ਡਾ. ਗਿਆਨ ਸਿੰਘ
ਆਪਣੇ ਮੁਲਕ ਅਤੇ ਪਰਾਏ ਮੁਲਕਾਂ ਵਿਚ ਵੱਸਦੇ ਸਮੂਹ ਪੰਜਾਬੀਆਂ, ਖ਼ਾਸ ਕਰਕੇ ਸਿੱਖ ਸ਼ਰਧਾਲੂਆਂ ਦੇ ਮਨਾਂ ਵਿਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ (ਗੁਰਦੁਆਰਾ ਦਰਬਾਰ ਸਾਹਿਬ) ਤੱਕ ਲਾਂਘਾ ਉਸਾਰਨ ਬਾਰੇ ਹੋਈ ਸਹਿਮਤੀ ਅਤੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਇਸ ਦੀ ਰਸਮੀ ਸ਼ੁਰੂਆਤ ਨਾਲ ਖੁਸ਼ੀ ਦੀ ਆਮਦ ਹੋਈ ਹੈ। ਪਿਛਲੇ ਲੰਬੇ ਸਮੇਂ ਤੋਂ ਸਿੱਖ ਸ਼ਰਧਾਲੂ ਇਸ ਲਾਂਘੇ ਦੀ ਮੰਗ ਕਰ ਰਹੇ ਸਨ, ਪਰ ਦੋਵਾਂ ਮੁਲਕਾਂ ਦਰਮਿਆਨ ਸੁਖਾਵੇਂ ਰਿਸ਼ਤੇ ਨਾ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ 22 ਸਾਲਾਂ ਤੱਕ ਦੱਖਣੀ ਏਸ਼ੀਆ ਅਤੇ ਮੱਧ ਪੂਰਬ ਦੇ ਮੁਲਕਾਂ ਵਿਚ ਉਦਾਸੀਆਂ ਕਰਕੇ ਉੱਥੋਂ ਦੇ ਲੋਕਾਂ ਨੂੰ ਅਮਨ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀਲੇ 18 ਸਾਲ ਕਰਤਾਰਪੁਰ ਸਾਹਿਬ ਖੇਤੀ ਕੀਤੀ ਅਤੇ ਆਮ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਖੇਤੀ ਸਾਰੇ ਕੰਮਾਂ ਵਿਚੋਂ ਉੱਤਮ ਹੈ। ਉਨ੍ਹਾਂ ਖੇਤੀ ਨੂੰ ਇਮਾਨਦਾਰੀ ਦੀ ਕਿਰਤ ਕਰਾਰ ਦਿੱਤਾ ਅਤੇ ਕਿਰਤੀ ਵਰਗ ਦੀ ਪਵਿੱਤਰਤਾ ਨੂੰ ਅੱਗੇ ਰੱਖਦੇ ਹੋਏ ਮਲਕ ਭਾਗੋ ਦੇ ਸ਼ਾਹੀ ਪਕਵਾਨਾਂ ਨੂੰ ਠੁਕਰਾਉਂਦੇ ਹੋਏ ਭਾਈ ਲਾਲੋ ਦੀ ਸੱਚੀ-ਸੁੱਚੀ ਕਿਰਤ ਵਾਲੀ ਰੋਟੀ ਖਾਧੀ।
ਧਾਰਮਿਕ ਸ਼ਰਧਾ ਦੇ ਪੱਖ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਦੋਵਾਂ ਮੁਲਕਾਂ ਦਰਮਿਆਨ ਸਹਿਮਤੀ ਅਤੇ ਸ਼ੁਰੂਆਤ ਬਾਰੇ ਤਾਂ ਕੋਈ ਕਿੰਤੂ-ਪ੍ਰੰਤੂ ਨਹੀਂ ਹੋ ਸਕਦਾ ਪਰ ਗੁਰੂ ਨਾਨਕ ਦੇਵ ਜੀ ਵੱਲੋਂ ਖੇਤੀ ਅਤੇ ਸੱਚੀ-ਸੁੱਚੀ ਕਿਰਤ ਨੂੰ ਦਿੱਤੀ ਮਹੱਤਤਾ ਨੂੰ ਨਾ ਕੋਈ ਵਾੜ ਜਾਂ ਸਰਹੱਦ ਹੈ ਅਤੇ ਇਸ ਕਰਕੇ ਨਾ ਹੀ ਕਿਸੇ ਲਾਂਘੇ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਨੇ ਜਿਹੜੀ ਖੇਤੀ ਅਤੇ ਸੱਚੀ-ਸੁੱਚੀ ਕਿਰਤ ਨੂੰ ਸਭ ਤੋਂ ਉੱਤਮ ਮੰਨਿਆ ਸੀ, ਅੱਜਕੱਲ੍ਹ ਉਹ ਖੇਤੀ ਅਤੇ ਸੱਚੀ-ਸੁੱਚੀ ਕਿਰਤ ਨੂੰ ਮੁਲਕ ਦੇ ਹਾਕਮਾਂ ਅਤੇ ਸਰਮਾਏਦਾਰ ਜਗਤ ਵੱਲੋਂ ਦੁਰਕਾਰਿਆ ਅਤ ਲਤਾੜਿਆ ਜਾ ਰਿਹਾ ਹੈ।
ਜਦੋਂ 1960 ਵਿਆਂ ਦੌਰਾਨ ਮੁਲਕ ਭੁੱਖਮਰੀ ਦਾ ਸਾਹਮਣਾ ਕਰ ਰਿਹਾ ਸੀ ਤਾਂ ਕੇਂਦਰ ਸਰਕਾਰ ਨੂੰ ਮੁਲਕ ਨਿਵਾਸੀਆਂ ਨੂੰ ਰੋਟੀ ਦੇਣ ਲਈ ਬਾਹਰਲੇ ਮੁਲਕਾਂ ਤੋਂ ਅਨਾਜ ਮੰਗਵਾਉਣ ਲਈ ਠੂਠਾ ਫੜਨ ਵਰਗੀ ਨੌਬਤ ਦਾ ਸਾਹਮਣਾ ਕਰਨਾ ਪਿਆ। ਇਸ ਸਮੱਸਿਆ ਉੱਤੇ ਕਾਬੂ ਪਾਉਣ ਲਈ ਮੁਲਕ ਦੇ ਹੁਕਮਰਾਨਾਂ ਨੇ ਖੇਤੀਬਾੜੀ ਦੀ ਨਵੀਂ ਜੁਗਤ ਅਪਣਾਉਣ ਦਾ ਫੈਸਲਾ ਕੀਤਾ। ਇਹ ਜੁਗਤ ਵੱਧ ਝਾੜ ਦੇਣ ਵਾਲੇ ਬੀਜਾਂ, ਯਕੀਨੀ ਸਿੰਜਾਈ, ਰਸਾਇਣਕ ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ, ਮਸ਼ੀਨਰੀ ਅਤੇ ਖੇਤੀਬਾੜੀ ਕਰਨ ਦੇ ਆਧੁਨਿਕ ਢੰਗਾਂ ਦਾ ਪੈਕੇਜ ਸੀ। ਕੇਂਦਰ ਸਰਕਾਰ ਨੇ ਇਸ ਜੁਗਤ ਦੇ ਸੰਬੰਧ ਮੁਲਕ ਦੇ ਵੱਖ ਵੱਖ ਖੇਤਰਾਂ ਦਾ ਅਧਿਐਨ ਕਰਨ ਤੋਂ ਬਾਅਦ ਇਸ ਨੂੰ ਤਰਜੀਹੀ ਤੌਰ ਉੱਤੇ ਪੰਜਾਬ ਵਿਚ ਸ਼ੁਰੂ ਕਰਨ ਦਾ ਫੈਸਲਾ ਕੀਤਾ। ਇਸ ਫੈਸਲੇ ਪਿੱਛੇ ਪੰਜਾਬ ਦੇ ਹਿੰਮਤੀ ਕਿਸਾਨ, ਖੇਤ ਮਜ਼ਦੂਰ, ਪੇਂਡੂ ਛੋਟੇ ਕਾਰੀਗਰ ਅਤੇ ਅਮੀਰ ਕੁਦਰਤੀ ਸਾਧਨ ਸਨ। ਪੰਜਾਬ ਦੇ ਖੇਤੀਬਾੜੀ ਨਾਲ ਸੰਬੰਧਿਤ ਤਿੰਨਾਂ ਵਰਗਾਂ ਦੀ ਹੱਡ-ਭੰਨਵੀਂ ਮਿਹਨਤ ਨੇ ਆਪਣਾ ਰੰਗ ਲਿਆਂਦਾ ਅਤੇ ਮੁਲਕ ਦੀ ਸਰਕਾਰ ਦਾ ਬਾਹਰਲੇ ਮੁਲਕਾਂ ਤੋਂ ਅਨਾਜ ਮੰਗਵਾਉਣ ਲਈ ਠੂਠਾ ਫੜਨ ਵਰਗੀ ਨੌਬਤ ਤੋਂ ਖਹਿੜਾ ਛੁੱਟਿਆ। ਪੰਜਾਬ ਦੀ ਇਹੀ ਖੇਤੀਬਾੜੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਖੇਤੀ ਅਤੇ ਸੱਚੀ-ਸੁੱਚੀ ਕਿਰਤ ਸੀ, ਪਰ ਮੁਲਕ ਦੇ ਹੁਕਮਰਾਨਾਂ ਵਲੋਂ ਖੇਤੀਬਾੜੀ ਖੇਤਰ ਵਿਰੁਧ ਬਣਾਈਆਂ ਨੀਤੀਆਂ ਨੇ ਪੰਜਾਬ ਨੂੰ ਗੰਭੀਰ ਸੰਕਟ ਦੀ ਘੁੰਮਣਘੇਰੀ ਵਿਚ ਫਸਾਇਆ ਹੋਇਆ ਹੈ ਜੋ ਮੁੱਖ ਤੌਰ ਉੱਤੇ ਖੇਤੀਬਾੜੀ ਉੱਪਰ ਆਧਾਰਿਤ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਛੋਟੇ ਕਾਰੀਗਰਾਂ, ਧਰਤੀ ਹੇਠਲੇ ਪਾਣੀ ਅਤੇ ਵਾਤਾਵਰਨ ਦੇ ਵਿਗਾੜਾਂ ਦੇ ਰੂਪ ਵਿਚ ਦਿਖਾਈ ਦਿੰਦਾ ਹੈ।
ਪੰਜਾਬ ਖੇਤਰਫਲ ਪੱਖੋਂ ਬਹੁਤ ਹੀ ਛੋਟਾ (1.54 ਫ਼ੀਸਦ) ਹੈ, ਪਰ ਪਿਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਦੋ ਮੁੱਖ ਅਨਾਜ ਜਿਨਸਾਂ ਕਣਕ ਅਤੇ ਚੌਲਾਂ ਦੇ ਸੰਬੰਧ ਕੇਂਦਰੀ ਅਨਾਜ ਭੰਡਾਰ ਵਿਚ ਸ਼ਾਨਦਾਰ ਯੋਗਦਾਨ ਪਾ ਰਿਹਾ ਹੈ। ਕਾਫ਼ੀ ਲੰਬੇ ਸਮੇਂ ਦੌਰਾਨ ਇਹ ਯੋਗਦਾਨ 50 ਫ਼ੀਸਦ ਦੇ ਕਰੀਬ ਰਿਹਾ ਹੈ। ਪਿਛਲੇ ਕੁਝ ਸਮੇਂ ਦੌਰਾਨ ਕੇਂਦਰ ਸਰਕਾਰ ਵੱਲੋਂ ਦੂਜੇ ਸੂਬਿਆਂ ਦੇ ਖੇਤੀਬਾੜੀ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੇ ਜਾਣ ਕਾਰਨ ਇਸ ਯੋਗਦਾਨ ਵਿਚ ਕੁਝ ਕਮੀ ਵੀ ਆਈ ਹੈ, ਪਰ ਹਾਲੇ ਵੀ ਇਹ ਯੋਗਦਾਨ 35-36 ਫ਼ੀਸਦ ਦੇ ਕਰੀਬ ਹੈ ਜਿਹੜਾ ਕਿਸੇ ਵੀ ਹੋਰ ਸੂਬੇ ਨਾਲੋਂ ਕਿਤੇ ਜ਼ਿਆਦਾ ਬਣਦਾ ਹੈ। ਇਸ ਬਾਬਤ ਧਿਆਨ ਮੰਗਦਾ ਪੱਖ ਇਹ ਵੀ ਹੈ ਕਿ ਜਦੋਂ ਮੁਲਕ ਵਿਚ ਕੁਦਰਤੀ ਕਹਿਰ ਜਿਵੇਂ ਹੜ੍ਹ, ਸੋਕਾ ਆਦਿ ਖੇਤੀਬਾੜੀ ਦਾ ਨੁਕਸਾਨ ਕਰਦੀਆਂ ਹਨ ਤਾਂ ਪੰਜਾਬ ਦਾ ਯੋਗਦਾਨ ਸਿਰਫ਼ ਆਡੋਲ ਹੀ ਨਹੀਂ ਰਹਿੰਦਾ ਸਗੋਂ ਸੋਕੇ ਮੌਕੇ ਤਾਂ ਕਿਸਾਨ ਆਪਣੀ ਉਤਪਾਦਨ ਲਾਗਤ ਵਧਾ ਕੇ (ਸਿੰਜਾਈ ਲਈ ਮਹਿੰਗੇ ਡੀਜ਼ਲ ਦੀ ਵਰਤੋਂ) ਉਤਪਾਦਨ ਨੂੰ ਪਿਛਲੇ ਸਾਲ ਨਾਲੋਂ ਵੀ ਵਧਾ ਦਿੰਦੇ ਹਨ।
ਪੰਜਾਬ ਸਰਕਾਰ ਲਈ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਬਾਰੇ ਕੀਤੇ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ 2000-15 ਦਰਮਿਆਨ 16606 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਹੈ। ਹੁਣ ਤਾਂ ਖੇਤ ਮਜ਼ਦੂਰ ਔਰਤਾਂ ਅਤੇ ਕਿਸਾਨ ਖੇਤ ਮਜ਼ਦੂਰ ਪਰਿਵਾਰਾਂ ਦੇ ਬੱਚਿਆਂ ਵੱਲੋਂ ਵੀ ਖ਼ੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ।
ਸਰਵੇਖਣ ਅਨੁਸਾਰ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਪਿੱਛੇ ਸਭ ਤੋਂ ਵੱਡਾ ਕਾਰਨ ਉਨ੍ਹਾਂ ਸਿਰ ਖੜ੍ਹਾ ਕਰਜ਼ਾ ਹੈ। ਇੰਡੀਅਨ ਕੌਂਸਲ ਆਫ਼ ਸ਼ੋਸ਼ਲ ਸਾਇੰਸ ਰਿਸਰਚ ਦੇ 2014-15 ਲਈ ਕੀਤੇ ਸਰਵੇਖਣ ਵਿਚ ਸਾਹਮਣੇ ਆਇਆ ਕਿ ਪੰਜਾਬ ਦੇ ਵੱਡੇ ਕਿਸਾਨਾਂ ਨੂੰ ਛੱਡ ਕੇ ਬਾਕੀ ਦੇ ਸੀਮਾਂਤ, ਛੋਟੇ, ਅਰਧ-ਦਰਮਿਆਨੇ, ਦਰਮਿਆਨੇ ਕਿਸਾਨਾਂ ਅਤੇ ਖੇਤ ਮਜ਼ਦੂਰ ਸਿਰ ਇੰਨਾ ਕਰਜ਼ਾ ਹੈ ਕਿ ਉਹ ਕਰਜ਼ਾ ਮੋੜਨ ਬਾਰੇ ਸੋਚ ਹੀ ਨਹੀਂ ਸਕਦੇ; ਸਗੋਂ ਉਨ੍ਹਾਂ ਦੀ ਵਰਤਮਾਨ ਆਮਦਨ ਵਿਚੋਂ ਤਾਂ ਉਹ ਵਿਆਜ ਦੇਣ ਦੀ ਹਾਲਤ ਵਿਚ ਵੀ ਨਹੀਂ ਹਨ, ਉਨ੍ਹਾਂ ਨੂੰ ਤਾਂ ਆਪਣਾ ਚੁੱਲ੍ਹਾ ਬਲਦਾ ਰੱਖਣ ਲਈ ਵੀ ਕਰਜ਼ਾ ਲੈਣਾ ਪੈਂਦਾ ਹੈ। ਪਿਛਲੇ ਕੁਝ ਸਮੇਂ ਤੋਂ ਨਿਮਨ ਕਿਸਾਨਾਂ ਵਿਚੋਂ ਕੁਝ ਤਾਂ ਇਸ ਧੰਦੇ ਵਿਚੋਂ ਬਾਹਰ ਨਿੱਕਲ ਰਹੇ ਹਨ। ਖੇਤ ਮਜ਼ਦੂਰਾਂ ਦੀ ਹਾਲਤ ਤਾਂ ਨਿਮਨ ਕਿਸਾਨਾਂ ਤੋਂ ਵੀ ਭੈੜੀ ਹੈ। ਉਨ੍ਹਾਂ ਕੋਲ ਉਤਪਾਦਨ ਦੇ ਸਾਧਨ ਹੀ ਨਹੀਂ ਹਨ। ਇਨ੍ਹਾਂ ਵਿਚੋਂ ਸਭ ਤੋਂ ਮਾੜੀ ਹਾਲਤ ਔਰਤਾਂ ਅਤੇ ਬਾਲ ਮਜ਼ਦੂਰਾਂ ਦੀ ਹੈ।
2011 ਦੀ ਮਰਦਮਸ਼ੁਮਾਰੀ ਅਨੁਸਾਰ ਪਿਛਲੇ ਇਕ ਦਹਾਕੇ ਦੌਰਾਨ ਪੰਜਾਬ ਵਿਚ 12 ਫ਼ੀਸਦ ਕਿਸਾਨਾਂ ਅਤੇ 21 ਫ਼ੀਸਦ ਖੇਤ ਮਜ਼ਦੂਰਾਂ ਦੀ ਕਮੀ ਦਰਜ ਕੀਤੀ ਗਈ ਹੈ। ਪੇਂਡੂ ਕਾਰੀਗਰਾਂ ਦੀ ਖੇਤੀਬਾੜੀ ਵਿਚ ਸ਼ਿਰਕਤ ਘਟਾਈ ਗਈ ਹੈ ਅਤੇ ਜਿਹੜੇ ਹਾਲੇ ਵੀ ਇਸ ਖੇਤਰ ਵਿਚ ਹਨ, ਉਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੈ। ਪੰਜਾਬ ਦੇ ਨਿਮਨ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਛੋਟੇ ਕਾਰੀਗਰਾਂ ਲਈ ਖੇਤੀਬਾੜੀ ਖੇਤਰ ਵਿਚ ਰੁਜ਼ਗਾਰ ਘਟਣ ਲਈ ਮੁੱਖ ਤੌਰ ਉੱਤੇ ਮਸ਼ੀਨਰੀ ਅਤੇ ਨਦੀਨਨਾਸ਼ਕਾਂ ਦੀ ਵਧਦੀ ਵਰਤੋਂ ਜ਼ਿੰਮੇਵਾਰ ਹੈ।
ਖੇਤੀਬਾੜੀ ਦੇ ਵਪਾਰੀਕਰਨ ਦੇ ਵਰਤਾਰੇ ਵਿਚੋਂ ਟੁੱਟ ਰਹੇ ਸਮਾਜਿਕ ਸੰਬੰਧ ਸਾਹਮਣੇ ਆਏ ਹਨ। ਆਵਤ, ਵਿੜੀ, ਸਾਂਝੀ-ਸੀਰੀ ਪ੍ਰਬੰਧ ਅਤੇ ਵੱਡੇ ਕਿਸਾਨਾਂ ਵੱਲੋਂ ਨਿਮਨ ਕਿਸਾਨ, ਖੇਤ ਮਜ਼ਦੂਰ ਅਤੇ ਪੇਂਡੂ ਛੋਟੇ ਕਾਰੀਗਰ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਜਾਂ ਉਨ੍ਹਾਂ ਪਰਿਵਾਰਾਂ ਵਿਚ ਬਿਮਾਰੀ/ਹਾਦਸਿਆਂ ਮੌਕੇ ਆਰਥਿਕ ਮਦਦ ਕਰਨਾ ਗਾਇਬ ਹੋ ਗਏ ਹਨ। ਅਮੀਰ-ਗ਼ਰੀਬ ਵਿਚ ਵਧ ਰਹੀਆਂ ਆਰਥਿਕ ਅਸਮਾਨਤਾਵਾਂ ਅਤੇ ਮੁਲਕ ਵਿਚ ਰੁਜ਼ਗਾਰ ਦੇ ਲਗਾਤਾਰ ਘਟਦੇ ਮੌਕੇ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਵੱਡੀ ਗਿਣਤੀ ਵਿਚ ਬਾਹਰਲੇ ਮੁਲਕਾਂ ਵੱਲ ਧੱਕ ਰਹੇ ਹਨ।
1960ਵਿਆਂ ਦੇ ਆਖ਼ੀਰ ਵਿਚ ਪੰਜਾਬ ਵਿਚ ਸ਼ੁਰੂ ਕੀਤੀ ਗਈ ਖੇਤੀਬਾੜੀ ਦੀ ਨਵੀਂ ਜੁਗਤ ਸਦਕਾ ਕਣਕ ਦੀ ਉਤਪਾਦਕਤਾ ਅਤੇ ਉਤਪਾਦਨ ਵਿਚ ਹੋਏ ਅਥਾਹ ਵਾਧੇ ਅਤੇ ਇਸ ਦੇ ਕੇਂਦਰੀ ਅਨਾਜ ਭੰਡਾਰ ਵਿਚ ਪਾਏ ਗਏ ਯੋਗਦਾਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਖੇਤੀਬਾੜੀ ਜਿਨਸਾਂ ਦੀਆਂ ਘੱਟੋ-ਘੱਟ ਸਮਰਥਨ ਕੀਮਤਾਂ ਦੀ ਨੀਤੀ ਦੁਆਰਾ ਝੋਨੇ ਦੀ ਫਸਲ ਪੰਜਾਬ ਦੇ ਸਿਰ ਮੜ੍ਹ ਦਿੱਤੀ ਜਿਸ ਦੇ ਨਤੀਜੇ ਵਜੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ। 1960-61 ਦੌਰਾਨ ਪੰਜਾਬ ਵਿਚ ਟਿਊਬਵੈਲਾਂ ਦੀ ਗਿਣਤੀ ਸਿਰਫ਼ 7445 ਸੀ ਜੋ ਧਾਨ ਦੀ ਫਸਲ ਦੀ ਸਿੰਜਾਈ ਦੀ ਵਧ ਰਹੀ ਲੋੜ ਲਈ 14 ਲੱਖ ਦਾ ਅੰਕੜਾ ਪਾਰ ਕਰ ਗਈ। ਪੰਜਾਬ ਦੇ ਤਿੰਨ-ਚੌਥਾਈ ਤੋਂ ਵੱਧ ਵਿਕਾਸ ਖੰਡਾਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ਤੱਕ ਥੱਲੇ ਚਲਾ ਗਿਆ ਹੈ ਅਤੇ ਕਿਸਾਨਾਂ ਨੂੰ ਮਜਬੂਰੀਵਸ ਸਬਮਰਸੀਬਲ ਮੋਟਰਾਂ ਲਵਾਉਣੀਆਂ ਪਈਆਂ। ਕੇਂਦਰ ਸਰਕਾਰ ਲੰਬੇ ਸਮੇਂ ਤੋਂ ਦਰਿਆਈ ਪਾਣੀਆਂ ਦੀ ਵੰਡ ਬਾਰੇ ਪੰਜਾਬ ਨਾਲ ਬੇਇਨਸਾਫ਼ੀ ਕਰਦੀ ਆ ਰਹੀ ਹੈ। ਪੰਜਾਬ ਵਿਚ ਸ਼ੁਰੂ ਕੀਤੀ ਗਈ ਖੇਤੀਬਾੜੀ ਦੀ ਨਵੀਂ ਜੁਗਤ ਸਦਕਾ ਰਸਾਇਣਕ ਖਾਦਾਂ, ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਵਿਚ ਬਹੁਤ ਵਾਧਾ ਹੋਇਆ ਹੈ। ਝੋਨੇ ਲਈ ਛੱਪੜ-ਸਿੰਜਾਈ ਅਤੇ ਕਣਕ ਦੀ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਮਜਬੂਰੀਵਸ ਅੱਗ ਲਾਉਣ ਅਤੇ ਰਸਾਇਣਾਂ ਦੀ ਵਰਤੋਂ ਕਾਰਨ ਸੂਬੇ ਵਿਚ ਧਰਤੀ ਅਤੇ ਹਵਾ ਦੇ ਪ੍ਰਦੂਸ਼ਣ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੀ ਕੀਮਤ ਇੱਥੋਂ ਦੇ ਲੋਕਾਂ ਨੂੰ ਵੱਖ ਵੱਖ ਬਿਮਾਰੀਆਂ ਝੱਲਣ ਅਤੇ ਕੁਝ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣ ਦੇ ਰੂਪ ਵਿਚ ਦੇਣੀ ਪੈ ਰਹੀ ਹੈ।
ਅੱਜ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ (ਪੰਜਾਬ ਦੇ ਖੇਤੀਬਾੜੀ) ਨੂੰ ਸਰਕਾਰ, ਖ਼ਾਸ ਕਰਕੇ ਕੇਂਦਰੀ ਸਰਕਾਰ, ਕਾਰਪੋਰੇਸ਼ਨਾਂ ਅਤੇ ਬਾਹਰਲੇ ਮੁਲਕਾਂ ਵਿਚ ਐੱਨਆਰਆਈ ਕਾਰੋਬਾਰੀਆਂ (ਜੋ ਪੰਜਾਬ ਤੋਂ ਪਰਵਾਸ ਕੀਤੇ ਬੰਦਿਆਂ ਦੀ ਲੁੱਟਮਾਰ ਕਰਦੇ ਹਨ) ਦੀ ਅਮਰਬੇਲ ਦੁਰਕਾਰਦੀ ਅਤੇ ਫਿਟਕਾਰਦੀ ਹੋਈ ਉਜਾੜ ਰਹੀ ਹੈ। ਸੋ, ਸਮੇਂ ਦੀ ਲੋੜ ਹੈ ਕਿ ਇਸ ਅਮਰਬੇਲ ਤੋਂ ਕਰਤਾਰਪੁਰ ਨੂੰ ਬਚਾਇਆ ਜਾਵੇ।
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …