11.2 C
Toronto
Thursday, March 12, 2026
spot_img
Homeਭਾਰਤਸਿੱਖ ਬੀਬੀ ਨੇ ਮੁਸਲਿਮ ਸਹੇਲੀ ਨੂੰ ਕਿਡਨੀ ਦੇਣ ਦੀ ਇੱਛਾ ਕੀਤੀ ਜ਼ਾਹਿਰ

ਸਿੱਖ ਬੀਬੀ ਨੇ ਮੁਸਲਿਮ ਸਹੇਲੀ ਨੂੰ ਕਿਡਨੀ ਦੇਣ ਦੀ ਇੱਛਾ ਕੀਤੀ ਜ਼ਾਹਿਰ

ਤੂੰ ਨਹੀਂ ਤਾਂ ਜ਼ਿੰਦਗੀ ‘ਚ ਕੀ ਰਹਿ ਜੂ
ਜੰਮੂ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਵਿਚ ਇੱਕ ਸਿੱਖ ਬੀਬੀ ਨੇ ਆਪਣੀ ਮੁਸਲਿਮ ਸਹੇਲੀ ਨੂੰ ਕਿਡਨੀ ਦੇਣ ਦੀ ਇੱਛਾ ਜ਼ਾਹਿਰ ਕੀਤੀ ਹੈ ਜਿਸ ਮਗਰੋਂ ਉਸ ਦੇ ਅਪਾਹਜ ਪਿਤਾ ਨੇ ਆਪਣੀ ਧੀ ਨੂੰ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ ਅਤੇ ਨਾਲ ਹੀ ਇਸ ਮਾਮਲੇ ਵਿਚ ਸੂਬੇ ਦੇ ਰਾਜਪਾਲ ਤੋਂ ਵੀ ਦਖਲ ਮੰਗਿਆ ਹੈ।
ਸਮਾਜਿਕ ਤੇ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਮਨਜੋਤ ਸਿੰਘ ਕੋਹਲੀ (23) ਨੇ ਹਾਲ ਹੀ ਵਿਚ ਰਾਜੌਰੀ ਜ਼ਿਲ੍ਹੇ ‘ਚ ਰਹਿਣ ਵਾਲੀ ਆਪਣੀ 22 ਸਾਲਾ ਮੁਸਲਿਮ ਦੋਸਤ ਸਮਰੀਨ ਅਖ਼ਤਰ ਨੂੰ ਕਿਡਨੀ ਦੇਣ ਦਾ ਫ਼ੈਸਲਾ ਜਨਤਕ ਕੀਤਾ ਸੀ ਤੇ ਨਾਲ ਹੀ ਕਿਹਾ ਸੀ ਕਿ ਉਸ ਦੇ ਪਰਿਵਾਰ ਨੂੰ ਇਸ ‘ਤੇ ਇਤਰਾਜ਼ ਹੈ ਅਤੇ ਸ੍ਰੀਨਗਰ ਦਾ ਹਸਪਤਾਲ ਇਸ ਪ੍ਰਕਿਰਿਆ ਵਿਚ ਦੇਰੀ ਕਰ ਰਿਹਾ ਹੈ। ਮਨਜੋਤ ਦਾ ਪਿਤਾ ਗੁਰਦੀਪ ਸਿੰਘ 75 ਫੀਸਦ ਅਪਾਹਜ ਹੈ ਅਤੇ ਉਹ ਚੱਲਣ-ਫਿਰਨ ਤੋਂ ਅਸਮਰਥ ਹੈ। ਉਸ ਨੇ ਊਧਮਪੁਰ ਸਥਿਤ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਮੈਂ ਹੱਥ ਜੋੜ ਕੇ ਆਪਣੀ ਧੀ ਨੂੰ ਮੈਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਦਿਵਾਉਣ ਲਈ ਇਹ ਫ਼ੈਸਲਾ ਬਦਲਣ ਦੀ ਅਪੀਲ ਕਰਦਾ ਹਾਂ। ਤੁਹਾਨੂੰ ਮੇਰੀ ਹਾਲਤ ਬਾਰੇ ਪਤਾ ਹੀ ਹੈ ਅਤੇ ਉਸ ਬਾਅਦ ਮੈਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ।” ਉਨ੍ਹਾਂ ਸੌਰਾ ਦੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਐੱਸਕੇਆਈਐੱਮਐੱਸ) ਨੂੰ ਪਹਿਲਾਂ ਹੀ ਨੋਟਿਸ ਭੇਜਿਆ ਹੈ ਜਿਸ ਵਿਚ ਉਨ੍ਹਾਂ ਆਪਣੀ ਬੇਟੀ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸ ਵਿਚ ਪਰਿਵਾਰ ਦੀ ਕੋਈ ਸਹਿਮਤੀ ਨਹੀਂ ਹੈ। ਮਨਜੋਤ ਸਿੰਘ ਦੇ ਮਾਪਿਆਂ ਨਾਲ ਸਾਲ 2014 ਵਿਚ ਹਾਦਸਾ ਹੋਇਆ ਸੀ ਜਿਸ ਵਿਚ ਉਸ ਦੀ ਮਾਂ ਦੀ ਮੌਤ ਹੋ ਗਈ ਸੀ ਤੇ ਪਿਤਾ ਗੰਭੀਰ ਜ਼ਖ਼ਮੀ ਹੋ ਗਏ ਸਨ। ਗੁਰਦੀਪ ਸਿੰਘ ਦਾ ਵੱਡਾ ਅਪਰੇਸ਼ਨ ਹੋਇਆ ਸੀ। ਉਨ੍ਹਾਂ ਆਪਣੀ ਬੇਟੀ ਦੇ ਇਸ ਫ਼ੈਸਲੇ ਵਿਚ ਦਖਲ ਦੇਣ ਲਈ ਰਾਜਪਾਲ ਸੱਤਿਆਪਾਲ ਮਲਿਕ ਨੂੰ ਵੀ ਅਪੀਲ ਕੀਤੀ ਹੈ।
ਦੂਜੇ ਪਾਸੇ ਮਨਜੋਤ ਸਿੰਘ ਨੇ ਕਿਹਾ, ”ਅਸੀਂ ਪਿਛਲੇ ਚਾਰ ਸਾਲਾਂ ਤੋਂ ਦੋਸਤ ਹਾਂ ਅਤੇ ਮੈਂ ਜਜ਼ਬਾਤੀ ਤੌਰ ‘ਤੇ ਉਸ ਨਾਲ ਜੁੜੀ ਹੋਈ ਹਾਂ। ਨਾਲ ਹੀ ਮੇਰਾ ਇਨਸਾਨੀਅਤ ਵਿਚ ਵੀ ਪੂਰਾ ਭਰੋਸਾ ਹੈ ਜੋ ਮੈਨੂੰ ਕਿਡਨੀ ਦਾਨ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।” ਉਸ ਨੇ ਕਿਹਾ, ”ਅਖ਼ਤਰ ਮੇਰੀ ਦੋਸਤ ਰਹੀ ਹੈ ਅਤੇ ਮੁਸ਼ਕਿਲ ਸਮੇਂ ਵਿਚ ਮੇਰੇ ਨਾਲ ਰਹੀ ਹੈ। ਮੈਂ ਉਸ ਨੂੰ ਲੋੜ ਪੈਣ ‘ਤੇ ਆਪਣੀ ਇੱਕ ਕਿਡਨੀ ਦੇਣ ਦਾ ਫ਼ੈਸਲਾ ਕੀਤਾ ਹੈ।”

RELATED ARTICLES
POPULAR POSTS