Breaking News
Home / ਪੰਜਾਬ / ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਲਗਾਏ ਦੇਸੀ ਅੰਬਾਂ ਦੇ ਬੂਟੇ

ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਲਗਾਏ ਦੇਸੀ ਅੰਬਾਂ ਦੇ ਬੂਟੇ

ਪਰਿਕਰਮਾ ਦੇ ਪੁਰਾਤਨ ਹਰਿਆਵਲ ਵਾਲੇ ਸਰੂਪ ਨੂੰ ਕਾਇਮ ਕਰਨ ਦੇ ਮੰਤਵ ਨਾਲ ਕੀਤਾ ਉਪਰਾਲਾ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਿਆਂ ਦੀ ਪਰਿਕਰਮਾ ਦੇ ਪੁਰਾਤਨ ਹਰਿਆਵਲ ਵਾਲੇ ਸਰੂਪ ਨੂੰ ਕਾਇਮ ਕਰਨ ਦੇ ਮੰਤਵ ਨਾਲ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਦੇਸੀ ਅੰਬ ਦੇ ਬੂਟੇ ਲਾਏ ਗਏ ਹਨ। ਇਸੇ ਤਰ੍ਹਾਂ ਤਰਨਤਾਰਨ ਅਤੇ ਮੁਕਤਸਰ ਦੇ ਗੁਰਦੁਆਰਿਆਂ ਦੀ ਪਰਿਕਰਮਾ ਵਿੱਚ ਵੀ ਬੂਟੇ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਕਾਰਵਾਈ ਸੰਗਤ ਨੂੰ ‘ਹਰੀ ਦੀਵਾਲੀ’ ਮਨਾਉਣ ਦਾ ਸੁਨੇਹਾ ਦੇਣ ਦੇ ਮੰਤਵ ਨਾਲ ਕੀਤੀ ਗਈ ਸੀ।
ਵਾਤਾਵਰਨ ਸੰਭਾਲ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵਲੋਂ ਬੰਦੀ ਛੋੜ ਦਿਵਸ (ਦੀਵਾਲੀ) ਨੂੰ ਹਰਿਆਵਲ ਲਹਿਰ ਨਾਲ ਜੋੜਿਆ ਗਿਆ। ਇਸ ਤਹਿਤ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਵੱਡ-ਆਕਾਰੀ ਦਸ ਗ਼ਮਲਿਆਂ ਵਿਚ ਦੇਸੀ ਅੰਬਾਂ ਦੇ ਬੂਟੇ ਲਾਏ ਗਏ ਹਨ। ਇਸ ਦੀ ਸ਼ੁਰੂਆਤ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਕੀਤੀ ਗਈ। ਇਹ ਉਪਰਾਲਾ ਵਾਤਾਵਰਨ ਪ੍ਰੇਮੀ ਬਾਬਾ ਗੁਰਮੀਤ ਸਿੰਘ ਖੋਸਾਕੋਟਲਾ ਤੇ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਨ੍ਹਾਂ ਗ਼ਮਲਿਆਂ ਨੂੰ ਇਕ ਤੋਂ ਦੂਜੀ ਥਾਂ ਲਿਜਾਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਸਬੰਧੀ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਆਖਿਆ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਇਹ ਵਿਰਾਸਤੀ ਬੂਟੇ ਲਾਉਣ ਦਾ ਮੰਤਵ ਸੰਗਤ ਵਿਚ ਵਾਤਾਵਰਨ ਸੰਭਾਲ ਪ੍ਰਤੀ ਚੇਤਨਾ ਤੇ ਪ੍ਰੇਰਨਾ ਪੈਦਾ ਕਰਨਾ ਹੈ। ਡਾ. ਰੂਪ ਸਿੰਘ ਨੇ ਆਖਿਆ ਕਿ ਦਰਬਾਰ ਸਾਹਿਬ ਤੋਂ ਮਿਲੇ ਸੰਦੇਸ਼ ਅਤੇ ਆਦੇਸ਼ ਸੰਗਤ ਲਈ ਵੱਡਾ ਅਰਥ ਰੱਖਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ਕ ਬੰਦੀ ਛੋੜ ਦਿਵਸ ਮੌਕੇ ਇੱਥੇ ਆਤਿਸ਼ਬਾਜ਼ੀ ਦੀ ਪੁਰਾਣੀ ਰਵਾਇਤ ਹੈ, ਪਰ ਸਮੇਂ ਮੁਤਾਬਕ ਇਸ ਨੂੰ ਸੀਮਤ ਕਰ ਦਿੱਤਾ ਗਿਆ ਹੈ। ਪਰਿਕਰਮਾ ਨੂੰ ਦਹਾਕੇ ਪੁਰਾਣਾ ਸਰੂਪ ਦੇਣ ਲਈ ਇੱਥੇ ਇਹ ਦੇਸੀ ਅੰਬਾਂ ਦੇ ਬੂਟੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਤੇ ਮੁਕਤਸਰ ਦੇ ਇਤਿਹਾਸਕ ਗੁਰਦੁਆਰਿਆਂ ਦੀ ਪਰਿਕਰਮਾ ਵਿਚ ਵੀ ਰਵਾਇਤੀ ਬੂਟੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਤੇ ਸੰਭਾਲ ਲਈ ਕਿਹਾ ਗਿਆ ਹੈ। ਸ਼੍ਰੋਮਣੀ ਕਮੇਟੀ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ ਗਈ ਹੈ। ਇਸੇ ਤਰ੍ਹਾਂ ਲੋਕਾਂ ਨੂੰ ਆਤਿਸ਼ਬਾਜ਼ੀ ਚਲਾ ਕੇ ਪ੍ਰਦੂਸ਼ਣ ਨਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬੰਦੀ ਛੋੜ ਦਿਵਸ ‘ਤੇ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਸ ਮੌਕੇ ਜਿੱਥੇ ਆਪਣਾ ਚੌਗਿਰਦਾ ਦੀਪਮਾਲਾ ਨਾਲ ਰੁਸ਼ਨਾਉਣਾ ਹੈ, ਉੱਥੇ ਸ਼ਬਦ ਗੁਰੂ ਦੀ ਸਾਧਨਾ ਨਾਲ ਮਨ ਵੀ ਰੌਸ਼ਨ ਕਰਨਾ ਹੈ। ਉਨ੍ਹਾਂ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਤੇ ਕੁਦਰਤ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ ਹੈ।

Check Also

ਮਨਪ੍ਰੀਤ ਬਾਦਲ ਦੇ ਪੁੱਤਰ ਅਰਜੁਨ ਬਾਦਲ ਨੇ ਰਾਜਾ ਵੜਿੰਗ ’ਤੇ ਕੀਤਾ ਸਿਆਸੀ ਹਮਲਾ

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੱਸਿਆ ਹੰਕਾਰੀ ਗਿੱਦੜਬਾਹਾ/ਬਿਊਰੋ ਨਿਊਜ਼ : ਗਿੱਦੜਬਾਹਾ ਵਿਧਾਨ ਸਭਾ …