ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਦਾਜ ਲਈ ਤੰਗ-ਪਰੇਸ਼ਾਨ ਕਰਨ ਦੇ ਇਕ ਮਾਮਲੇ ‘ਚ ਔਰਤ ਦੀ ਅਰਜ਼ੀ ‘ਤੇ ਕੇਸ ਨੂੰ ਦੁਬਾਰਾ ਹਾਈਕੋਰਟ ਭੇਜ ਦਿੱਤਾ ਅਤੇ ਹਾਈਕੋਰਟ ਨੂੰ ਇਸ ‘ਤੇ ਮੁੜ ਸੁਣਵਾਈ ਕਰਨ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਭਾਰਤੀ ਸਮਾਜ ‘ਚ ਔਰਤਾਂ ਪਤਨੀ ਦੇ ਤੌਰ ‘ਤੇ ਆਪਣੇ ਪਰਿਵਾਰ ਦੀਆਂ ਅਸਲੀ ਕੇਅਰ ਟੇਕਰ ਮੰਨੀਆਂ ਜਾਂਦੀਆਂ ਹਨ ਖਾਸ ਕਰਕੇ ਉਹ ਆਪਣੇ ਪਤੀ ਦੀ ਕੇਅਰ ਟੇਕਰ ਮੰਨੀ ਜਾਂਦੀ ਹੈ ਜਦੋਂ ਔਰਤ ਨਾਲ ਜ਼ੁਲਮ ਹੁੰਦਾ ਹੈ, ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਹਾਲਤ ਭੈੜੀ ਹੋ ਜਾਂਦੀ ਹੈ।
ਹੇਠਲੀ ਅਦਾਲਤ ਨੇ ਔਰਤ ਦੇ ਪਤੀ ਨੂੰ ਦਾਜ ਲਈ ਤੰਗ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦੇ ਕੇ ਉਸ ਨੂੰ ਚੰਗੇ ਵਤੀਰੇ ਦੀ ਸ਼ਰਤ ‘ਤੇ ਛੱਡ ਦਿੱਤਾ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਔਰਤ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਨੂੰ ਹਾਈਕੋਰਟ ਨੇ ਖਾਰਜ ਕਰ ਦਿੱਤਾ ਇਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਆਇਆ। ਮਾਮਲੇ ‘ਚ ਪਤਨੀ ਨੇ ਪਤੀ ‘ਤੇ ਦਾਜ ਲਈ ਤੰਗ-ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਔਰਤ ਨੇ ਸ਼ੁਰੂਆਤ ‘ਚ ਪਤੀ ਅਤੇ ਸੱਸ ਵਿਰੁੱਧ ਕੇਸ ਦਰਜ ਕਰਵਾਇਆ ਸੀ।
ਕਪੂਰਥਲਾ ਦੇ ਮੈਜਿਸਟ੍ਰੇਟ ਦੀ ਅਦਾਲਤ ਨੇ 30 ਜੁਲਾਈ 2007 ਨੂੰ ਔਰਤ ਦੇ ਪਤੀ ਨੂੰ ਦਾਜ ਮੰਗਣ ‘ਚ ਦੋਸ਼ੀ ਕਰਾਰ ਦਿੰਦੇ ਹੋਏ ਇਕ ਸਾਲ ਦੀ ਸਜ਼ਾ ਸੁਣਾਈ ਤੇ ਸੱਸ ਨੂੰ ਬਰੀ ਕਰ ਦਿੱਤਾ। ਇਸ ਦੇ ਮਗਰੋਂ ਔਰਤ ਵਲੋਂ ਸੱਸ ਨੂੰ ਬਰੀ ਕੀਤੇ ਜਾਣ ਵਿਰੁੱਧ ਅਤੇ ਪਤੀ ਦੀ ਸਜ਼ਾ ਵਧਾਏ ਜਾਣ ਨੂੰ ਲੈ ਕੇ ਸੈਸ਼ਨ ਕੋਰਟ ‘ਚ ਅਰਜ਼ੀ ਦਾਖਲ ਕੀਤੀ ਗਈ ਪਰ ਸੈਸ਼ਨ ਕੋਰਟ ਨੇ ਅਰਜ਼ੀ ਖਾਰਿਜ ਕਰ ਦਿੱਤੀ। ਇਸ ਦੌਰਾਨ ਔਰਤ ਦੇ ਪਤੀ ਨੇ ਸੈਸ਼ਨ ਕੋਰਟ ‘ਚ ਬੇਨਤੀ ਕੀਤੀ ਕਿ ਉਸ ਦੀ ਸਰਕਾਰੀ ਨੌਕਰੀ ਹੈ ਅਤੇ ਉਸ ਦਾ ਕੰਡਕਟ ਚੰਗਾ ਹੈ, ਉਸ ਨੂੰ ਜੇਲ ਨਾ ਭੇਜਿਆ ਜਾਵੇ ਕਿਉਂਕਿ ਉਸ ਦੀ ਨੌਕਰੀ ਖੁੱਸ ਜਾਵੇਗੀ। ਸੈਸ਼ਨ ਕੋਰਟ ਨੇ 16 ਦਸੰਬਰ 2010 ਨੂੰ ਪਤੀ ਨੂੰ ਦਾਜ ਲਈ ਤੰਗ ਕਰਨ ਦੇ ਮਾਮਲੇ ‘ਚ ਦੋਸ਼ੀ ਮੰਨਿਆ ਅਤੇ ਉਸ ਨੂੰ ਚੰਗੇ ਵਤੀਰੇ ਦੀ ਸ਼ਰਤ ‘ਤੇ ਛੱਡ ਦਿੱਤਾ ਅਤੇ ਉਸ ਨੂੰ 25000 ਰੁਪਏ ਦਾ ਬਾਂਡ ਭਰਨ ਲਈ ਕਿਹਾ ਗਿਆ ।
Check Also
ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ
ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …