ਲੋਕਾਂ ਦੀ ਆਵਾਜ਼ ਚੁੱਕਣ ਵਾਲਿਆਂ ਖਿਲਾਫ ਝੂਠੇ ਕੇਸ ਦਰਜ ਕਰਕੇ ਜੇਲ੍ਹ ਵਿੱਚ ਸੁੱਟਣ ਦਾ ਆਰੋਪ
ਰਾਜਪੀਪਲਾ (ਗੁਜਰਾਤ)/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਰਾਜਪੀਪਲਾ ਦੀ ਜੇਲ੍ਹ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਚੈਤਰ ਵਸਾਵਾ ਤੇ ਉਨ੍ਹਾਂ ਦੀ ਪਤਨੀ ਨਾਲ ਮੁਲਾਕਾਤ ਕੀਤੀ।
ਕੇਜਰੀਵਾਲ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਦੇ ‘ਜ਼ੁਲਮ ਅਤੇ ਤਾਨਾਸ਼ਾਹੀ’ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ, ਜਿਨ੍ਹਾਂ ਵੱਲੋਂ ਜਾਣ-ਬੁੱਝ ਕੇ ਭਾਜਪਾ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਵਸਾਵਾ ਅਗਲੇ ਕੁਝ ਮਹੀਨਿਆਂ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਭਰੁੱਚ ਲੋਕ ਸਭਾ ਸੀਟ ਤੋਂ ‘ਆਪ’ ਦੇ ਉਮੀਦਵਾਰ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਜਿਸ ਤਰ੍ਹਾਂ ਜਨਤਾ ਲਈ ਲੜਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੀ ਹੈ, ਉਹ ਪੂਰੇ ਦੇਸ਼ ਲਈ ਚੁਣੌਤੀ ਹੈ। ਜੋ ਵੀ ਜਨਤਾ ਲਈ ਕੰਮ ਕਰਦਾ ਹੈ, ਉਸ ਨੂੰ ਈਡੀ ਅਤੇ ਸੀਬੀਆਈ ਦੀ ਵਰਤੋਂ ਕਰਕੇ ਝੂਠੇ ਕੇਸਾਂ ਦੇ ਆਧਾਰ ‘ਤੇ ਜੇਲ੍ਹ ਵਿੱਚ ਸੁੱਟਿਆ ਜਾਂਦਾ ਹੈ। ‘ਆਪ’ ਆਮ ਲੋਕਾਂ ਦੀ ਪਾਰਟੀ ਹੈ, ਜੋ ਕਿ ਆਮ ਲੋਕਾਂ ਦੇ ਹੱਕ ਵਿੱਚ ਆਵਾਜ਼ ਚੁੱਕਦੀ ਰਹੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਸਮਝਦੇ ਹਨ ਕਿ ਉਹ ‘ਆਪ’ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਡਰਾ ਦੇਣਗੇ ਤਾਂ ਉਹ ਗਲਤਫਹਿਮੀ ਵਿੱਚ ਹਨ। ਉਹ ਕੁਝ ਵੀ ਕਰ ਲੈਣ ਪਰ ਕੇਜਰੀਵਾਲ ਤੇ ‘ਆਪ’ ਆਗੂ ਡਰਨ ਵਾਲੇ ਨਹੀਂ ਹਨ।