-16 C
Toronto
Saturday, January 24, 2026
spot_img
Homeਪੰਜਾਬ'ਦਾਤੀ ਨੂੰ ਲਵਾ ਦੇ ਘੁੰਗਰੂ, ਹਾੜ੍ਹੀ ਵੱਢੂੰਗੀ ਬਰਾਬਰ ਤੇਰੇ' ਗੀਤ ਕਿਸਾਨੀ ਮੋਰਚਿਆਂ...

‘ਦਾਤੀ ਨੂੰ ਲਵਾ ਦੇ ਘੁੰਗਰੂ, ਹਾੜ੍ਹੀ ਵੱਢੂੰਗੀ ਬਰਾਬਰ ਤੇਰੇ’ ਗੀਤ ਕਿਸਾਨੀ ਮੋਰਚਿਆਂ ‘ਤੇ ਗੂੰਜਣ ਲੱਗਾ

ਕਿਸਾਨੀ ਘੋਲ ਦੁਨੀਆ ‘ਚ ਬਣਿਆ ਮਿਸਾਲ
ਗੁਰੂਸਰ ਸੁਧਾਰ/ਬਿਊਰੋ ਨਿਊਜ਼ : ‘ਦਾਤੀ ਨੂੰ ਲਵਾ ਦੇ ਘੁੰਗਰੂ, ਹਾੜ੍ਹੀ ਵੱਢੂੰਗੀ ਬਰਾਬਰ ਤੇਰੇ’ ਪੰਜਾਬ ਦੀ ਧਰਤੀ ‘ਤੇ ਗੂੰਜਣ ਵਾਲਾ ਗੀਤ ਹੁਣ ਖੇਤੀ ਕਾਨੂੰਨਾਂ ਖਿਲਾਫ ਜਾਰੀ ਪੱਕੇ ਮੋਰਚਿਆਂ ‘ਤੇ ਵੀ ਗੂੰਜਣ ਲੱਗਾ ਹੈ। ਜਨਵਾਦੀ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਨੇ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਅੱਗੇ ਦਿਨ ਰਾਤ ਮੋਰਚੇ ‘ਤੇ ਡਟੀਆਂ ਭੈਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਨਾਲ ਮੱਥਾ ਲਾਉਣ ਵਾਲੀ ਹਕੂਮਤ ਕਦੇ ਵੀ ਬਹੁਤੇ ਦਿਨ ਟਿੱਕ ਨਹੀਂ ਸਕਦੀ। ਉਨ੍ਹਾਂ ਮੋਦੀ ਹਕੂਮਤ ਨੂੰ ਵੀ ਨਸੀਹਤ ਦਿੱਤੀ ਕਿ ਉਹ ਹਠਧਰਮੀ ਛੱਡ ਕੇ ਵਿਵਾਦਿਤ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰੇ ਅਤੇ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇ ਕੇ ਕਿਸਾਨਾਂ ਨੂੰ ਘਰ ਤੋਰਨ ਦਾ ਉਪਰਾਲਾ ਕਰੇ।
ਜਾਣਕਾਰੀ ਮੁਤਾਬਿਕ ਕਣਕਾਂ ਦੀ ਵਾਢੀ ਵਿਚ ਰੁੱਝੇ ਕਿਸਾਨਾਂ ਦੀ ਥਾਂ ‘ਤੇ ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਲੜੀਵਾਰ ਮੋਰਚੇ ਦੀ ਅਗਵਾਈ ਮਹਿੰਦਰ ਕੌਰ, ਚਰਨਜੀਤ ਕੌਰ, ਹਰਪ੍ਰੀਤ ਕੌਰ, ਮਨਜੀਤ ਕੌਰ ਅਤੇ ਬਲਜੀਤ ਕੌਰ ਨੇ ਕੀਤੀ। ਆਗੂਆਂ ਨੇ ਦਿਨ ਰਾਤ ਮੋਰਚੇ ‘ਤੇ ਡਟੀਆਂ ਭੈਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਇਤਿਹਾਸਕ ਕਿਸਾਨੀ ਘੋਲ ਦੀ ਮਿਸਾਲ ਦੁਨੀਆ ਭਰ ਵਿਚ ਕਿਧਰੇ ਨਹੀਂ ਮਿਲਦੀ।
ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਖੰਨਾ ‘ਚ ਵੀ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਇਥੋਂ ਦੇ ਰੇਲਵੇ ਸਟੇਸ਼ਨ ‘ਤੇ ਲਗਾਤਾਰ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕੇਂਦਰ ਸਰਕਾਰ ਖੇਤੀ ਸੁਧਾਰ ਦੇ ਨਾਮ ‘ਤੇ ਬਣਾਏ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ। ਕਿਸਾਨ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਆਈ ਮੋਦੀ ਸਰਕਾਰ ਕਰੋਨਾ ਦੀਆਂ ਦਲੀਲਾਂ ਸੁਣਾ ਕੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਦੇ ਵੀ ਸਫ਼ਲ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਆਗੂ ਰਾਜਿੰਦਰ ਸਿੰਘ ਬੈਨੀਪਾਲ ਅਤੇ ਕਸ਼ਮੀਰਾ ਸਿੰਘ ਨੇ ਕਿਹਾ ਸਰਕਾਰ ਕਿਸਾਨਾਂ ਦਾ ਅੰਦੋਲਨ ਦੇਸ਼ ਵਿਆਪੀ ਅੰਦੋਲਨ ਹੈ, ਇਸ ਲਈ ਕਿਸਾਨਾਂ ਨੂੰ ਦਿੱਲੀ ਸਰਹੱਦਾਂ ਤੋਂ ਹਟਾਉਣ ਦਾ ਫੈਸਲਾ ਕੇਂਦਰ ਸਰਕਾਰ ਸੋਚ ਸਮਝ ਕੇ ਲਵੇ।

 

RELATED ARTICLES
POPULAR POSTS