦੋਂ ਤੱਕ ਫਾਸ਼ੀਵਾਦੀ ਤਾਕਤਾਂ ਜ਼ੁਲਮ ਕਰਦੀਆਂ ਰਹਿਣਗੀਆਂ।
ਅੱਜ ਭਾਰਤ ‘ਚ ਜਿੱਥੇ- ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉਹ ‘ਕਸ਼ਮੀਰ ਫਾਈਲਜ਼’ ਨਾਂ ਦੀ ਫਿਲਮ ‘ਤੇ ਕਰ ਦੀ ਛੋਟ ਦੇ ਕੇ ਲੋਕਾਂ ਨੂੰ ਇਹ ਫਿਲਮ ਦੇਖਣ ਲਈ ਉਤਸ਼ਾਹਤ ਕਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਕਸ਼ਮੀਰ ਵਿੱਚ ਘੱਟ ਗਿਣਤੀ ਭਾਈਚਾਰੇ ਹਿੰਦੂ ‘ਤੇ ਜਬਰ ਹੋਇਆ। ਦੂਜੇ ਪਾਸੇ, ਕਸ਼ਮੀਰ ਘਾਟੀ ਵਿੱਚ ਹੀ, ਅੱਜ ਤੋਂ ਬਾਈ ਸਾਲ ਪਹਿਲਾਂ ਸਿੱਖਾਂ ਉੱਪਰ ਜੋ ਜਬਰ ਢਾਹਿਆ ਗਿਆ, ਉਸ ਬਾਰੇ ‘ਛੱਟੀਸਿੰਘਪੁਰਾ ਫਾਈਲਜ਼- ਸਿੱਖ ਕਤਲੇਆਮ’ ਫਿਲਮ ਕਿਉਂ ਨਹੀਂ ਬਣਾਈ ਜਾ ਸਕਦੀ ਤੇ ਕਿਉਂ ਨਹੀਂ ਦੱਸਿਆ ਜਾ ਸਕਦਾ ਕਿ ਸਿੱਖਾਂ ਦਾ ਕਤਲੇਆਮ ਯੋਜਨਾਬੱਧ ਢੰਗ ਦੇ ਨਾਲ, ਸਰਕਾਰੀ ਦਹਿਸ਼ਤਗਰਦਾਂ ਵਲੋਂ ਕੀਤਾ ਗਿਆ ਸੀ। ਕਸ਼ਮੀਰ ਘਾਟੀ ਦੇ ਸਿੱਖਾਂ ਵੱਲੋਂ ਲਗਾਤਾਰ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਛੱਟੀਸਿੰਘਪੁਰਾ ਦਾ ਕਤਲੇਆਮ ਭਾਰਤੀ ਫ਼ੌਜੀਆਂ ਜਾਂ ਉਨ੍ਹਾਂ ਅਧੀਨ ਕੰਮ ਕਰਨ ਵਾਲੇ ਮੁਖ਼ਬਰਾਂ ਤੇ ਸਰਕਾਰੀ ਦਹਿਸ਼ਤਗਰਦਾਂ ਵੱਲੋਂ ਸਿੱਖਾਂ ਨੂੰ ਡਰਾਉਣ ਅਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕਰਵਾਇਆ ਗਿਆ, ਜਿਸ ਦੀ ਕਦੇ ਵੀ ਭਾਰਤ ਸਰਕਾਰ ਜਾਂ ਸੂਬਾਈ ਸਰਕਾਰ ਵੱਲੋਂ, ਜਾਣ ਬੁੱਝ ਕੇ ਜਾਂਚ ਨਹੀਂ ਕਰਵਾਈ ਗਈ।
ਕਸ਼ਮੀਰ ਘਾਟੀ ਵਿੱਚ ਹੋਏ ਸਿੱਖ ਕਤਲੇਆਮ ਲਈ ਤਤਕਾਲੀ ਭਾਰਤ ਸਰਕਾਰ ਤਾਂ ਦੋਸ਼ੀ ਹੈ ਹੀ, ਪਰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਵੀ ਦੋਸ਼-ਮੁਕਤ ਨਹੀਂ ਹੋ ਸਕਦੇ, ਜਿਨ੍ਹਾਂ ਜੇਕਰ ਇਹ ਮੰਨ ਲਿਆ ਸੀ ਉਨ੍ਹਾਂ ਦੇ ਭਾਰਤ ਜਾਣ ਕਾਰਨ ਬੇਗੁਨਾਹ ਸਿੱਖ ਮਾਰੇ ਗਏ ਸਨ, ਤਾਂ ਫਿਰ ਅਜਿਹੇ ਕਤਲੇਆਮ ਦੀ ਜਾਂਚ ਦੀ ਮੰਗ ਕਿਉਂ ਨਹੀਂ ਕੀਤੀ। ਬਿਲ ਕਲਿੰਟਨ ਕੇਵਲ ਇੰਨਾ ਕੁ ਆਖ ਕੇ ਖਹਿੜਾ ਨਹੀਂ ਛੁਡਾ ਸਕਦੇ। ਛੱਟੀਸਿੰਘਪੁਰਾ ਦੇ ਸਿੱਖ ਕਤਲੇਆਮ ਦਾ ਕਲੰਕ ਭਾਰਤ ਦੀ ਵਾਜਪਾਈ-ਭਾਜਪਾਈ ਸਰਕਾਰ ਅਤੇ ਅਮਰੀਕਾ ਦੀ ਕਲਿੰਟਨ ਸਰਕਾਰ ਦੇ ਮੱਥੇ ਤੋਂ ਕਦੇ ਨਹੀਂ ਮਿਟੇਗਾ।