Breaking News
Home / ਭਾਰਤ / ਆਤਿਸ਼ਬਾਜ਼ੀ ਕਾਰਨ ਮੰਦਰ ‘ਚ ਲੱਗੀ ਭਿਆਨਕ ਅੱਗ

ਆਤਿਸ਼ਬਾਜ਼ੀ ਕਾਰਨ ਮੰਦਰ ‘ਚ ਲੱਗੀ ਭਿਆਨਕ ਅੱਗ

Mandir copy copy110 ਵਿਅਕਤੀਆਂ ਦੀ ਮੌਤ, 383 ਜ਼ਖ਼ਮੀ ੲ  ਕੇਰਲ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ
ਕੋਲਮ/ਬਿਊਰੋ ਨਿਊਜ਼
ਕੇਰਲਾ ਦੇ ਕੋਲਮ ਜ਼ਿਲ੍ਹੇ ਵਿਚ ਸਥਿਤ ਸਦੀ ਪੁਰਾਣੇ ਪੁਤਿੰਗਲ ਦੇਵੀ ਮੰਦਰ ਦੇ ਕੰਪਲੈਕਸ ਵਿੱਚ ਐਤਵਾਰ ਤੜਕੇ ਆਤਿਸ਼ਬਾਜ਼ੀ ਦੌਰਾਨ ਅੱਗ ਲੱਗ ਗਈ, ਜਿਸ ਵਿੱਚ 110 ਵਿਅਕਤੀਆਂ ਦੀ ਮੌਤ ਹੋ ਗਈ ਅਤੇ 383 ਜਣੇ ਜ਼ਖ਼ਮੀ ਹੋ ਗਏ। ਆਤਿਸ਼ਬਾਜ਼ੀ ਲਈ ਮੰਦਰ ਪ੍ਰਬੰਧਕਾਂ ਨੇ ਆਗਿਆ ਨਹੀਂ ਲਈ ਸੀ। ਪੁਲਿਸ ਸੂਤਰਾਂ ਮੁਤਾਬਕ ਮੰਦਰ ਪ੍ਰਬੰਧਕਾਂ ਅਤੇ ਵਿਸਫੋਟਕ ਲਾਇਸੈਂਸ ਧਾਰਕਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 307, 308 ਅਤੇ ਧਮਾਕਾਖੇਜ਼ ਸਮੱਗਰੀ ਕਾਨੂੰਨ ਦੀ ਧਾਰਾ 4 ਤਹਿਤ ਕੇਸ ਦਰਜ ਕੀਤੇ ਗਏ ਹਨ। ਕੇਰਲਾ ਸਰਕਾਰ ਨੇ ਇਸ ਹਾਦਸੇ ਦੀ ਅਪਰਾਧ ਸ਼ਾਖਾ ਤੋਂ ਪੜਤਾਲ ਤੋਂ ਇਲਾਵਾ ਹਾਈਕੋਰਟ ਦੇ ਸੇਵਾਮੁਕਤ ਜੱਜ ਤੋਂ ਨਿਆਂਇਕ ਜਾਂਚ ਕਰਾਉਣ ਦਾ ਹੁਕਮ ਦਿੱਤਾ ਹੈ।
ਮੁੱਖ ਮੰਤਰੀ ਓਮਨ ਚਾਂਡੀ ਨੇ ਇਹ ਐਲਾਨ ਹਾਦਸੇ ਸਬੰਧੀ ਕੈਬਨਿਟ ਦੀ ਇਕ ਹੰਗਾਮੀ ਬੈਠਕ ਬਾਅਦ ਕੀਤਾ। ઠਮੁੱਖ ਮੰਤਰੀ ਨੇ ਕਿਹਾ ਕਿ ਘੱਟ ਤੋਂ ਘੱਟ 60 ਲਾਸ਼ਾਂ ਦੀ ਸ਼ਨਾਖਤ ਹੋ ਗਈ ਹੈ ਅਤੇ ਉਨ੍ਹਾਂ ਦਾ ਜਲਦੀ ਤੋਂ ਜਲਦੀ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਤਾਂ ਜੋ ਬਿਨਾਂ ਦੇਰੀ ਤੋਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾ ਸਕਣ। ਚਾਂਡੀ ਨੇ ਕਿਹਾ ਕਿ ਜਿਹੜੀਆਂ ਲਾਸ਼ਾਂ ਦੀ ਪਛਾਣ ਨਹੀਂ ਹੋਈ ਉਸ ਲਈ ਵਿਗਿਆਨਕ ਪ੍ਰੀਖਣ ਕੀਤਾ ਜਾਵੇਗਾ। ਸੂਬਾ ਸਰਕਾਰ ਨੇ ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਲਈ ਦੋ-ਦੋ ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ઠਇਹ ਹਾਦਸਾ ਐਤਵਾਰ ਤੜਕੇ ਸਾਢੇ ਤਿੰਨ ਵਜੇ ਮੰਦਰ ਕੰਪਲੈਕਸ ਵਿੱਚ ਆਤਿਸ਼ਬਾਜ਼ੀ ਦੌਰਾਨ ਹੋਇਆ।ਇਹ ਮੰਦਰ ਕੇਰਲਾ ਦੀ ਰਾਜਧਾਨੀ ਤਿਰੂਵੰਨਤਪੁਰਮ ਤੋਂ ਤਕਰੀਬਨ 70 ਕਿਲੋਮੀਟਰ ਦੂਰ ਹੈ। ਮੰਦਿਰ ਵਿੱਚ ਸਾਲਾਨਾ ਸਮਾਰੋਹ ਤਹਿਤ ਅੱਧੀ ਰਾਤ ਨੂੰ ਆਤਿਸ਼ਬਾਜ਼ੀ ਸ਼ੁਰੂ ਹੋਈ। ਆਤਿਸ਼ਬਾਜ਼ੀ ਦੇਖਣ ਲਈ ਹਜ਼ਾਰਾਂ ਲੋਕ ਮੰਦਰ ਕੰਪਲੈਕਸ ਵਿੱਚ ਪੁੱਜੇ ਹੋਏ ਸਨ। ਪੁਲਿਸ ਨੇ ਦੱਸਿਆ ਕਿ ਆਤਿਸ਼ਬਾਜ਼ੀ ਦੌਰਾਨ ਗੁਦਾਮ ‘ਕੰਬਪੁਰ’ ਵਿੱਚ ਚੰਗਿਆੜੇ ਡਿੱਗੇ ਅਤੇ ਉਥੇ ਰੱਖੇ ਪਟਾਕਿਆਂ ਵਿੱਚ ਧਮਾਕਾ ਹੋ ਗਿਆ। ਇਸ ਧਮਾਕੇ ਦੀ ਆਵਾਜ਼ ਇਕ ਕਿਲੋਮੀਟਰ ਤੋਂ ਦੂਰ ਤਕ ਸੁਣੀ ਗਈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਬਿਜਲੀ ਸਪਲਾਈ ਠੱਪ ਹੋਣ ਬਾਅਦ ਚਾਰੇ ਪਾਸੇ ਹਨੇਰਾ ਛਾ ਗਿਆ ਅਤੇ ਲੋਕ ਘਬਰਾ ਕੇ ਭੱਜਣ ਲੱਗੇ। ਅਗਨੀਕਾਂਡ ਬਾਅਦ ਲਾਸ਼ਾਂ ਅਤੇ ਮਨੁੱਖੀ ਅੰਗ ਮੰਦਰ ਕੰਪਲੈਕਸ ਵਿੱਚ ਖਿੰਡੇ ਪਏ ਸਨ।ਮੁੱਖ ਮੰਤਰੀ ਚਾਂਡੀ ਨੇ ਦੱਸਿਆ ਕਿ ਕੋਲਮ ਦੀ ਜ਼ਿਲ੍ਹਾ ਕੁਲੈਕਟਰ ਨੇ ਆਤਿਸ਼ਬਾਜ਼ੀ ਦੀ ਆਗਿਆ ਨਹੀਂ ਦਿੱਤੀ ਸੀ। ਜ਼ਿਲ੍ਹਾ ਕੁਲੈਕਟਰ ਏ ਸ਼ਾਇਨਾਮੋਲ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਆਤਿਸ਼ਬਾਜ਼ੀ ਲਈ ਆਗਿਆ ਨਹੀਂ ਦਿੱਤੀ ਸੀ। ਮੰਦਰ ਪ੍ਰਬੰਧਕਾਂ ਨੇ ਆਤਿਸ਼ਬਾਜ਼ੀ ਮੁਕਾਬਲੇ ਲਈ ਆਗਿਆ ਮੰਗੀ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਸੀ। ਕੇਂਦਰ ਨੇ ਵਿਸਫੋਟਕ ਸੁਰੱਖਿਆ ਸੰਗਠਨ ਪੇਸਕੋ ਦੇ ਅਧਿਕਾਰੀ ਜਾਂਚ ਲਈ ਭੇਜ ਦਿੱਤੇ ਹਨ। ਸਥਾਨਕ ਵਿਅਕਤੀਆਂ ਨੇ ਦੱਸਿਆ ਕਿ ਕੰਪਲੈਕਸ ਵਿੱਚ ਮੌਜੂਦ ਮੰਦਰ ਕਮੇਟੀ ਦਾ 15 ਮੈਂਬਰੀ ਦਲ ਹਾਦਸੇ ਬਾਅਦ ਲਾਪਤਾ ਹੋ ਗਿਆ। ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਪਹੁੰਚਾਉਣ ਲਈ ਜਲ ਸੈਨਾ ਤੇ ਹਵਾਈ ਫ਼ੌਜ ਵੱਲੋਂ ਹੈਲੀਕਾਪਟਰ ਅਤੇ ਐਂਬੂਲੈਂਸਾਂ ਲਾਈਆਂ ਹੋਈਆਂ ਹਨ।
ਪ੍ਰਧਾਨ ਮੰਤਰੀ, ਰਾਸ਼ਟਰਪਤੀ ਸਮੇਤ ਹੋਰ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਕੇਰਲਾ ਦੇ ਮੰਦਰ ਵਿੱਚ ਵਾਪਰੇ ਦਰਦਨਾਕ ਹਾਦਸੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਪ੍ਰਣਬ ਮੁਖਰਜੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਵਿੱਤ ਮੰਤਰੀ ਅਰੁਣ ਜੇਤਲੀ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ, ਸੀਪੀਆਈ ਲੀਡਰ ਡੀ ਰਾਜਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਹਸਪਤਾਲ ਵਿੱਚ ਜਾ ਕੇ ਜ਼ਖ਼ਮੀਆਂ ਦਾ ਹਾਲ ਪੁੱਛਿਆ।
ਪ੍ਰਕਾਸ਼ ਸਿੰਘ ਬਾਦਲ ਨੇ ਮੰਦਰ ਹਾਦਸੇ ‘ਤੇ ਦੁੱਖ ਪ੍ਰਗਟਾਇਆ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਰਲਾ ਵਿੱਚ ਹੋਏ ਮੰਦਰ ਹਾਦਸੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪੰਜਾਬ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਇਸ ਹਾਦਸੇ ਨੂੰ ਮੰਦਭਾਗਾ ਦੱਸਿਆ।

Check Also

ਹਰਿਆਣਾ ਦੇ ਸਾਬਕਾ ਸੀਐਮ ਚੌਧਰੀ ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਭਾਜਪਾ ’ਚ ਸ਼ਾਮਲ

ਵਿਧਾਨ ਸਭਾ ਹਲਕਾ ਤੋਸ਼ਾਮ ਤੋਂ ਕਾਂਗਰਸੀ ਵਿਧਾਇਕਾ ਹੈ ਕਿਰਨ ਚੌਧਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਹਰਿਆਣਾ ਦੇ …