Breaking News
Home / Special Story / ਸ੍ਰੀ ਹਰਿਮੰਦਰ ਸਾਹਿਬ ਦੀ ਮੀਨਾਕਾਰੀ

ਸ੍ਰੀ ਹਰਿਮੰਦਰ ਸਾਹਿਬ ਦੀ ਮੀਨਾਕਾਰੀ

01-copy-copyਦਿਲਜੀਤ ਸਿੰਘ ਬੇਦੀ
ਵਿਰਾਸਤੀ ਖ਼ਜ਼ਾਨਾ  : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਗੁਰਬਾਣੀ ਵਿੱਚ ਅੰਕਿਤ ਹੈ: ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥’ ਇਸ ਵਿੱਚ ਸੁਨਹਿਰੀ ਪੱਤਰੇ ਜਾਂ ਮੀਨਾਕਾਰੀ ਆਦਿ ਨੂੰ ਸੁਰਜੀਤ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ। ਹਰ ਯਾਤਰੂ ਤੇ ਸ਼ਰਧਾਲੂ ਦੇ ਮਨ ਉੱਪਰ ਇੱਥੋਂ ਦੇ ਸ਼ਾਂਤ ਤੇ ਅਧਿਆਤਮਿਕ ਮਾਹੌਲ ਦਾ ਦੈਵੀ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਦੀ ਕਲਾ ਸੁੰਦਰਤਾ ਵੀ ਹਰ ਦਰਸ਼ਕ ਦੀ ਨਿਗ੍ਹਾ ਆਪਣੇ ਵੱਲ ਖਿੱਚਦੀ ਹੈ। ਇੱਥੇ ਕੀਤਾ ਗਿਆ ਕਲਾਤਮਿਕ ਕੰਮ ਸਭ ਨੂੰ ਹੈਰਾਨ ਕਰ ਦਿੰਦਾ ਹੈ।
ਸ੍ਰੀ ਹਰਿਮੰਦਰ ਸਾਹਿਬ ਅੰਦਰ ਸੱਚਖੰਡ ਵਿੱਚ ਹਾਲ ਦੀ ਛੱਤ, ਕੰਧਾਂ ਅਤੇ ਦਰਵਾਜ਼ਿਆਂ ਦੀਆਂ ਡਾਟਾਂ ਉਪਰ ਕਰੀਬ ਡੇਢ ਸਦੀ ਪਹਿਲਾਂ ਹੋਇਆ ਸੋਨੇ ਦਾ ਕੰਮ, ਨੱਕਾਸ਼ੀ ਤੇ ਜੜਤਕਾਰੀ ਦੇ ਕੰਮ ਵਿੱਚ ਆ ਰਹੀ ਢਿੱਲਮੱਠ ਨੂੰ ਠੀਕ ਕਰਨ ਲਈ ਇਸ ਦੀ ਮੁਰੰਮਤ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਦਰਅਸਲ, ਇੱਥੋਂ ਦੀ ਮੁੱਖ ਇਮਾਰਤ ਦੇ ਅੰਦਰਲੇ ਹਿੱਸੇ ਵਿੱਚ ਲੱਗੇ ਸੋਨੇ ਦੇ ਪੱਤਰੇ ਕਈ ਥਾਵਾਂ ਤੋਂ ਘਸਮੈਲੇ ਹੋ ਗਏ ਹਨ ਅਤੇ ਕਈ ਥਾਵਾਂ ਤੋਂ ਉਖੜ ਗਏ ਹਨ। ਇਸੇ ਤਰ੍ਹਾਂ ਨੱਕਾਸ਼ੀ ਦਾ ਕੰਮ ਵੀ ਖ਼ਰਾਬ ਹੋ ਰਿਹਾ ਹੈ। ਕਈ ਸਾਲ ਪਹਿਲਾਂ ਸ਼ੀਸ਼ਾ ਲਾ ਕੇ ਇਸ ਨੂੰ ਬਚਾਉਣ ਦਾ ਯਤਨ ਕੀਤਾ ਗਿਆ ਸੀ।
ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਦੇ ਬਾਹਰਲੇ ਪਾਸੇ ਲੱਗੇ ਸੋਨੇ ਦੀ ਕਾਰ ਸੇਵਾ 1995 ਵਿੱਚ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵੱਲੋਂ ਕੀਤੀ ਗਈ ਸੀ। ਇਹ ਕਾਰ ਸੇਵਾ ਖ਼ਾਲਸੇ ਦੀ ਸਿਰਜਨਾ ਦੀ ਤੀਜੀ ਸ਼ਤਾਬਦੀ ਮੌਕੇ 1999 ਵਿੱਚ ਮੁਕੰਮਲ ਹੋਈ ਸੀ। ਉਸ ਵੇਲੇ ਸਿਰਫ਼ ਬਾਹਰਲੇ ਪਾਸੇ ਦੀ ਕਾਰ ਸੇਵਾ ਹੀ ਮੁਕੰਮਲ ਹੋਈ ਸੀ ਅਤੇ ਇਮਾਰਤ ਦੇ ਅੰਦਰਲੇ ਹਿੱਸੇ ਵਿੱਚ ਰਹਿ ਗਿਆ ਕੰਮ ਹੁਣ ਕਰਵਾਇਆ ਜਾ ਰਿਹਾ ਹੈ। ਅਗਸਤ ਵਿੱਚ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੋਨ ਪੱਤਰਿਆਂ ਦੀ ਸੇਵਾ ਕਰਵਾਈ ਗਈ ਹੈ। ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਗੁੰਬਦਾਂ ਦੀ ਸੇਵਾ ਵਿਚਾਰ ਅਧੀਨ ਹੈ।
ਇਤਿਹਾਸ ਗਵਾਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 1860 ਬਿਕਰਮੀ ਵਿੱਚ ਅੰਮ੍ਰਿਤਸਰ ਦਾ ਇਲਾਕਾ ਆਪਣੇ ਰਾਜ ਵਿੱਚ ਸ਼ਾਮਲ ਕਰਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਕੋਮਲ ਕਲਾਵਾਂ ਨਾਲ ਵੱਧ ਤੋਂ ਵੱਧ ਸਜਾਉਣ ਦਾ ਸੰਕਲਪ ਲਿਆ। ਇਸ ਲਈ ਮਹਾਰਾਜੇ ਨੇ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਗਿਆਨੀ ਸੰਤ ਸਿੰਘ ਜੀ ਦੇ ਸਪੁਰਦ ਪੰਜ ਲੱਖ ਰੁਪਏ ਕੀਤੇ। ਉਨ੍ਹਾਂ ਨੇ ਕੋਮਲ ਕਲਾਵਾਂ ਦੇ ਮਾਹਿਰ ਮਿਸਤਰੀ ਮੰਗਵਾਏ ਜਿਨ੍ਹਾਂ ਵਿੱਚੋਂ ਮੁਹੰਮਦ ਖ਼ਾਨ ਸੋਨੇ ਦਾ ਪਾਣੀ ਤੇ ਸੋਨੇ ਦੇ ਵਰਕ ਚੜ੍ਹਾਉਣ ਦੇ ਕੰਮ ਵਿੱਚ ਬਹੁਤ ਮਾਹਿਰ ਸੀ।
ਕੇ.ਸੀ. ਆਰੀਅਨ ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਾਰੀ ਜੜਤਕਾਰੀ ਤੇ ਨੱਕਾਸ਼ੀ ਚਨਯੋਟ ਤੋਂ ਆਏ ਮੁਸਲਿਮ ਕਾਰੀਗਰਾਂ ਨੇ ਕੀਤੀ ਜਿਨ੍ਹਾਂ ਦਾ ਨਿਗਰਾਨ ਬਦਰੂ ਮਹੀਯੁੱਦੀਨ ਨੂੰ ਥਾਪਿਆ ਗਿਆ ਸੀ। ਲਿਖਤੀ ਵੇਰਵਿਆਂ ਅਨੁਸਾਰ ਸਾਰੇ ਕਲਾਕਾਰਾਂ ਉੱਪਰ ਪ੍ਰਮੁੱਖ ਨਿਗਰਾਨ ਗਿਆਨੀ ਸੰਤ ਸਿੰਘ ਜੀ ਸਨ।
ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦਾ ਕੇਂਦਰੀ ਧਾਰਮਿਕ ਸਥਾਨ ਹੈ। ਸਮੁੱਚਾ ਸਿੱਖ ਇਤਿਹਾਸ ਕਿਸੇ ਨਾ ਕਿਸੇ ਰੂਪ ਵਿੱਚ ਇਸ ਨਾਲ ਜੁੜਿਆ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਪ੍ਰਬਲ ਇੱਛਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੋਮਲ ਕਲਾਵਾਂ ਦਾ ਕੰਮ ਮੁਗ਼ਲ ਜਾਂ ਰਾਜਪੂਤਾਨਾ ਕਲਾ ਦੀ ਨਕਲ ਨਾ ਹੋਵੇ ਸਗੋਂ ਇਨ੍ਹਾਂ ਤੋਂ ਵੱਖਰਾ ਤੇ ਬਿਹਤਰ ਹੋਵੇ ਜਿਸ ਨੂੰ ਵੇਖ ਕੇ ਕਲਾ ਪਾਰਖੂ ਅਸ਼-ਅਸ਼ ਕਰ ਉੱਠਣ। ਇਸ ਕੰਮ ਵਿੱਚ ਸੁਹਜ ਸੁਆਦ ਤੇ ਸੁੰਦਰਤਾ ਦੇ ਨਾਲ-ਨਾਲ ਇੱਥੋਂ ਦੇ ਆਤਮਿਕ ਰਸ ਦੀ ਵੀ ਝਲਕ ਹੋਵੇ ਅਤੇ ਉਹ ਇੱਥੋਂ ਦੇ ਸ਼ਾਂਤ ਤੇ ਸੰਗੀਤਮਈ ਮਾਹੌਲ ਨਾਲ ਇਕਸੁਰਤਾ ਵੀ ਰੱਖਦੀ ਹੋਵੇ। ਸ੍ਰੀ ਹਰਿਮੰਦਰ ਸਾਹਿਬ ਵਿੱਚ ਇਹ ਸਾਰਾ ਕੰਮ ਮਹਾਰਾਜਾ ਰਣਜੀਤ ਸਿੰਘ ਦੀ ਹੀ ਦੇਣ ਹੈ। ਇਹੋ ਸਮਾਂ ਸਿੱਖ ਕਲਾ ਦੇ ਵਿਕਾਸ ਦਾ ਸਮਾਂ ਕਿਹਾ ਜਾ ਸਕਦਾ ਹੈ।
ਇਹ ਗੁਲੇਰ, ਕਾਂਗੜਾ ਤੇ ਲਾਹੌਰ ਕਲਾਵਾਂ ਦੇ ਸੰਗਮ ਤੋਂ ਨਵੀਆਂ ਵਿਸ਼ੇਸ਼ਤਾਵਾਂ ਸਮੇਤ ਨਵੀਂ ਕਿਸਮ ਵਜੋਂ ਸਾਹਮਣੇ ਆਇਆ ਜਿਸ ਨੂੰ ਸਿੱਖ ਕਲਾ ਦਾ ਨਾਮ ਦਿੱਤਾ ਗਿਆ ਹੈ। ਪਹਿਲੇ ਸਿੱਖ ਕਲਾਕਾਰ ਦਾ ਨਾਂ ਬਾਬਾ ਕੇਹਰ ਸਿੰਘ ਹੈ। ਉਨ੍ਹਾਂ ਦੀ ਸਿਰਜੀ ਕੋਮਲ ਕਲਾ ਦੇ ਨਮੂਨੇ ਸ੍ਰੀ ਹਰਿਮੰਦਰ ਸਾਹਿਬ, 1984 ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਰਸ਼ਨੀ ਡਿਉਢੀ ਵਿੱਚ ਵੇਖੇ ਜਾ ਸਕਦੇ ਹਨ। ਉਹ ਆਪਣੇ ਸਮੇਂ ਦੇ ਚੋਟੀ ਦੇ ਕਲਾਕਾਰ ਸਨ ઠਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਚਿੱਤਰਕਾਰੀ ਨੂੰ ਚਾਰ ਚੰਨ ਲਾ ਦਿੱਤੇ। ਮਹੰਤ ਈਸ਼ਰ ਸਿੰਘ, ਬਾਬਾ ਕੇਹਰ ਸਿੰਘ ਨਾਲ ਸਾਰੇ ਕੰਮਾਂ ਵਿੱਚ ਬਰਾਬਰ ਯੋਗਦਾਨ ਪਾਉਂਦੇ ਰਹੇ। ਉਹ ਵੀ ਆਪਣੇ ਸਮੇਂ ਦੇ ਪ੍ਰਸਿੱਧ ਚਿੱਤਰਕਾਰ ਸਨ। ਭਾਈ ਬਿਸ਼ਨ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੋਹਰਾਕਸ਼ੀ ઠਨੂੰ ਨਵਾਂ ਰੂਪ ਦਿੱਤਾ। ਉਨ੍ਹਾਂ ਨੇ ਵਧੇਰੇ ਕਰਕੇ ਪਰੀਆਂ, ਸੱਪਾਂ ਤੇ ਹਾਥੀਆਂ ਦੀਆਂ ਤਸਵੀਰਾਂ ਬਣਾਈਆਂ। ਉਨ੍ਹਾਂ ਨੇ ਈਰਾਨੀ ਤੇ ਪੰਜਾਬੀ ਕਲਾ ਦੇ ਸੁਮੇਲ ਤੋਂ ਇੱਕ ਨਵੀਂ ਕਲਾ ਸਿਰਜੀ। ਉਨ੍ਹਾਂ ਨੇ ਚੜ੍ਹਦੇ ਪਾਸੇ ਦੀ ਬਾਰੀ ਵਿੱਚ ਆਪਣਾ ਨਾਂ ਵੀ ਲਿਖਿਆ ਹੈ ਤੇ ਸੰਮਤ 1941 ਬਿਕਰਮੀ ਦਿੱਤਾ ਹੈ। ਭਾਈ ਬਿਸ਼ਨ ਸਿੰਘ ਤੋਂ ਬਾਅਦ ਉਨ੍ਹਾਂ ਦੇ ਦੋ ਪੁੱਤਰ ਨਿਹਾਲ ਸਿੰਘ ਤੇ ਜਵਾਹਰ ਸਿੰਘ ਵੀ ਉਨ੍ਹਾਂ ਦੇ ਪਾਏ ਪੂਰਨਿਆਂ ਉੱਪਰ ਚੱਲਦੇ ਰਹੇ। ਭਾਈ ਨਿਹਾਲ ਸਿੰਘ ਦੇ ਸ਼ਾਗਿਰਦ ਭਾਈ ਗਿਆਨ ਸਿੰਘ ਨੱਕਾਸ਼ ਨੇ ਵੀ ਬੜਾ ਮਨੋਹਰ ਕੰਮ ਕੀਤਾ ਹੈ। ਉਨ੍ਹਾਂ ਨੇ ਅਸਰਾਲਾਂ ਤੇ ਸ਼ੇਰਾਂ ਦੇ ਭੇੜ ਦਿਖਾਏ ਹਨ। ਉਨ੍ਹਾਂ ਨੇ ਕੁਝ ਅਕਾਲੀ ਨਿਸ਼ਾਨ ਵੀ ਚਿਤਰੇ ਹਨ ਜਿਨ੍ਹਾਂ ਵਿੱਚ ਪੁਰਾਣੇ ਨਿਸ਼ਾਨ ਖੰਡਾ ਤੇ ਕਟਾਰ ਦੀ ਥਾਂ ਖੰਡਾ ਚੱਕਰ ਤੇ ਕ੍ਰਿਪਾਨ ਦਾ ਨਿਸ਼ਾਨ ਚਿਤਰਿਆ ਹੈ, ਜਿਸ ਨੂੰ ਪੰਥ ਵਿੱਚ ਵਧੇਰੇ ਮਾਨਤਾ ਪ੍ਰਾਪਤ ਹੈ।
ਭਾਈ ਹਰਭਜਨ ਸਿੰਘ ‘ਨੱਕਾਸ਼’ ਨੇ ਕੁਝ ਨੱਕਾਸ਼ਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਮਹੰਤ ਈਸ਼ਰ ਸਿੰਘ ਦੇ ਸਮੇਂ ਭਾਈ ਜੈਮਲ ਸਿੰਘ ਤੇ ਭਾਈ ਮਹਿਤਾਬ ਸਿੰਘ ਵੀ ਨੱਕਾਸ਼ੀ ਦਾ ਸੁੰਦਰ ਕੰਮ ਕਰਦੇ ਰਹੇ। ਮਹਿਤਾਬ ਸਿੰਘ ਦੇ ਸ਼ਾਗਿਰਦ ਸਨ: ਭਾਈ ਹਰਨਾਮ ਸਿੰਘ ਨੱਕਾਸ਼ ਤੇ ਭਾਈ ਮਹਿਤਾਬ ਸਿੰਘ ਦਾ ਪੁੱਤਰ ਆਤਮਾ ਸਿੰਘ। ਅੱਗੋਂ ਆਤਮਾ ਸਿੰਘ ਦੇ ਤਿੰਨ ਸ਼ਾਗਿਰਦ ਹੋਏ ਹਨ: ਹਰਭਜਨ ਸਿੰਘ, ਪ੍ਰੀਤਮ ਸਿੰਘ ਤੇ ਮਨਮੋਹਨ ਸਿੰਘ। ਭਾਈ ਹਰਨਾਮ ਸਿੰਘ ਨੱਕਾਸ਼ ਦੇ ਸ਼ਾਗਿਰਦ ਭਾਈ ਕਰਤਾਰ ਸਿੰਘ ਮੁਸੱਵਰ ਤੇ ਭਾਈ ਅਜੀਤ ਸਿੰਘ ਨੱਕਾਸ਼ ਸਨ। ਭਾਈ ਗਿਆਨ ਸਿੰਘ ਦਾ ਸ਼ਾਗਿਰਦ ਉਨ੍ਹਾਂ ਦਾ ਆਪਣਾ ਪੁੱਤਰ ਸੋਹਣ ਸਿੰਘ ਜੋ ਜੀ.ਐੱਸ. ਸੋਹਣ ਸਿੰਘ ਦੇ ਨਾਂ ਨਾਲ ਪ੍ਰਸਿੱਧ ਹੋਇਆ, ਪਹਿਲਾਂ ਨੱਕਾਸ਼ੀ ਤੇ ਫਿਰ ਤਸਵੀਰਾਂ ਦੇ ਚਿੱਤਰ ਆਦਿ ਬਣਾਉਣ ਦਾ ਕੰਮ ਕਰਦਾ ਰਿਹਾ।
ਇਹ ਸਾਰੇ ਨੱਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਨੱਕਾਸ਼ੀ, ਮੋਹਰਾਕਸ਼ੀ, ਜੜਤਕਾਰੀ ਤੇ ਟੁਕੜੀ ਆਦਿ ਦਾ ਕੰਮ ਕਰਦੇ ਰਹੇ ਹਨ। ਫ਼ੌਜੀ ਹਮਲੇ ਤੋਂ ਬਾਅਦ ਭਾਈ ਹਰਭਜਨ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਛੱਤਾਂ ਆਦਿ ਦੀ ਚਿਤਰਕਾਰੀ ਤੇ ਮੀਨਾਕਾਰੀ ਆਦਿ ਦੇ ਨਵ-ਨਿਰਮਾਣ ਕੰਮ ਕਰਦੇ ਰਹੇ ਹਨ।
ਜੜਤਕਾਰੀ ਦਾ ਜ਼ਿਆਦਾਤਰ ਕੰਮ ਸ੍ਰੀ ਹਰਿਮੰਦਰ ਸਾਹਿਬ ਦੇ ਪੱਛਮੀ ਬੂਹੇ ਸਾਹਮਣੇ ਹੇਠ ਫਰਸ਼ ਵਿੱਚ, ਗੁੰਬਦ ਦੇ ਅੰਦਰ, ਫਰਸ਼ ਦੇ ਵਿਚਕਾਰ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜ਼ਿਲ ਦੀਆਂ ਕੰਧਾਂ ਉੱਪਰ ਸਭ ਤੋਂ ਵਧੀਆ ਹੋਇਆ ਹੈ।
ਇਨ੍ਹਾਂ ਥਾਵਾਂ ‘ਤੇ ਮੱਛੀਆਂ, ਬਗਲਿਆਂ, ਕੱਛੂਕੁੰਮਿਆਂ, ਹਿਰਨਾਂ, ਚਿੜੀਆਂ, ਬੁਲਬੁਲਾਂ, ਮੋਰਾਂ, ਚੱਕੀਰਾਹਿਆਂ, ਸ਼ੇਰਾਂ, ਹਾਥੀਆਂ, ਮਗਰਮੱਛਾਂ, ਬੱਕਰੀਆਂ, ਗੁਲਾਬਦਾਨੀਆਂ ਆਦਿ ਦੇ ਨਾਲ-ਨਾਲ ਫਲਾਂ, ਫੁੱਲਾਂ, ਵੇਲਾਂ, ਦਰੱਖਤਾਂ ਤੇ ਸਮਾਧੀ ਲਾਈ ਬੈਠੇ ਸਾਧੂਆਂ ਦੇ ਦਿਲਖਿੱਚਵੇਂ ਚਿੱਤਰ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਹਾਲ ਕਮਰੇ ਦੀਆਂ ਕੰਧਾਂ, ਥੰਮ੍ਹਾਂ ਦੇ ਅਗਲੇ ਭਾਗ, ਧੁਰ ਉੱਪਰ ਗੁੰਬਦ ਦੇ ਅੰਦਰਲੇ ਭਾਗ, ਦੂਜੀ ਮੰਜ਼ਿਲ ਦੀਆਂ ਛੱਤਾਂ ਹੇਠਲੀਆਂ ਕੰਧਾਂ ਤੇ ਥੰਮਾਂ ਉੱਪਰ ਗੱਚ ਮੁਨੱਵਤ ਦਾ ਸੁੰਦਰ ਤੇ ਕੀਮਤੀ ਕੰਮ ਕੀਤਾ ਹੋਇਆ ਹੈ। ਇਹ ਨੱਕਾਸ਼ੀ ਸੁੰਦਰ ਨਮੂਨਾ ਹੈ। ਇਹ ਕੰਮ ਹਰਿ ਕੀ ਪਉੜੀ ਦੀ ਦੂਜੀ ਮੰਜ਼ਿਲ ਦੀ ਵੱਡੀ ਡਾਟ ਦੇ ਅੰਦਰਵਾਰ ਕੀਤਾ ਗਿਆ ਹੈ। ਇਸ ਵਿੱਚ ਜਪੁਜੀ ਸਾਹਿਬ ਅੱਧਾ ਡਾਟ ਦੇ ਇੱਕ ਪਾਸੇ ਤੇ ਅੱਧਾ ਡਾਟ ਦੇ ਦੂਜੇ ਪਾਸੇ ਲਿਖਿਆ ਹੈ। ਇਸੇ ਤਰ੍ਹਾਂ ਹਰਿ ਕੀ ਪਉੜੀ ਦੀ ਦੂਜੀ ਮੰਜ਼ਿਲ ਦੀ ਦੱਖਣੀ ਤੇ ਉੱਤਰੀ ਬਾਹੀ ਦੇ ਉਪਰਲੇ ਹਿੱਸੇ ਦੀ ਕੰਧ ਵਿੱਚ ਪੂਰਾ ਜਪੁਜੀ ਸਾਹਿਬ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਹਰਿ ਕੀ ਪਉੜੀ ਦੀ ਪਹਿਲੀ ਮੰਜ਼ਿਲ ਦੀ ਡਾਟ, ਜੋ ਸਰੋਵਰ ਵੱਲ ਹੈ, ਦੇ ਦੋਵੇਂ ਪਾਸੇ ਸੁਖਮਨੀ ਸਾਹਿਬ ਦੀਆਂ 24 ਅਸਟਪਦੀਆਂ ਉੱਕਰੀਆਂ ਹੋਈਆਂ ਹਨ।
ਸ੍ਰੀ ਹਰਿਮੰਦਰ ਸਾਹਿਬ ਦੀ ਦੂਜੀ ਛੱਤ ਦੇ ਪੂਰਬੀ ਖੁੱਲ੍ਹੇ ਦਰਵਾਜ਼ੇ ਦੀ ਡਾਟ ਵਿਚਕਾਰ ਸਾਰਾ ਜਪੁਜੀ ਅਤੇ ਅਨੰਦ ਸਾਹਿਬ ਦੀਆਂ ਛੇ ਪਉੜੀਆਂ ਉੱਕਰੀਆਂ ਹੋਈਆਂ ਹਨ। ਹਾਲ ਦੇ ਅੰਦਰ ਵੱਲ ਪੂਰਬੀ ਵਿਚਕਾਰਲੀ ਬਾਰੀ ਦੇ ਉਪਰਲੇ ਹਿੱਸੇ ਵਿੱਚ ਗੁਰਬਾਣੀ ਦਾ ਇੱਕ ਸ਼ਬਦ ਉਕਰਿਆ ਹੋਇਆ ਹੈ। ਕਈਆਂ ਥਾਵਾਂ ‘ਤੇ ਸੇਵਾ ਕਰਵਾਉਣ ਵਾਲੇ ਸ਼ਰਧਾਲੂਆਂ ਦੇ ਨਾਂ ਤੇ ਸਿਰਨਾਵੇਂ ਵੀ ਗੁਰਮੁਖੀ ਅੱਖਰਾਂ ਵਿੱਚ ਲਿਖੇ ਮਿਲਦੇ ਹਨ। ਉੱਤਰ ਦਿਸ਼ਾ ਵੱਲੋਂ ਖ਼ਜ਼ਾਨੇ ਵਾਲੀ ਕੋਠੜੀ ਵਿਚਲੀ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਚੜ੍ਹਦੀ ਪਉੜੀ ਤੇ ਦੂਜੀ ਮੰਜ਼ਿਲ ਨੂੰ ਚੜ੍ਹਦਿਆਂ ਉੱਤਰ ਦਿਸ਼ਾ ਵੱਲ ਅੰਦਰਵਾਰ ਪਉੜੀਆਂ ‘ਤੇ ਖੜ੍ਹਿਆਂ ਇੱਕ ਸੁੰਦਰ ਤਸਵੀਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਘੋੜੇ ‘ਤੇ ਚੜ੍ਹੇ ਹੋਏ ਹਨ, ਇੱਕ ਸਿੰਘ ਚੌਰ ਕਰਦਾ ਹੈ, ਤਿੰਨ ਪਿੱਛੇ ਆ ਰਹੇ ਹਨ ਤੇ ਦੋ ਸਿੰਘ ਅੱਗੋਂ ਸੁਆਗਤ ਕਰ ਰਹੇ ਹਨ। ਇਹ ਨੱਕਾਸ਼ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਦੀ ਮੂੰਹ ਬੋਲਦੀ ਤਸਵੀਰ ਹੈ।
ਸ੍ਰੀ ਹਰਿਮੰਦਰ ਸਾਹਿਬ ਵਾਲੇ ਪੱਛਮੀ ਭਾਵ ਸਾਹਮਣੇ ਦਰਵਾਜ਼ੇ ਦੇ ਬਾਹਰਵਾਰ ਉੱਪਰ ਤਾਂਬੇ ਦੇ ਪੱਤਰੇ ‘ਤੇ ਚੜ੍ਹੇ ਸੁਨਹਿਰੀ ਵਰਕਾਂ ਵਾਲੇ ਸੁਨਹਿਰੀ ਅੱਖਰਾਂ ਵਿੱਚ ਇਹ ਇਬਾਰਤ ਲਿਖੀ ਹੋਈ ਹੈ: ‘ਸ੍ਰੀ ਮਹਾਰਾਜ ਗੁਰੂ ਸਾਹਿਬ ਜੀ ਨੇ ਆਪਣੇ ਪਰਮ ਸੇਵਕ ਜਾਣ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸ੍ਰੀ ਮਹਾਰਾਜਾ ਸਿੰਘ ਸਾਹਿਬ ਰਣਜੀਤ ਸਿੰਘ ਪਰ ਦਯਾ ਕਰ ਕੇ ਕਰਵਾਈ। (1887)’ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਇਬਾਰਤਾਂ ਹਨ। ਗਿਆਨੀ ਕ੍ਰਿਪਾਲ ਸਿੰਘ ਦੀ ਲਿਖਤ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੇ ਚਹੁੰ ਦਰਵਾਜ਼ਿਆਂ ਦੀਆਂ ਚਾਰ ਸੁਨਹਿਰੀ ਜੋੜੀਆਂ ਪੁਰਾਣੇ ਸਮੇਂ ਦੀਵਾਲੀ ਵਿਸਾਖੀ ਅਤੇ ਵੱਡੇ ਗੁਰਪੁਰਬਾਂ (ਹੁਣ ਸਿਰਫ਼ ਪੰਜ ਵੱਡੇ ਗੁਰਪੁਰਬਾਂ ਸਮੇਂ) ਜਿੰਨਾਂ ਸਮਾਂ ਜਲੌ ਲੱਗਦਾ ਹੈ, ਸਜਾਉਣ ਵਾਸਤੇ ਸੁਨਹਿਰੀ ਤਿਆਰ ਕਰਵਾਈਆਂ ਗਈਆਂ। ਇੱਕ ਜੋੜੀ ਮਹਾਰਾਜਾ ਰਣਜੀਤ ਸਿੰਘ ਵੱਲੋਂ। ਦੂਜੀ ਮਹਾਰਾਜਾ ਖੜਗ ਸਿੰਘ ਦੀ ਮਾਤਾ ਵੱਲੋਂ, ਤੀਜੀ ਮਹਾਰਾਜਾ ਖੜਗ ਸਿੰਘ ਵੱਲੋਂ ਅਤੇ ਚੌਥੀ ਕੰਵਰ ਨੌਨਿਹਾਲ ਸਿੰਘ ਦੀ ਮਾਤਾ ਮਹਾਰਾਣੀ ਚੰਦ ਕੌਰ ਵੱਲੋਂ ਭੇਟ ਕੀਤੀਆਂ ਗਈਆਂ। ਇਨ੍ਹਾਂ ਉੱਤੇ ਉਸ ਵਕਤ ਚੌਦਾਂ-ਚੌਦਾਂ ਹਜ਼ਾਰ ਰੁਪਏ ਖ਼ਰਚ ਆਇਆ। ਇਹ ਸਾਰਾ ਕੰਮ ਭਾਈ ਸੰਤ ਸਿੰਘ ਗਿਆਨੀ ਰਾਹੀਂ ਮਿਸਤਰੀ ਮੁਹੰਮਦ ਯਾਰ ਖਾਂ ਦੀ ਨਿਗਰਾਨੀ ਹੇਠ ਹੋਇਆ। ਭਾਈ ਸੰਤ ਸਿੰਘ ਦੇ ਦੇਹਾਂਤ ਬਾਅਦ ਇਹ ਕੰਮ ਉਨ੍ਹਾਂ ਦੇ ਪੁੱਤਰ ਭਾਈ ਗੁਰਮੁਖ ਸਿੰਘ ਗਿਆਨੀ ਦੇ ਸਪੁਰਦ ਹੋਇਆ ਜਿਸ ਰਾਹੀਂ ਪੰਜ ਲੱਖ ਪੈਂਤੀ ਹਜ਼ਾਰ ਦਾ ਸੋਨਾ ਖ਼ਰਚ ਹੋਇਆ। ਜੋੜੀਆਂ ਉੱਪਰ ਸੋਨੇ ਦਾ ਸਾਰਾ ਕੰਮ ਮੁਹੰਮਦ ਯਾਰ ਖਾਂ ਦੇ ਪੁੱਤਰ ਅੱਲਾ ਯਾਰ ਖਾਂ ਨੇ ਕੀਤਾ। ਇਸ ਦੇ ਇਵਜ਼ ਵਿੱਚ ਮਹਾਰਾਜੇ ਨੇ ਤਿੰਨ ਸੌ ਰੁਪਏ ਦੀ ਕੀਮਤ ਦੇ ਸੋਨੇ ਦੇ ਕੜਿਆਂ ਦੀ ਜੋੜੀ ਤੇ ਸੌ ਰੁਪਇਆ ਨਕਦ ਬਤੌਰ ਇਨਾਮ ਦਿੱਤਾ।
ਸਿੱਖ ਰਾਜ ਸਮੇਂ ਹੋਏ ਕੁੱਲ ਖਰਚ ਦਾ ਵੇਰਵਾ ਦਿੰਦੇ ‘ਤਵਾਰੀਖ ਸ੍ਰੀ ਅੰਮ੍ਰਿਤਸਰ’ (1915 ਈਸਵੀ) ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਹਨ: ਮਹਾਰਾਜਾ ਰਣਜੀਤ ਸਿੰਘ ਵੱਲੋਂ 16,39,000/- ਰੁਪੈ, ਭੰਗੀ ਸਰਦਾਰਾਂ ਵੱਲੋਂ 33,55,000/- ਰੁਪੈ, ਸ. ਖੜਗ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਵੱਲੋਂ 9,41,000/- ਰੁਪੈ, ਰਾਣੀਆਂ ਵੱਲੋਂ 1,85,000/- ਰੁਪੈ, ਸਿੱਖ ਸਰਦਾਰਾਂ ਵੱਲੋਂ 1,28,000/-ਰੁਪੈ, ਫੁਟਕਲ ਸਿੱਖ ਸਰਦਾਰਾਂ ਵੱਲੋਂ 1,63,000/- ਰੁਪੈ ਕੁੱਲ ਜੋੜ 64,11,000/- ਰੁਪੈ ਖਰਚ ਕੀਤੇ ਗਏ।
ਸ੍ਰੀ ਹਰਿਮੰਦਰ ਸਾਹਿਬ ਦੀ ਦੂਜੀ ਮੰਜ਼ਿਲ ਦੀ ਛੱਤ ਦਾ ਉੱਪਰ ਵੱਲ ਦਾ ਹਿੱਸਾ ਸੰਮਤ 1856 ਬਿਕਰਮੀ (1799 ਈਸਵੀ) ਵਿੱਚ ਸ. ਸੋਭਾ ਸਿੰਘ ਨਕਈ ਨੇ ਸੁਨਹਿਰੀ ਕਰਵਾਇਆ ਅਤੇ ਉਸੇ ਪਾਸੇ ਦੀ ਕੰਧ ਦੀ ਨੱਕਾਸ਼ੀ ਸੰਮਤ 1856 ਬਿਕਰਮੀ (1799 ਈਸਵੀ) ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁਨਹਿਰੀ ਕਰਵਾਈ। ਦੱਖਣੀ ਪਾਸੇ ਵੱਲ ਦੀ ਛੱਤ ਨੂੰ ਸੰਮਤ 1843 ਬਿਕਰਮੀ (1786 ਈਸਵੀ) ਵਿੱਚ ਬੰਸੀ ਰਾਮ ਪੁੱਤਰ ਜੋਧ ਸਿੰਘ ਦੀਵਾਨ ਭੰਗੀ ਖਾਨਦਾਨ ਪਿੰਡ ਸੋਹਲ ਨੇ ਸੁਨਹਿਰੀ ਤਿਆਰ ਕਰਵਾਇਆ। ਬਾਕੀ ਦੋਹਾਂ ਪਾਸਿਆਂ ਦੀ ਛੱਤ ਮਹਾਰਾਜਾ ਰਣਜੀਤ ਸਿੰਘ ਦੇ ਰੁਪਏ ਨਾਲ ਸੁਨਹਿਰੀ ਤਿਆਰ ਹੋਈ। ਮਹਾਰਾਜਾ ਸਾਹਿਬ ਨੇ ਪੁਲ ਦੇ ਦੋਹੀਂ ਪਾਸੀਂ ਚਾਰ-ਚਾਰ ਕਲਸ਼ ਸੁਨਹਿਰੀ ਕਰਵਾਏ।
ਸ੍ਰੀ ਹਰਿਮੰਦਰ ਸਾਹਿਬ ਵਿੱਚ ਚਾਂਦੀ ਦਾ ਕੰਮ : ਸ੍ਰੀ ਹਰਿਮੰਦਰ ਸਾਹਿਬ ਦੀਆਂ ਛੱਤਾਂ ਸਿੱਖ ਸਰਦਾਰਾਂ ਨੇ ਪਹਿਲਾਂ ਚਾਂਦੀ ਦੀਆਂ ਬਣਵਾਈਆਂ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਦੋ ਪਾਸਿਆਂ ਦੀਆਂ ਛੱਤਾਂ ਸ੍ਰ. ਤਾਰਾ ਸਿੰਘ ਗੈਬਾ ਨੇ ਚਾਂਦੀ ਦੀਆਂ ਬਣਵਾਈਆਂ ਤੇ ਮੀਨਾਕਾਰੀ ਕਰਵਾਈ। ਤੀਜੇ ਪਾਸੇ ਦੀ ਛੱਤ ਸ੍ਰ.ਪ੍ਰਤਾਪ ਸਿੰਘ ਤੇ ਸ੍ਰ. ਜੱਸਾ ਸਿੰਘ ਅਤੇ ਚੌਥੇ ਪਾਸੇ ਦੀ ਛੱਤ ਸ੍ਰ. ਗੰਡਾ ਸਿੰਘ ਪਸ਼ੌਰੀਏ ਨੇ 1880 ਬਿਕਰਮੀ (1823 ਈਸਵੀ) ਵਿੱਚ ਤਿਆਰ ਕਰਵਾਈ। ਸ੍ਰੀ ਹਰਿਮੰਦਰ ਸਾਹਿਬ ਦੇ ਚੌਂਕ ਅਤੇ ਹਰਿ ਕੀ ਪਉੜੀ ਦੀਆਂ ਚਾਂਦੀ ਦੀਆਂ ਛੱਤਾਂ ਸੰਮਤ 1877 ਬਿਕਰਮੀ (1820 ਈਸਵੀ) ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਸੰਮਤ 1894 ਬਿਕਰਮੀ (1837 ਈਸਵੀ) ਵਿੱਚ ਮਹਾਰਾਜਾ ਖੜਗ ਸਿੰਘ ਨੇ ਤਿਆਰ ਕਰਵਾਈਆਂ। ਸ੍ਰੀ ਹਰਿਮੰਦਰ ਸਾਹਿਬ ਦੇ ਚੌਹਾਂ ਦਰਵਾਜ਼ਿਆਂ ਦੀਆਂ ਚਾਰ ਚਾਂਦੀ ਦੀਆਂ ਜੋੜੀਆਂ ਬਣਵਾਈਆਂ। ਲਹਿੰਦੇ ਪਾਸੇ ਦੀ ਚਾਂਦੀ ਦੀ ਜੋੜੀ 1889 ਬਿਕਰਮੀ (1832 ਈਸਵੀ) ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ। ਦੱਖਣੀ ਦਰਵਾਜ਼ੇ ਦੀ ਜੋੜੀ ਮਹਾਰਾਜਾ ਖੜਗ ਸਿੰਘ ਦੀ ਮਾਤਾ ਰਾਣੀ ਦਯਾ ਕੌਰ ਨਕਈ ਨੇ, ਉੱਤਰੀ ਦਰਵਾਜ਼ੇ ਦੀ ਮਹਾਰਾਜਾ ਖੜਗ ਸਿੰਘ ਨੇ ਅਤੇ ਪੂਰਬੀ ਦਰਵਾਜ਼ੇ ਦੀ ਕੰਵਰ ਨੌਂਨਿਹਾਲ ਸਿੰਘ ਦੀ ਮਾਤਾ ਰਾਣੀ ਚੰਦ ਕੌਰ ਨੇ ਤਿਆਰ ਕਰਵਾਈ। ਉਸ ਸਮੇਂ ਹਰ ਜੋੜੀ ਉੱਪਰ ਸੱਤ-ਸੱਤ ਹਜ਼ਾਰ ਰੁਪਏ ਖਰਚ ਆਇਆ। 1905 ਬਿਕਰਮੀ (1848 ਈਸਵੀ) ਵਿੱਚ ਇਨ੍ਹਾਂ ਜੋੜੀਆਂ ਨੂੰ ਸ. ਜੇਠਾ ਸਿੰਘ ਰਾਹੀਂ ਨਵੇਂ ਸਿਰੇ ਤੋਂ ਮੁਰੰਮਤ ਕਰਵਾਇਆ ਜਿਸ ਉੱਪਰ ਛੇ ਹਜ਼ਾਰ ਰੁਪਏ ਖਰਚ ਹੋਏ।
ਸੰਮਤ 1896 ਹਾੜ ਸੁਦੀ ਇਕਾਦਸ਼ੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਮਗਰੋਂ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਦਾ ਕੰਮ ਮਹਾਰਾਜਾ ਖੜਗ ਸਿੰਘ ਨੇ ਓਸੇ ਤਰ੍ਹਾਂ ਜਾਰੀ ਰੱਖਿਆ। ਉਨ੍ਹਾਂ ਨੇ ਪੰਜਾਹ ਹਜ਼ਾਰ ਰੁਪਏ ਦਾ ਸੰਗਮਰਮਰ ਮੰਗਵਾਇਆ ਜਿਸ ਨਾਲ ਪੰਜ ਸੌ ਕਾਰੀਗਰ ਤੇ ਅੱਠ ਸੌ ਮਜ਼ਦੂਰਾਂ ਨੂੰ ਲਾ ਕੇ ਬੜੀ ਕੋਸ਼ਿਸ਼ ਤੇ ਪਿਆਰ ਨਾਲ ਦਰਸ਼ਨੀ ਡਿਉਢੀ ਤੋਂ ਅਕਾਲ ਬੁੰਗੇ ਤਕ ਦਾ ਚੌਂਕ, ਫੁਹਾਰਾ, ਫਰਸ਼, ਥੰਮ, ਘੜਿਆਲ ਅਤੇ ਬੁੰਗਾ ਤਿਆਰ ਕਰਵਾਇਆ। ਉਨ੍ਹਾਂ ਦਿਨਾਂ ਵਿੱਚ ਹੀ ਸ੍ਰੀ ਦਰਬਾਰ ਸਾਹਿਬ ਦੀ ਬਾਕੀ ਸੇਵਾ (ਪੌੜ, ਫਰਸ਼, ਸਰਕਾਰੀ ਬੁੰਗੇ ਤਕ, ਦਰਸ਼ਨੀ ਦਰਵਾਜ਼ੇ ਅਤੇ ਅਕਾਲ ਤਖ਼ਤ ਦੇ ਬੇਲ ਬੂਟੇ ਆਦਿ) ਕੰਵਰ ਨੌਨਿਹਾਲ ਸਿੰਘ ਦੀ ਮਰਜ਼ੀ ਅਨੁਸਾਰ ਹੁੰਦੀ ਰਹੀ। ਕੰਵਰ ਸਾਹਿਬ ਦਾ ਵਿਚਾਰ ਬਣ ਚੁੱਕਾ ਸੀ ਕਿ ਇਸੇ ਤਰ੍ਹਾਂ ਦੀ ਪਰਿਕਰਮਾ ਅਤੇ ਇਸੇ ਤਰ੍ਹਾਂ ਦਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵੀ ਤਿਆਰ ਕੀਤਾ ਜਾਵੇ। ਇਸੇ ਖ਼ਿਆਲ ਨਾਲ ਕੰਵਰ ਸਾਹਿਬ ਨੇ ਮਿਸਤਰੀ ਅਹਿਮਦ ਯਾਰ ਖਾਨ ਦੀ ਰਾਹੀਂ ਜੋਧਪੁਰ ਤੋਂ ਸੱਤ ਲੱਖ ਦਾ ਸੰਗਮਰਮਰ ਮੰਗਵਾ ਲਿਆ ਸੀ, ਪਰ ਮਹਾਰਾਜਾ ਖੜਗ ਸਿੰਘ ਅਤੇ ਕੰਵਰ ਨੌਂਨਿਹਾਲ ਸਿੰਘ ਦੇ ਇੱਕੋ ਦਿਨ ਗੁਰਪੁਰੀ ਸਿਧਾਰ ਜਾਣ ਕਰਕੇ ਉਹ ਸੱਤ ਲੱਖ ਰੁਪਏ ਦਾ ਜੋਧਪੁਰ ਤੋਂ ਸੈਂਕੜੇ ਗੱਡਿਆਂ ਵਿੱਚ ਮੰਗਵਾਇਆ ਸੰਗਮਰਮਰ ਬਹੁਤ ਸਾਰਾ ਰਸਤੇ ਵਿੱਚ ਹੀ ਲੁੱਟਿਆ ਗਿਆ। ਉਸ ਵਿੱਚੋਂ ਬਹੁਤ ਥੋੜ੍ਹਾ ਹੀ ਅੰਮ੍ਰਿਤਸਰ ਪੁੱਜਾ।
ਉਨ੍ਹਾਂ ਮਗਰੋਂ ਕੰਵਰ ਸਾਹਿਬ ਦੀ ਮਾਤਾ ਮਹਾਰਾਣੀ ਚੰਦ ਕੌਰ ਨੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ। ਸੰਮਤ 1898 ਬਿਕਰਮੀ (1841 ਈਸਵੀ) ਵਿੱਚ ਮਹਾਰਾਜਾ ਸ਼ੇਰ ਸਿੰਘ ਦੇ ਚਲਾਣੇ ਪਿੱਛੋਂ ਰਾਜਾ ਹੀਰਾ ਸਿੰਘ ਨੇ ਕੁਝ ਧਿਆਨ ਨਾ ਦਿੱਤਾ ਜਿਸ ਕਰ ਕੇ ਸੇਵਾ ਦਾ ਕੰਮ ਇੱਕ ਸਾਲ ਬੰਦ ਰਿਹਾ। ਸੰਮਤ 1900 (1843 ਈਸਵੀ) ਦੇ ਪੋਹ ਨੂੰ ਰਾਜਾ ਹੀਰਾ ਸਿੰਘ ਦੇ ਮਾਰੇ ਜਾਣ ਪਿੱਛੋਂ ਸ. ਜਵਾਹਰ ਸਿੰਘ ਨੇ ਭਾਈ ਪ੍ਰਦੁਮਨ ਸਿੰਘ ਗਿਆਨੀ ਰਾਹੀਂ ਫੇਰ ਇਮਾਰਤ ਦਾ ਕੰਮ ਆਰੰਭ ਕੀਤਾ ਅਤੇ ਪਝੱਤਰ ਹਜ਼ਾਰ ਦੀ ਜਾਗੀਰ ਤੋਂ ਛੁੱਟ ਹੋਰ ਖਰਚ ਆਦਿ ਲਈ ਪੰਜ ਹਜ਼ਾਰ ਸਾਲਾਨਾ ਸ੍ਰੀ ਦਰਬਾਰ ਸਾਹਿਬ ਦੀ ਮੁਰੰਮਤ ਵਾਸਤੇ ਸਦਾ ਲਈ ਲਾ ਦਿੱਤਾ।
ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਉੱਪਰਲੀ ਮੰਜ਼ਲ ਵਿੱਚ ਹੋਏ ਚਿੱਤਰਕਾਰੀ ਦੇ ਕੰਮ ਦੀ ਮੁਰੰਮਤ ਜ਼ਰੂਰ ਹੁੰਦੀ ਰਹੀ। ਇੱਕ ਦੋ ਨਕਾਸ਼ ਹਰ ਰੋਜ਼ ਇਸ ਸੇਵਾ ਵਿੱਚ ਉੱਪਰ ਨੀਅਤ ਕੀਤੇ ਹੋਏ ਸਨ। ਇਤਿਹਾਸਕ ਵੇਰਵਿਆਂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੀ ਸੁਨਹਿਰੀ ਤੇ ਸੰਗਮਰਮਰੀ ਇਮਾਰਤ ਲਈ ਦੋ ਨੱਕਾਸ਼ਾਂ ਦੀ ਡਿਊਟੀ ਜ਼ਰੂਰ ਸੀ, ਜੋ ਚਿੱਤਰਕਾਰੀ ਦੇ ਕੰਮ ਵਿੱਚ ਮੁਰੰਮਤ ਕਰਦੇ ਰਹਿੰਦੇ ਸਨ। ਸਾਲ 1955 ਬਾਅਦ ਗੱਚ ਤੇ ਨਕਾਸ਼ੀ ਦੇ ਸਾਰੇ ਹਿੱਸੇ ਨਵੇਂ ਸਿਰੇ ਤੋਂ ਦੋਬਾਰਾ ਬਣਾਉਣੇ ਸ਼ੁਰੂ ਕੀਤੇ ਕਿਉਂਕਿ ਪਹਿਲੇ ਕੰਮ ਦਾ ਰੰਗ ਫਿੱਕਾ ਪੈ ਚੁੱਕਾ ਸੀ ਜਾਂ ਯਾਤਰੂਆਂ ਦੇ ਕੰਧਾਂ ਉੱਪਰ ਹੱਥ ਲਾਉਣ ਕਰ ਕੇ ਚਿੱਤਰਾਂ ਦੀਆਂ ਸ਼ਕਲਾਂ ਘਸ ਚੁੱਕੀਆਂ ਸਨ। ਇਸ ਲਈ ਉੱਪਰਲੀ ਮੰਜ਼ਿਲ ਦੀਆਂ ਬਾਹਰਲੀਆਂ ਕੰਧਾਂ ਤੇ ਅੰਦਰਲੇ ਥੰਮ੍ਹਾਂ ਉੱਪਰ ਦੁਬਾਰਾ ਨੱਕਾਸ਼ੀ ਕਰਵਾ ਕੇ ਉਨ੍ਹਾਂ ਉੱਪਰ ਚਿੱਟੇ ਸ਼ੀਸ਼ੇ ਇਸ ਤਰ੍ਹਾਂ ਜੜ ਦਿੱਤੇ ਗਏ, ਜੋ ਕੁਝ ਸਮਾਂ ਤਾਂ ਠੀਕ ਰਹੇ ਪਰ ਬਾਅਦ ਵਿੱਚ ਉਹ ਵੀ ਮੱਧਮ ਪੈ ਗਏ।
1965 ਈਸਵੀ ਵਿੱਚ ਸੰਤ ਫਤਹ ਸਿੰਘ ਤੇ ਸੰਤ ਚੰਨਣ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸੋਨੇ ਨੂੰ ਧੋਣ ਦਾ ਫ਼ੈਸਲਾ ਕਰ ਲਿਆ। ਸੋਨਾ ਧੋਣ ਨਾਲ ਇਸ ਵਿੱਚ ਕਾਫ਼ੀ ਚਮਕ ਆ ਗਈ, ਪਰ ਬਾਅਦ ਵਿੱਚ ਉਹ ਚਮਕ ਮੱਧਮ ਹੋਣੀ ਸ਼ੁਰੂ ਹੋ ਗਈ। ਮਾਹਿਰਾਂ ਨੇ ਇਸ ਦਾ ਕਾਰਨ ਸੋਨਾ ਧੋਣ ਲਈ ਵਰਤਿਆ ਗਿਆ ਮਸਾਲਾ ਠੀਕ ਨਾ ਹੋਣਾ ਦੱਸਿਆ। ਇਸ ਨਾਲ ਤਾਂਬੇ ਦੇ ਪੱਤਰਿਆਂ ਉੱਪਰ ਚੜ੍ਹਿਆ ਸੋਨਾ ਉਤਰ ਗਿਆ। 1974 ਵਿੱਚ ਸ੍ਰੀ ਹਰਿਮੰਦਰ ਸਾਹਿਬ ਉੱਪਰ ਦੁਬਾਰਾ ਸੋਨਾ ਚੜ੍ਹਾਉਣ ਦਾ ਫ਼ੈਸਲਾ ਕੀਤਾ ਗਿਆ। ਸੰਤ ਕਰਤਾਰ ਸਿੰਘ ਠੱਟੇ ਟਿੱਬੇ ਵਾਲਿਆਂ ਨੂੰ ਇਹ ਸੇਵਾ ਸੰਭਾਲਣ ਦਾ ਮਤਾ ਕਰ ਦਿੱਤਾ ਗਿਆ। ਸੰਤ ਉਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਹਾਲ ਦੀ ਸੇਵਾ ਕਰਵਾ ਰਹੇ ਸਨ। ਪਹਿਲਾਂ ਤਾਂ ਉਨ੍ਹਾਂ ਇਸ ਕਠਿਨ ਸੇਵਾ ਨਿਭਾਉਣ ਤੋਂ ਅਸਮਰੱਥਾ ਪ੍ਰਗਟ ਕੀਤੀ, ਪਰ ਸੰਗਤ ਤੇ ਪ੍ਰਬੰਧਕਾਂ ਵੱਲੋਂ ਬੇਨਤੀ ਕਰਨ ‘ਤੇ ਮੰਨ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਗੁੰਬਦ ‘ਚੋਂ ਕੁਝ ਪੱਤਰੇ ਖੋਲ੍ਹ ਕੇ ਗਰਮ ਕਰ ਕੇ ਉਨ੍ਹਾਂ ਵਿੱਚ ਪਏ ਵਲ-ਵਿੰਗ ਸਿੱਧੇ ਕੀਤੇ। ਪਹਿਲੇ ਦਿਨ ਸੋਨਾ ਚੜ੍ਹਾਉਣ ਦੀ ਰਸਮ ਆਰੰਭ ਕਰਨ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਕਿਰਪਾਲ ਸਿੰਘ ਪਾਸੋਂ ਅਰਦਾਸ ਕਰਵਾਈ ਤੇ ਤਾਂਬੇ ਦੇ ਪੱਤਰੇ ਉੱਪਰ ਸੋਨੇ ਦਾ ਪਹਿਲਾ ਵਰਕ ਚੜ੍ਹਾਇਆ ਜਿਸ ਤੋਂ ਇਹ ਕਾਰਜ ਆਰੰਭ ਹੋ ਗਿਆ।   ੲੲੲ

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …