ਮੁਲਜ਼ਮ ਨੇ ਆਪਣੇ-ਆਪ ਨੂੰ ਆਮ ਆਦਮੀ ਸੈਨਾ ਦਾ ਕਾਰਕੁੰਨ ਦੱਸਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਇਥੇ ਸਕੱਤਰੇਤ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਸਤ-ਟਾਂਕ ਯੋਜਨਾ ਦੇ ਦੂਜੇ ਪੜਾਅ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦੇ ਰਹੇ ਸਨ ਤਾਂ ਇਕ ਨੌਜਵਾਨ ਨੇ ਉਨ੍ਹਾਂ ਵੱਲ ਜੁੱਤੀ ਸੁੱਟ ਦਿੱਤੀ। ਜੁੱਤੀ ਸੁੱਟਣ ਵਾਲੇ ਨੌਜਵਾਨ ਵੇਦ ਪ੍ਰਕਾਸ਼ ਨੇ ਆਪਣੇ ਆਪ ਨੂੰ ਆਮ ਆਦਮੀ ਸੈਨਾ ਦਾ ਕਾਰਕੁਨ ਦੱਸਿਆ ਹੈ। ਇਹ ਨੌਜਵਾਨ ਕੇਜਰੀਵਾਲ ਤੋਂ ਦਿੱਲੀ ਵਿੱਚ ਸੀਐਨਜੀ ਦੇ ਸਟਿੱਕਰਾਂ ਨੂੰ ਵੇਚੇ ਜਾਣ ਬਾਰੇ ਬੀਤੇ ਦਿਨੀਂ ਕੀਤੇ ਗਏ ‘ਸਟਿੰਗ’ ਸਬੰਧੀ ਕੀਤੀ ਸ਼ਿਕਾਇਤ ਬਾਰੇ ਪੁੱਛਣਾ ਚਾਹੁੰਦਾ ਸੀ।
ਸਕੱਤਰੇਤ ਦੇ ਕਾਨਫਰੰਸ ਹਾਲ ਵਿਚ ਪੱਤਰਕਾਰਾਂ ਦੀ ਭੀੜ ਸਾਹਮਣੇ ਪਹਿਲਾਂ ਵੇਦ ਪ੍ਰਕਾਸ਼ ਨੇ ਦੋ ਸੀਡੀਜ਼ ਕੇਜਰੀਵਾਲ ਵੱਲ ਸੁੱਟੀਆਂ ਅਤੇ ਉਸ ਵੱਲੋਂ ਕੀਤੇ ਗਏ ਸਟਿੰਗ ਬਾਰੇ ਸਰਕਾਰ ਤੋਂ ਪੁੱਛਣਾ ਚਾਹਿਆ। ਇਸੇ ਦੌਰਾਨ ਉਸ ਨੇ ਜੁੱਤੀ ਲਾਹ ਕੇ ਸ੍ਰੀ ਕੇਜਰੀਵਾਲ ਵੱਲ ਵਗਾਹ ਮਾਰੀ, ਜੋ ਮੰਚ ਸਾਹਮਣੇ ਬੈਠੇ ਫੋਟੋਗ੍ਰਾਫਰਾਂ ਉਪਰ ਜਾ ਡਿੱਗੀ। ਇਸ ਨੌਜਵਾਨ ਨੂੰ ਸੁਰੱਖਿਆ ਅਮਲੇ ਨੇ ਕਾਬੂ ਕਰ ਲਿਆ ਅਤੇ ਕੁਟਾਪਾ ਚਾੜ੍ਹਦੇ ਹੋਏ ਪ੍ਰੈੱਸ ਕਾਨਫਰੰਸ ਵਾਲੇ ਕਮਰੇ ਵਿੱਚੋਂ ਬਾਹਰ ਲੈ ਗਏ। ਮੁਲਜ਼ਮ ਨੂੰ ਪੁਲਿਸ ਇੰਦਰਪ੍ਰਸਥ ਥਾਣੇ ਲੈ ਗਈ ਜਿੱਥੇ ਦੇਰ ਸ਼ਾਮ ਉਸ ਦੀ ਗ੍ਰਿਫ਼ਤਾਰੀ ਪਾ ਦਿੱਤੀ ਗਈ।
ਪ੍ਰੈੱਸ ਕਾਨਫਰੰਸ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਟਰਾਂਸਪੋਰਟ ਮੰਤਰੀ ਗੋਪਾਲ ਰਾਏ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਜਿਸਤ-ਟਾਂਕ ਫਾਰਮੂਲੇ ਦੇ ਸਾਰੇ ਬਿੰਦੂਆਂ ਬਾਰੇ ਗੋਪਾਲ ਰਾਏ ਨੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਸ਼ਾਂਤ ਰਹਿ ਕੇ ਕੁਝ ਸਵਾਲਾਂ ਦੇ ਜਵਾਬ ਦਿੱਤੇ ਅਤੇ ਫਿਰ ਚਲੇ ਗਏ। ਬਾਅਦ ਵਿਚ ‘ਆਪ’ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਵੇਦ ਪ੍ਰਕਾਸ਼ ਭਾਜਪਾ ਦੇ ਕਿਸੇ ਸੀਨੀਅਰ ਆਗੂ ਦੇ ਸੰਪਰਕ ਵਿੱਚ ਸੀ।
‘ਡੀਆਈਪੀ’ ਦੇ ਪਛਾਣ-ਪੱਤਰਾਂ ਵਾਲੇ ਪੱਤਰਕਾਰਾਂ ਨੂੰ ਹੀ ਮਿਲੇਗਾ ਦਾਖ਼ਲਾ : ਇਸ ਘਟਨਾ ਮਗਰੋਂ ਦਿੱਲੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਦਿੱਲੀ ਸਰਕਾਰ ਦੇ ‘ਡੀਆਈਪੀ’ ਵੱਲੋਂ ਜਾਰੀ ਪਛਾਣ-ਪੱਤਰਾਂ ਵਾਲੇ ਪੱਤਰਕਾਰਾਂ ਨੂੰ ਹੀ ਪ੍ਰੈੱਸ ਕਾਨਫਰੰਸ ਵਿੱਚ ਜਾਣ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਆਮ ਆਦਮੀ ਸੈਨਾ ਪੰਜਾਬ ਦੀ ਇੰਚਾਰਜ ਦੱਸਣ ਵਾਲੀ ਭਾਵਨਾ ਅਰੋੜਾ ਨੇ 18 ਜਨਵਰੀ, 2016 ਨੂੰ ਛਤਰਸਾਲ ਸਟੇਡੀਅਮ ਵਿਚ ਕੇਜਰੀਵਾਲ ‘ਤੇ ਸਿਆਹੀ ਸੁੱਟ ਦਿੱਤੀ ਸੀ ਅਤੇ ਸੀਐਨਜੀ ਘੋਟਾਲਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਸੀ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …