Breaking News
Home / ਪੰਜਾਬ / ਮੁਫਤ ਬਿਜਲੀ ਮਾਮਲੇ ਵਿਚ ‘ਆਪਣਿਆਂ’ ਨੂੰ ਹੀ ਭੰਡਣ ਲੱਗੇ ਅਕਾਲੀ ਆਗੂ

ਮੁਫਤ ਬਿਜਲੀ ਮਾਮਲੇ ਵਿਚ ‘ਆਪਣਿਆਂ’ ਨੂੰ ਹੀ ਭੰਡਣ ਲੱਗੇ ਅਕਾਲੀ ਆਗੂ

ਗਰਚਾ ਵੱਲੋਂ ਸਾਬਕਾ ਮੁੱਖ ਮੰਤਰੀ ‘ਤੇ ਮੁਫ਼ਤ ਬਿਜਲੀ ਦੇ ਕੇ ਪੰਜਾਬ ਨੂੰ ਬੰਜਰ ਬਣਾਉਣ ਦੇ ਆਰੋਪ
ਪਟਿਆਲਾ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਵਿਚ ਮੰਤਰੀ ਰਹੇ ਜਗਦੀਸ਼ ਸਿੰਘ ਗਰਚਾ ਨੇ ਕਿਹਾ ਹੈ ਕਿ ਬਾਦਲ ਦੀ ਅਗਵਾਈ ਵਾਲੀ ਉਸ ਵੇਲੇ ਦੀ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੇ ਕੇ ਪੰਜਾਬ ਨੂੰ ਬੰਜਰ ਬਣਾ ਦਿੱਤਾ ਹੈ, ਹੁਣ ਪੰਜਾਬ ਨੂੰ ਕਿਸੇ ਵੀ ਹਾਲਤ ਵਿਚ ਬਚਾਇਆ ਨਹੀਂ ਜਾ ਸਕਦਾ ਕਿਉਂਕਿ ਕਿਸਾਨਾਂ ਨੇ ਪੰਜਾਬ ਦੇ ਭਲੇ ਬਾਰੇ ਸੋਚਣਾ ਹੀ ਬੰਦ ਕਰ ਗਿਆ ਹੈ।
ਉਨ੍ਹਾਂ ਕਿਹਾ ਜਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁਫਤ ਬਿਜਲੀ ਦੇਣ ਬਾਰੇ ਫੈਸਲਾ ਲਿਆ ਸੀ ਤਾਂ ਉਨ੍ਹਾਂ (ਗਰਚਾ) ਇਸ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਨਾਲ ਸਿਰਫ਼ ਪੰਜਾਬ ਦੀ ਆਰਥਿਕਤਾ ਨੂੰ ਸੱਟ ਨਹੀਂ ਲੱਗੇਗੀ ਸਗੋਂ ਇਸ ਨਾਲ ਪੰਜਾਬ ਦਾ ਪਾਣੀ ਵੀ ਖ਼ਤਮ ਹੋ ਜਾਵੇਗਾ। ਗਰਚਾ ਨੇ ਪੁਰਾਣਾ ਕਿੱਸਾ ਸਾਂਝਾ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣ ਗਏ ਸਨ ਤਾਂ ਉਹ ਉਨ੍ਹਾਂ ਨਾਲ ਪਟਿਆਲਾ ਦੇ ਬਿਜਲੀ ਬੋਰਡ (ਹੁਣ ਪੀਐਸਪੀਸੀਐਲ) ਦੇ ਦਫ਼ਤਰ ਪਹੁੰਚੇ ਸਨ, ਉਸ ਵੇਲੇ ਬਾਦਲ ਨੇ ਬਿਜਲੀ ਬੋਰਡ ਦੇ ਇੰਜਨੀਅਰਾਂ ਨੂੰ ਪੁੱਛਿਆ ਸੀ ਕਿ ਜੇ ਕਿਸਾਨਾਂ ਨੂੰ ਮੁਕੰਮਲ ਤੌਰ ‘ਤੇ ਬਿਜਲੀ ਮੁਫ਼ਤ ਦਿੱਤੀ ਜਾਵੇ ਤਾਂ ਪੰਜਾਬ ਸਰਕਾਰ ‘ਤੇ ਕਿੰਨਾ ਵਿੱਤੀ ਬੋਝ ਪਵੇਗਾ ਤਾਂ ਇੰਜਨੀਅਰਾਂ ਨੇ ਕਿਹਾ ਸੀ ਕਿ 300 ਕਰੋੜ ਦਾ ਨੁਕਸਾਨ ਪੰਜਾਬ ਸਰਕਾਰ ਨੂੰ ਝੱਲਣਾ ਪਵੇਗਾ ਤਾਂ ਬਾਦਲ ਕਹਿਣ ਲੱਗੇ ਕਿ ਫੇਰ ਤਾਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਸਕਦੀ ਹੈ।
ਉਸ ਵੇਲੇ ਉਨ੍ਹਾਂ ਵਿਰੋਧ ਕਰਦਿਆਂ ਕਿਹਾ ਸੀ ਕਿ ਅਜਿਹਾ ਨਾ ਕਰੋ, ਇਸ ਨਾਲ ਪੰਜਾਬ ਦਾ ਸਿਰਫ਼ ਵਿੱਤੀ ਨੁਕਸਾਨ ਹੀ ਨਹੀਂ ਹੋਵੇਗਾ ਸਗੋਂ ਨਹਿਰਾਂ ਦਾ ਪਾਣੀ ਵੀ ਵਰਤਣਾ ਬੰਦ ਹੋ ਜਾਵੇਗਾ। ਕਿਸਾਨਾਂ ਨੇ ਇਕ ਨਹੀਂ ਸਗੋਂ ਚਾਰ-ਚਾਰ ਮੋਟਰਾਂ ਦੇ ਕੁਨੈਕਸ਼ਨ ਲੈ ਕੇ ਸਿਰਫ਼ ਧਰਤੀ ਹੇਠਲਾ ਪਾਣੀ ਹੀ ਕੱਢਣਾ ਹੈ, ਜਿਸ ਨਾਲ ਪੰਜਾਬ ਬੰਜਰ ਹੋ ਜਾਵੇਗਾ ਤਾਂ ਬਾਦਲ ਕਹਿਣ ਲੱਗੇ ਕਿ ਪੰਜਾਬ ਦਾ ਵਿੱਤੀ ਨੁਕਸਾਨ ਭਾਵੇਂ 300 ਦੀ ਥਾਂ 500 ਕਰੋੜ ਹੋ ਜਾਵੇ ਪਰ ਆਪਾਂ ਕਿਸਾਨਾਂ ਨੂੰ ਬਿਜਲੀ ਮੁਫ਼ਤ ਦੇਣੀ ਹੀ ਹੈ।
ਹੁਣ ਹਾਲਾਤ ਇਹ ਹਨ ਕਿ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਨੂੰ ਬੰਦ ਕਰਨ ਦਾ ਜ਼ੇਰਾ ਕਿਸੇ ਸਰਕਾਰ ਕੋਲ ਨਹੀਂ ਹੈ, ਕਿਸਾਨ ਅੰਨ੍ਹੇਵਾਹ ਖੇਤਾਂ ਵਿਚੋਂ ਪਾਣੀ ਕੱਢ ਰਹੇ ਹਨ। ਹੁਣ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦਾ ਪੰਜਾਬ ਸਰਕਾਰ ਨੂੰ ਵਿੱਤੀ ਬੋਝ 300 ਕਰੋੜ ਹੀ ਨਹੀਂ ਰਹਿ ਗਿਆ ਸਗੋਂ ਹੁਣ 12000 ਕਰੋੜ ਤੋਂ ਵੀ ਟੱਪਣ ਜਾ ਰਿਹਾ ਹੈ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਬਡਰੁੱਖਾਂ ਪਹੁੰਚ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ

ਸ਼ੋ੍ਰਮਣੀ ਅਕਾਲੀ ਦਲ ’ਤੇ ਵੀ ਕਸਿਆ ਤੰਜ ਸੰਗਰੂਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਅੱਜ …