ਮੁੰਬਈ ਦੀ ਸੀਬੀਆਈ ਕੋਰਟ ਨੇ 10 ਸਾਲਾਂ ਮਗਰੋਂ ਸੁਣਾਇਆ ਫੈਸਲਾ
ਮੁੰਬਈ/ਬਿਊਰੋ ਨਿਊਜ਼ : ਸੀਬੀਆਈ ਦੀ ਸਪੈਸ਼ਲ ਕੋਰਟ ਨੇ ਅੱਜ ਸ਼ੁੱਕਰਵਾਰ ਨੂੰ ਅਦਾਕਾਰਾ ਜ਼ਿਆ ਖਾਨ ਸੁਸਾਈਡ ਮਾਮਲੇ ’ਚ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ। ਫੈਸਲੇ ਦੇ ਸਮੇਂ ਸੂਰਜ ਪੰਚੋਲੀ ਕੋਰਟ ’ਚ ਮੌਜੂਦ ਸਨ। ਕੋਰਟ ਨੇ ਕਿਹਾ ਕਿ ਤੁਹਾਡੇ ਖਿਲਾਫ਼ ਜ਼ਿਆਦਾ ਸਬੂਤ ਨਹੀਂ, ਜਿਸ ਚਲਦਿਆਂ ਤੁਹਾਨੂੰ ਇਸ ਮਾਮਲੇ ਵਿਚੋਂ ਬਰੀ ਕੀਤਾ ਜਾਂਦਾ ਹੈ। ਸੂਰਜ ਪੰਚੋਲੀ ’ਤੇ ਅਦਾਕਾਰਾ ਜ਼ਿਆ ਖਾਨ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਆਰੋਪ ਲੱਗਿਆ ਸੀ। ਜ਼ਿਆ ਖਾਨ ਦੀ ਮਾਂ ਦੀ ਸ਼ਿਕਾਇਤ ’ਤੇ ਐਕਟਰ ਅਤੇ ਬੁਆਏ ਫਰੈਂਡ ਸੂਰਜ ਪੰਚੋਲੀ ਨੂੰ ਇਸ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਉਹ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਹੋ ਗਏ ਸਨ। ਪੁਲਿਸ ਨੂੰ ਜ਼ਿਆ ਦੇ ਘਰ ਵਿਚੋਂ 6 ਪੇਜਾਂ ਦਾ ਇਕ ਸੁਸਾਈਡ ਨੋਟਿਸ ਮਿਲਿਆ ਸੀ, ਜਿਸ ਅਨੁਸਾਰ ਜ਼ਿਆ ਖਾਨ ਆਪਣੇ ਦੋਸਤ ਪੰਚੋਲੀ ਨਾਲ ਰਿਸ਼ਤੇ ਵਿਗੜਨ ਕਾਰਨ ਕਾਫੀ ਪ੍ਰੇਸ਼ਾਨ ਸੀ, ਜਿਸ ਦੇ ਚਲਦਿਆਂ ਜ਼ਿਆ ਖਾਨ ਨੇ 3 ਜੂਨ 2013 ਨੂੰ ਆਪਣੇ ਮੁੰਬਈ ਸਥਿਤ ਫਲੈਟ ’ਚ ਸੁਸਾਈਡ ਕਰ ਲਿਆ ਸੀ। ਘਟਨਾ ਦੇ 10 ਸਾਲਾਂ ਬਾਅਦ ਮੁੰਬਈ ਦੀ ਸੀਬੀਆਈ ਆਈ ਕੋਰਟ ਨੇ ਅੱਜ ਇਸ ਮਾਮਲੇ ’ਚ ਫੈਸਲਾ ਸੁਣਾਇਆ ਹੈ। ਸੀਬੀਆਈ ਕੋਰਟ ਵੱਲੋਂ ਸੁਣਾਏ ਗਏ ਫੈਸਲੇ ਨੂੰ ਹੁਣ ਜ਼ਿਆ ਖਾਨ ਦੀ ਮਾਂ ਹਾਈ ਕੋਰਟ ਵਿਚ ਚੁਣੌਤੀ ਦੇਵੇਗੀ।