
ਦਿੱਲੀ ਦੀ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਾਂਗੇ : ਸੀਐਮ ਰੇਖਾ ਗੁਪਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਧਾਨ ਸਭਾ ਦਾ ਬਜਟ ਇਜਲਾਸ 24 ਤੋਂ 26 ਮਾਰਚ ਦੇ ਵਿਚਾਲੇ ਸ਼ੁਰੂ ਹੋ ਜਾਵੇਗਾ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨਾਲ 6 ਮੰਤਰੀ ਵੀ ਹਾਜ਼ਰ ਸਨ। ਰੇਖਾ ਗੁਪਤਾ ਨੇ ਬਜਟ ਦੇ ਲਈ ਦਿੱਲੀ ਦੇ ਲੋਕਾਂ ਕੋਲੋਂ ਸੁਝਾਅ ਵੀ ਮੰਗੇ ਹਨ। ਰੇਖਾ ਗੁਪਤਾ ਨੇ ਦੱਸਿਆ ਕਿ ਅਸੀਂ ਦਿੱਲੀ ਦੀ ਜਨਤਾ ਦਾ ਬਜਟ ਲਿਆਉਣਾ ਚਾਹੁੰਦੇ ਹਾਂ। ਇਸਦੇ ਲਈ ਅਸੀਂ ਦਿੱਲੀ ਦੇ ਲੋਕਾਂ ਕੋਲੋਂ ਸੁਝਾਅ ਵੀ ਮੰਗੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਵੀ ਦਿੱਲੀ ਦੀ ਜਨਤਾ ਨੂੰ ਮਿਲਣਗੇ ਅਤੇ ਦਿੱਲੀ ਦੀ ਬਿਹਤਰੀ ਲਈ ਲੋਕਾਂ ਤੋਂ ਜ਼ਰੂਰੀ ਸੁਝਾਅ ਲੈਣਗੇ। ਸੀਐਮ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਛੁੱਟੀਆਂ ਵਿਚ ਵੀ ਕੰਮ ਕਰ ਰਹੀ ਹੈ ਅਤੇ ਅਸੀਂ ਵੋਟਾਂ ਮੌਕੇ ਕੀਤੇ ਸਾਰੇ ਵਾਅਦੇ ਪੂਰੇ ਕਰਾਂਗੇ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ ਹਰਾ ਕੇ ਭਾਜਪਾ ਨੇ ਬਹੁਮਤ ਨਾਲ ਸਰਕਾਰ ਬਣਾਈ ਹੈ।