ਫਿਰ ਵੀ ਜੇਲ੍ਹ ’ਚੋਂ ਬਾਹਰ ਨਹੀਂ ਆ ਸਕੇਗਾ ਆਸਾ ਰਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਜਬਰ ਜਨਾਹ ਦੇ ਮਾਮਲੇ ਵਿਚ ਜੋਧਪੁਰ ਦੀ ਜੇਲ੍ਹ ਵਿੱਚ ਬੰਦ ਆਸਾ ਰਾਮ ਨੂੰ ਹਾਈਕੋਰਟ ਨੇ ਜ਼ਮਾਨਤ ਦਿੱਤੀ ਹੈ। ਇਹ ਜ਼ਮਾਨਤ ਆਸਾ ਰਾਮ ਵਲੋਂ ਸੁਪਰੀਮ ਕੋਰਟ ਵਿਚ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਦੇ ਮਾਮਲੇ ਵਿਚ ਮਿਲੀ ਹੈ, ਪਰ ਆਸਾ ਰਾਮ ਜੇਲ੍ਹ ਵਿਚੋਂ ਬਾਹਰ ਨਹੀਂ ਆ ਸਕੇਗਾ। ਫਰਜ਼ੀ ਦਸਤਾਵੇਜ਼ ਪੇਸ਼ ਕਰਨ ਦੇ ਮਾਮਲੇ ਵਿਚ 18 ਜਨਵਰੀ ਨੂੰ ਆਸਾ ਰਾਮ ਨੂੰ ਸੀਜੇਐਮ ਮੈਟਰੋ ਕੋਰਟ ’ਚ ਪੇਸ਼ ਕੀਤਾ ਗਿਆ ਸੀ। ਅਦਾਲਤ ਵਿਚ ਆਸਾ ਰਾਮ ਨੂੰ ਆਰੋਪ ਸੁਣਾਏ ਗਏ ਸਨ। ਇਸ ਤੋਂ ਬਾਅਦ ਆਸਾ ਰਾਮ ਦੇ ਵਕੀਲ ਨੇ ਹਾਈਕੋਰਟ ਵਿਚ ਜ਼ਮਾਨਤ ਅਰਜ਼ੀ ਲਗਾਈ ਸੀ। ਉਸੇ ਅਰਜ਼ੀ ’ਤੇ ਅੱਜ ਇਹ ਸੁਣਵਾਈ ਹੋਈ ਹੈ। ਜਸਟਿਸ ਕੁਲਦੀਪ ਮਾਥੁਰ ਨੇ ਇਸ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਆਸਾ ਰਾਮ ਨੂੰ ਜ਼ਮਾਨਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਆਸਾ ਰਾਮ ਜਬਰ ਜਨਾਹ ਦੇ ਮਾਮਲੇ ਵਿਚ ਉਮਰ ਭਰ ਲਈ ਸਜ਼ਾ ਕੱਟ ਰਿਹਾ ਹੈ ਅਤੇ ਉਹ ਜੇਲ੍ਹ ਵਿਚ ਬੰਦ ਹੈ। ਦੱਸਣਯੋਗ ਹੈ ਕਿ ਆਸਾ ਰਾਮ ਦਾ ਅਸਲੀ ਨਾਂ ਆਸੂਮਲ ਸਿਰੁਮਲਾਨੀ ਹਰਪਾਲਾਨੀ ਹੈ। ਉਸ ਨੂੰ ਆਪਣੀ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਆਸਾਰਾਮ ਖਿਲਾਫ ਇਹ ਪਹਿਲੀ ਸਜ਼ਾ ਨਹੀਂ ਹੈ। ਉਹ ਪਹਿਲਾਂ ਹੀ 2013 ਵਿੱਚ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਜੋਧਪੁਰ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।